ਪੰਥ ਵਿੱਚੋਂ ਛੇਕੇ ਹੋਏ ਸੁੱਚਾ ਲੰਗਾਹ ਦੀ ਸਿਫਤ ਕਰਨ ਵਾਲਾ ਢਾਡੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ

ਪੰਥ ਵਿੱਚੋਂ ਛੇਕੇ ਹੋਏ ਸੁੱਚਾ ਲੰਗਾਹ ਦੀ ਸਿਫਤ ਕਰਨ ਵਾਲਾ ਢਾਡੀ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਤਲਬ ਕੀਤਾ

ਅੰਮ੍ਰਿਤਸਰ: ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ਵਿੱਚੋ ਛੇਕੇ ਗਏ ਸਾਬਕਾ ਅਕਾਲੀ ਆਗੂ ਸ੍ਰ ਸੁੱਚਾ ਲੰਗਾਹ ਦੀਆ ਸਿਫਤਾਂ ਕਰਨ ਵਾਲੇ ਢਾਡੀ ਖੜਗ ਸਿੰਘ ਨੂੰ ਦਸ ਦਿਨਾਂ ਦੇ ਅੰਦਰ ਅੰਦਰ ਸਪੱਸ਼ਟੀਕਰਨ ਦੇਣ ਦੇ ਆਦੇਸ਼ ਜਾਰੀ ਕਰਦਿਆ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਛੇਕੇ ਹੋਏ ਕਿਸੇ ਵੀ ਪੰਥ ਦੋਖੀ ਨਾਲ ਸਾਂਝ ਰੱਖਣ ਵਾਲਾ ਵੀ ਬਰਾਬਰ ਦਾ ਕਸੂਰਵਾਰ ਮੰਨਿਆ ਜਾਵੇਗਾ।

ਗਿਆਨੀ ਹਰਪ੍ਰੀਤ ਸਿੰਘ

ਜਾਰੀ ਇੱਕ ਬਿਆਨ ਰਾਹੀ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਬੰਸ ਦਾਨੀ ਸ੍ਰੀ ਗੋਬਿੰਦ ਸਿੰਘ ਦੀ ਬਲਾਤਕਾਰੀ ਸਾਧ ਨਾਲ ਤੁਲਨਾ ਨਿਸ਼ਾਨ ਸਿੰਘ (ਸੂਬਾ ਪ੍ਰਧਾਨ ਜਨ ਨਾਇਕ ਜਨਤਾ ਪਾਰਟੀ ਅਤੇ ਸਾਬਕਾ ਐਮ.ਐਲ.ਏ ਹਰਿਆਣਾ) ਨਾਲ ਕਰਕੇ ਸਿੱਖ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚਾਈ ਹੈ ਜਿਸ 'ਤੇ ਕਾਰਵਾਈ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਇਸ ਦੋਸ਼ੀ ਵਿਅਕਤੀ 'ਤੇ ਸਿੱਖ ਭਾਵਨਾਵਾਂ ਨੂੰ ਭੜਕਾਉਣ ਦੇ ਦੋਸ਼ ਤਹਿਤ ਧਾਰਾ 295-ਏ ਹੇਠ ਪਰਚਾ ਦਰਜ਼ ਕਰਵਾ ਕੇ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਦੁਬਾਰਾ ਕੋਈ ਵਿਅਕਤੀ ਅਜਿਹੀ ਗਲਤੀ ਕਰਨ ਦੀ ਜ਼ਹਿਮਤ ਨਾ ਕਰ ਸਕੇ। ਉਹਨਾਂ ਸਖ਼ਤ ਤਾੜਨਾ ਕਰਦਿਆਂ ਕਿਹਾ ਕਿ ਚੋਣ ਰੈਲੀਆਂ ਵਿੱਚ ਧਰਮ ਸਬੰਧੀ ਬੋਲਣ ਲੱਗਿਆ ਸੰਕੋਚ ਕੀਤਾ ਜਾਵੇ ਅਤੇ ਕਿਸੇ ਵੀ ਧਰਮ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਠੇਸ ਨਾ ਪਹੁੰਚਾਈ ਜਾਵੇ। ਉਹਨਾਂ ਕਿਹਾ ਕਿ ਧਰਮ ਭਾਵਨਾ ਨਾਲ ਜੁੜਿਆ ਹੁੰਦਾ ਹੈ ਤੇ ਰਾਜਨੀਤੀ ਸੱਤਾ ਨਾਲ ਜੁੜੀ ਹੁੰਦੀ ਹੈ ਇਸ ਲਈ ਸੱਤਾ ਪ੍ਰਾਪਤੀ ਲਈ ਧਰਮ ਦੀ ਦੁਰਵਰਤੋ ਨਾ ਕੀਤੀ ਜਾਵੇ। 


