ਸੁਖਬੀਰ ਬਾਦਲ ਦੇ ਕਾਫਲੇ 'ਤੇ ਕਾਂਗਰਸੀਆਂ ਵੱਲੋਂ ਹਮਲਾ

ਸੁਖਬੀਰ ਬਾਦਲ ਦੇ ਕਾਫਲੇ 'ਤੇ ਕਾਂਗਰਸੀਆਂ ਵੱਲੋਂ ਹਮਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਜਲਾਲਾਬਾਦ ਵਿਖੇ ਅੱਜ ਕਾਂਗਰਸ ਦੇ ਵਰਕਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਕਾਫਲੇ 'ਤੇ ਹਮਲਾ ਕਰਨ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਸੁਖਬੀਰ ਬਾਦਲ ਨਗਰ ਕੌਂਸਲ ਚੋਣਾਂ ਲਈ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਤਹਿਸੀਲ ਕੰਪਲੈਕਸ ਪਹੁੰਚੇ ਸਨ। ਇਸ ਮੌਕੇ ਮੋਜੂਦ ਕਾਂਗਰਸੀਆਂ ਨੇ ਉਹਨਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ ਤੇ ਇਹ ਵਿਰੋਧ ਹਿੰਸਕ ਟਕਰਾਅ ਦਾ ਰੂਪ ਧਾਰਨ ਕਰ ਗਿਆ। ਇਸ ਦੌਰਾਨ ਤਹਿਸੀਲ ਕੰਪਲੈਕਸ ਵਿਚ ਗੋਲੀਆਂ ਚੱਲੀਆਂ ਅਤੇ ਪੱਥਰਾਅ ਹੋਇਆ। 

ਕੰਪਲੈਕਸ ਵਿੱਚ ਮੋਟਰਸਾਈਕਲ, ਗੱਡੀਆਂ ਅਤੇ ਕਈ ਹੋਰ ਵਾਹਨਾਂ ਨੂੰ ਸ਼ਰ੍ਹੇਆਮ ਤੋੜਿਆ ਗਿਆ। ਉਧਰ ਅਕਾਲੀਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਤਿੰਨ ਵਰਕਰ ਜ਼ਖ਼ਮੀ ਹੋਏ ਹਨ। ਪੁਲੀਸ ਦੇ ਅਧਿਕਾਰੀਆਂ ਵੱਲੋਂ ਹੋਰ ਫੋਰਸ ਬੁਲਾਈ ਗਈ ਹੈ ਪਰ ਦੋਵਾਂ ਧਿਰਾਂ ਵਿਚਾਲੇ ਤਣਾਅ ਕਾਫੀ ਵਧਿਆ ਹੋਇਆ ਹੈ। 

ਯੂਥ ਅਕਾਲੀ ਦਲ ਦੇ ਮੁਖੀ ਪਰਮਬੰਸ ਸਿੰਘ ਰੋਮਾਨਾ ਨੇ ਕਿਹਾ ਕਿ ਸਥਾਨਕ ਕਾਂਗਰਸੀ ਐਮਐਲਏ ਰਮਿੰਦਰ ਅਵਲੇ ਦੇ ਭਰਾ ਨੇ ਹਮਲਾਵਰਾਂ ਦੀ ਅਗਵਾਈ ਕੀਤੀ। 

ਇਸ ਹਿੰਸਾ ਦੌਰਾਨ ਸੁਖਬੀਰ ਬਾਦਲ ਦੀ ਗੱਡੀ 'ਤੇ ਵੀ ਪੱਥਰ ਵੱਜਣ ਦੀਆਂ ਖਬਰਾਂ ਹਨ। ਰੋਮਾਨਾ ਨੇ ਕਿਹਾ ਕਿ ਸੁਖਬੀਰ ਬਾਦਲ ਦੀ ਬੁਲੇਟ ਪਰੂਫ ਗੱਡੀ 'ਤੇ ਫਾਇਰ ਵੀ ਮਾਰੇ ਗਏ ਪਰ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ। ਦੱਸਿਆ ਜਾ ਰਿਹਾ ਹੈ ਕਿ ਜਦੋਂ ਸੁਖਬੀਰ ਸਿੰਘ ਬਾਦਲ ਦੀ ਕਾਰ 'ਤੇ ਹਮਲਾ ਹੋਇਆ ਤਾਂ ਉਹਨਾਂ ਨਾਲ ਕੋਈ ਪੁਲਿਸ ਦੀ ਸੁਰੱਖਿਆ ਗਾਰਦ ਨਹੀਂ ਸੀ।