ਕਾਤਲ ਪੁਲਸੀਆਂ ਨੂੰ ਮੁਆਫ ਕਰਨ ਵਾਲੇ ਗਵਰਨਰ ਨੂੰ ਵਿਦਿਆਰਥੀ ਨੇ ਲਾਹਨਤਾਂ ਪਾਈਆਂ

ਕਾਤਲ ਪੁਲਸੀਆਂ ਨੂੰ ਮੁਆਫ ਕਰਨ ਵਾਲੇ ਗਵਰਨਰ ਨੂੰ ਵਿਦਿਆਰਥੀ ਨੇ ਲਾਹਨਤਾਂ ਪਾਈਆਂ
ਖੱਬੇ: ਵਿਦਿਆਰਥੀ ਹਰਸਿਮਰਨ ਸਿੰਘ ਗਿੱਲ; ਸੱਜੇ: ਗਵਰਨਰ ਵੀਪੀ ਸਿੰਘ ਬਦਨੌਰ

ਲੁਧਿਆਣਾ: ਪੰਜਾਬ ਵਿੱਚ ਭਾਰਤ ਦੇ ਕੇਂਦਰੀ ਨੁਮਾਂਇੰਦੇ ਗਵਰਨਰ ਵੀਪੀ ਬਦਨੌਰ ਵੱਲੋਂ ਬੀਤੇ ਦਿਨੀਂ ਸਿੱਖ ਨੌਜਵਾਨ ਨੂੰ ਝੂਠੇ ਪੁਲਿਸ ਮੁਕਾਬਲੇ 'ਚ ਕਤਲ ਕਰਨ ਵਾਲੇ ਚਾਰ ਪੁਲਸੀਆਂ ਦੀ ਸਜ਼ਾ ਮੁਆਫ ਕਰਨ ਦੇ ਫੈਂਸਲੇ ਖਿਲਾਫ ਉਨ੍ਹਾਂ ਦੀ ਗਲਤੀ ਦਾ ਅਹਿਸਾਸ ਕਰਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਇੱਕ ਸਿੱਖ ਵਿਦਿਆਰਥੀ ਗੁਰਸਿਮਰਨ ਸਿੰਘ ਗਿੱਲ ਨੇ ਇੱਕ ਚਿੱਠੀ ਹੱਥ ਵਿੱਚ ਫੜਾਈ। ਇਸ ਚਿੱਠੀ ਵਿੱਚ ਲਿਖੇ ਸ਼ਬਦਾਂ ਨਾਲ ਵਿਦਿਆਰਥੀ ਨੇ ਗਵਰਨਰ ਦੀ ਜ਼ਮੀਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ।

ਵਿਦਿਆਰਥੀ ਗੁਰਸਿਮਰਨ ਸਿੰਘ ਗਿੱਲ ਨੇ ਇਹ ਚਿੱਠੀ ਬਦਨੌਰ ਨੂੰ ਉਸ ਸਮੇਂ ਫੜਾਈ ਜਦੋਂ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸਟੇਜ 'ਤੇ ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣ ਲਈ ਪਹੁੰਚੇ ਹੋਏ ਸਨ। 

ਮਾਸਟਰ ਇਕ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਡਿਗਰੀ ਦੇ 29 ਸਾਲਾ ਵਿਦਿਆਰਥੀ ਹਰਸਿਮਰਨ ਸਿੰਘ ਗਿੱਲ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾ.ਬੀਐੱਸ ਢਿੱਲੋਂ ਦੇ ਸਾਹਮਣੇ ਇਹ ਚਿੱਠੀ ਗਵਰਨਰ ਬਦਨੌਰ ਦੇ ਹੱਥਾਂ ਵਿੱਚ ਫੜ੍ਹਾਈ

ਇਸ ਚਿੱਠੀ ਵਿੱਚ ਲਿਖਿਆ ਸੀ, "ਸਤਿਕਾਰਯੋਗ ਸਰ, ਤੁਹਾਨੂੰ ਹਰਜੀਤ ਸਿੰਘ ਦੇ ਮਾਮਲੇ 'ਚ ਸ਼ਾਮਿਲ ਪੁਲਿਸ ਵਾਲਿਆਂ ਨੂੰ ਦਿੱਤੀ ਗਈ ਮੁਆਫੀ ਦਾ ਪਤਾ ਹੀ ਹੈ। ਤੁਸੀਂ ਆਪਣੇ ਅਹੁਦੇ, ਜਾਂਚ ਅਜੈਂਸੀਆਂ ਅਤੇ ਨਾਗਿਰਕਾਂ ਤੇ ਨਾਲ ਹੀ ਸਾਰੇ ਦੇ ਨੂੰ ਆਪਣੇ ਇਸ ਕੰਮ ਨਾਲ ਸ਼ਰਮਸਾਰ ਕੀਤਾ ਹੈ। ਸਰ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਆਪਣੀ ਜ਼ਮੀਰ ਨੂੰ ਜਗਾਓ ਤਾਂ ਕਿ ਇਸ ਦੇਸ਼ ਦੇ ਲੋਕ ਇਸ ਦੇਸ਼ ਦੀ ਨਿਆਪ੍ਰਣਾਲੀ ਵਿੱਚ ਯਕੀਨ ਕਰ ਸਕਣ ਕਿ ਇਹ ਸਾਡੇ ਭਾਰਤ ਦੇ ਹਰ ਨਾਗਰਿਕ ਲਈ ਬਰਾਬਰ ਹੈ। ਸਰ, ਤੁਸੀਂ ਹਰਜੀਤ ਸਿੰਘ ਦੇ ਝੂਠੇ ਮੁਕਾਬਲੇ ਵਿੱਚ ਦੋਸ਼ੀ 4 ਪੁਲਿਸ ਵਾਲਿਆਂ ਨੂੰ ਮੁਆਫੀ ਦੇ ਕੇ ਆਪਣੇ ਇਸ ਕੰਮ ਨਾਲ ਇਨਸਾਫ ਅਤੇ ਨਾਲ ਹੀ ਭਾਰਤ ਦੇ ਨਾਗਰਿਕਾਂ ਦੇ ਨਿਆਪਾਲਿਕਾ ਵਿੱਚ ਭਰੋਸੇ ਨੂੰ ਸੱਟ ਮਾਰੀ ਹੈ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣੇ ਇਹਨਾਂ ਹੁਕਮਾਂ ਨੂੰ ਵਾਪਿਸ ਲਵੋ...."

