ਹਾਸੇ ਬੀਜੋਗੇ ਤਾਂ ਖੁਸ਼ੀਆਂ ਨੇ ਉੱਗਣਾ - ਸੁਨੇਹਾ

 ਹਾਸੇ ਬੀਜੋਗੇ ਤਾਂ ਖੁਸ਼ੀਆਂ ਨੇ ਉੱਗਣਾ - ਸੁਨੇਹਾ

ਕਿੱਥੇ ਚੱਲੇ ਆ ਬਾਈ ਆਪਾਂ?"  
"ਓਏ !ਕਿਤੇ ਨੀ, ਬਸ ਇਨਸਾਨਾਂ ਦੀ ਨਗਰੀ ਗੇੜਾ ਮਾਰ ਆਈਏ,, ਕਹਿੰਦੇ ਵਾਹਲੇ ਈ ਜ਼ਹਿਰੀਲੇ ਹੋਏ ਪਏ ਆ ਪਤੰਦਰ,,,, ਆਪਸ ਚ ਈ ਡੰਗ ਮਾਰੀ ਜਾਂਦੇ ਆ ।"
"ਹਲਾ!!!!ਸੱਚੀਂ ਬਾਈ ਇੱਕ ਦੂਜੇ ਨੂੰ ਈ ਡੰਗੀ ਜਾਂਦੇ ਆ?????" "ਨਾਲੇ ਕਹਿੰਦੇ ਯਾਰ ਸੱਤ ਘਰ ਤਾਂ ਡੈਣ ਵੀ ਛੱਡ ਦਿੰਦੀ ਆ, ਇਹ ਤਾਂ ਫਿਰ ,,,,,,, |" "ਯਾਰ ਇੱਕ ਗੱਲ ਸਮਝ ਨੀ ਆਉਂਦੀ ,, ਅਰਦਾਸ ਤਾਂ ਇਹ ਹਰ ਰੋਜ਼ ਸਰਬੱਤ ਦੇ ਭਲੇ ਦੀ ਕਰਦੇ ਆ, ਫਿਰ,,,,|" "ਓਏ!ਕਾਹਨੂੰ ,,,, ਇਹ ਬਾਬੇ ਨੂੰ ਤਾਂ ਮੰਨਦੇ ਆ ,,,ਪਰ ਬਾਬੇ ਦੀ ਨੀ ਮੰਨਦੇ,,,|" "ਬਾਈ ਕੀ ਹੋ ਗਿਆ ਇਹਨਾਂ ਨੂੰ ਨਾਲੇ ਕਹਿੰਦੇ ਹੁੰਦੇ ਆ ਵੀ ,,, ਚੁਰਾਸੀ ਲੱਖ ਜੂਨਾਂ 'ਚੋੱ ਸਭ ਤੋਂ ਉੱਤਮ ਜੂਨੀ ਇਨਸਾਨ ਦੀ ਆ,,|"  "ਉੱਤਮ ਤਾਂ ਹੈਗੀ ਸੀ ਛੋਟਿਆ,,, ਪਰ ਇਹਨਾਂ ਨੇ ਰੋਲਤੀ ਯਾਰ,,,,,|" "ਬਾਹਰੀ ਖੁਸ਼ੀਆਂ ਲੱਭਦੇ ਲੱਭਦੇ ਅੰਦਰਲਾ ਆਨੰਦ ਖੋ ਦਿੰਦੇ ਆ,,,|" "ਅੰਬਰ ਛੂਹਣ ਲਈ ਧਰਤੀ ਹੀ ਛੱਡ ਦਿੰਦੇ ਆ |"
ਚਾਰ ਸੱਸੇ ਵਾਹਲੇ ਆ ਇਹਨਾਂ ਕੋਲੇ,,,, ਤੇ ਚਾਰ ਸੱਸੇ ਜਮਾਂ ਈ ਹੈ ਨੀ |"
"ਹੈਅ!!!!! ਉਹ ਕਿਹੜੇ ਬਈ???"   "ਸ਼ਿਕਵੇ, ਸ਼ਿਕਾਇਤਾਂ, ਸੰਸੇ , ਸਾੜੇ,,ਹੱਦ ਤੋਂ ਵੱਧ ਆ,,,ਸਬਰ , ਸੰਤੋਖ, ਸਹਿਜ , ਸ਼ੁਕਰਾਨਾ, ਜਮਾਂ ਈ ਹੈ ਨੀ |"
"ਨਾਲੇ ਕਹਿੰਦੇ ਆ ਵੀ ਇਹਨਾਂ ਨੇ ਤਰੱਕੀ ਈ ਬੌਤ ਕਰਲੀ,,,|"  "ਓਏ ਨਾ ਛੋਟਿਆ , ਤਰੱਕੀ ਕਾਹਦੀ ,,,, ਆਪਣੀ ਮੌਤ ਦਾ ਸਮਾਨ ਈ ਇਕੱਠਾ ਕੀਤਾ |"  "ਬਾਈ ਇਹਨਾਂ ਦੀ ਬਾਦੀ ਤਾਂ ਵਧੀ ਆ", "ਓਏ ਕਮਲਿਆ ਸਰੀਰ ਦਾ ਮਰਨਾ ਮੌਤ ਨੀ ਹੁੰਦਾ, ਜ਼ਮੀਰ ਦਾ ਮਰਨਾ ਮੌਤ ਹੁੰਦਾ|" "ਜ਼ਮੀਰਾਂ ਵੇਚ ਕੇ ਜ਼ਮੀਨਾਂ ਖਰੀਦਣਾ ਕਿੱਡੀ ਕੁ ਵੱਡੀ ਸਿਆਣਪ ਆ ਭਲਾ ?" "ਬਾਬੇ ਨੇ ਤਾਂ ਕੁਦਰਤ ਕੇ ਸਭ ਬੰਦੇ ਕਿਹਾ,,,, ਇਹ ਕੁਦਰਤ ਦੇ ਈ ਸ਼ਰੀਕ ਬਣ ਕੇ ਬਹਿ ਗਏ|" "ਕੁਦਰਤ 'ਤੇ ਸਿਰਫ਼ ਆਪਣੇ ਈ ਕਬਜ਼ਾ ਕਰਨਾ ਚਾਹੁੰਦੇ ਨੇ,,,  ਸਾਡੇ ਹਿੱਸੇ ਦੇ ਪਾਣੀ ਵੀ ਪਤਾ ਨੀ ਕਿੱਥੇ ਖਪਾ ਦਿੱਤੇ ?"
"ਆਹ! ਸਾਡੇ ਆਲੇ ਜੁਆਕ ਜੇ ਇਹਨਾਂ ਨਾਲ ਖੇਡਣ ਲੱਗ ਜਾਂਦੇ ਆ, ਪਾਣੀ 'ਚੋਂ ਬਾਹਰ ਆ ਕੇ, ਮਖਿਆਂ! ਰਹਿਣ ਦਿਓ ਓਏ ,ਵਿਸਾਹ ਨੀ ਇਹਨਾਂ ਦਾ, ਇਹ ਜਦੋਂ ਆਪਣਿਆਂ ਦੇ ਨੀ ਹੋਏ, ਆਪਾਂ ਇਹਨਾਂ ਦੇ ਕੀ ਲੱਗਦੇ?"
  
