ਕਹਾਣੀ: ਬਚਨਾ ਸੀਰੀ     

ਕਹਾਣੀ: ਬਚਨਾ ਸੀਰੀ     

ਚਰਨਜੀਤ ਸਿੰਘ ਰਾਜੌਰ

“ਤੇ ਫਿਰ ਜੱਟ ਤੁਰ ਪਏ ਨੇ ਦਿੱਲੀ ਵੱਲ ਨੂੰ …” ਗਿਲਾਸ ਖ਼ਾਲੀ ਕਰਦਿਆਂ ਬਚਨਾ ਬੋਲਿਆ। ਉਸਨੇ ਅੱਜ ਕੁਝ ਜ਼ਿਆਦਾ ਹੀ ਪੀ ਲਈ ਸੀ। ਬਚਨਾ, ਸਤਪਾਲ ਜਿਮੀਦਾਰਾਂ ਦੇ ਸੀਰੀ ਹੈ। ਰਾਤ ਪਾਣੀ ਦੀ ਵਾਰੀ ਏ, ਇਸ ਕਰਕੇ ਬਚਨਾ ਰਾਤ ਮੜ੍ਹੀਆਂ ਲਾਗੇ ਖੇਤ ਵਾਲੇ ਕੋਠੇ ਵਿੱਚ ਹੀ ਪਵੇਗਾ। ਠੰਢ ਬਹੁਤ ਹੈ, ਮੈਲ਼ੇ ਜਿਹੇ ਕੁੜਤੇ ਪਜਾਮੇ ਵਿੱਚ ਬਚਨੇ ਨੇ ਠੰਢ ਤੋਂ ਬਚਣ ਲਈ ਪਹਿਲਾਂ ਤਾਂ ਲੋਈ ਦੀ ਬੁੱਕਲ ਮਾਰੀ ਹੋਈ ਸੀ ਤੇ ਹੁਣ ਜ਼ਿਆਦਾ ਸ਼ਰਾਬ ਪੀਣ ਕਰਕੇ ਉਸਨੇ ਲੋਈ ਵੀ ਪਰ੍ਹਾਂ ਵਗਾਹ ਮਾਰੀ। ਪਰ ਅੱਜ ਬਚਨੇ ਨੂੰ ਹੋ ਕੀ ਗਿਆ ਹੈ? ਉਹ ਅੱਜ ਐਨੇ ਗੁੱਸੇ ਵਿੱਚ ਕਿਉਂ ਹੈ?

ਅੱਜ ਸ਼ਾਇਦ ਉਸ ਨੂੰ ਫਿਰ ਉਹ ਗੱਲ ਯਾਦ ਆ ਗਈ ਜਦ ਪਿੰਡ ਦੇ ਜੱਟ ਜਿਮੀਦਾਰਾਂ ਨੇ ਵਿਹੜੇ ਵਾਲਿਆਂ ਦਾ ਹੁੱਕਾ-ਪਾਣੀ ਬੰਦ ਕਰ ਦਿੱਤਾ ਸੀ। ਕਾਰਨ ਵੀ ਕੋਈ ਖ਼ਾਸ ਨਹੀਂ ਸੀ, ਵਿਹੜੇ ਵਾਲਿਆਂ ਨੇ ਝੋਨਾ ਲਾਉਣ ਦੇ ਰੇਟ ਵਧਾ ਦਿੱਤੇ ਸਨ। ਬਚਨੇ ਨੂੰ ਇਹ ਸਭ ਗੱਲਾਂ ਭੁੱਲ ਕੇ ਅੱਗੇ ਵਧਣਾ ਚਾਹੀਦਾ ਸੀ ਪਰ ਅਜੇ ਵੀ ਇਹ ਗੱਲਾਂ ਬਚਨੇ ਦੇ ਮਨ ਵਿੱਚ ਘੁੰਮਣਘੇਰੀਆਂ ਪਾ ਰਹੀਆਂ ਹਨ। ਸ਼ਾਇਦ ਸ਼ਰਾਬ ਦਾ ਅਸਰ ਸੀ ਜਾਂ ਦਿਲ ਦੇ ਜ਼ਖ਼ਮ ਅੱਜ ਫਿਰ ਹਰੇ ਹੋ ਗਏ ਸਨ ਕਿ ਹੁਣ ਬਚਨਾ ਕਿਸੇ ਬੁੱਧੀਜੀਵੀ ਵਾਂਗ ਸੋਚ ਰਿਹਾ ਸੀ।

