ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫਿਰ ਹੋਇਆ ਵਾਧਾ:

ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਫਿਰ ਹੋਇਆ ਵਾਧਾ:

ਮਹਿੰਗਾਈ ਘਟਾਉਣ ਲਈ ਸਰਕਾਰਾਂ ਕਾਲਾਬਜ਼ਾਰੀਆਂ ਨੂੰ ਵੀ ਨੱਥ ਪਾਉਣ

ਕਰੋਨਾ ਮਹਾਂਮਾਰੀ ਨੇ ਦੇਸ਼ ਦੇ ਅਰਥਚਾਰੇ ਦੀਆਂ ਚੂਲਾਂ ਹਿਲਾ ਦਿੱਤੀਆ ਹਨ। ਅੱਜ ਫਿਰ ਭਾਰਤ ਦੇਸ਼ ਵਿਚ ਮਹਾਂਮਾਰੀ ਕਾਰਨ ਹਾਹਾਕਾਰ ਮੱਚ ਗਈ ਹੈ ।ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ ਹੈ। ਕਈ ਸੂਬਿਆਂ ਵਿੱਚ ਮੁਕੰਮਲ ਤਾਲਾਬੰਦੀ ਫਿਰ ਕਰ ਦਿੱਤੀ ਗਈ।ਕਰੋਨਾ ਕਾਰਨ ਸਾਰੇ ਕੰਮਕਾਜ ਠੱਪ ਹੋ ਚੁੱਕੇ ਹਨ। ਪਿਛਲੇ ਵਰ੍ਹੇ ਤਾਲਾਬੰਦੀ ਤੋਂ ਬਾਅਦ ਜੇ ਥੋੜੇ ਬਹੁਤ ਕੰਮ ਕਾਜ ਚਲੇ ਵੀ ਸਨ, ਉਥੇ ਦਿਹਾੜੀਦਾਰ ਨੂੰ ਤਿੰਨ ਸੋ ਰੁਪਏ ਦਿਹਾੜੀ ਬੜੀ ਮੁਸ਼ੱਕਤ ਨਾਲ ਮਿਲੀ। ਕਾਫੀ ਲੰਮੇ ਸਮੇਂ ਤੋਂ ਖਾਣ-ਪੀਣ ਦੀਆਂ ਚੀਜ਼ਾਂ ਆਮ ਲੋਕਾਂ ਲਈ ਚੁਣੌਤੀ ਬਣ ਰਹੀਆਂ ਹਨ। ਮਹਿੰਗਾਈ ਆਸਮਾਨ ਛੂਹ ਰਹੀ ਹੈ।  ਫ਼ਿਰ ਤਾਲਾਬੰਦੀ ਕਰਨ ਗ਼ਰੀਬ ਤਬਕਾ ਪ੍ਰਭਾਵਿਤ ਹੋਇਆ ਹੈ । ਕਿਸੇ ਵੀ ਹਰੀ ਸਬਜ਼ੀ ਤੇ ਹੱਥ ਨਹੀਂ ਟਿਕਦਾ। ਫ਼ਲ ਫਰੂਟਾਂ  ਦੀ ਤਾਂ ਗੱਲ ਹੀ ਨਾ ਕਰੋ ।ਫਰਵਰੀ ਮਹੀਨੇ ਰਸੋਈ ਵਿੱਚ ਵਰਤੇ ਜਾਣ ਵਾਲੇ ਗੈਸ ਸਿਲੰਡਰ ਦੀ  ਤਿੰਨ ਵਾਰ ਕੀਮਤਾਂ ਵਧੀਆਂ। ਅੱਜ 850 ਤੋਂ ਉਪਰ  ਗੈਸ ਸਿਲੰਡਰ ਦੀ ਕੀਮਤ ਹੋ ਗਈ ਹੈ।ਪੈਟਰੋਲ ਤੇ ਡੀਜ਼ਲ ਦਾ ਤਾਂ ਪੁੱਛੋ ਹੀ ਨਾ ।