ਦੱਸ ਦਈਏ ਕਿ ਹਰਜੀਤ ਸਿੰਘ ਦੇ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਚਾਰ ਪੁਲਿਸ ਮੁਲਾਜ਼ਮਾਂ ਨੂੰ ਗਵਰਨਰ ਪੰਜਾਬ ਨੇ ਚੁੱਪ ਚਪੀਤੇ ਮੁਆਫੀ ਦੇ ਦਿੱਤੀ ਹੈ। ਇਹਨਾਂ ਪੁਲਿਸ ਮੁਲਾਜ਼ਮਾਂ ਵਿੱਚ ਉੱਤਰ ਪ੍ਰਦੇਸ਼ ਪੁਲਿਸ ਦਾ ਐੱਸਪੀ ਰਵਿੰਦਰ ਕੁਮਾਰ, ਇੰਸਪੈਂਕਟਰ ਬ੍ਰਿਜ ਲਾਲ ਵਰਮਾ ਅਤੇ ਸਿਪਾਹੀ ਓਂਕਾਰ ਸਿੰਘ ਜਦਕਿ ਪੰਜਾਬ ਪੁਲਿਸ ਦਾ ਇੰਸਪੈਕਟਰ ਹਰਿੰਦਰ ਸਿੰਘ ਸ਼ਾਮਿਲ ਹੈ। ਇਹਨਾਂ ਚਾਰੇ ਦੋਸ਼ੀਆਂ ਨੂੰ ਸੀਬੀਆਈ ਅਦਾਲਤ ਨੇ 1 ਦਸੰਬਰ, 2014 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਰਜੀਤ ਸਿੰਘ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਸੀ ਜਿਸਨੂੰ ਇਹਨਾਂ ਦੋਸ਼ੀਆਂ ਨੇ 6 ਅਕਤੂਬਰ, 1993 ਨੂੰ ਅਗਵਾ ਕੀਤਾ ਸੀ ਅਤੇ 12 ਅਕਤੂਬਰ, 1993 ਨੂੰ ਇਹਨਾਂ ਨੇ ਹਰਜੀਤ ਸਿੰਘ ਦਾ ਝੂਠਾ ਮੁਕਾਬਲਾ ਬਣਾ ਦਿੱਤਾ ਸੀ। ਹਰਜੀਤ ਸਿੰਘ ਦੇ ਮਾਪਿਆਂ ਵੱਲੋਂ 21 ਸਾਲ ਦਾ ਲੰਬਾ ਸੰਘਰਸ਼ ਕਰਨ ਮਗਰੋਂ ਦੋਸ਼ੀਆਂ ਨੂੰ ਸਜ਼ਾਵਾਂ ਹੋਈਆਂ ਸੀ ਜਿਸ ਵਿੱਚ ਸਾਬਤ ਹੋਇਆ ਸੀ ਕਿ ਇਹਨਾਂ ਪੁਲਿਸ ਵਾਲਿਆਂ ਨੇ ਮਹਿਜ਼ ਤਰੱਕੀਆਂ ਲੈਣ ਲਈ ਸਿੱਖ ਨੌਜਵਾਨ ਦਾ ਕਤਲ ਕਰ ਦਿੱਤਾ ਸੀ। ਇਸ ਘਟਨਾ ਤੋਂ ਇਹ ਵੀ ਸਾਫ ਹੁੰਦਾ ਹੈ ਕਿ ਕਿਵੇਂ ਸਿੱਖ ਨੌਜਵਾਨਾਂ ਦੇ ਕਤਲਾਂ ਨਾਲ ਪੁਲਿਸ ਵਾਲਿਆਂ ਨੂੰ ਤਰੱਕੀਆਂ ਮਿਲਦੀਆਂ ਸੀ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