"ਚੱਲੋ ਛੱਡੋ ਯਾਰ,,,ਇਹ ਦੱਸੋ ਆਪਾਂ ਕਰਨ ਕੀ ਜਾ ਰਹੇ ਆ ਉਹਨਾਂ ਦੀ ਨਗਰੀ 'ਚ??"

"ਓਏ! ਕੁਝ ਨੀ ਛੋਟਿਆ,,,,, ਬਸ ਇੱਕ ਸੁਨੇਹਾ ਈ ਦੇ ਕੇ ਆਉਣਾ |"

"ਉਹ ਕੀ ਬਾਈ,,,,,,,,,??????"

   ਸਾਡੇ ਕੋਲੋਂ ਸਿੱਖਲੋ ਮੋਹ ਤੇ ਪਿਆਰ ਓਏ ,
   ਲੋਭ ਲਾਲਚਾਂ 'ਚ ਨਾ ਕਰੋ ਯਾਰ ਮਾਰ ਓਏ |
    
   ਹਾਸੇ ਬੀਜੋਗੇ ਤਾਂ ਖੁਸ਼ੀਆਂ ਨੇ ਉੱਗਣਾ,
   ਪਿਆਰ ਵੰਡੋਗੇ ਤਾਂ ਮਿਲੂਗਾ ਦੁੱਗਣਾ |
    
   ਇੰਨੀ ਕੁ ਗੱਲ 'ਚਹਿਲਾ' ਕਹਿਣ ਆਏ ਆ
   ਬਸ 'ਸਰਾਂ' 'ਚ ਕੁਝ ਦਿਨ ਰਹਿਣ ਆਏ ਆ |

                       

  ਜਸਵਿੰਦਰ ਸਿੰਘ ਚਾਹਲ