ਸ੍ਰੋਮਣੀ ਕਮੇਟੀ ਬਾਦਲ ਦਲ ਭਾਈ ਰਾਜੋਆਣਾ ਦੇ ਮਸਲੇ ਉਪਰ ਬੁਰਾ ਫਸੇ

ਸ੍ਰੋਮਣੀ ਕਮੇਟੀ ਬਾਦਲ ਦਲ ਭਾਈ ਰਾਜੋਆਣਾ ਦੇ ਮਸਲੇ ਉਪਰ ਬੁਰਾ ਫਸੇ

ਮੁਲਾਕਾਤ ਕਰਨ ਪਹੁੰਚੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਨਾਰਾਜ਼ ਰਾਜੋਆਣਾ ਨੇ ਕਿਹਾ- ਮਾਫ਼ੀ ਮੰਗੇ ਬਾਦਲ ਦਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਟਿਆਲਾ : ਐੱਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਜਨਰਲ ਸਕੱਤਰ ਰਾਜਿੰਦਰ ਸਿੰਘ ਮਹਿਤਾ , ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਪਟਿਆਲਾ ਜੇਲ੍ਹ ਵਿਚ ਬੰਦ ਫਾਂਸੀ ਸਜ਼ਾਯਾਫਤਾ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕੀਤੀ।   ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਰਾਜੋਆਣਾ ਨੇ ਮਰਸੀ ਪਟੀਸ਼ਨ ਵਾਪਸ ਨਾ ਲੈਣ 'ਤੇ ਭੁੱਖ ਹੜਤਾਲ ਕਰਨ ਦੀ ਗੱਲ ਆਖੀ ਹੈ ਜਿਸ 'ਤੇ ਲੰਬੀ ਚਰਚਾ ਹੋਈ ਹੈ। ਰਾਜੋਆਣਾ ਵਲੋਂ ਵੀ ਕਈ ਸੁਝਾਅ ਦਿੱਤੇ ਗਏ ਹਨ। ਐਡਵੋਕੇਟ ਧਾਮੀ ਨੇ ਕਿਹਾ ਕਿ ਜਲਦ ਹੀ ਐੱਸਜੀਪੀਸੀ ਕਾਰਜਕਾਰਨੀ ਦੀ ਬੈਠਕ ਬੁਲਾ ਕੇ ਤੁਰੰਤ ਫੈਸਲਾ ਲਿਆ ਜਾਵੇਗਾ। ਬਾਦਲ ਅਕਾਲੀ ਦਲ ਦੀ ਕੌਰ ਕਮੇਟੀ ਵਿਚ ਵੀ ਇਸ ਮਸਲੇ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 12 ਸਾਲ ਤੋਂ ਪਟੀਸ਼ਨ ਬਾਰੇ ਕੇਂਦਰ ਸਰਕਾਰ ਵੱਲੋਂ ਕੋਈ ਫੈਸਲਾ ਨਾ ਲਿਆ ਜਾਣਾ ਮੰਦਭਾਗਾ ਹੈ।