“ਇਹ ਤਾਂ ਸਾਡੀਆਂ ਪਿਛਲੀਆਂ ਸੱਤ ਤੋਂ ਵੀ ਕਿਤੇ ਵੱਧ ਪੁਸ਼ਤਾਂ ਨਾਲ ਹੁੰਦਾ ਆਇਆ ਹੈ। ਗ਼ੁਲਾਮ ਹੀ ਹੁੰਦੇ ਆਂ ਅਸੀਂ ਸਦੀਆਂ ਤੋਂ, ਗੁਲਾਮ ਦਾ ਦੂਜਾ ਨਾਂ ਸੀਰੀ ਹੀ ਤਾਂ ਹੈ। ਪਰਿਭਾਸ਼ਾ ਤਾਂ ਇੱਕੋ ਹੀ ਹੋਣੀ ਆ ਗੁਲਾਮ ਤੇ ਸੀਰੀ ਦੀ, ਪਰ ਉਹ ਨਹੀਂ ਸਮਝਣਗੇ। ਉਹਨਾਂ ਕੋਲ ਖੋਵਣ ਲਈ ਬਹੁਤ ਕੁਝ ਹੈ , asਕਿਉਂਕਿ ਉਹਨਾਂ ਕੋਲ ਬਹੁਤ-ਬਹੁਤ ਕੁਝ ਹੈ। ਸਾਡੇ ਕੋਲ ਕੀ ਹੈ ਖੋਹ ਜਾਣ ਲਈ, ਅਸੀਂ ਤਾਂ ਸਦੀਆਂ ਤੋਂ ਸਿਫ਼ਰ ’ਤੇ ਸੀ ਅਤੇ ਅੱਜ ਵੀ ਸਿਫ਼ਰ ’ਤੇ ਹੀ ਖੜ੍ਹੇ ਹਾਂ। ਸਾਡੀ ਕਾਮਯਾਬੀ ਨੂੰ ਅੱਜ ਵੀ ‘ਕੋਟੇ’ ਦੇ ਨਾਲ ਜੋੜਿਆ ਜਾਂਦਾ ਹੈ। ਕਿਉਂ ਨਹੀਂ ਸਮਝ ਰਹੇ ਇਹ ਲੋਕ ਕਿ ਤੁਸੀਂ ਸੈਂਕੜੇ ਤੋਂ ਸਿਫ਼ਰ ’ਤੇ ਕਿਉਂ ਅਤੇ ਕਿਵੇਂ ਪਹੁੰਚੇ ਅਤੇ ਅਸੀਂ ਤਾਂ ਸ਼ੁਰੂ ਹੀ ਸਿਫ਼ਰ ਤੋਂ ਕਰਨਾ ਹੈ।” ਦਰਵਾਜ਼ੇ ਦੇ ਖੜਕੇ ਨਾਲ ਬਚਨੇ ਅੰਦਰਲਾ ਬੁੱਧੀਜੀਵੀ ਕਿਧਰੇ ਬਾਹਰ ਨੂੰ ਭੱਜ ਗਿਆ ਅਤੇ ਉਸੇ ਦਰਵਾਜ਼ੇ ਥਾਣੀਂ ਬਚਨੇ ਕਾ ਕੁੱਤਾ ਸ਼ੇਰੂ ਅੰਦਰ ਆ ਗਿਆ। ਸ਼ਾਇਦ ਬਾਹਰ ਠੰਢ ਜ਼ਿਆਦਾ ਹੋਣ ਕਰਕੇ ਸ਼ੇਰੂ ਅੰਦਰ ਆ ਗਿਆ ਸੀ। ਸ਼ੇਰੂ ਤਾਂ ਕੋਠੇ ਦੇ ਅੰਦਰ ਆ ਗਿਆ ਸੀ ਪਰ ਬਚਨੇ ਵਿਚਲਾ ਸ਼ੇਰ ਉਸ ਵਿੱਚੋਂ ਬਾਹਰ ਨਿਕਲ ਚੁੱਕਿਆ ਸੀ। ਸ਼ਾਇਦ ਉਸ ਦਾ ਨਸ਼ਾ ਹੁਣ ਕੁਝ ਮੱਧਮ ਪੈ ਗਿਆ ਲੱਗਦਾ ਸੀ। ਲੋਈ ਦੀ ਬੁੱਕਲ ਮਾਰ ਕੇ ਕਹੀ ਚੁੱਕਦਿਆਂ ਬਚਨਾ ਕੋਠੇ ਤੋਂ ਬਾਹਰ ਖੇਤ ਵੱਲ ਨੂੰ ਹੋ ਗਿਆ। ਕੋਠੇ ਵਿੱਚ ਹੁਣ ਸਿਰਫ਼ ਸ਼ੇਰੂ ਹੀ ਸੀ। ਠੰਢ ਨਾਲ ਕੰਬਦਾ ਬਚਨਾ ਥੋੜ੍ਹੀ ਦੇਰ ਬਾਅਦ ਵਾਪਸ ਕੋਠੇ ਵਿੱਚ ਆਇਆ, ਆਉਂਦਿਆਂ ਹੀ ਬਚਨੇ ਨੇ ਫਿਰ ਬੋਤਲ ਵਿੱਚੋਂ ਸ਼ਰਾਬ ਗਿਲਾਸ ਵਿੱਚ ਪਾਈ ਅਤੇ ਇੱਕੋ ਸਾਹੇ ਪੀ ਗਿਆ।

