ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਨਚਾਰਾਂ ਦੀ ਸ਼ਮੂਲੀਅਤ 'ਤੇ ਖਾਲਸਾ ਪੰਥ ਵਿੱਚ ਰੋਸ

ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਨਚਾਰਾਂ ਦੀ ਸ਼ਮੂਲੀਅਤ 'ਤੇ ਖਾਲਸਾ ਪੰਥ ਵਿੱਚ ਰੋਸ
ਗੁਰਦੁਆਰਾ ਸਾਹਿਬ ਵਿੱਚ ਲਾਈ ਗਈ ਪ੍ਰੋਗਰਾਮ ਦੇ ਵੇਰਵਿਆਂ ਦੀ ਜਾਣਕਾਰੀ

ਚੰਡੀਗੜ੍ਹ: ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਿੱਥੇ ਵਿਸ਼ਵ-ਪੱਧਰੀ ਸਮਾਗਮ ਉਲੀਕੇ ਜਾ ਰਹੇ ਹਨ ਉੱਥੇ ਅਹਿਮ ਗੱਲ ਇਹ ਹੈ ਕਿ ਇਹਨਾਂ ਸਮਾਗਮਾਂ ਰਾਹੀਂ ਦੁਨੀਆ ਸਾਹਮਣੇ ਸਿੱਖ ਧਰਮ ਦੀ ਕਿਹੋ ਜਿਹੀ ਸ਼ਵੀ ਪੇਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਇੱਕ ਬੜਾ ਗੰਭੀਰ ਅਤੇ ਫਿਕਰਮੰਦ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਭੰਗੜੇ ਅਤੇ ਗਿੱਧੇ ਨੂੰ ਸਿੱਖ ਧਰਮ ਦੇ ਸੱਭਿਆਚਾਰ ਨਾਲ ਜੋੜ ਕੇ ਪੇਸ਼ ਕੀਤਾ ਜਾ ਰਿਹਾ ਹੈ, ਜਿਸ ਖਿਲਾਫ ਸਿੱਖ ਸਫਾਂ ਵਿੱਚ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। 

ਇਹ ਗੁਰਮਤਿ ਵਿਰੋਧੀ ਕਾਰਜ ਭਾਰਤ ਸਰਕਾਰ ਅਤੇ ਦੁਬਈ ਸਥਿਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਜਾ ਰਹੇ ਹਨ। ਜਿੱਥੇ ਦੁਬਈ ਸਥਿਤ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਨੇ ਸਾਰੀਆਂ ਮਰਿਯਾਦਾ ਦੀਆਂ ਹੱਦਾਂ ਨੂੰ ਤੋੜਦਿਆਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਸਮਾਗਮ ਨੂੰ ਨਚਾਰਾਂ ਦਾ ਪ੍ਰੋਗਰਾਮ ਬਣਾ ਦਿੱਤਾ ਹੈ ਉੱਥੇ ਭਾਰਤ ਸਰਕਾਰ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਪ੍ਰੋਗਰਾਮਾਂ ਤਹਿਤ 90 ਦੇਸਾਂ ਦੇ ਰਾਜਦੂਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਿਆਂਦਾ ਜਾਵੇਗਾ ਤੇ ਅੰਮ੍ਰਿਤਸਰ ਹਵਾਈ ਅੱਡੇ 'ਤੇ ਉਤਰਦਿਆਂ ਸਾਰ ਸਾਰੇ ਰਾਜਦੂਤਾਂ ਦਾ ਸਵਾਗਤ ਗਿੱਧੇ ਅਤੇ ਭੰਗੜੇ ਨਾਲ ਕੀਤਾ ਜਾਵੇਗਾ। 

ਸਭ ਤੋਂ ਮਾੜੀ ਗੱਲ ਇਹ ਹੈ ਕਿ ਇਹਨਾਂ ਸਾਰੀਆਂ ਕਾਰਵਾਈਆਂ ਸਬੰਧੀ ਜਾਣਕਾਰੀ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਇਹਨਾਂ ਨੂੰ ਗੁਰਮਤਿ ਅਨੁਸਾਰ ਦਰੁਸਤ ਕਰਨ ਦੀ ਬਜਾਏ ਇਹਨਾਂ ਗੁਰਮਤਿ ਵਿਰੋਧੀ ਕਾਰਵਾਈਆਂ ਦਾ ਹਿੱਸਾ ਬਣੀ ਹੋਈ ਹੈ। 

