ਅੰਮ੍ਰਿਤਸਰ ਸਾਹਿਬ ਦੇ *ਨਾਂ*

ਅੰਮ੍ਰਿਤਸਰ ਸਾਹਿਬ ਦੇ *ਨਾਂ*

ਅੰਮ੍ਰਿਤਸਰ ਵਿੱਚ ਆਪਣਾ ਬਾਲਪੁਣਾ  ਲੰਘਾਣ ਵਾਲ਼ੇ ਚੌਧਰੀ ਬਸ਼ੀਰ

ਅੰਮ੍ਰਿਤਸਰ ਵਿਚ ਸਾਹ ਲੈਣਾ ਔਖਾ।ਆਕਸੀਜਨ ਦੀ ਘਾਟ।ਕੋਰੋਨਾ ਵਾਇਰਸ ਕਰ ਕੇ  ਹਸਪਤਾਲਾਂ ਵਿਚ ਅੰਤਾਂ ਦਾ ਰਸ਼।ਹਸਪਤਾਲਾਂ ਨੇ ਨਵੇਂ ਮਰੀਜ਼ ਭਰਤੀ ਕਰਨ ਉੱਪਰ ਲਾਈ ਰੋਕ। ਟੀ ਵੀ ਉਪਰ ਡਰਾ ਦੇਣ ਵਾਲ਼ੀਆਂ ਖ਼ਬਰਾਂ ਸੁਣ ਕੇ ਚੌਧਰੀ ਬਸ਼ੀਰ ਅੰਤਾਂ ਦਾ ਪ੍ਰੇਸ਼ਾਨ ਸੀ।ਟੀ ਵੀ ਬੰਦ ਕਰ ਕੇ ਉਹ ਸੋਫ਼ੇ ਤੇ ਹੀ ਲੰਮਾ* ਪਏ ਕੇ ਸੋਚਣ ਲੱਗ ਪਿਆ ਪਈ ਕਿੱਸਰਾਂ ਚਾਚੇ ਸੁਰਜੀਤ ਸਿੰਘ ਅਤੇ ਉਹਦੇ ਭਰਾਵਾਂ ਨੇ ਉਹਦੇ ਅੱਬਾ ਜੀ ਹੋਰਾਂ ਨੂੰ ਵੰਡ ਪੈਣ ਪਿੱਛੋਂ ਆਪਣੀ ਹਿਫ਼ਾਜ਼ਤ ਵਿਚ ਅੰਮ੍ਰਿਤਸਰੋਂ ਪਾਕਿਸਤਾਨ ਅਪੜਾਇਆ ਸੀ। ਉਹ ਭਾਵੇਂ ਉਸ ਸਮੇ ਦਸਾਂ ਵਰ੍ਹਿਆਂ ਦਾ ਸੀ ਪਰ ਉਹਦੀਆਂ ਅੱਖਾਂ ਅੱਗੇ ਸਭੇ ਮੰਜ਼ਰ ਘੁੰਮ ਰਹੇ ਸਨ। ਅੰਮ੍ਰਿਤਸਰ ਵਿੱਚ ਆਪਣਾ ਬਾਲਪੁਣਾ  ਲੰਘਾਣ ਵਾਲ਼ੇ ਚੌਧਰੀ ਬਸ਼ੀਰ ਦੀਆਂ ਅੱਖਾਂ ਵਿਚ ਹੰਝੂਆਂ ਦਾ ਮੀਂਹ ਸੀ।ਮੁਹੱਬਤ ਵਰਗੇ ਸ਼ਹਿਰ ਅੰਮ੍ਰਿਤਸਰ ਸਾਹਿਬ  ਵਿਚ ਮੌਤ ਦੇ ਨਾਚ ਬਾਰੇ ਸੁਣ ਕੇ ਉਹਨੇ ਸਾਰੀ ਦਿਹਾੜ ਰੋਟੀ ਕੋਈ ਨਾ ਖਾਹਧੀ।ਉਹਦੀਆਂ ਅੱਖਾਂ ਅੱਗੇ ਅੰਮ੍ਰਿਤਸਰ ਦੀਆਂ ਗਲ਼ੀਆਂ ਆ ਰਹੀਆਂ ਸਨ ਜਿਥੇ ਉਹਨੇ ਆਪਣੇ ਬਾਪੂ ਦੇ  ਬੇਲੀ ਚਾਚੇ ਸੁਰਜੀਤ ਸਿੰਘ ਹੋਰਾਂ ਦੀ ਉਂਗਲ਼ ਫੜ ਕੇ ਚੱਲਣਾ ਸਿੱਖਿਆ ਸੀ। ਚਾਚੀ ਹਰਪ੍ਰੀਤ ਦੇ ਹੱਥ ਦੇ ਬਣੇ ਪਰਾਂਠੇ ਅਤੇ ਪੀਲ਼ੀ ਮਲ਼ਾਈ ਵਾਲ਼ਾ ਦੁੱਧ ਚੇਤੇ  ਆ ਰਹੀਆ ਸੀ। ਖ਼ੋਰੇ ਏਸ ਮੁਹੱਬਤ ਵਰਗੇ ਸ਼ਹਿਰ ਨੂੰ ਕੇਸ ਦੀ ਨਜ਼ਰ ਲੱਗ ਗਈ । ਉਹ ਅੰਮ੍ਰਿਤਸਰ ਦੇ ਖ਼ਿਆਲਾਂ ਵਿਚ ਡੁੱਬਿਆ ਸੀ ਅਤੇ ਉਹਦੀਆਂ ਅੱਖਾਂ ਹੰਝੂਆਂ ਕਰਕੇ ਗਿੱਲੀਆਂ ਸਨ। ਉਹਨੇ ਆਪਣੇ ਕਮਰੇ ਵਿਚ ਪਏ ਅੱਬੇ ਦੇ ਪੁਰਾਣੇ ਸੰਦੂਕ ਵਿਚੋਂ ਨੀਲੇ ਰੰਗ ਦੀ ਪੱਗ ਕੱਢੀ ਜਿਹੜੀ ਉਹਦੇ ਬਾਪ ਨੂੰ ਸੁਰਜੀਤ ਸਿੰਘ ਨੇ ਵੰਡ ਪਿੱਛੋਂ ਅੰਮ੍ਰਿਤਸਰੋਂ ਨਿਕਲਣ ਲੱਗਿਆਂ  ਦਿੱਤੀ ਸੀ, ਉਸ ਪੱਗ ਨੂੰ ਉਹ  ਚੁੰਮ  ਰਿਹਾ ਸੀ ਤੇ ਨਾਲੇ ਹੀ ਉਹ ਰੱਬ ਕੋਲ਼ੋਂ ਸਭੇ ਮਰੀਜ਼ਾਂ ਦੀ ਸਿਹਤ ਲਈ ਅਰਦਾਸ ਕਰ ਰਿਹਾ ਸੀ।