ਇੱਧਰ-ਉੱਧਰ ਵੇਖ ਰਿਹਾ ਬਚਨਾ ਸ਼ਾਇਦ ਫਿਰ ਉਸੇ ਸ਼ੇਰ ਨੂੰ ਲੱਭ ਰਿਹਾ ਸੀ ਜੋ ਕੁਝ ਸਮਾਂ ਪਹਿਲਾਂ ਉਸ ਵਿੱਚੋਂ ਬੋਲ ਰਿਹਾ ਸੀ। “ਪਰ ਬਾਪੂ ਕਹਿੰਦਾ ਹੁੰਦਾ ਸੀ ਕਿ ਅਸਲ ਕਿਸਾਨ ਤਾਂ ਅਸੀਂ ਹਾਂ। ਜ਼ਮੀਨਾਂ ਤੇ ਖੇਤਾਂ ਵਿੱਚ ਕੰਮ ਕਰਨ ਵਾਲਾ ਹੀ ਕਿਸਾਨ ਹੈ ਪਰ ਅੱਜ ਤਾਂ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਬਾਪੂ ਕਹਿੰਦਾ ਸੀ ਕਿ ਮਾੜੇ ਦਾ, ਜਬਰ-ਜ਼ੁਲਮ ਦਾ ਵਿਰੋਧ ਕਰਨ ਵਾਲੇ ਦਾ ਸਾਥ ਦੇਣਾ ਹੀ ਇਨਸਾਨ ਦਾ ਅਸਲ ਮਕਸਦ ਹੁੰਦਾ ਹੈ। ਇਹਨਾਂ ਸਮਿਆਂ ਵਿੱਚ ਸਾਨੂੰ ਜਾਤਾਂ-ਪਾਤਾਂ, ਧਰਮ ਭੁੱਲ ਕੇ ਇੱਕ ਇਨਸਾਨ ਵਜੋਂ ਆਪਣੇ ਫਰਜ਼ ਨਿਭਾਉਣੇ ਚਾਹੀਦੇ ਹਨ। ਤੇ ਹੁਣ ਸਮਾਂ ਵੀ ਤਾਂ ਓਹੀ ਆ, ਗੱਲ ਹੁਣ ਇਕੱਲੇ ਜੱਟ ਕਿਸਾਨ ਦੀ ਨਹੀਂ ਰਹੀ, ਗੱਲ ਹੁਣ ਸਮੁੱਚੀ ਮਾਨਵਤਾ ਦੀ, ਇਨਸਾਨੀਅਤ ਦੇ ਚੰਗੇ ਭਵਿੱਖ ਲਈ ਲੜਾਈ ਦੀ ਹੈ। ਦਿੱਲੀ ਦੀ ਸੱਤਾ ਦੇ ਸਿੰਘਾਸਨ ’ਤੇ ਕਾਬਜ਼ ਧਿਰ ਇੱਕ ਵਾਰ ਫਿਰ ਪੂੰਜੀਪਤੀਆਂ ਨਾਲ ਦੇਸ਼ ਦਾ, ਖੇਤੀ ਦਾ, ਕਿਸਾਨਾਂ ਦੇ ਜਜ਼ਬਾਤਾਂ ਦਾ, ਵਿਸ਼ਵਾਸ ਦਾ ਅਤੇ ਅਰਮਾਨਾਂ ਦਾ ਸੌਦਾ ਕਰ ਰਹੀ ਹੈ।”

