ਇਰਾਨ ਨੇ ਅਮਰੀਕਾ ਦੇ ਇਰਾਕ ਵਿਚਲੇ ਫੌਜੀ ਟਿਕਾਣਿਆਂ 'ਤੇ ਮਿਸਾਈਲਾਂ ਨਾਲ ਹਮਲਾ ਕੀਤਾ

ਇਰਾਨ ਨੇ ਅਮਰੀਕਾ ਦੇ ਇਰਾਕ ਵਿਚਲੇ ਫੌਜੀ ਟਿਕਾਣਿਆਂ 'ਤੇ ਮਿਸਾਈਲਾਂ ਨਾਲ ਹਮਲਾ ਕੀਤਾ

ਬਗਦਾਦ: ਸੋਲੇਮਾਨੀ ਨੂੰ ਸਪੁਰਦ-ਏ-ਖਾਕ ਕਰਦਿਆਂ ਹੀ ਇਰਾਨ ਨੇ ਅਮਰੀਕਾ 'ਤੇ ਵੱਡਾ ਹਮਲਾ ਕੀਤਾ ਹੈ। ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਦੋ ਅਹਿਮ ਫੌਜੀ ਟਿਕਾਣਿਆਂ 'ਤੇ ਦਰਜਨ ਦੇ ਕਰੀਬ ਮਿਸਾਈਲਾਂ ਦਾਗੀਆਂ ਗਈਆਂ ਹਨ। 
ਦੱਸ ਦਈਏ ਕਿ ਜਰਨੈਲ ਕਾਸਿਮ ਸੋਲੇਮਾਨੀ ਦੀ ਮੌਤ ਮਗਰੋਂ ਇਰਾਨ ਵੱਲੋਂ ਅਮਰੀਕਾ ਤੋਂ ਬਦਲਾ ਲੈਣ ਦਾ ਐਲਾਨ ਕੀਤਾ ਗਿਆ ਸੀ। ਇਸ ਹਮਲੇ ਮਗਰੋਂ ਇਰਾਨ ਦੇ ਉੱਚ ਸੁਰੱਖਿਆ ਅਫਸਰ ਨੇ ਕਿਹਾ ਹੈ ਕਿ ਇਰਾਨ ਕੋਲ ਉਪਲਬਧ ਹੀਲਿਆਂ ਵਿੱਚ ਫਿਲਹਾਲ ਇਹ ਸਭ ਤੋਂ ਨਰਮ ਨਿਸ਼ਾਨਾ ਚੁਣਿਆ ਗਿਆ ਹੈ। ਈਰਾਨ ਦੇ ਸਰਕਾਰੀ ਖਬਰੀ ਅਦਾਰੇ ਨੇ ਇਸ ਹਮਲੇ ਵਿੱਚ 80 ਅਮਰੀਕੀਆਂ ਦੀ ਮੌਤ ਹੋਣ ਦੀ ਜਾਣਕਾਰੀ ਦਿੱਤੀ ਹੈ। 

ਹਮਲੇ ਮਗਰੋਂ ਟਰੰਪ ਨੇ ਟਵੀਟ ਕੀਤਾ
ਇਰਾਨ ਵੱਲੋਂ ਕੀਤੇ ਹਮਲੇ ਮਗਰੋਂ ਟਰੰਪ ਨੇ ਟਵੀਟ ਕਰਦਿਆਂ ਕਿਹਾ ਕਿ ਸਭ ਕੁੱਝ ਠੀਕ ਹੈ ਤੇ ਹਮਲੇ ਵਿੱਚ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨਾਂ ਟਵੀਟ ਵਿਚ ਕਿਹਾ ਕਿ ਅਮਰੀਕਾ ਕੋਲ ਦੁਨੀਆ ਦੀ ਸਭ ਤੋਂ ਤਾਕਤਵਰ ਅਤੇ ਸਮਰੱਥ ਫੌਜ ਹੈ ਤੇ ਇਸ ਹਮਲੇ ਬਾਰੇ ਉਹ ਬੁੱਧਵਾਰ ਸਵੇਰ ਨੂੰ ਬਿਆਨ ਜਾਰੀ ਕਰਨਗੇ। 

ਅਮਰੀਕੀ ਫੌਜ ਦੇ ਹੈਡਕੁਆਰਟਰ ਪੈਂਟਾਗਨ ਨੇ ਇਰਾਨ ਵੱਲੋਂ ਅਮਰੀਕੀ ਟਿਕਾਣਿਆਂ 'ਤੇ ਦਰਜਨ ਤੋਂ ਵੱਧ ਰਾਕੇਟ ਦਾਗਣ ਦੀ ਪੁਸ਼ਟੀ ਕੀਤੀ ਹੈ। 

ਅਮਰੀਕੀ ਸਭਾ ਦੀ ਸਪੀਕਰ ਅਤੇ ਡੈਮੋਕਰੇਟ ਆਗੂ ਨੈਂਸੀ ਪੈਲੋਸੀ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਮਰੀਕਾ ਅਤੇ ਦੁਨੀਆ ਕਿਸੇ ਨਵੀਂ ਜੰਗ ਨੂੰ ਸਹਿਣ ਕਰਨ ਦੀ ਹਾਲਤ ਵਿੱਚ ਨਹੀਂ ਹਨ। 

ਤੇਲ ਅਤੇ ਸੋਨੇ ਦੀਆਂ ਕੀਮਤਾਂ ਵਧੀਆਂ
ਇਰਾਨ ਵੱਲੋਂ ਅਮਰੀਕੀ ਟਿਕਾਣਿਆਂ 'ਤੇ ਹਮਲੇ ਨਾਲ ਤੇਲ ਅਤੇ ਸੋਨੇ ਦੀਆਂ ਕੀਮਤਾਂ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਜੰਗ ਲੱਗਣ ਦੀ ਸੂਰਤ ਵਿੱਚ ਤੇਲ ਦੀ ਸਪਲਾਈ 'ਚ ਵੱਡੀ ਰੋਕ ਲੱਗ ਸਕਦੀ ਹੈ।  
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।