ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢੱਡਰੀਆਂਵਾਲਾ ਦੇ ਦੀਵਾਨਾਂ 'ਤੇ ਰੋਕ ਲਾਉਣ ਦਾ ਐਲਾਨ

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਢੱਡਰੀਆਂਵਾਲਾ ਦੇ ਦੀਵਾਨਾਂ 'ਤੇ ਰੋਕ ਲਾਉਣ ਦਾ ਐਲਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਕਾਲ ਤਖਤ ਸਾਹਿਬ ਵਿਖੇ ਅੱਜ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਬੈਠਕ 'ਚ ਕਈ ਅਹਿਮ ਮਾਮਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਪ੍ਰੈੱਸ ਨੋਟ ਜਾਰੀ ਕਰਕੇ ਦੱਸਿਆ ਗਿਆ ਕਿ 267 ਪਾਵਨ ਸਰੂਪਾਂ ਸੰਬੰਧੀ ਆਈ 1000 ਪੰਨਿਆਂ ਦੀ ਰਿਪੋਰਟ 'ਚ ਇਹ ਗੱਲ ਸਾਹਮਣੇ ਆਈ ਕਿ ਲੈਜਰ ਰਿਕਾਰਡ 'ਚ ਵਾਰ-ਵਾਰ ਕਟਿੰਗ ਅਤੇ ਛੇੜਛਾੜ ਕੀਤੀ ਸਾਬਤ ਹੋਈ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਲੋਂ ਅਣਅਧਿਕਾਰਤ ਤਰੀਕੇ ਨਾਲ ਪਾਵਨ ਸਰੂਪ ਤਿਆਰ ਕਰਵਾ ਕੇ ਸੰਗਤਾਂ ਨੂੰ ਦਿੱਤੇ ਗਏ ਹਨ। 

ਪ੍ਰੈੱਸ ਨੋਟ 'ਚ ਕਿਹਾ ਗਿਆ ਹੈ ਕਿ ਰਿਕਾਰਡ ਅਨੁਸਾਰ 2015 'ਚ 267 ਨਹੀਂ 328 ਸਰੂਪ ਘੱਟ ਸਨ, ਜਿਸ ਤੋਂ ਬਾਅਦ ਸਿੰਘ ਸਾਹਿਬਾਨ ਨੇ ਫ਼ੈਸਲੇ 'ਚ ਸ਼੍ਰੋਮਣੀ ਕਮੇਟੀ ਦੀ ਅੰਤਰਿਮ ਕਮੇਟੀ ਅਤੇ 2016 ਦੇ ਮੁੱਖ ਸਕੱਤਰ ਹਰਚਰਨ ਸਿੰਘ ਨੂੰ ਸਿੰਘ ਸਹਿਬਾਨਾਂ ਦੀ ਅਗਲੀ ਇਕੱਤਰਤਾ ਵਿਚ 18 ਸਤੰਬਰ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋਣ ਦਾ ਆਦੇਸ਼ ਕੀਤਾ ਹੈ।  ਨਾਲ ਹੀ ਉਨ੍ਹਾਂ ਨੇ ਜਾਂਚ ਕਮੇਟੀ ਦੀ ਰਿਪੋਰਟ ਮੁਤਾਬਿਕ ਸਰੂਪਾਂ ਸੰਬੰਧੀ ਰਿਕਾਰਡ ਨਾਲ ਕੀਤੀ ਗਈ ਛੇੜਛਾੜ ਨੂੰ ਮੰਨਦੇ ਹੋਏ ਸ਼੍ਰੋਮਣੀ ਕਮੇਟੀ ਨੂੰ ਇਕ ਹਫ਼ਤੇ ਦੇ ਅੰਦਰ ਅੰਤਰਿਮ ਕਮੇਟੀ ਦੀ ਬੈਠਕ ਬੁਲਾ ਕੇ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਕਰਨ ਲਈ ਵੀ ਕਿਹਾ ਗਿਆ ਹੈ। 

ਬੈਠਕ 'ਚ ਸੁੱਚਾ ਸਿੰਘ ਲੰਗਾਹ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਮੁਆਫ਼ੀ ਲਈ ਸਾਫ਼ ਤੌਰ 'ਤੇ ਮਨਾ ਕਰ ਦਿੱਤਾ ਗਿਆ। ਉਨ੍ਹਾਂ ਆਖਿਆ ਕਿ ਸੁੱਚਾ ਸਿੰਘ ਲੰਗਾਹ ਨੂੰ ਕੋਈ ਮੁਆਫ਼ੀ ਨਹੀਂ ਦਿੱਤੀ ਗਈ ਹੈ, ਇਸ ਲਈ ਸੰਗਤਾਂ ਉਸ ਨਾਲ ਕੋਈ ਮਿਲਵਰਤਨ ਨਾ ਰੱਖਣ। 

ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ 'ਚ ਫ਼ੈਸਲਾ ਲਿਆ ਗਿਆ ਹੈ ਕਿ ਉਨ੍ਹਾਂ ਵਲੋਂ ਬੋਲੇ ਸ਼ਬਦਾਂ ਦੇ ਸੰਬੰਧ 'ਚ ਗਠਿਤ ਸਬ-ਕਮੇਟੀ ਦੀ ਰਿਪੋਰਟ ਮੁਤਾਬਕ ਢੱਡਰੀਆਂ ਵਾਲੇ ਨੇ ਗੁਰਮਤਿ ਸਬੰਧੀ ਗਲਤ ਬਿਆਨੀ ਕੀਤੀ ਹੈ ਅਤੇ ਇਸ ਸਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਸਿੰਘ ਸਹਿਬਾਨ ਨੇ ਆਦੇਸ਼ ਜਾਰੀ ਕੀਤਾ ਕਿ ਜਦੋਂ ਤੱਕ ਭਾਈ ਰਣਜੀਤ ਸਿੰਘ ਢੱਡਰੀਆਂਵਾਲੇ ਖੁਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮੁਆਫ਼ੀ ਨਹੀ ਮੰਗਦੇ, ਉਦੋਂ ਤਕ ਉਨ੍ਹਾਂ ਨੂੰ ਸਮਾਗਮ ਨਾ ਕਰਨ ਦਿੱਤੇ ਜਾਣ। 

ਬਿਆਨ ਵਿਚ ਕਿਹਾ ਗਿਆ ਕਿ ਜੇਕਰ ਰਣਜੀਤ ਸਿੰਘ ਢੱਡਰੀਆਂ ਵਾਲੇ ਵਲੋਂ ਸਮਾਗਮਾਂ ਕੀਤੇ ਗਏ ਤਾਂ ਕਿਸੇ ਵੀ ਅਣਸੁਖਾਵੀਂ ਘਟਨਾ ਦੇ ਉਹ ਆਪ ਜ਼ਿੰਮੇਵਾਰ ਹੋਣਗੇ। 

ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਦੇਸ਼ ਸੁਣਾਉਂਦਿਆਂ ਕਿਹਾ ਕਿ ਜੇ ਢੱਡਰੀਆਂਵਾਲਾ ਵੱਲੋਂ ਅੱਗੇ ਵੀ ਗਲਤ ਬਿਆਨੀ ਜਾਰੀ ਰੱਖੀ ਗਈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।

ਇਸੇ ਤਰ੍ਹਾਂ ਦਾ ਫੈਂਸਲਾ ਹਰਿੰਦਰ ਸਿੰਘ ਨਿਰਵੈਰ ਖਾਲਸਾ ਯੂਕੇ ਦੇ ਖਿਲਾਫ ਸੁਣਾਇਆ ਗਿਆ ਜਿਸ ਖਿਲਾਫ ਗੁਰਮਤਿ ਦੇ ਉਲਟ ਬਿਆਨੀ ਕਰਨ ਦੀਆਂ ਸ਼ਿਕਾਇਤਾਂ ਅਕਾਲ ਤਖ਼ਤ ਸਾਹਿਬ ਵਿਖੇ ਪਹੁੰਚੀਆਂ ਸਨ। ਸੰਗਤਾਂ ਨੂੰ ਉਸਦੇ ਵੀ ਹਰ ਤਰ੍ਹਾਂ ਦੇ ਸਮਾਗਮਾਂ ਦਾ ਉਸ ਸਮੇਂ ਤਕ ਬਾਈਕਾਟ ਕਰਨ ਦਾ ਆਦੇਸ਼ ਜਾਰੀ ਕੀਤਾ ਗਿਆ ਜਦੋਂ ਤਕ ਉਹ ਅਕਾਲ ਤਖ਼ਤ ਸਾਹਿਬ 'ਤੇ ਪਹੁੰਚ ਕੇ ਮੁਆਫੀ ਨਹੀਂ ਮੰਗਦਾ। 

