ਸਮੇਂ ਦੇ ਨਾਲ ਬਦਲਦਾ ਬਚਪਨ
" ਜਿੰਮੇਵਾਰ ਕੌਣ "
ਫੁੱਲਾਂ ਵਰਗੇ ਕੋਮਲ ਰੱਬ ਰੂਪੀ ਬੱਚਿਆਂ ਤੋਂ ਬਿਨਾਂ ਘਰ ਸੱਖਣਾ ਹੁੰਦਾ। ਵਿਹੜਿਆਂ ਦੀ ਰੌਣਕ ਬੱਚੇ ਜਦ ਤੋਤਲੀ ਬੋਲੀ ਬੋਲਦੇ ਤੇ ਨਿੱਤ ਨਵੀਂਆਂ ਸ਼ਰਾਰਤਾਂ ਕਰਦੇ ਨੇ ਸਭ ਦਾ ਮਨ ਮੋਹ ਲੈਂਦੇ ਹਨ। ਬਚਪਨ ਦੀਆਂ ਖੇਡਾਂ ਲੁਕਣਮਚਾਈਆਂ, ਗੁੱਲੀ ਡੰਡਾ, ਪਿੰਡਾਂ ਦੇ ਜੁਆਕਾਂ ਦਾ ਕੱਚੇ ਰਾਹਾਂ ਤੇ ਸਾਈਕਲ ਦੇ ਟਾਇਰਾਂ ਨੂੰ ਡੰਡੇ ਨਾਲ ਰੇੜਣਾ ਜੋ ਕਦੇ ਬੱਚਿਆਂ ਦੀਆਂ ਮਨ ਪਸੰਦ ਖੇਡਾਂ ਹੁੰਦੀਆਂ ਸਨ ਸਭ ਸਮੇਂ ਅਨੁਸਾਰ ਵਿਰਸੇ ਵਿੱਚੋਂ ਅਲੋਪ ਹੁੰਦਾ ਜਾ ਰਿਹਾ। ਪਹਿਲਾਂ ਵੀਡੀਓ ਗੇਮਾਂ ਤੇ ਹੁਣ ਮੋਬਾਈਲ ਫੋਨਾਂ ਤੇ ਚੱਲਦੀਆਂ ਪੱਬ ਜੀ ਵਰਗੀਆਂ ਖੇਡਾਂ ਨੇ ਮਿੱਟੀ ਦੇ ਘਰ ਬਣਾਉਣ ਵਾਲੇ ਬੱਚਿਆਂ ਨੂੰ ਕਿਵੇਂ ਆਪਣਾ ਸ਼ਿਕਾਰ ਬਣਾਇਆ ਸਭ ਭਲੀਭਾਂਤ ਜਾਣਦੇ ਨੇ।
ਵਿਰਸੇ ਵਿੱਚ ਮਿਲੀ ਗਰੀਬੀ ਵੀ ਕਈ ਵਾਰ ਬੱਚਿਆਂ ਦਾ ਬਚਪਨ ਖੋਹ ਲੈਂਦੀ ਹੈ। ਢਿੱਡ ਦੀ ਖਾਤਰ ਕੀ ਨਹੀਂ ਕਰਨਾ ਪੈਂਦਾ, ਬਿਨਾਂ ਕਿਸੇ ਸਹਾਰੇ ਰੱਸੀ ਤੇ ਤੁਰਨਾ ਕਿਸੇ ਖਤਰੇ ਤੋਂ ਘੱਟ ਨਹੀਂ ਪਰ ਗਰੀਬੀ ਕੀ ਨਹੀਂ ਕਰਵਾਉੰਦੀ ਤੇ ਇਹ ਸਭ ਕਰਤੱਵ ਕਰਦੇ ਹੋਏ ਨੰਨੀ ਜਿੰਦ ਨੂੰ ਦੇਖਦਿਆਂ ਲੋਕਾਂ ਲਈ ਇੱਕ ਤਮਾਸ਼ਾਂ ਹੁੰਦਾ ਹੈ ਪਰ ਅਸਲ ਚ ਉਸ ਗਰੀਬ ਦੀ ਰੋਟੀ ਦਾ ਸਾਧਨ ਇਹੀ ਹੁੰਦਾ ਉਦਾਹਰਣ ਦੇ ਤੌਰ ਤੇ ਇਥੇ ਇੰਝ ਵੀ ਕਿਹਾ ਜਾ ਸਕਦਾ ਕਿ "ਮਰਦਾ ਕੀ ਨਹੀਂ ਕਰਦਾ"।
