ਪੰਜਾਬੀਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਸੁਧੀਰ ਸੂਰੀ ਗ੍ਰਿਫਤਾਰ

ਪੰਜਾਬੀਆਂ ਬਾਰੇ ਭੱਦੀ ਸ਼ਬਦਾਵਲੀ ਵਰਤਣ ਵਾਲਾ ਸੁਧੀਰ ਸੂਰੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਪੁਲਸ ਨੇ ਹਿੰਦੂ ਆਗੂ ਸੁਧੀਰ ਸੁਰੀ ਨੂੰ ਪੰਜਾਬੀਆਂ ਖਿਲਾਫ ਮੰਦੀ ਭਾਸ਼ਾ ਬੋਲਣ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਸੁਧੀਰ ਸੂਰੀ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫਤਾਰ ਕਰਕੇ ਲਿਆਂਦਾ ਗਿਆ। 

ਸੁਧੀਰ ਸੂਰੀ ਸ਼ਿਵ ਸੈਨਾ ਦੇ ਇਕ ਧੜੇ ਦਾ ਮੁਖੀ ਹੈ ਤੇ ਉਸਦੀ ਕੁੱਝ ਦਿਨ ਪਹਿਲਾਂ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿਚ ਉਸਨੇ ਪੰਜਾਬੀ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਸੀ। 

ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਐਤਵਾਰ ਸਵੇਰੇ ਅੰਮ੍ਰਿਤਸਰ (ਦਿਹਾਤੀ) ਜ਼ਿਲ੍ਹੇ ਦੇ 11 ਜਵਾਨਾਂ 'ਤੇ ਆਧਾਰਤ ਪੰਜਾਬ ਪੁਲੀਸ ਦੀਆਂ ਦੋ ਟੀਮਾਂ ਨੇ ਸੂਰੀ ਨੂੰ ਕਾਬੂ ਕੀਤਾ। ਡੀਜੀਪੀ ਨੇ ਖੁਲਾਸਾ ਕੀਤਾ ਕਿ 8 ਜੁਲਾਈ ਨੂੰ ਪਹਿਲੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਅਤੇ ਭਾਰਤ ਅਤੇ ਵਿਦੇਸ਼ਾਂ ਵਿੱਚ ਇਸ ਦੀ ਭਾਰੀ ਅਲੋਚਨਾ ਹੋਈ ਤੇ ਜੰਡਿਆਲਾ ਪੁਲੀਸ ਅੰਮ੍ਰਿਤਸਰ (ਦਿਹਾਤੀ) ਨੇ ਸੂਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। 

ਜ਼ਿਕਰਯੋਗ ਹੈ ਕਿ ਸੁਧੀਰ ਸੂਰੀ ਪਹਿਲਾਂ ਵੀ ਸਿੱਖਾਂ ਖਿਲਾਫ ਭੜਕਾਊ ਬਿਆਨਬਾਜ਼ੀ ਕਰਦਾ ਰਿਹਾ ਹੈ ਅਤੇ ਇਸਨੂੰ ਪੰਜਾਬ ਪੁਲਸ ਨੇ ਲੰਮੇ ਸਮੇਂ ਤੋਂ ਸੁਰੱਖਿਆ ਗਾਰਦ ਦਿੱਤੀ ਹੋਈ ਸੀ। ਸ਼ਿਵ ਸੈਨਾ ਵਿਚ ਇਹ ਆਮ ਪ੍ਰਚਲਨ ਹੈ ਕਿ ਇਹਨਾਂ ਦੇ ਆਗੂ ਸਿੱਖਾਂ ਖਿਲਾਫ ਭੜਕਾਊ ਸ਼ਬਦਾਵਲੀ ਵਰਤ ਕੇ ਬਾਅਦ ਵਿਚ ਜਾਨ ਨੂੰ ਖਤਰਾ ਦਸਦਿਆਂ ਪੁਲਸ ਤੋਂ ਸੁਰੱਖਿਆ ਹਾਸਲ ਕਰਦੇ ਹਨ।