ਹੋਂਗਕੋਂਗ ਵਿੱਚ ਚੀਨ ਵਿਰੋਧੀ ਹਜ਼ਾਰਾਂ ਪ੍ਰਦਰਸ਼ਨਕਾਰੀ ਹਵਾਈ ਅੱਡੇ 'ਤੇ ਪਹੁੰਚੇ; ਹਵਾਈ ਅੱਡਾ ਬੰਦ ਕੀਤਾ

ਹੋਂਗਕੋਂਗ ਵਿੱਚ ਚੀਨ ਵਿਰੋਧੀ ਹਜ਼ਾਰਾਂ ਪ੍ਰਦਰਸ਼ਨਕਾਰੀ ਹਵਾਈ ਅੱਡੇ 'ਤੇ ਪਹੁੰਚੇ; ਹਵਾਈ ਅੱਡਾ ਬੰਦ ਕੀਤਾ

ਹੋਂਗਕੋਂਗ: ਦੁਨੀਆ ਦੇ ਵਿਅਸਤ ਹਵਾਈ ਅੱਡਿਆਂ ਵਿੱਚ ਜਾਣੇ ਜਾਂਦੇ ਹੋਂਗਕੋਂਗ ਹਵਾਈ ਅੱਡੇ ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਇਕੱਠੇ ਹੋਣ ਕਾਰਨ ਸਾਰੀਆਂ ਉਡਾਣਾਂ ਬੰਦ ਕਰ ਦਿੱਤੀਆਂ ਗਈਆਂ ਹਨ। ਹੋਂਗਕੋਂਗ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਖਿਲਾਫ ਕੀਤੀ ਜਾ ਰਹੀ ਹਿੰਸਾ ਦੇ ਕਾਰਨ ਇਹ ਪ੍ਰਦਰਸ਼ਨਕਾਰੀ ਹਵਾਈ ਅੱਡੇ ਵੱਲ ਵਧੇ। 

ਇਹ ਵਿਰੋਧ ਪ੍ਰਦਰਸ਼ਨ ਹੋਂਗਕੋਂਗ 'ਤੇ ਚੀਨੀ ਰਾਜ ਦੇ ਖਿਲਾਫ ਹੋ ਰਹੇ ਹਨ। 1997 ਵਿੱਚ ਬਰਤਾਨੀਆ ਵੱਲੋਂ ਹੋਂਗਕੋਂਗ ਦਾ ਰਾਜ ਪ੍ਰਬੰਧ ਚੀਨ ਹਵਾਲੇ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਕਈ ਵਾਰ ਚੀਨ ਦੀਆਂ ਨੀਤੀਆਂ ਖਿਲਾਫ ਇੱਥੇ ਵਿਰੋਧ ਹੁੰਦੇ ਰਹੇ ਹਨ। ਹੁਣ ਪਿਛਲੇ 10 ਹਫਤਿਆਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਇਹਨਾਂ ਵਿਰੋਧ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਪੁਲਿਸ ਵੱਲੋਂ ਵਰਤੀ ਜਾ ਰਹੀ ਹਿੰਸਾ ਖਿਲਾਫ 5,000 ਤੋਂ ਵੱਧ ਪ੍ਰਦਰਸ਼ਨਕਾਰੀ ਅੱਜ ਹੋਂਗਕੋਂਗ ਹਵਾਈ ਅੱਡੇ 'ਤੇ ਪਹੁੰਚ ਗਏ ਜਿਹਨਾਂ ਹੱਥਾਂ ਵਿੱਚ ਪੁਲਿਸ ਹਿੰਸਾ ਖਿਲਾਫ ਤਖਤੀਆਂ ਫੜ੍ਹੀਆਂ ਹੋਈਆਂ ਸਨ ਅਤੇ ਨਾਅਰੇਬਾਜ਼ੀ ਕਰ ਰਹੇ ਸਨ। 

ਹਲਾਂਕਿ ਹੋਂਗਕੋਂਗ ਹਵਾਈ ਅੱਡੇ 'ਤੇ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ ਪਰ ਅੱਜ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਇਕ ਦਮ ਵੱਧ ਜਾਣ ਕਾਰਨ ਹਵਾਈ ਅੱਡਾ ਬੰਦ ਕਰਨਾ ਪਿਆ। 

ਪ੍ਰਦਰਸ਼ਨਾਂ ਦਾ ਮੁੱਖ ਕਾਰਨ ਕੀ ਹੈ?
ਹੋਂਗਕੋਂਗ ਵਿੱਚ ਹੋ ਰਹੇ ਇਹਨਾਂ ਵਿਰੋਧ ਪ੍ਰਦਰਸ਼ਨਾਂ ਦਾ ਮੁੱਖ ਕਾਰਨ ਇੱਕ ਬਿੱਲ ਹੈ ਜਿਸ ਮੁਤਾਬਿਕ ਹੋਂਗਕੋਂਗ ਤੋਂ ਕਿਸੇ ਕੈਦੀ ਨੂੰ ਚੀਨ ਭੇਜਿਆ ਜਾ ਸਕਦਾ ਹੈ। 

ਚੀਨ ਨੇ ਪ੍ਰਦਰਸ਼ਨਾਂ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਹਿੰਸਾ ਦੀ ਵਰਤੋਂ ਕਰਨ ਦਾ ਦੋਸ਼ ਲਾਉਂਦਿਆਂ ਇਸ ਨੂੰ "ਅੱਤਵਾਦ" ਦੱਸਿਆ ਹੈ।