ਦੁਬਈ ਗੁਰਦੁਆਰਾ ਪ੍ਰਬੰਧਕਾ ਵਲੋਂ ਮਿਤੀ 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਦੀ ਕੰਧ ਨਾਲ ਪੰਡਾਲ ਲਗਾ ਕੇ ਪੰਜਾਬੀ ਗਾਇਕ ਮਲਕੀਤ ਸਿੰਘ ਅਤੇ ਗਿੱਧੇ ਭੰਗੜੇ ਦੇ ਪ੍ਰੋਗਰਾਮ ਦਾ ਪ੍ਰਬੰਧ ਕੀਤਾ ਹੈ ਜਿਸ ਬਾਬਤ ਜਾਣਕਾਰੀ ਗੁਰਦੁਆਰਾ ਸਾਹਿਬ ਦੇ ਦਰਬਾਰ ਹਾਲ ਸਾਹਮਣੇ ਨੋਟਿਸ ਲਗਾ ਕੇ ਨਸ਼ਰ ਕੀਤੀ ਗਈ ਹੈ।

ਇਹਨਾਂ ਸਮਾਗਮਾਂ ਵਿਚ 15 ਨਵੰਬਰ ਨੂੰ ਤਖਤ ਪਟਨਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਜਗਤਾਰ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਕੱਤਰ ਰੂਪ ਸਿੰਘ ਅਤੇ ਹੋਰ ਬੇਅੰਤ ਸਨਮਾਨਤ ਸ਼ਖਸੀਅਤਾਂ ਸ਼ਮੂਲੀਅਤ ਕਰ ਰਹੀਆਂ ਹਨ ਜੋ ਕਿ ਇਸ ਕਾਰਵਾਈ ਨੂੰ ਹੋਰ ਵੀ ਸ਼ਰਮਨਾਕ ਬਣਾਉਂਦਾ ਹੈ। 

ਅਜਿਹੀਆਂ ਕਾਰਵਾਈਆਂ ਦਾ ਵਿਰੋਧ ਕਰਦਿਆਂ ਵਿਦਿਆਰਥੀ ਜਥੇਬੰਦੀ "ਸੱਥ" ਦੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਕਾਈ ਦੇ ਮੁੱਖ ਸੇਵਾਦਾਰ ਜੁਝਾਰ ਸਿੰਘ ਨੇ ਲਿਖਿਆ, "ਜਿਸ ਕਾ ਰਾਜੁ ਤਿਸੈ ਕਾ ਸੁਪਨਾ।।

ਭਾਰਤ ਸਰਕਾਰ ਵੱਲੋਂ 90 ਦੇਸਾਂ ਦੇ ਰਾਜਦੂਤਾਂ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਲਿਆਂਦਾ ਜਾਵੇਗਾ ਤੇ ਇਸ ਪ੍ਰੋਗਰਾਮ ਦਾ ਨਾਂ ਰੱਖਿਆ ਗਿਆ ਹੈ 'ਹਰਿਮੰਦਰ ਸਾਹਿਬ ਚ ਰਾਜਦੂਤਾਂ ਦਾ ਇੱਕ ਦਿਨ।' ਸਰਸਰੀ ਨਜ਼ਰ ਚ ਤਾਂ ਇਹ ਬਹੁਤ ਸ਼ਲਾਘਾਯੋਗ ਕਦਮ ਲੱਗੇਗਾ, ਪਰ ਤੁਹਾਡੇ ਧਰਮ ਨੂੰ ਦੁਨੀਆਂ ਸਾਹਮਣੇ ਕਿਸ ਰੂਪ ਵਿਚ ਪੇਸ਼ ਕਰਨਾ ਹੈ, ਇਸ ਗੱਲ ਤੋਂ ਹਾਕਮ ਭਲੀ ਭਾਂਤ ਜਾਣੂ ਹੈ। ਉਹ ਕਦੇ ਵੀ ਨਹੀਂ ਚਾਹੇਗਾ ਕਿ ਜਦੋਂ ਦੁਨੀਆ ਵਿਚ ਰਾਜਨੀਤਕ ਤੇ ਆਰਥਿਕ ਪ੍ਰਬੰਧ ਚਲਾਉਣ ਦੇ ਮਾਡਲ ਲੰਬੇ ਦੌਰ ਵਿਚ ਫੇਲ ਸਾਬਤ ਹੋ ਰਹੇ ਹੋਣ ਤਾਂ ਉਹਨਾਂ ਨੂੰ ਇਸ ਸੰਕਟ ਦਾ ਬਦਲ ਸਿੱਖ ਪ੍ਰਬੰਧ ਵਿਚੋਂ ਨਜ਼ਰ ਆਵੇ। ਹਰ ਪੱਖ ਤੋਂ ਸੰਪੂਰਨ ਸਿੱਖ ਮਾਡਲ ਨੂੰ ਗੈਰ ਸੰਵੇਦਨਸ਼ੀਲ ਬਣਾ ਕੇ ਪੇਸ਼ ਕਰਨ ਦੇ ਪ੍ਰਬੰਧ ਬਾਖੂਬੀ ਕੀਤੇ ਗਏ ਹਨ ਤੇ ਅਸੀਂ ਦੇਖਾਂਗੇ ਹੱਥਾਂ ਤੇ ਹੱਥ ਰੱਖ ਕੇ। 

