ਸ਼੍ਰੀ ਲੰਕਾ ਨੂੰ ਮਿਲਿਆ ਨਵਾਂ 'ਵਿਵਾਦਿਤ' ਰਾਸ਼ਟਰਪਤੀ

ਸ਼੍ਰੀ ਲੰਕਾ ਨੂੰ ਮਿਲਿਆ ਨਵਾਂ 'ਵਿਵਾਦਿਤ' ਰਾਸ਼ਟਰਪਤੀ

ਕੋਲੋਂਬੋ: ਸ਼੍ਰੀ ਲੰਕਾ ਵਿੱਚ ਬੀਤੇ ਕੱਲ੍ਹ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਗੋਟਾਬੇ ਰਾਜਪਕਸੇ ਨੇ ਜਿੱਤ ਹਾਸਿਲ ਕੀਤੀ ਹੈ। ਉਹਨਾਂ ਦਾ ਮੁਕਾਬਲਾ ਸੱਤਾਧਾਰੀ ਧਿਰ ਦੇ ਉਮੀਦਵਾਰ ਸੱਜੀਥ ਪਰੇਮਦਾਸਾ ਨਾਲ ਸੀ। 

ਜਿੱਤ ਤੋਂ ਬਾਅਦ ਰਾਜਪਕਸੇ ਨੇ ਸੰਬੋਧਨ ਕਰਦਿਆਂ ਕਿਹਾ, "ਮੈਂ ਸਾਰਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਭਰੋਸੇ ਨੂੰ ਬਹਾਲ ਰੱਖਾਂਗਾ। ਇਸ ਮੌਕੇ ਉਹਨਾਂ ਨਾਲ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਅਤੇ ਉਹਨਾਂ ਦੇ ਭਰਾ ਮਹਿੰਦਰਾ ਰਾਜਪਕਸੇ ਵੀ ਮੋਜੂਦ ਸਨ। ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ ਸਾਰੇ ਵਾਅਦਿਆਂ ਨੂੰ ਉਹ ਪੂਰਾ ਕਰਨਗੇ। 

ਰਾਜਪਕਸੇ ਦਾ ਵਿਵਾਦਿਤ ਇਤਿਹਾਸ: 
ਰਾਜਪਕਸੇ ਆਪਣੇ ਭਰਾ ਦੇ 10 ਸਾਲਾ ਰਾਜ ਦੌਰਾਨ ਸੁਰੱਖਿਆ ਸਕੱਤਰ ਸਨ। ਮਨੁੱਖੀ ਹੱਕਾਂ ਨਾਲ ਸਬੰਧਿਤ ਸੰਸਥਾਵਾਂ ਉਸ ਦੌਰ ਦੌਰਾਨ ਹੋਏ ਮਨੁੱਖੀ ਹੱਕਾਂ ਦੇ ਘਾਣ ਵਿੱਚ ਰਾਜਪਕਸੇ ਦੀ ਸ਼ਮੂਲੀਅਤ ਦੀ ਜਾਂਚ ਦੀ ਮੰਗ ਕਰਦੀਆਂ ਰਹੀਆਂ ਹਨ। ਜ਼ਿਕਰਯੋਗ ਹੈ ਕਿ ਤਾਮਿਲ ਬਾਗੀਆਂ ਨਾਲ ਜੰਗ ਵਿੱਚ ਵੱਡੇ ਪੱਧਰ 'ਤੇ ਮਨੁੱਖੀ ਹੱਕਾਂ ਦੇ ਘਾਣ ਦਾ ਦੋਸ਼ ਪਿਛਲੀ ਮਹਿੰਦਰਾ ਸਰਕਾਰ 'ਤੇ ਲੱਗੇ ਹਨ। ਸੰਯੁਕਤ ਰਾਸ਼ਟਰ ਦੀ ਰਿਪੋਰਟ ਮੁਤਾਬਿਕ ਸ਼੍ਰੀ ਲੰਕਾ ਦੀਆਂ ਫੌਜਾਂ ਨੇ ਤਾਮਿਲਾਂ ਨੂੰ ਦਬਾਉਣ ਲਈ 40,000 ਤੋਂ ਵੱਧ ਲੋਕਾਂ ਦਾ ਕਤਲ ਕੀਤਾ ਸੀ। 

ਮਹਿੰਦਰਾ ਰਾਜਪਕਸੇ ਦੀ ਸਰਕਾਰ ਮੌਕੇ ਵਿਰੋਧੀ ਅਵਾਜ਼ਾਂ ਨੂੰ ਦਬਾਉਣ ਲਈ ਹਿੰਸਕ ਅਤੇ ਗੈਰ-ਮਨੁੱਖੀ ਤਰੀਕਿਆਂ ਦੀ ਵਰਤੋਂ ਦਾ ਵੀ ਦੋਸ਼ ਹੈ। ਉਸ ਦੌਰਾਨ ਮਨੁੱਖੀ ਹੱਕਾਂ ਲਈ ਕਾਰਜਸ਼ੀਲ ਕਈ ਕਾਰਕੁੰਨ ਅਤੇ ਪੱਤਰਕਾਰ ਲਾਪਤਾ ਕੀਤੇ ਗਏ।

ਮਨੁੱਖੀ ਹੱਕਾਂ ਦੇ ਕਾਰਕੁੰਨਾਂ ਦਾ ਕਹਿਣਾ ਹੈ ਕਿ ਇਹਨਾਂ ਘਟਨਾਵਾਂ ਦੇ ਮਾਮਲਿਆਂ ਦੀ ਚੱਲ ਰਹੀ ਜਾਂਚ ਨੂੰ ਹੁਣ ਸੱਤਾ 'ਤੇ ਕਾਬਜ਼ ਹੋਣ ਤੋਂ ਬਾਅਦ ਪ੍ਰਭਾਵਿਤ ਕਰਨਗੇ।

ਜਦਕਿ ਰਾਜਪਕਸੇ ਇਹਨਾਂ ਸਾਰੇ ਦੋਸ਼ਾਂ ਤੋਂ ਹਮੇਸ਼ਾ ਇਨਕਾਰ ਕਰਦੇ ਰਹੇ ਹਨ। 

ਰਾਜਪਕਸੇ ਦੀ ਚੋਣ ਮੁਹਿੰਮ ਵਿੱਚ ਮੁੱਖ ਏਜੰਡਾ ਦੇਸ਼ ਅੰਦਰ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨਾ ਹੀ ਸੀ। ਪਿਛਲੇ ਸਮੇਂ ਸ਼੍ਰੀ ਲੰਕਾ ਵਿੱਚ ਹੋਏ ਹਮਲਿਆਂ ਨੇ ਇਸ ਏਜੰਡੇ ਨੂੰ ਹੋਰ ਮਜ਼ਬੂਤੀ ਦਿੱਤੀ। ਸ਼੍ਰੀ ਲੰਕਾ ਦੇ ਸਿਨਹਾਲਾ ਬੋਧੀ ਧਾਰਮਿਕ ਆਗੂਆਂ ਦਾ ਵੀ ਰਾਜਪਕਸੇ ਨੂੰ ਪੂਰਾ ਸਮਰਥਨ ਹਾਸਿਲ ਸੀ ਜੋ ਮੁਸਲਿਮ ਲੋਕਾਂ 'ਤੇ ਸਖਤੀ ਦੀ ਮੰਗ ਕਰ ਰਹੇ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।