ਪੈਰਿਸ ਓਲੰਪਿਕ ਲਈ ਹੋਰ ਮਿਹਨਤ ਦੀ ਲੋੜ

ਪੈਰਿਸ ਓਲੰਪਿਕ ਲਈ ਹੋਰ ਮਿਹਨਤ ਦੀ ਲੋੜ

ਕੇਂਦਰ ਸਰਕਾਰਾਂ ਨੂੰ ਖੇਡਾਂ ਪ੍ਰਤੀ ਵਧੀਆ ਨੀਤੀ ਉਲੀਕਣ ਚਾਹੀਦੀ ਹੈ

ਹਾਲ ਹੀ ਵਿਚ ਟੋਕਿਓ ਓਲੰਪਿਕ ਵਿਚ ਭਾਰਤੀ ਖਿਡਾਰੀਆਂ  ਦਾ ਵਧੀਆ ਪ੍ਰਦਰਸ਼ਨ ਰਿਹਾ। ਜਿਸਦੀ ਚਾਰੇ ਪਾਸੇ ਸ਼ਲਾਘਾ ਹੋ ਰਹੀ ਹੈ। ਹਾਕੀ ਵਿਚ ਦੋਹਾਂ ਟੀਮਾਂ ਨੇ ਸੈਮੀ ਫਾਈਨਲ ਵਿੱਚ ਜਾ ਕੇ ਇਤਿਹਾਸ ਰਚਿਆ।ਹਾਕੀ ਵਿੱਚ 41 ਸਾਲ ਪਿੱਛੋਂ ਭਾਰਤ ਨੂੰ ਓਲੰਪਿਕ ਕਾਂਸੀ ਮੈਡਲ ਮਿਲਿਆ। ਸੈਮੀ ਫਾਈਨਲ ਵਿੱਚ ਕੁੜੀਆਂ ਦਾ ਵੀ ਪ੍ਰਦਰਸ਼ਨ ਵਧੀਆ ਰਿਹਾ। ਚਾਹੇ ਉਹ ਇੰਗਲੈਂਡ ਦੀ ਟੀਮ ਤੋਂ ਹਾਰ ਗਈਆਂ, ਪਰ ਉਨ੍ਹਾਂ ਨੇ ਲੋਕਾਂ ਦੇ ਦਿਲ ਜਿੱਤ ਲਏ। ਪੰਜਾਬ ਦੀ ਧੀ ਕਮਲਪ੍ਰੀਤ ਕੌਰ ਜੋ ਡਿਸਕਸ ਥਰੋ ਵਿਚ ਚਾਹੇ ਤਗਮਾ ਲੈਣ ਤੋਂ ਵਾਂਝੀ ਰਹਿ ਚੁੱਕੀ ਹੈ, ਪਰ ਪੰਜਾਬੀਆਂ ਲਈ ਉਹ ਇੱਕ ਰੋਲ ਮਾਡਲ ਬਣ ਕੇ ਉੱਭਰੀ ਹੈ। ਭਾਰਤ ਨੇ 7 ਮੈਡਲ ਹਾਸਿਲ ਕੀਤੇ ਹਨ। ਤੇ ਭਾਰਤ ਅੰਕ ਸੂਚੀ ਵਿੱਚ 48ਵੇ ਨੰਬਰ ਤੇ ਰਿਹਾ। ਅਮਰੀਕਾ ਨੇ 113 ਮੈਡਲ ਜਿੱਤੇ ਹਨ।   ਵਿਚਾਰਨ ਵਾਲੀ ਗੱਲ ਹੈ 130 ਕਰੋੜ ਅਬਾਦੀ ਵਾਲਾ ਮੁਲਕ 30 ਮੈਡਲ ਵੀ ਨਹੀਂ ਜਿੱਤ ਸਕਿਆ। ਇਹ  ਸੋਚਣ ਦਾ ਮੁੱਦਾ ਹੈ। ਪਹਿਲਾਂ ਬੱਚੇ ਖੁੱਲ੍ਹੇ ਮੈਦਾਨਾਂ ਵਿੱਚ ਖੇਡਦੇ ਸਨ। ਜਦੋਂ ਦੇ ਸੰਚਾਰ ਦੇ ਜ਼ਿਆਦਾ ਸਾਧਨ ਵਿਕਸਿਤ ਹੋਏ ਹਨ, ਬੱਚਿਆਂ ਦਾ ਬਚਪਨ ਖੋਹ ਲਿਆ ਹੈ। ਅੱਜ ਕੱਲ੍ਹ ਬੱਚੇ ਸਾਰਾ ਦਿਨ ਹੀ ਮੋਬਾਈਲ ਤੇ ਲੱਗੇ ਰਹਿੰਦੇ ਹਨ। ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਖੇਡਾਂ ਪ੍ਰਤੀ ਉਨ੍ਹਾਂ ਦੀ ਦਿਲਚਸਪੀ ਘੱਟ ਹੋ ਰਹੀ ਹੈ। ਕੁਝ ਸਾਡੇ ਖੁਰਾਕਾਂ ਤੇ ਵੀ ਨਿਰਭਰ ਕਰਦਾ ਹੈ। ਮਿਲਾਵਟ ਦਾ ਜ਼ਿਆਦਾ ਬੋਲਬਾਲਾ ਹੈ। ਅੱਜ ਕੱਲ ਦੇ ਬੱਚੇ ਘਰ ਦੀਆਂ ਬਣੀਆਂ ਚੀਜ਼ਾਂ, ਦੁੱਧ ,ਦਹੀਂ ,ਪਨੀਰ ਨੂੰ ਵੀ ਤਰਜੀਹ ਨਹੀਂ ਦਿੰਦੇ। ਬਾਹਰ ਬਣੇ ਖਾਣੇ ਪੀਜ਼ਾ, ਬਰਗਰਾਂ  ਵਰਗੇ ਚਿਕਨਾਈ ਵਾਲੀਆਂ ਚੀਜ਼ਾਂ ਦਾ ਜ਼ਿਆਦਾ ਆਨੰਦ ਮਾਣਦੇ ਹਨ। ਪਹਿਲਾਂ ਪਿੰਡਾਂ ਵਿਚ ਨੌਜਵਾਨ ਕੁਸ਼ਤੀ ਖੇਡਦੇ ਸਨ। ਘਰਾਂ ਵਿੱਚ ਹਾਰੇ ਹੁੰਦੇ ਸਨ। ਉਹਨਾਂ ਹਾਰਿਆਂ ਵਿਚ ਚਾਟੀ ਵਿਚ ਪਾ ਕੇ ਦੁੱਧ ਰੱਖਿਆ ਜਾਂਦਾ ਸੀ। ਦੁੱਧ ਕੱੜ ਕੱੜ ਕੇ ਲਾਲ ਹੋ ਜਾਂਦਾ ਸੀ। ਕੁਸ਼ਤੀ ਖੇਡ ਕੇ ਉਹ ਪਹਿਲਵਾਨ ਉਹੀ ਘੜਿਆ ਹੋਇਆ ਦੁੱਧ ਪੀਂਦੇ ਸਨ। ਜਾਂ ਅਕਸਰ ਦੇਖਿਆ ਜਾਂਦਾ ਸੀ ਕਿ ਪਿੰਡਾਂ ਵਿੱਚ ਮੱਝਾਂ ਹੁੰਦੀਆਂ ਹਨ। ਦੁੱਧ ਚੋਂਦੇ ਚੋਂਦੇ ਉਹ ਆਪਣੇ ਮੂੰਹ ਵਿਚ ਥਣਾਂ ਦੀ ਧਾਰ ਮਾਰ ਲੈਂਦੇ ਸਨ। ਜਾਂ ਕੱਚੇ ਦੁੱਧ ਦੇ ਦੋ ਤਿੰਨ ਗਲਾਸ ਪੀ ਜਾਂਦੇ ਸਨ। ਉਸ ਸਮੇਂ ਖੁਰਾਕਾਂ ਸ਼ੁੱਧ ਹੁੰਦੀਆਂ ਸਨ। ਕਬੱਡੀ ਖੇਡ ਕੇ ਚਾਟੀ ਵਾਲੀ ਲੱਸੀ ਦਾ ਆਨੰਦ ਮਾਣਿਆ ਜਾਂਦਾ ਸੀ।ਨੌਜਵਾਨਾਂ ਨੂੰ  ਪਹਿਲਵਾਨ ਕਹਿ ਕੇ ਪੁਕਾਰਿਆ ਜਾਂਦਾ ਸੀ। 