ਉੱਥੇ ਹੀ ਕੈਨੇਡਾ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਛਪਾਈ ਕਰਨ ਵਾਲੇ ਰਿਪੁਦਮਨ ਸਿੰਘ ਮਲਿਕ ਅਤੇ ਬਲਵੰਤ ਸਿੰਘ ਪੰਧੇਰ ਨੂੰ ਇੱਕ ਮਹੀਨੇ ਦੇ ਅੰਦਰ-ਅੰਦਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣਾ ਸਪਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ। ਹੁਕਮ ਕੀਤਾ ਗਿਆ ਕਿ ਇਹਨਾਂ ਵੱਲੋਂ ਤਿਆਰ ਕੀਤੇ ਸਾਰੇ ਪਾਵਨ ਸਰੂਪ ਸਮੇਤ ਛਾਪਾਖਾਨਾ ਮਸ਼ੀਨਰੀ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਗੁਰਦੁਆਰਾ ਗੁਰੂ ਨਾਨਕ ਸਿੱਖ ਸੁਸਾਇਟੀ ਡੈਲਟਾ ਸਰੀ ਬੀਸੀ ਕੈਨੇਡਾ ਵਿਖੇ ਸੁਸ਼ੋਭਿਤ ਕੀਤੇ ਜਾਣ ਅਤੇ ਗੁਰਦੁਆਰਾ ਪ੍ਰਬੰਧਕ ਗਿਆਨੀਆਂ ਤੋਂ ਇਹਨਾਂ ਦੀ ਘੋਖ ਕਰਵਾ ਕੇ ਰਿਪੋਰਟ ਛੇ ਮਹੀਨੇ ਦੇ ਅੰਦਰ-ਅੰਦਰ ਅਕਾਲ ਤਖ਼ਤ ਸਾਹਿਬ ਵਿਖੇ ਭੇਜੀ ਜਾਵੇ।

ਪੰਜ ਸਿੰਘ ਸਾਹਿਬਾਨਾਂ ਨੇ ਅਯੁਧਿਆ ਵਿਖੇ ਇਕਬਾਲ ਸਿੰਘ ਵੱਲੋਂ ਦਿੱਤੇ ਵਿਵਾਦਤ ਬਿਆਨ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਅਤੇ ਸਿੱਖਾਂ ਨੂੰ ਇਸ ਸਬੰਧੀ ਕਿਸੇ ਨੂੰ ਸਪਸ਼ਟੀਕਰਨ ਦੇਣ ਦੀ ਜ਼ਰੂਰਤ ਨਹੀਂ ਹੈ।

ਪਿਛਲੇ ਦਿਨਾਂ ਦੌਰਾਨ ਪੁਲਸ ਵੱਲੋਂ ਅਰਦਾਸ ਕਰਦਿਆਂ ਗ੍ਰਿਫਤਾਰ ਕੀਤੇ ਸਿੱਖ ਨੌਜਵਾਨਾਂ ਦੀ ਗੱਲ ਕਰਦਿਆਂ ਸਿੰਘ ਸਹਿਬਾਨਾਂ ਨੇ ਕਿਹਾ ਕਿ ਪੁਲਸ ਦੀ ਇਹ ਕਾਰਵਾਈ ਉਚਿਤ ਨਹੀਂ ਹੈ ਅਤੇ ਅਰਦਾਸ ਕਰਨਾ ਹਰ ਸਿੱਖ ਦਾ ਧਾਰਮਿਕ ਫਰਜ਼ ਹੈ ਤੇ ਸਿੱਖ ਅਰਦਾਸ ਰਾਹੀਂ ਰਾਜ ਕਰੇਗਾ ਖਾਲਸਾ ਦੇ ਸੰਕਲਪ ਨੂੰ ਦ੍ਰਿੜ ਕਰਦੇ ਹਨ ਇਸ ਲਈ ਅਰਦਾਸ ਕਰਨਾ ਕੋਈ ਜ਼ੁਰਮ ਨਹੀਂ। ਉਹਨਾਂ ਕਿਹਾ ਕਿ ਪਰ ਪੈਸੇ ਦੇ ਲਾਲਚ ਵਿਚ ਕੀਤੀ ਜਾ ਕਰਵਾਈ ਅਰਦਾਸ ਸਿੱਖ ਧਰਮ ਦਾ ਅੰਗ ਨਹੀਂ ਹੈ ਅਤੇ ਸਿੱਖ ਨੌਜਵਾਨਾਂ ਨੂੰ ਉਕਸਾਊ ਬਿਆਨਾਂ ਤੋਂ ਸੁਚੇਤ ਹੋਣ ਦੀ ਵੱਡੀ ਲੋੜ ਹੈ।