ਸ਼ੇਰੂ ਦੀ ਕੁਰਲਾਹਟ‌ ਨੇ ਇੱਕ ਵਾਰ ਫਿਰ ਬਚਨੇ ਦਾ ਧਿਆਨ ਤੋੜਿਆ। ਬਚਨੇ ਨੇ ਉੱਠ ਕੇ ਠੰਢ ਨਾਲ ਤੜਫਦੇ ਸ਼ੇਰੂ ਉੱਪਰ ਬੋਰੀ ਪਾ ਦਿੱਤੀ ਅਤੇ ਆਪ ਕਹੀ ਚੁੱਕ ਕੇ ਫਿਰ ਕੋਠੇ ਤੋਂ ਬਾਹਰ ਚਲਾ ਗਿਆ।

ਸ਼ੇਰੂ ਦੀਆਂ ਕੁਰਲਾਹਟਾਂ ਹੁਣ ਬੰਦ ਸਨ। ਗੁਰੂਘਰ ਦੇ ਭਾਈ ਜੀ ਦੀ ਆਵਾਜ਼ ਖੇਤ ਵਾਲੇ ਕੋਠੇ ਤਕ ਪੂਰੀ ਸੁਣ ਰਹੀ ਸੀ। ਬਚਨਾ ਕੋਠੇ ਵਿੱਚ ਜਾ ਵੜਿਆ। ਸਵੇਰ ਹੋ ਚੁੱਕੀ ਸੀ ਪਰ ਅੱਜ ਧੁੰਦਾਂ ਦਾ ਪਹਿਲਾ ਦਿਨ ਸੀ। ਬਚਨੇ ਨੇ ਸ਼ੇਰੂ ਨੂੰ ਆਵਾਜ਼ ਮਾਰੀ ਪਰ ਸ਼ੇਰੂ ਨਾ ਉੱਠਿਆ। ਬਚਨੇ ਦਾ ਸਾਥੀ, ਬੁੱਢਾ ਹੋ ਚੁੱਕਿਆ ਸ਼ੇਰੂ ਸਾਲ ਦੀ ਪਹਿਲੀ ਕੜਾਕੇ ਦੀ ਠੰਢ ਨਾ ਬਰਦਾਸ਼ਤ ਕਰਦਿਆਂ ਆਪਣੇ ਸਾਹ ਤਿਆਗ ਚੁੱਕਿਆ ਸੀ।

ਭਾਵੁਕ ਹੋ ਕੇ ਸ਼ੇਰੂ ਨੂੰ ਬਾਹਾਂ ਵਿੱਚ ਲੈਂਦਿਆਂ ਬਚਨਾ ਭੁੱਬਾਂ ਮਾਰ ਮਾਰ ਰੋਣ ਲੱਗਿਆ। ਹੁਣ ਦਿਨ ਚੜ੍ਹ ਗਿਆ ਸੀ। ਸੂਰਜ ਵੀ ਮੱਧਮ ਜਿਹਾ ਦਿਖ ਰਿਹਾ ਸੀ। ਖੇਤ ਦੇ ਨਾਲ ਹੀ ਮੜ੍ਹੀਆਂ ਪਿੱਛੇ ਬਚਨੇ ਨੇ ਸ਼ੇਰੂ ਨੂੰ ਦਫ਼ਨਾ ਕੇ ਉਸ ਉੱਪਰ ਨਿੰਮ ਦਾ ਬੂਟਾ ਲਾ ਦਿੱਤਾ। ਬਚਨਾ ਸੋਚ ਰਿਹਾ ਸੀ ਕਿ ਸ਼ੇਰੂ ਵੀ ਤਾਂ ਖੇਤੀ ਵਿੱਚ ਉਸਦਾ ਸਾਥ ਦਿੰਦਾ ਸੀ। ਰਾਤਾਂ ਨੂੰ ਪਾਣੀ ਦੀ ਬਾਰੀ ਵੇਲੇ ਸ਼ੇਰੂ ਵੀ ਬਚਨੇ ਨਾਲ ਜਗਦਾ ਸੀ। ਬਚਨੇ ਨਾਲ ਖੇਤਾਂ ਵਿੱਚ ਨੱਕੇ ਮੋੜਨ ਵੇਲੇ ਹਨੇਰੇ ਵਿੱਚ ਸ਼ੇਰੂ ਵੀ ਤੇ ਨਾਲ ਖੜ੍ਹਦਾ ਸੀ। ਦਿਨੇ ਅਤੇ ਰਾਤੀਂ ਜੰਗਲੀ ਜਾਨਵਰਾਂ ਨੂੰ ਖੇਤਾਂ ਤੋਂ ਦੂਰ ਰੱਖਣ ਲਈ ਸ਼ੇਰੂ ਹੀ ਤਾਂ ਪੂਰੀ ਦਲੇਰੀ ਨਾਲ ਆਪਣੀ ਡਿਊਟੀ ਨਿਭਾਉਂਦਾ ਸੀ। ਫਿਰ ਸ਼ੇਰੂ ਵੀ ਤਾਂ ਕਿਸਾਨ ਹੀ ਹੋਇਆ, ਖੇਤਾਂ ਨਾਲ ਹੀ ਤਾਂ ਜੁੜਿਆ ਹੋਇਆ ਸੀ ਸ਼ੇਰੂ। ਆਪਣੀ ਜਾਨ ਵਾਰ ਗਿਆ ਖੇਤਾਂ ਖ਼ਾਤਰ ਖੇਤਾਂ ਦਾ ਇੱਕ ਹੋਰ ਪੁੱਤ, ਕੁਦਰਤ ਦਾ ਪੁੱਤ, ਬਚਨੇ ਦਾ ਪੁੱਤ!

ਹਵਾ ਦੇ ਠੰਢੇ ਬੁੱਲੇ ਨੇ ਬਚਨੇ ਦਾ ਧਿਆਨ ਤੋੜਿਆ। ਲੋਈ ਦੀ ਬੁੱਕਲ ਮਾਰ ਕੇ ਨਿੰਮ ਦੇ ਬੂਟੇ ਨੂੰ ਪਾਣੀ ਪਾ ਕੇ ਬਚਨਾ ਘਰ ਵੱਲ ਨੂੰ ਤੁਰ ਪਿਆ।

ਬੋਰੀ ਨਾਲ ਬਣੇ ਥੈਲੇ ਵਿੱਚ ਇੱਕ ਕੁੜਤਾ-ਪਜਾਮਾ ਅਤੇ ਪਰਨਾ ਸੁੱਟ ਕੇ ਬਚਨਾ ਘਰੋਂ ਨਿਕਲ ਪਿਆ। ਬਚਨੇ ਦੀ ਮਾਂ, ਘਰਵਾਲੀ ਅਤੇ ਧੀ ਨੇ ਉਸ ਨੂੰ ਖ਼ੁਸ਼ੀ-ਖ਼ੁਸ਼ੀ ਵਿਦਾ ਕਰਿਆ। ਬਚਨਾ, ਗੁਰੂਘਰ ਦੇ ਬਾਹਰ ਖੜ੍ਹੇ ਇੱਕ ਟਰੈਕਟਰ ਟਰਾਲੀ, ਜਿਸਦੇ ਬਾਹਰ ‘ਕਿਰਤੀ ਮਜ਼ਦੂਰ ਕਿਸਾਨ ਏਕਤਾ ਜਿੰਦਾਬਾਦ', ‘ਆਪਣੇ ਹੱਕਾਂ ਦੀ ਰਾਖੀ ਲਈ ਦਿੱਲੀ ਚੱਲੋ', ਜਿਹੇ ਨਾਹਰਿਆਂ ਵਾਲੇ ਫਲੈਕਸ ਲੱਗੇ ਹੋਏ ਸਨ, ਵਿੱਚ ਜਾ ਕੇ ਬੈਠ ਗਿਆ।

