ਬਰਤਾਨੀਆ ਨੇ ਕਸ਼ਮੀਰ ਵਿਚੋਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ

ਬਰਤਾਨੀਆ ਨੇ ਕਸ਼ਮੀਰ ਵਿਚੋਂ ਪਾਬੰਦੀਆਂ ਹਟਾਉਣ ਦੀ ਮੰਗ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਰਤਾਨੀਆ ਨੇ ਭਾਰਤ ਨੂੰ ਕਿਹਾ ਹੈ ਕਿ ਕਸ਼ਮੀਰ ਵਿਚੋਂ ਸਭ ਤਰ੍ਹਾਂ ਦੀਆਂ ਪਾਬੰਦੀਆਂ ਹਟਾਈਆਂ ਜਾਣ। ਬਰਤਾਨੀਆ ਨੇ ਨਵੀਂ ਦਿੱਲੀ ਸਥਿਤ ਆਪਣੇ ਉੱਚ ਕਮਿਸ਼ਨ ਦਫਤਰ ਦੀ ਟੀਮ ਨੂੰ ਕਸ਼ਮੀਰ ਜਾਣ ਦੀ ਖੁੱਲ੍ਹ ਦੇਣ ਵਾਸਤੇ ਵੀ ਭਾਰਤ ਨੂੰ ਲਿਖਿਆ ਹੈ। ਬਰਤਾਨੀਆ ਦਾ ਕਹਿਣਾ ਹੈ ਕਿ ਉਹਨਾਂ ਦੀ ਇਹ ਟੀਮ ਕਸ਼ਮੀਰ ਵਿਚ ਜ਼ਮੀਨੀ ਹਾਲਾਤਾਂ ਨੂੰ ਜਾਣਨਾ ਚਾਹੁੰਦੀ ਹੈ। 

ਬਰਤਾਨੀਆ ਦੀ ਸੰਸਦ ਵਿਚ ਉੱਠੇ ਇਕ ਸਵਾਲ ਦੇ ਜਵਾਬ ਵਿਚ ਬਰਤਾਨੀਆ ਦੇ ਨਿਆ ਬਾਰੇ ਸਟੇਟ ਸਕੱਤਰ ਰੋਬਰਟ ਬਕਲੈਂਡ ਨੇ ਇਹ ਜਵਾਬ ਦਿੱਤਾ। 

ਇਸ ਤੋਂ ਇਕ ਦਿਨ ਪਹਿਲਾਂ ਬਰਤਾਨੀਆ ਦੀ ਪਾਰਲੀਮੈਂਟ ਵਿਚ ਇਸ ਮਸਲੇ 'ਤੇ ਬਹਿਸ ਕੀਤੀ ਗਈ ਸੀ ਕਿ ਭਾਰਤ ਵਿਚ ਮੁਸਲਿਮ, ਇਸਾਈਆਂ ਅਤੇ ਹੋਰ ਘੱਟਗਿਣਤੀਆਂ 'ਤੇ ਜ਼ੁਲਮ ਹੋ ਰਹੇ ਹਨ। ਇਸ ਮਸਲੇ ਨੂੰ ਪਾਰਲੀਮੈਂਟ ਵਿਚ ਵਿਚਾਰਨ 'ਤੇ ਭਾਰਤ ਨੇ ਇਤਰਾਜ਼ ਵੀ ਕੀਤਾ ਸੀ। ਇਸ ਤੋਂ ਪਹਿਲਾਂ ਬਰਤਾਨੀਆ ਦੇ ਪਾਰਲੀਮੈਂਟ ਮੈਂਬਰ ਭਾਰਤ ਵਿਚ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦਾ ਵੀ ਸਮਰਥਨ ਕਰ ਚੁੱਕੇ ਹਨ ਅਤੇ ਭਾਰਤ ਸਰਕਾਰ ਨੂੰ ਕਾਨੂੰਨ ਰੱਦ ਕਰਨ ਲਈ ਕਹਿ ਚੁੱਕੇ ਹਨ।

ਬਕਲੈਂਡ ਨੇ ਇਹ ਵੀ ਕਿਹਾ ਕਿ ਬਰਤਾਨਵੀ ਪ੍ਰਧਾਨ ਮੰਤਰੀ ਬੋਰਿਸ ਜੋਹਨਸਨ ਭਾਰਤ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀਆਂ ਨਾਲ ਲਗਾਤਾਰ ਸੰਪਰਕ ਵਿਚ ਹਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਸੁਧਾਰਨ ਲਈ ਯਤਨ ਕਰ ਰਹੇ ਹਨ। ਉਹਨਾਂ ਕਿਹਾ ਕਿ ਬਰਤਾਨੀਆ ਸਰਕਾਰ ਭਾਰਤ ਸਰਕਾਰ ਦੇ ਕਸ਼ਮੀਰ ਵਿਚ ਸਮਾਜਿਕ ਅਤੇ ਆਰਥਿਕ ਵਿਕਾਸ ਲਈ ਚੁੱਕੇ ਜਾ ਰਹੇ ਕਦਮਾਂ ਦੀ ਸਿਫਤ ਕਰਦੀ ਹੈ ਅਤੇ ਉਹਨਾਂ ਦੀਆਂ ਹੋਰ ਅਗਲੇਰੀਆਂ ਨੀਤੀਆਂ ਬਾਰੇ ਜਾਣਨਾ ਚਾਹੁੰਦੀ ਹੈ। 

ਉਹਨਾਂ ਕਿਹਾ, "ਅਸੀਂ ਭਾਰਤ ਨਾਲ ਇਕ ਦੋਸਤਾਨਾ ਮਾਹੌਲ ਵਿਚ ਮਨੁੱਖੀ ਹੱਕਾਂ ਬਾਰੇ ਫਿਕਰਮੰਦੀ ਜ਼ਾਹਰ ਕਰਦੇ ਹਾਂ ਅਤੇ ਕਸ਼ਮੀਰ ਦੀਆਂ ਸਾਰੀਆਂ ਪਾਬੰਦੀਆਂ ਖਤਮ ਕਰਨ ਲਈ ਕਹਿੰਦੇ ਹਾਂ।"