ਇਸ ਦੌਰਾਨ ਰਾਜੋਆਣਾ ਨੇ ਇਕ ਚਿੱਠੀ ਸੌਂਪੀ ਹੈ। ਰਾਜੋਆਣਾ ਨੇ ਕਿਹਾ ਕਿ  ਉਹ ਪਿਛਲੇ 17 ਸਾਲਾਂ ਤੋਂ ਫਾਂਸੀ ਦੀ ਚੱਕੀ ਵਿੱਚ ਬੈਠਾ ਆਪਣੇ ਹੋਣ ਵਾਲੇ ਫੈਸਲੇ ਦਾ ਇੰਤਜ਼ਾਰ ਕਰ ਰਿਹਾ ਹੈ।ਰਾਜੋਆਣਾ ਨੇ ਸ੍ਰੋਮਣੀ ਕਮੇਟੀ ਪ੍ਰਧਾਨ ਨੂੰ ਕਿਹਾ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਮੁੱਚੇ ਖਾਲਸਾ ਪੰਥ ਦੀਆਂ ਭਾਵਨਾਵਾਂ ਅਨੁਸਾਰ ਮੇਰੀ ਫਾਂਸੀ ਦੀ ਸਜ਼ਾ ਨਾਲ ਸਬੰਧਿਤ ਕੇਸ 'ਚ ਬਣਦੇ ਕੌਮੀ ਫ਼ਰਜ ਅਦਾ ਕਰਨ ਦੀ ਜੋ ਜ਼ਿੰਮੇਵਾਰੀ ਸ਼੍ਰੋਮਣੀ  ਕਮੇਟੀ ਤੇ ਬਾਦਲ ਅਕਾਲੀ ਦਲ ਦੇ ਆਗੂਆਂ ਦੀ ਲਗਾਈ ਗਈ ਸੀ, ਉਹ ਅੱਜ 11 ਸਾਲ 8 ਮਹੀਨੇ ਬਾਅਦ ਵੀ ਪੂਰੀ ਨਹੀਂ ਹੋ ਸਕੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਕੇਂਦਰ ਸਰਕਾਰ ਵਿੱਚ ਭਾਈਵਾਲ ਹੋਣ ਦੇ ਬਾਵਜੂਦ ਇਸ ਅਪੀਲ 'ਤੇ ਕੋਈ ਫੈਸਲਾ ਨਹੀਂ ਕਰਵਾ ਸਕੇ। ਇਸ ਲਈ ਸ਼੍ਰੋਮਣੀ  ਕਮੇਟੀ ਅਤੇ ਬਾਦਲ ਦਲ ਦੇ ਆਗੂਆਂ ਨੂੰ ਇਸ ਮਾਮਲੇ ਵਿਚ ਆਪਣੇ ਬਣਦੇ ਫ਼ਰਜ਼ ਨਾ ਅਦਾ ਕਰ ਸਕਣ ਦੇ ਬਦਲੇ  ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਖੜ੍ਹ ਕੇ ਸਮੁੱਚੇ ਖਾਲਸਾ ਪੰਥ ਤੋਂ ਮਾਫ਼ੀ ਮੰਗਣੀ ਚਾਹੀਦੀ ਹੈ। ਰਾਜੋਆਣਾ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਹੈ ਕਿ ਇਸ ਅਪੀਲ ਨੂੰ ਤੁਰੰਤ ਵਾਪਸ ਲਿਆ ਜਾਵੇ,ਕਿਉਂਕਿ ਹੁਣ ਉਹ ਇਸ ਮਾਮਲੇ ਵਿੱਚ ਕੋਸ਼ਿਸ਼ਾਂ ਦੀਆਂ ਰਸਮੀ ਕਾਰਵਾਈਆਂ ਦੀਆਂ ਘੁੰਮਣਘੇਰੀਆਂ ਰੂਪੀ ਧੋਖੇ ਤੋਂ ਮੁਕਤੀ ਚਾਹੁੰਦੇ ਹਨ। ਨਹੀਂ ਤਾਂ ਇਸ ਅਪੀਲ ਨੂੰ ਵਾਪਸ ਕਰਵਾਉਣ ਦੇ ਲਈ 5 ਦਸੰਬਰ ਤੋਂ ਭੁੱਖ ਹੜਤਾਲ ਰੱਖਣ ਲਈ ਮਜਬੂਰ ਹੋਣਾ ਪਵੇਗਾ। ਇਸ ਦੀ ਸਾਰੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

ਪੰਥਕ ਮਾਹਿਰਾਂ ਦਾ ਮੰਨਣਾ ਹੈ ਕਿ  ਬੰਦੀ ਸਿੰਘਾਂ ਬਾਰੇ ਮੋਦੀ ਸਰਕਾਰ ਬਾਦਲ ਦਲ ਦੀ ਕੋਈ ਸੁਣਵਾਈ ਨਹੀਂ ਕਰ ਰਹੀ,ਨਾ ਮਿਲਣ ਦਾ ਸਮਾਂ ਦੇ ਰਹੀ ਹੈ।ਇਸ ਕਰਕੇ ਬਾਦਲ ਦਲ ਕੋਲ ਕੋਈ ਰਾਹ ਨਹੀਂ ਬਚਿਆ।ਉਹ ਬੁਰੀ ਤਰਾਂ ਧਰਮ ਸੰਕਟ ਵਿਚ ਘਿਰੇ ਮਹਿਸੂਸ ਕਰ ਰਹੇ ਹਨ।