ਤਕਰੀਬਨ ਫਰਵਰੀ ਮਹੀਨੇ 20 ਦਿਨ ਲਗਾਤਾਰ ਕੀਮਤਾਂ ਵਧੀਆਂ।100 ਰੁਪਏ ਦੇ ਨੇੜੇ ਪੈਟਰੋਲ ਹੋਣ ਵਾਲਾ ਹੈ। ਅੱਜ ਜਦੋਂ ਫਿਰ ਤਾਲਾਬੰਦੀ ਕੀਤੀ ਗਈ, ਤਾਂ ਫਿਰ ਪੈਟਰੋਲ ਤੇ ਡੀਜ਼ਲ ਦੀ ਕੀਮਤ ਵਿੱਚ ਵਾਧਾ ਹੋਇਆ। ਹੈਰਾਨੀ ਵਾਲੀ ਗੱਲ ਹੈ ਕਿ ਜਦੋਂ ਪੰਜ ਸੂਬਿਆਂ ਵਿੱਚ ਚੋਣਾਂ ਸਨ ਤਾਂ ਇੱਕ ਰੁਪਿਆ ਵੀ ਪੈਟਰੋਲ, ਡੀਜ਼ਲ ਤੇ ਗੈਸ ਸਿਲੰਡਰ ਦੀ ਕੀਮਤ ਨਹੀਂ ਵਧੀ। ਚੋਣ ਨਤੀਜਿਆਂ ਤੋਂ ਇੱਕ ਦਮ ਬਾਅਦ ਫਿਰ ਪੈਟਰੋਲ ਡੀਜ਼ਲ ਮਹਿੰਗਾ ਹੋ ਗਿਆ।ਗੁਆਂਢੀ ਦੇਸ਼ਾਂ ਵਿਚ ਆਪਣੇ ਦੇਸ਼ ਨਾਲੋਂ ਤੇਲ ਦੀਆਂ ਕੀਮਤਾਂ ਬਹੁਤ ਹੀ ਘੱਟ ਹਨ। ਵੱਧ ਰਹੀਆਂ ਲਗਾਤਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕਮੀ ਲਈ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਪਸੀ ਤਾਲਮੇਲ ਕਰਨਾ ਚਾਹੀਦਾ ਹੈ। ਮਹਿੰਗਾਈ ਨੇ ਆਮ ਜਨਤਾ ਦਾ ਬਜਟ ਹਿਲਾ ਦਿੱਤਾ ਹੈ। ਤਾਲਾਬੰਦੀ ਕਰਨ ਲੱਖਾਂ ਹੀ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਆਮ ਜਨਤਾ ਦਾ ਜਿਊਣਾ ਦੁੱਭਰ ਹੋ ਗਿਆ ਹੈ।ਇੱਕ ਆਮ  ਪਰਿਵਾਰ ਲਈ ਢਾਈ ਸੌ ਰੁਪਏ ਦੀ ਸਬਜ਼ੀ ਰੋਜ਼ਾਨਾ ਆਉਂਦੀ ਹੈ ।ਜੇ ਗਰੀਬ ਸਬਜ਼ੀਆਂ ਦਾਲਾਂ ਤੇ ਪੂਰੀ ਦਿਹਾੜੀ ਖਰਚ  ਕਰ ਦੇਵੇਗਾ ਤਾਂ ਘਰ ਦੇ ਬਾਕੀ ਖਰਚੇ ਕਿਵੇਂ ਪੂਰੇ ਹੋਣਗੇ।ਰੋਟੀ ,ਕੱਪੜਾ ਅਤੇ ਮਕਾਨ  ਆਮ ਆਦਮੀ ਦੀਆਂ ਅਹਿਮ ਜਰੂਰਤਾਂ ਹਨ।ਸਰਕਾਰ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਆਮ ਆਦਮੀ ਦੀਆਂ ਲੋੜੀਂਦੀ ਜਰੂਰਤਾਂ ਪੂਰੀਆਂ ਹੋਣ।