ਸੁੱਚਾ ਲੰਗਾਹ ਦੀ ਅਦਾਲਤ ਵਿੱਚ ਪੇਸ਼ੀ ਦੌਰਾਨ ਲਈ ਗਈ ਤਸਵੀਰ

ਉਹਨਾਂ ਕਿਹਾ ਕਿ ਗੁਰੂ ਪੰਥ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕੇ ਗਏ ਵਿਅਕਤੀਆਂ ਨਾਲ ਮਿਲਵਰਤਨ ਰੱਖਣਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਉਲੰਘਣਾ ਹੈ ਅਤੇ ਸਿੱਖ ਪੰਥ ਵਿੱਚੋ ਛੇਕੇ ਵਿਅਕਤੀ ਭਾਵੇਂ ਕੋਈ ਵੀ ਹੋਵੇ ਜਿਹਨਾਂ ਵਿੱਚ ਹਰਨੇਕ ਸਿੰਘ ਨੇਕੀ ਨਿਊਜ਼ੀਲੈਂਡ, ਗੁਰਬਖਸ਼ ਸਿੰਘ ਕਾਲਾ ਅਫਗਾਨਾ, ਸੁੱਚਾ ਸਿੰਘ ਲੰਗਾਹ ਆਦਿ ਸ਼ਾਮਲ ਹਨ ਨਾਲ ਕਿਸੇ ਪ੍ਰਕਾਰ ਦਾ ਮਿਲਵਰਤਣ ਰੱਖਣ ਤੋਂ ਸੰਗਤਾਂ ਪ੍ਰਹੇਜ਼ ਕਰਨ ਤਾਂ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਯਾਦਾ ਕਾਇਮ ਰਹਿ ਸਕੇ।ਉਹਨਾਂ ਕਿਹਾ ਕਿ ਸੁੱਚਾ ਲੰਗਾਹ ਨਾਲ ਸਟੇਜ ਸਾਂਝੀ ਕਰਨ ਵਾਲੇ ਵੀ ਬਰਾਬਰ ਦੇ ਦੋਸ਼ੀ ਮੰਨੇ ਜਾਣਗੇ ਤੇ ਉਹਨਾਂ ਵਿਰੁੱਧ ਵੀ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। 
ਉਹਨਾਂ ਕਿਹਾ ਕਿ ਸੁੱਚਾ ਸਿੰਘ ਲੰਗਾਹ ਦੀਆ ਸਿਫਤਾਂ ਕਰਨ ਵਾਲੇ ਢਾਡੀ ਖੜਗ ਸਿੰਘ ਨੂੰ ਤਾੜਨਾ ਕੀਤੀ ਜਾਂਦੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਤੋ ਆਪਣਾ ਸਪੱਸ਼ਟੀਕਰਨ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਦਸ ਦਿਨਾਂ ਦੇ ਅੰਦਰ ਅੰਦਰ ਦੇਵੇ ਨਹੀ ਤਾਂ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਛੇਕੇ ਗਏ ਵਿਅਕਤੀ ਨਾਲ ਕਿਸੇ ਪ੍ਰਕਾਰ ਦੀ ਰੋਟੀ ਬੇਟੀ ਦੀ ਸਾਂਝ ਨਾ ਰੱਖਣ ਦੇ ਆਦੇਸ਼ ਜਾਰੀ ਕੀਤੇ ਜਾਂਦੇ ਹਨ ਤੇ ਇਹਨਾਂ ਆਦੇਸ਼ਾਂ ਦੀ ਉਲੰਘਣਾ ਕਿਸੇ ਵੀ ਸੂਰਤ ਵਿੱਚ ਨਹੀ ਹੋਣ ਦਿੱਤੀ ਜਾਵੇਗੀ।
 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