ਕੁਝ ਇੱਕ ਨੇ ਇਹ ਵੇਖ ਕੇ ਨੱਕ-ਬੁੱਲ੍ਹ ਵੱਟੇ ਅਤੇ ਆਪਸ ਵਿੱਚ ਘੁਸਰ-ਫੁਸਰ ਸ਼ੁਰੂ ਕਰ ਦਿੱਤੀ ਕਿ ਵਿਹੜੇ ਵਾਲਿਆਂ ਦਾ ਬਚਨਾ ਸਾਡੇ ਨਾਲ ਕਿਵੇਂ ਜਾ ਸਕਦਾ ਹੈ? ਇਹ ਕੀ ਕਰੂ ਉੱਥੇ ਜਾ ਕੇ? ਨਾ ਇਸ ਕੋਲ ਜ਼ਮੀਨ ਏ ਤੇ ਨਾ ਹੀ ਘਰ ਇਸ ਤੋਂ ਬਿਨਾਂ ਕੋਈ ਕਮਾਉਣ ਵਾਲਾ, ਫਿਰ ਇਹ ਪਰਿਵਾਰ ਨੂੰ ਛੱਡ ਕੇ ਕਿੱਧਰ ਨੂੰ ਤੁਰ ਪਿਆ ਸਾਡੀ ਰੀਸ ਕਰਨ। ਪਰ ਕਹਿੰਦੇ ਹਨ ਨਾ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਉੱਥੇ ਹੀ ਜਦੋਂ ਪੜ੍ਹੇ ਲਿਖੇ ਅਤੇ ਬਰਾਬਰਤਾ ਨੂੰ ਪਹਿਲ ਦਿੰਦੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਕਿਸਾਨਾਂ ਨੇ ਬਚਨੇ ਨੂੰ ਟਰਾਲੀ ਵਿੱਚ ਬੈਠਿਆਂ ਵੇਖਿਆ ਤਾਂ ਉਹਨਾਂ ਨੇ ਬਚਨੇ ਨੂੰ ਘੁੱਟ ਕੇ ਗੱਲ ਨਾਲ ਲਾ ਲਿਆ।

ਬਚਨਾ ਇਹ ਸਭ ਵੇਖਦਿਆਂ ਅਤੇ ਮਹਿਸੂਸ ਕਰਦਿਆਂ ਆਪਣੀਆਂ ਅੱਖਾਂ ਵਿਚਲੇ ਅੱਥਰੂਆਂ ਨੂੰ ਵੱਗਣੋ ਨਾ ਰੋਕ ਸਕਿਆ। ਇਸ ਦ੍ਰਿਸ਼ ਨੂੰ ਵੇਖ ਕੇ ਹਰ ਇੱਕ ਦੀਆਂ ਅੱਖਾਂ ਭਰ ਆਈਆਂ। ਕਿਸਾਨ-ਮਜ਼ਦੂਰ ਯੂਨੀਅਨ ਦੇ ਇੱਕ ਆਗੂ ਨੇ ਆਪਣੀਆਂ ਅੱਖਾਂ ਭਰਦਿਆਂ ਕਿਹਾ, “ਹੁਣ ਸਾਡੀ ਜਿੱਤ ਪੱਕੀ ਹੈ, ਹੁਣ ਜੁੜੇ ਨੇ ਮਿੱਟੀ ਦੇ ਜਾਏ, ਸਾਡੇ ਭਾਈ। ਇਹ ਲੜਾਈ ਸਾਡੇ ਸਾਰਿਆਂ ਦੀ ਹੈ, ਹਰ ਇੱਕ ਦੀ ਹੈ, ਕਿਸਾਨ ਦੀ ਹੈ, ਇੱਕ ਛੋਟੇ ਦੁਕਾਨਦਾਰ ਦੀ ਹੈ, ਇੱਕ ਅਧਿਆਪਕ ਦੀ ਹੈ, ਇੱਕ ਵਿਦਿਆਰਥੀ ਦੀ ਹੈ, ਇੱਕ ਮਜ਼ਦੂਰ ਦੀ ਹੈ ਅਤੇ ਇਹ ਲੜਾਈ ਸੱਤਾ ਦੇ ਸਿੰਘਾਸਨ ’ਤੇ ਬੈਠੇ ਇੱਕ ਹੰਕਾਰੀ ਸ਼ਾਸਕ ਨਾਲ ਹੈ, ਜਿਹੜੀ ਅਸੀਂ ਜਿੱਤ ਕੇ ਹੀ ਦਮ ਲਵਾਂਗੇ।”