ਘਰ ਵਿੱਚ ਬਿਜਲੀ ਦਾ ਖਰਚ ਤੇ ਰਾਸ਼ਨ ਵੀ ਚਾਹੀਦਾ ਹੈ।  ਸਰੋਂ ਦੇ ਤੇਲ,ਰਾਜਮਾ, ਦਾਲਾਂ ਦੀ ਕੀਮਤਾਂ ‌ਵਿੱਚ ਕਾਫ਼ੀ ਵਾਧਾ ਹੋਇਆ ਹੈ।  ਖਾਣ ਪੀਣ ਨੂੰ ਤਾਂ ਸਭ ਦਾ ਹੀ ਦਿਲ ਕਰਦਾ ਹੈ।ਬਦਕਿਸਮਤ ਜੇ ਘਰ ਵਿੱਚ ਕੋਈ ਬਿਮਾਰੀ ਆ ਜਾਵੇ, ਫਿਰ ਡਾਕਟਰ ਦੀ ਫੀਸ ਕੌਣ ਭਰੇਗਾ। ਅੱਜ ਅਸੀਂ ਦੇਖ ਹੀ ਰਹੇ ਹਨ ਕਿ ਦੇਸ਼ ਵਿੱਚ ਆਕਸੀਜਨ ਦੀ ਕਮੀ ਕਾਰਨ ਕਿੰਨੀ ਕਾਲਾਬਾਜ਼ਾਰੀ ਹੋ ਰਹੀ ਹੈ। ਮਹਿੰਗਾਈ ਵਿਚ ਬੀਮਾਰੀ ਦਾ ਖ਼ਰਚਾ ਕਿਥੋਂ ਆਵੇਗਾ। ਬੱਚਿਆਂ ਦੀ ਸਕੂਲ ਦੀ ਫ਼ੀਸ ਵੀ ਭਰਨੀ ਹੈ। ਮਹਿੰਗਾਈ ਨੇ ਹਰੇਕ ਵਰਗ ਦਾ ਲੱਕ ਤੋੜ ਦਿੱਤਾ ਹੈ।ਸਰਕਾਰ ਦਾਵਾ ਕਰ ਰਹੀ ਹੈ ਕਿ ਮਹਿੰਗਾਈ ਤੇ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਸਰਕਾਰ ਲੋਕਾਂ ਨੂੰ ਭਰੋਸਾ ਹੀ ਦੇ ਰਹੀ ਹੈ।  ਸਬਜ਼ੀਆਂ ਤੇ ਦਾਲਾਂ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪ੍ਰਚੂਨ ਮਹਿੰਗਾਈ ਪਿਛਲੇ 6 ਸਾਲਾਂ ਵਿਚ ਸਭ ਤੋਂ ਵੱਧ ਹੋ ਗਈ ਹੈ। ਸਰਕਾਰ ਨੂੰ ਜਲਦੀ ਹੀ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਸੋਚ ਵਿਚਾਰਨਾ ਚਾਹੀਦਾ ਹੈ। ਤਾਂ ਜੋ ਆਮ ਲੋਕਾਂ ਨੂੰ ਮਹਿੰਗਾਈ ਤੋਂ ਕੁਝ ਰਾਹਤ ਮਿਲ ਸਕੇ। ਮਹਿੰਗਾਈ ਘਟਾਉਣ ਲਈ ਸਰਕਾਰਾਂ ਕਾਲਾਬਜ਼ਾਰੀਆਂ ਨੂੰ ਵੀ ਨੱਥ ਪਾਉਣ ਕਿਉਂਕਿ ਉਹ ਵੀ ਮਹਿੰਗਾਈ ਵਧਾਉਣ ਲਈ ਜ਼ਿੰਮੇਵਾਰ ਹਨ।

 

ਸੰਜੀਵ ਸਿੰਘ ਸੈਣੀ, ਮੋਹਾਲੀ