ਅੰਮ੍ਰਿਤਸਰ ਤੋਂ ਕੁੱਝ ਕਿਲੋਮੀਟਰ ਦੂਰ ਲਹਿੰਦੇ  ਪੰਜਾਬ ਵਿਚ ਸਰਹੱਦ ਦੇ ਬਿਲਕੁਲ ਨਾਲ਼ ਉਹਦੀ ਪੰਜਾਹ ਪੈਲ਼ੀਆਂ ਜ਼ਮੀਨ ਸੀ। ਕਣਕ ਦੀ ਵਾਢੀ ਹੋ ਚੁੱਕੀ ਸੀ।।ਪੰਜਾਹ ਪੈਲ਼ੀਆਂ ਦੇ ਮਾਲਿਕ ਚੌਧਰੀ ਬਸ਼ੀਰ ਨੇ ਆਪਣੇ ਤਿਣਆਂ ਪੁੱਤਰਾਂ ਨੂੰ ਸੱਦਿਆ ਤੇ ਬਿਠਾ ਕੇ ਆਖਿਆ, "ਮੈਂ ਆਪਣੀ ਸਾਰੀ ਜ਼ਮੀਨ ਅੰਮ੍ਰਿਤਸਰ ਸਾਹਿਬ ਦੇ ਨਾਂ ਕਰ ਦਿੱਤੀ ਹੈ। ਮੈਂ ਆਪਣੀ ਸਾਰੀ ਜ਼ਮੀਨ ਵੇਚ ਕੇ ਅੰਮ੍ਰਿਤਸਰ ਦੇ ਹਸਪਤਾਲਾਂ ਲਈ ਆਕਸੀਜਨ ਖ਼ਰੀਦਣੀ ਹੈ।" ਚੌਧਰੀ ਬਸ਼ੀਰ ਦੀ ਗੱਲ ਸੁਣ ਕੇ ਉਹਦੇ ਪੁੱਤਰਾਂ ਦੇ ਮੂੰਹ ਉਪਰ ਹੈਰਾਨੀ ਸੀ। ਵੱਡੇ ਪੁੱਤਰ ਨੇ ਹਿੰਮਤ ਕਰ ਕੇ ਪੁੱਛਿਆ, " ਫ਼ਿਰ ਘਰ ਦਾ ਖ਼ਰਚਾ ਕਿੱਸਰਾਂ ਚਲੇਗਾ ਅੱਬਾ ਜੀ ?" ਆਪਾਂ ਕਾਰਖ਼ਾਨੇ ਵਿਚ ਕੰਮ ਕਰਲਵਾਂਗੇ। " ਮਜ਼ਦੂਰੀ ਕਰ ਲਵਾਂਗੇ। ਪਰ ਅੰਮ੍ਰਿਤਸਰ ਦੇ ਵਾਸੀਆਂ ਲਈ ਹੋਰ ਕੁੱਝ ਨਹੀਂ ਤੇ ਆਕਸੀਜਨ ਦਾ ਪ੍ਰਬੰਧ ਕਰ ਕੇ ਆਪਣੇ ਮਨ ਨੂੰ ਸ਼ਾਂਤੀ ਦੇ ਸਕਾਂਗਾ, " ਚਾਚਾ ਸੁਰਜੀਤ ਅਤੇ ਚਾਚੀ ਹਰਪ੍ਰੀਤ ਦੇ ਟੱਬਰ ਅਤੇ ਉਥੇ  ਵਸਣ ਵਾਲੇ ਦੂਜੇ ਅਣਗਿਣਤ ਪਿਆਰੇ ਲੋਕਾਂ ਦੀ  ਆਕਸੀਜਨ ਦੀ ਘਾਟ  ਪੂਰੀ ਹੋ ਸਕੇ ਦੀ। ਮੁਹੱਬਤ ਵਰਗੇ ਸ਼ਹਿਰ ਵਿਚ ਫ਼ਿਰ ਰੌਣਕਾਂ ਅਤੇ ਪਿਆਰ ਦੇ ਰੰਗ ਖਿਲਰ ਜਾਣਗੇ। ਮੈਂ ਆਪਣੀ  ਸਾਰੀ ਜ਼ਮੀਨ  ਹਮੇਸ਼ਾ ਲਈ  ਅੰਮ੍ਰਿਤਸਰ ਸਾਹਿਬ ਦੇ ਨਾਂ ਕਰਦਾ ਹਾਂ ਤਾਂ ਜੋ ਮੁਹੱਬਤ ਵਰਗੇ ਸ਼ਹਿਰ ਵਿੱਚ ਫਿਰ ਇੱਕ ਵਾਰੀ ਰੰਗਾਂ, ਖ਼ੁਸ਼ੀਆਂ ਤੇ ਖੁਸ਼ਬੂਆਂ ਦੀ ਮੁਨਿਆਰੀ ਲੱਗ ਸਕੇ।"ਆਪਣੇ ਅਬੇ ਦੀਆਂ ਗੱਲਾਂ ਸੁਣ ਕੇ ਉਹਦੇ ਪੁੱਤਰ ਚੁੱਪ ਕਰ ਗਏ।ਅਗਲੇ  ਦਿਨ ਹੀ ਚੌਧਰੀ ਬਸ਼ੀਰ ਨੇ ਪਟਵਾਰੀ ਰਾਹੀਂ ਸਾਰੀ ਜ਼ਮੀਨ ਵੇਚ ਦਿੱਤੀ ਆਕਸੀਜਨ ਦੀ ਚੋਖੀ ਮਾਤਰਾ ਸਿਲੰਡਰਾਂ ਦੀ ਸੂਰਤ ਵਿਚ ਭਾਰਤੀ ਹਾਈ ਕਮਿਸ਼ਨ ਦੀ ਖ਼ਸੂਸੀ ਇਜ਼ਾਜ਼ਤ   ਮਗਰੋਂ ਵਾਹਗਿਉਂ ਅਟਾਰੀ ਰਾਹੀਂ   ਅੰਮ੍ਰਿਤਸਰ ਅੱਪੜ ਚੁੱਕੀ ਸੀ। ਚੌਧਰੀ ਬਸ਼ੀਰ ਤੇ ਉਹਦੇ ਪੁੱਤਰ ਚੋਖੇ ਖ਼ੁਸ਼ ਸਨ  ਕਿਉਂ ਜੋ ਉਹ ਉਨ੍ਹਾਂ ਲੋਕਾਂ ਦੇ ਕੰਮ ਆ ਸਕੇ ਸਨ ਜਿਨ੍ਹਾਂ ਲੋਕਾਂ ਨੇ ਉਨ੍ਹਾਂ ਦੇ ਵਡੇਰਿਆਂ  ਨੂੰ ਬੜੀਆਂ ਇੱਜ਼ਤਾਂ  ਤੇ ਪਿਆਰ ਦਿੱਤਾ ਸੀ। ਪੰਜਾਹ ਪੈਲ਼ੀਆਂ  ਵੇਚਣ ਮਗਰੋਂ ਚੌਧਰੀ ਬਸ਼ੀਰ ਦੇ ਤਿਣਾਂ ਪੁੱਤਰ ਉਹਦੇ ਹੁਕਮ ਉੱਪਰ ਲਾਹੌਰ ਅੱਪੜ ਚੁੱਕੇ ਸਨ ਤਾਂ ਜੋ ਉਹ ਕਿਸੇ ਕਾਰਖ਼ਾਨੇ ਵਿਚ ਕੰਮ ਕਰ ਕੇ ਰੋਜ਼ੀ ਰੋਟੀ ਦਾ ਪ੍ਰਬੰਧ ਕਰ ਸਕਣ।

 

 ਡਾ.ਗ਼ਜ਼ਨਫ਼ਰ

 ਪੰਜਾਬ ਪਾਕਿਸਤਾਨ