ਹਵਾਈ ਅੱਡੇ 'ਤੇ ਉਤਰਦਿਆਂ ਸਾਰ ਸਾਰੇ ਰਾਜਦੂਤਾਂ ਦਾ ਸਵਾਗਤ ਗਿੱਧੇ ਅਤੇ ਭੰਗੜੇ ਨਾਲ ਕੀਤਾ ਜਾਵੇਗਾ, ਉਪਰੰਤ ਸਾਰਿਆਂ ਨੂੰ ਅਖੌਤੀ ਵਿਰਾਸਤੀ ਮਾਰਗ ਦੀ ਸ਼ੁਰੂਆਤ ਤੇ ਲੱਗੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਤੋਂ ਤੋਰ ਕੇ, ਗਿੱਧੇ ਭੰਗੜੇ ਵਾਲੇ ਬੁੱਤਾਂ ਚੋਂ ਲੰਘਾ ਕੇ ਦਰਬਾਰ ਸਾਹਿਬ ਲਿਜਾਇਆ ਜਾਵੇਗਾ। ਦਰਬਾਰ ਸਾਹਿਬ ਦੇ ਦਰਸ਼ਨਾਂ ਤੋਂ ਪਹਿਲਾਂ ਭੰਗੜੇ ਗਿੱਧੇ ਦੇ ਪ੍ਰੋਗਰਾਮ ਅਤੇ ਭੰਗੜੇ ਗਿੱਧੇ ਦੇ ਬੁੱਤਾਂ ਅੱਗਿਓਂ ਲੰਘਾ ਕੇ ਖੜਨਾ ਕੋਈ ਆਮ ਤੇ ਨਜਰ ਅੰਦਾਜ ਕਰਨ ਵਾਲੀ ਗੱਲ ਨਹੀਂ। ਇਹ ਸਭ ਸਿੱਖ ਹਸਤੀ ਨੂੰ ਘਟਾ ਕੇ ਨਚਾਰਾਂ ਤੱਕ ਸੀਮਤ ਕਰਨ ਦੀ ਕੋਝੀ ਚਾਲ ਹੈ। ਦਰਸ਼ਨ ਕਰਨ ਆਏ ਰਾਜਦੂਤਾਂ ਦੇ ਮਨਾਂ ਵਿੱਚ ਬਿੰਬ ਸਿਰਜਣ ਦੀ ਕੋਸ਼ਿਸ਼ ਹੋਵੇਗੀ ਕਿ ਸਿੱਖ 'ਖਾਓ ਪੀਓ ਐਸ਼ ਕਰੋ' ਕਰਨ ਚ ਯਕੀਨ ਰੱਖਦੇ ਹਨ। ਇਸ ਸਾਰੇ ਕਾਸੇ ਵਿਚ ਸਿਆਣੇ ਸਮਝੇ ਜਾਂਦੇ ਹਰਦੀਪ ਸਿੰਘ ਪੁਰੀ ਮੁੱਖ ਰੋਲ ਅਦਾ ਕਰਨਗੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਵਿੱਚ ਸ਼ਾਮਲ ਹੋ ਕੇ ਪੰਥ ਦੀ ਰੂਹ ਨਾਲ ਸ਼ਰੀਕੇਬਾਜੀ ਕਰੇਗੀ। 

ਜੇ ਰਾਜ ਹੋਵੇ ਖਾਲਸੇ ਦਾ, ਦਿਖਾਏ ਜਾਣ ਗੱਤਕੇ ਦੇ ਜੌਹਰ, ਚਲਦੀਆਂ ਦੇਗਾਂ, ਮਹਾਨ ਗ੍ਰੰਥ, ਮਹਾਨ ਯੋਧਿਆਂ ਦਾ ਵਿਖਿਆਨ ਕਰਦੀਆਂ ਵਾਰਾਂ, ਨਿਹੰਗ ਸਿੰਘਾਂ ਦੀਆਂ ਛਾਉਣੀਆਂ, ਅਕਾਲ ਤਖਤ, ਬੁੰਗੇ, ਅਜਾਇਬ ਘਰ, ਨਿਸ਼ਾਨ ਤੇ ਉਪਰੰਤ ਹੋਣ ਦਰਬਾਰ ਸਾਹਿਬ ਦੇ ਦਰਸ਼ਨ ਤਾਂ ਮਹਿਮਾਨ ਸੌ ਵਾਰ ਸੋਚੇਗਾ ਕਿ ਅਜਿਹੀ ਕਿਹੜੀ ਸ਼ਕਤੀ ਹੈ ਜੋ ਇਹ ਸਭ ਕੁੱਝ ਸਹਿਜੇ ਹੀ ਚਲਾ ਰਹੀ ਹੈ ਤੇ ਕੀ ਅਜਿਹੀ ਸ਼ਕਤੀ ਰਾਜ ਕਰਨ ਦੀ ਹੱਕਦਾਰ ਨਹੀਂ।"
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।