ਅੱਜ ਮਹਿੰਗਾਈ ਕਰਕੇ ਮਿਲਾਵਟ ਸਿਖਰਾਂ ਤੇ ਹੈ। ਅਕਸਰ ਦੇਖਿਆ ਜਾਂਦਾ ਹੈ   ਸਿਹਤ ਮਹਿਕਮੇ ਵੱਲੋਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਸੈਂਪਲ ਭਰੇ ਜਾਂਦੇ ਹਨ। ਜਿਨ੍ਹਾਂ ਸੈਂਪਲਾਂ ਵਿੱਚ ਮਿਲਾਵਟ ਅਕਸਰ ਪਾਈ ਜਾਂਦੀ ਹੈ। ਅੱਜ ਬਾਜ਼ਾਰ ਵਿਚ ਪਾਊਡਰ ਵਾਲਾ ਦੁੱਧ ,ਪਨੀਰ ਦਹੀਂ  ਵਿੱਕ ਰਿਹਾ ਹੈ। ਅਜਿਹੀਆਂ ਨਕਲੀ  ਚੀਜ਼ਾਂ ਖਾ ਕੇ ਤਾਂ ਹੋਰ ਨੌਜਵਾਨ ਬਿਮਾਰ ਹੋ ਜਾਣਗੇ। ਜੋ ਵੀ ਸਾਡੇ ਖਿਡਾਰੀ ਹਨ, ਉਨ੍ਹਾਂ ਕੋਲ ਸੀਮਤ ਸਾਧਨ ਹਨ। ਜ਼ਿਆਦਾ ਖਿਡਾਰੀਆਂ ਦਾ ਪਿਛੋਕੜ ਖੇਤੀਬਾੜੀ ਨਾਲ ਸਬੰਧਤ ਹੈ। ਫਿਰ ਵੀ ਇਨ੍ਹਾਂ ਖਿਡਾਰੀਆਂ ਦੇ ਮਾਂ-ਬਾਪ ਦੇ ਜਜ਼ਬੇ ਨੂੰ ਸਲਾਮ ਹੈ, ਜੋ ਇੰਨੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਹੁਣ 2024 ਵਿੱਚ ਪੈਰਿਸ ਵਿੱਚ ਇਹ ਖੇਡਾਂ ਹੋਣਗੀਆਂ। ਕੇਂਦਰ ਸਰਕਾਰਾਂ ਨੂੰ ਖੇਡਾਂ ਪ੍ਰਤੀ ਵਧੀਆ ਨੀਤੀ ਉਲੀਕਣ ਚਾਹੀਦੀ ਹੈ। ਤਾਂ ਜੋ ਖਿਡਾਰੀ ਖੇਡਾਂ ਪ੍ਰਤੀ ਵੱਧ ਉਤਸ਼ਾਹ ਜ਼ਾਹਿਰ ਕਰਨ।

ਸੰਜੀਵ ਸਿੰਘ ਸੈਣੀ, ਮੋਹਾਲੀ