ਆਲ਼ਾ ਦੁਆਲ਼ਾ ‘ਕਿਸਾਨ-ਮਜ਼ਦੂਰ ਏਕਤਾ - ਜਿੰਦਾਬਾਦ’ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਬਚਨਾ ਆਪਣੇ ਥੈਲੇ ਨੂੰ ਕੁੱਛੜ ਵਿੱਚ ਸਾਂਭ ਕੇ ਪੂਰੇ ਜੋਸ਼ ਨਾਲ ਨਾਅਰਿਆਂ ਦਾ ਜਵਾਬ ਦੇਣ ਲੱਗਿਆ। ਬਚਨੇ ਅੰਦਰ ਹੁਣ ਕੋਈ ਸ਼ੇਰ ਨਹੀਂ ਸੀ ਬੋਲ ਰਿਹਾ ਅਤੇ ਨਾ ਹੀ ਉਸ ਵਿੱਚ ਵਿਹੜੇ ਵਾਲਿਆਂ ਦਾ ਉਹ ਪੁਰਾਣਾਂ ਰੋਹ ਬੋਲ ਰਿਹਾ ਸੀ। ਹੁਣ ਬਚਨੇ ਵਿੱਚ ਸਿਰਫ਼ ਅਤੇ ਸਿਰਫ਼ ਇੱਕ ਸੱਚੇ ਸੁੱਚੇ ਜ਼ਮੀਰ ਵਾਲਾ ਇਨਸਾਨ ਕਿਸਾਨ ਬੋਲ ਰਿਹਾ ਸੀ ਜਿਸਦੀ ਨਾ ਕੋਈ ਜਾਤ ਸੀ ਅਤੇ ਨਾ ਹੀ ਕੋਈ ਮਜ਼ਹਬ ਸੀ ਅਤੇ ਜਿਹੜਾ ਸਿਰਫ਼ ਇਨਸਾਨੀਅਤ ਨੂੰ ਪਿਆਰ ਕਰਦਾ ਸੀ।

ਕਿਰਤੀ, ਮਜ਼ਦੂਰ ਅਤੇ ਕਿਸਾਨਾਂ ਦਾ ਕਾਫ਼ਲਾ ਦਿੱਲੀ ਵੱਲ ਨੂੰ ਤੁਰ ਪਿਆ ਸੀ। ਸਾਰਿਆਂ ਵਿੱਚ ਇੱਕ ਜੋਸ਼ ਠਾਠਾਂ ਮਾਰ ਰਿਹਾ ਸੀ। ਹਰ ਕੋਈ ਬੜੀ ਗਰਮਜੋਸ਼ੀ ਨਾਲ ਆਉਣ ਵਾਲੇ ਸਮੇਂ ਦੀ ਰਣਨੀਤੀ ਬਣਾਉਂਦਿਆਂ ਆਪਣੇ ਵਿਚਾਰ ਪ੍ਰਗਟਾ ਰਿਹਾ ਸੀ। ਬਚਨਾ ਚੁੱਪ ਸੀ ਪਰ ਉਸਦਾ ਹਰ ਇੱਕ ਸਾਹ, ਦਿਲ ਦੀ ਹਰ ਇੱਕ ਧੜਕਨ ਅਤੇ ਲਹੂ ਦਾ ਹਰ ਇੱਕ ਕਤਰਾ ਅਤੇ ਉਸ ਵਿਚਲਾ ਕਿਸਾਨ ਇੱਕ ਬਰਾਬਰੀ ਦਾ ਨਾਅਰਾ ਦਿੰਦਿਆਂ ਇਨਸਾਨੀਅਤ ਪ੍ਰਤੀ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਲਈ ਕਾਫਲੇ ਸੰਗ ਤੁਰ ਪਿਆ ਸੀ ਦਿੱਲੀ ਵੱਲ ਨੂੰ।

“ਕੀ ਹੋਇਆ ਜੇ ਜ਼ਮੀਨਾਂ ਵਾਲੇ ਨਹੀਂ ਹਾਂ,
ਅਸੀਂ ਜਾਗਦੀਆਂ ਜ਼ਮੀਰਾਂ ਵਾਲੇ ਹਾਂ।”

ਕੀ ਹੋਇਆ ਸਦੀਆਂ ਤੋਂ ਬੇਜ਼ਮੀਨੇ ਹਾਂ,
ਮੁੱਢੋਂ ਮਿਹਨਤੀ ਤੇ ਹੌਸਲੇ ਜਗੀਰਾਂ ਵਾਲੇ ਹਾਂ।

ਬੱਸ ਇਹੋ ਗੱਲ ਕਾਫੀ ਹੈ,

ਇਕ ਬਰਾਬਰਤਾ ਦਾ, ਝੰਡਾ ਬੁਲੰਦ ਕਰਾਉਣ ਲਈ,
ਦਿਲੋਂ ਲਹੀ ਦਿੱਲੀ ਦਾ, ਸਿੰਘਾਸਨ ਹਿਲਾਉਣ ਲਈ ...”