ਅੱਜਕੱਲ੍ਹ ਦੇ ਵਿਅਸਤ ਜੀਵਨ ਦੇ ਦੌਰ ਵਿੱਚ ਬੱਚਿਆਂ ਨੂੰ ਸਮਾਂ ਨਾ ਦੇਣਾ ਕਿਤੇ ਨਾ ਕਿਤੇ ਮਾਂ ਪਿਓ ਵੀ ਕਸੂਰਵਾਰ ਹਨ। ਪੈਸੇ ਦੀ ਦੌੜ ਕਰਕੇ ਬੱਚਿਆਂ ਦਾ ਮਾਂ ਪਿਓ ਨਾਲੋਂ ਮੋਹ ਹੀ ਟੁੱਟਦਾ ਜਾ ਰਿਹਾ। ਬਾਹਰਲਿਆਂ ਮੁਲਕਾਂ ਚ ਬਹੁਤੇ ਘਰਾਂ ਵਿੱਚ ਵਿਖਾਵੇ ਦੀ ਜਿੰਦਗੀ ਜੋ ਅਮੀਰੀ ਦੇ ਲਾਲਚਾਂ ਚ ਸਰੀਰਕ ਤੰਦੁਰੁਸਤੀ ਨੂੰ ਪਿੱਛੇ ਪਾ ਕੇ ਡਾਲਰਾਂ ਪੌਡਾਂ ਪਿੱਛੇ ਭੱਜੀ ਫਿਰਦੀ ਹੈ। ਅਜਿਹੇ ਮਾਪੇ ਆਪਣਾ ਆਪ ਤਾਂ ਗਵਾਉਂਦੇ ਹੀ ਹਨ ਇਸ ਦੇ ਨਾਲ ਹੀ ਉਹ ਆਪਣੇ ਬੱਚਿਆਂ ਦਾ ਬਚਪਨ ਵੀ ਗਵਾ ਦਿੰਦੇ ਹਨ। ਜਦਕਿ ਅਜਿਹੀ ਅਵਸਥਾ ਵਿੱਚ ਮਾਪਿਆਂ ਦਾ ਬੱਚੇ ਨੂੰ ਵਕਤ ਦੇਣਾ ਬਹੁਤ ਹੀ ਜਰੂਰੀ ਹੁੰਦਾ ਹੈ।
ਦੂਜੇ ਪਾਸੇ ਅੰਤਰਰਾਸ਼ਟਰੀ ਪੱਧਰ ਤੇ ਰਾਜਨੀਤਕ ਚਾਲਾਂ ਕਰਕੇ ਹੋਣ ਵਾਲੇ ਯੁੱਧਾਂ ਦੀ ਗੱਲ ਕਰੀਏ ਤਾਂ ਇਹਨਾਂ ਲੜਾਈਆਂ ਨੇ ਵੀ ਹੁਣ ਤੱਕ ਅਨੇਕਾਂ ਘਰਾਂ ਦੀਆਂ ਰੌਣਕਾਂ ਰੱਬ ਰੂਪੀ ਬੱਚੇ ਖੋਹ ਲਏ। ਇਸਰਾਈਲ ਤੇ ਪਲਸਤੀਨ ਦੀ ਲੱਗੀ ਜੰਗ ਵਿੱਚ ਅਨੇਕਾਂ ਬੱਚੇ ਆਪਣੀ ਜਾਨ ਗਵਾ ਚੁੱਕੇ ਹਨ ਸੋਚਿਆ ਜਾਵੇ ਤਾਂ ਇਹਨਾਂ ਭੋਲੀਆਂ ਮਸੂਮ ਜਿੰਦਾਂ ਦਾ ਕਸੂਰ ਕੀ ਹੈ? ਕੀ ਕੋਈ ਦੱਸ ਸਕਦਾ ਇਸਦਾ ਜਿੰਮੇਵਾਰ ਕੌਣ ਹੈ।ਚੰਨ ਤੇ ਘਰ ਬਣਾਉਣ ਦੇ ਵਾਅਦੇ ਕਰਨ ਵਾਲਿਆਂ ਨੇ ਧਰਤੀ ਦੀ ਰੌਣਕ ਕਿਵੇਂ ਖਤਮ ਕਰ ਦਿੱਤੀ ਕਿਸੇ ਨੂੰ ਕੁਝ ਪਤਾ ਹੀ ਨਹੀਂ ਲੱਗਿਆ। ਲੋੜ ਹੈ ਸੋਚਣ ਤੇ ਸਮਝਣ ਦੀ।
ਸਿੱਕੀ ਝੱਜੀ ਪਿੰਡ ਵਾਲਾ *ਇਟਲੀ
Comments (0)