ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਨਾਂ 'ਤੇ ਚੱਲ ਰਿਹਾ ਚਿਟ ਫੰਡ ਕੰਪਨੀਆਂ ਵਰਗਾ ਵਪਾਰ

ਗੁਰਦੁਆਰਾ ਸਾਹਿਬ ਵਿਚ ਅਖੰਡ ਪਾਠ ਸਾਹਿਬ ਦੇ ਨਾਂ 'ਤੇ ਚੱਲ ਰਿਹਾ ਚਿਟ ਫੰਡ ਕੰਪਨੀਆਂ ਵਰਗਾ ਵਪਾਰ
ਅਖੰਡ ਪਾਠ ਸਾਹਿਬ ਦੇ ਨਾਮ ਤੇ ਕੀਤਾ ਕਰੋੜਾਂ ਦਾ ਵਿਓਪਾਰ 
ਅਖੰਡ ਪਾਠ ਅਤੇ ਲੰਗਰ ਸੇਵਾ ਦੇ ਨਾਮ ਤੇ 3000, 30,000 ਅਤੇ 300,000 ਲੈ ਕੇ 21 ਗੁਣਾ ਵਾਪਸ ਕਰਨ ਦਾ ਵਾਅਦਾ
ਗੁਰਦੁਆਰਾ ਪਰਬੰਧਕ ਅਤੇ ਪਹਿਲੇ ਨਿਵੇਸ਼ਕ ਹੋ ਰਹੇ ਨੇ ਮਾਲੋਮਾਲ
ਅੰਮ੍ਰਿਤ ਛਕਣ ਵਾਲੇ ਪਰਿਵਾਰ ਨੂੰ ਪੰਜ ਮਹੀਨੇ ਬਾਅਦ ਇੱਕ ਕਿੱਲੋ ਸੋਨਾ ਤੇ 25 ਲੱਖ ਦਾ ਮਕਾਨ ਦੇਣ ਦਾ ਵਾਅਦਾ 
ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੇ ਘੇਰੇ ਵਿੱਚ ,ਅਜੇ ਤੱਕ ਕੋਈ ਕਾਰਵਾਈ ਨਾ ਹੋਈ
ਬਾਬਾ ਪਰਿਵਾਰ ਸਮੇਤ ਗਾਇਬ ਹੋਣ ਦੀ ਸਕੀਮ ਲਗਾ ਰਿਹਾ ਏ
 
ਬਘੇਲ ਸਿੰਘ ਧਾਲੀਵਾਲ 

ਪਿਛਲੇ ਕੁੱਝ ਦਿਨਾਂ ਤੋ ਇੱਕ ਗੁਰਦੁਆਰਾ ਸਾਹਿਬ ਵਿੱਚ ਚੱਲਦੇ ਚਿਟਫੰਡ ਕੰਪਨੀਆਂ ਦੀ ਤਰਜ ’ਤੇ  ਪੈਸੇ ਦੁੱਗਣੇ ਚੌਗਣੇ ਕਰਨ ਦੇ ਕਾਰੋਬਾਰ ਕਰਕੇ ਜਿਲ੍ਹਾ ਸੰਗਰੂਰ ਦੀ ਮਲੇਰਕੋਟਲਾ ਤਹਿਸੀਲ ਦਾ ਪਿੰਡ ਕੁਠਾਲਾ ਕਾਫੀ ਚਰਚਾ ਵਿੱਚ ਹੈ। ਇੱਥੇ ਵੀ ਇੱਕ ਗਰੰਥੀ  ਬਾਬਾ ਲੋਕਾਂ ਨੂੰ ਅਖੰਡ  ਪਾਠ ਸਾਹਿਬ ਦੀ ਭੇਟਾ ਲਈ ਥੋੜਾ ਪੈਸਾ ਨਿਵੇਸ਼ ਕਰਕੇ ਵੱਡੀ ਕਮਾਈ ਦੇਣ ਦਾ ਵਾਅਦਾ ਕਰ ਰਿਹਾ ਹੈ। ਪੰਜਾਬ ਦੀ ਲੜਖੜਾਈ ਆਰਥਿਕਤਾ ਦਾ ਸ਼ਾਤਰ ਦਿਮਾਗ ਦੇ ਲੋਕ ਅਕਸਰ ਹੀ ਫਾਇਦਾ ਚੁੱਕਦੇ ਰਹਿੰਦੇ ਹਨ। ਚਿਟਫੰਡ ਕੰਪਨੀਆਂ ਲੋਕਾਂ ਨੂੰ ਵੱਡੇ ਵੱਡੇ ਸਬਜ਼ਬਾਗ ਦਿਖਾ ਕੇ ਹਜਾਰਾਂ ਕਰੋੜ ਰੂਪਏ ਲੈ ਕੇ ਫਰਾਰ ਹੋ ਜਾਂਦੀਆਂ ਹਨ ਤੇ ਕੁੱਝ ਸਮਾਂ ਪਾ ਕੇ ਕਿਸੇ ਹੋਰ ਨਾਮ ਹੇਠ ਜਾਂ ਕਿਸੇ ਹੋਰ ਮਖੌਟੇ ਹੇਠ ਇਹ ਸ਼ਾਤਰ ਲੁਟੇਰੇ ਫਿਰ ਲੋਕਾਂ ਦਾ ਸ਼ੋਸ਼ਣ ਕਰਨ ਲਈ ਆਉਂਦੇ ਹਨ ਤੇ ਕਾਮਯਾਬੀ ਨਾਲ ਮੋਟੀਆਂ ਠੱਗੀਆਂ ਮਾਰ ਕੇ ਰਫੂ ਚੱਕਰ ਹੋ ਜਾਂਦੇ ਹਨ।ਬੀਤੇ ਕੁੱਝ ਕੁ ਸਾਲ ਪਹਿਲਾਂ ਵੀ ਕਈ ਪਰਲਜ ਵਰਗੀਆਂ ਨਾਮਵਰ ਕੰਪਨੀਆਂ ਦੇ ਮਾਲਕ  ਜਨਤਾ ਦਾ ਅਰਬਾਂ ਰੁਪਏ ਡਕਾਰ ਚੁੱਕੇ ਹਨ। ਚਾਰ ਕੁ ਸਾਲ ਪਹਿਲਾਂ ਦੋ ਕੰਪਨੀਆਂ ਲਾਇਵ ਟਰੇਡਿੰਗ ਕੰਪਨੀ ਅਤੇ ਕਰਾਉਨ ਟਰੇਡਿੰਗ ਨਾਮ ਦੀਆਂ ਚਿਟਫੰਡ ਕੰਪਨੀਆਂ ਜਿਲਾ ਬਰਨਾਲਾ ਵਿੱਚ ਵੀ ਸਰਗਰਮ ਹੋਈਆਂ ਸਨ,ਜਿੰਨਾਂ ਵਿਚੋਂ ਇਕੱਲੀ ਕਰਾਉਂਨ ਟਰੇਡਿੰਗ ਕੰਪਨੀ ਬਰਨਾਲਾ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਦੇ ਲੋਕਾਂ ਨੂੰ ਪੈਸੈ ਦੁੱਗਣੇ ਚੌਗਣੇ ਦੇਣ ਦੇ ਲਾਰੇ ਨਾਲ 5000  ਕਰੋੜ ਰੁਪਏ ਤੋ ਵੱਧ ਦੀ ਵਸੂਲੀ ਕਰਕੇ ਗਾਇਬ ਹੋ ਗਈ। ਭਾਵੇਂ ਉਕਤ ਕੰਪਨੀਆਂ ਦੇ ਮਾਲਕਾਂ ਤੇ ਪੁਲਿਸ ਕੇਸ ਦਰਜ ਹੋਏ ਤੇ ਉਹ ਜੇਲਾਂ ਵਿੱਚ ਵੀ ਗਏ,ਪਰ ਲੋਕਾਂ ਦਾ ਇੱਕ ਵੀ ਪੈਸਾ ਵਾਪਸ ਨਹੀਂ ਹੋਇਆ। ਵੱਧ ਪੈਸੇ ਇਕੱਠੇ ਕਰਨ ਦੇ ਲਾਲਚ ਵਿੱਚ ਜਾਇਦਾਦਾਂ ਵੇਚ ਵੇਚ ਕੇ ਕਰਾਉਨ ਚ ਪੈਸੇ ਫਸਾ ਲੈਣ ਵਾਲੇ ਕਈ ਵਿਅਕਤੀਆਂ ਵੱਲੋਂ ਖੁਦਕੁਸ਼ੀਆਂ ਕਰਨ ਦੀਆਂ ਚਰਚਾਵਾਂ ਵੀ ਚੱਲੀਆਂ ਸਨ,ਪਰ ਇਸ ਦੇ ਬਾਵਜੂਦ ਵੀ ਕਿਸੇ ਕੰਪਨੀ ਵੱਲੋਂ ਕਿਸੇ ਵੀ ਨਿਵੇਸ਼ਕ ਦਾ ਨਵਾਂ ਪੈਸਾ ਤੱਕ ਵਾਪਸ ਨਹੀਂ ਕੀਤਾ ਗਿਆ। ਇਹਨਾਂ ਕੰਪਨੀਆਂ ਦੀ ਤਰਜ਼ ’ਤੇ  ਹੀ ਹੁਣ ਜਿਲ੍ਹਾ ਸੰਗਰੂਰ ਦੇ ਪਿੰਡ ਕੁਠਾਲਾ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਗਰੰਥੀ ਵੱਲੋਂ ਵੀ ਅਜਿਹੀ ਸਕੀਮ ਸ਼ੁਰੂ ਕੀਤੀ ਗਈ ਹੈ,ਜਿਸ ਦੇ ਕੁੱਝ ਦਿਨਾਂ ਵਿੱਚ ਹੀ ਕਰਾਉਂਨ ਵਰਗੀਆਂ ਕੰਪਨੀਆਂ ਨੂੰ ਵੀ ਮਾਤ ਪਾ ਦੇਣ ਦੀਆਂ ਖਬਰਾਂ ਮਿਲ ਰਹੀਆਂ ਹਨ। ਭਰੋਸੇਯੋਗ ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉਕਤ ਬਾਬੇ ਵੱਲੋਂ ਚਲਾਈ ਗਈ ਸਕੀਮ ਵਿੱਚ ਤਿੰਨ ਹਜਾਰ ਜਮਾ ਵਾਉਣ ਵਾਲੇ ਵਿਅਕਤੀ ਨੂੰ ਰੋਜਾਨਾ 21 ਦਿਨ (ਪਹਿਲਾਂ ਇਹ ਰਕਮ 27 ਦਿਨ ਦਿੱਤੀ ਜਾਂਦੀ ਸੀ)ਇੱਕ ਇੱਕ ਹਜਾਰ ਰੁਪਏ,30,000 ਜਮਾ ਕਰਵਾਉਣ ਵਾਲੇ ਨੂੰ ਰੋਜਾਨਾ 10,000 ਰੁਪਏ ਵਾਪਸ ਦਿੱਤੇ ਜਾ ਰਹੇ ਹਨ ਅਤੇ ਇਸ ਸਕੀਮ ਤੋ ਮਿਲੇ ਬੇਹੱਦ ਸਫਲ ਹੁੰਗਾਰੇ ਤੋ ਬਾਅਦ 300,000 ਲੱਖ ਦੀ ਸਕੀਮ ਸੁਰੂ ਕੀਤੀ ਗਈ ਹੈ,ਜਿਸ ਵਿੱਚ ਨਿਵੇਸਕ ਨੂੰ 15 ਦਿਨ ਇੱਕ ਇੱਕ ਲੱਖ ਰੁਪਏ ਦੇਣ ਬਾਰੇ ਕਿਹਾ ਗਿਆ ਹੈ,ਜਿਹੜੇ ਅਜੇ ਦੇਣੇ ਸ਼ੁਰੂ ਨਹੀ ਕੀਤੇ ਗਏ, ਪਰ ਨਿਵੇਸਕਾਂ ਦੀ ਗਿਣਤੀਆਂ ਸੈਕੜਿਆਂ ਨੂੰ ਪਾਰ ਕਰ ਗਈ ਹੈ। ਸੋਚਣ ਵਾਲੀ ਗੱਲ ਹੈ ਕਿ ਮਹੀਨੇ ਦੇ ਅੰਦਰ ਅੰਦਰ ਦਿੱਤੀ ਗਈ ਰਕਮ ਵਿੱਚ 27 ਗੁਣਾ ਵਾਧਾ ਕਿਵੇਂ ਹੋ ਰਿਹਾ ਹੈ,ਇਹ ਪੈਸਾ ਕਿਹੜੀ ਸਕੀਮ ਤਹਿਤ ਵੱਧ ਰਿਹਾ ਹੈ? ਇੱਥੇ ਹੀ ਬੱਸ ਨਹੀ ਉਕਤ ਗਰੰਥੀ ਬਾਬੇ ਵੱਲੋਂ ਇਸ ਪੈਸੇ ਵਿਚੋ ਸਮਾਜ ਭਲਾਈ ਦੇ ਕਾਰਜ ਵੀ ਕੀਤੇ ਜਾ ਰਹੇ ਹਨ,ਜਿਵੇਂ ਸਾਂਝੇ ਅਸਥਾਨਾਂ,ਗੁਰੂ ਘਰਾਂ,ਮਸੀਤਾਂ ਆਦਿ ਨੂੰ ਏ ਸੀ,ਜਨਰੇਟਰ,ਲੋੜਬੰਦ ਵਿਅਕਤੀਆਂ ਨੂੰ ਮੁਫਤ ਨਵੇਂ ਮੋਟਰ ਸਾਇਕਲ,ਕਾਰਾਂ ਤੋ ਇਲਾਵਾ ਬਾਬੇ ਵੱਲੋਂ ਅੰਮ੍ਰਿਤਧਾਰੀ ਪਰਿਵਾਰਾਂ ਨੂੰ ਪੰਜ ਮਹੀਨਿਆਂ ਬਅਦ ਇੱਕ ਪੱਚੀ ਲੱਖ ਰੁਪਏ ਦਾ ਮਕਾਨ ਅਤੇ ਇੱਕ ਕਿੱਲੋ ਸੋਨਾ ਦੇਣ ਦਾ ਵੀ ਵਾਅਦਾ ਕੀਤਾ ਜਾ ਰਿਹਾ ਹੈ। ਸੋ ਸੋਚਣ ਵਾਲੀ ਗੱਲ ਹੈ ਕਿ ਇਹ ਲੋਕਾਂ ਤੋ ਇਕੱਠੇ ਕੀਤੇ ਜਾ ਰਹੇ ਪੈਸੇ ਤੋ ਉਕਤ ਬਾਬਾ ਕਿਹੜੀ ਗਿੱਦੜਸਿੰਗੀ ਨਾਲ ਐਨਾ ਵੱਡਾ ਮੁਨਾਫਾ ਕਮਾਉਣ ਦਾ ਦਾਅਵਾ ਕਰਦਾ ਹੈ? ਕੀ ਇਸ ਮੁਨਾਫੇ ਵਾਲੇ ਪੈਸੇ ਵਿੱਚੋਂ ਸਰਕਾਰ ਨੂੰ ਕੋਈ ਟੈਕਸ ਅਦਾ ਕੀਤਾ ਜਾਂਦਾ ਹੈ ਜਾਂ ਨਹੀ,ਇਹ ਵੀ ਸੁਆਲ ਖੜਾ ਹੈ? 30 ਸਤੰਬਰ ਤੱਕ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ ਦੇ ਮਿਲੇ ਵੇਰਵਿਆਂ ਮੁਤਾਬਿਕ 3000 ਵਾਲੇ ਤਕਰੀਬਨ ਸਾਢੇ ਨੌ ਹਜਾਰ ਤੋ ਵੱਧ, 30,000 ਹਜਾਰ ਵਾਲਿਆਂ ਦੀ ਗਿਣਤੀ 1350 ਤੋ ਵੱਧ ਅਤੇ ਨਵੀ ਸਕੀਮ ਅਨੁਸਾਰ ਤਿੰਨ ਲੱਖ ਨਿਵੇਸ਼ ਕਰਨ ਵਾਲਿਆਂ ਦੀ ਗਿਣਤੀ 650 ਤੋਂ ਵੱਧ ਦੱਸੀ ਗਈ ਹੈ,ਜਿਸ ਅਨੁਸਾਰ ਹੁਣ ਤੱਕ ਤਕਰੀਬਨ 20 ਕਰੋੜ ਤੋ ਵੱਧ ਦੀ ਬੇਨਾਮੀ ਰਾਸ਼ੀ ਉਕਤ ਬਾਬੇ ਵੱਲੋਂ ਉੱਪਰ ਦਰਸਾਈਆਂ ਸਕੀਮਾਂ ਤਹਿਤ ਇਕੱਠੀ ਕੀਤੀ ਜਾ ਚੁੱਕੀ ਹੈ।

ਇਹ ਮੁਨਾਫੇ ਵਾਲਾ ਕਾਰੋਬਾਰ ਕਦੋ ਤੱਕ ਚੱਲੇਗਾ,ਇਹ ਤਾਂ ਸਮਾਂ ਦੱਸੇਗਾ ਪਰ ਇਕ ਦਿਨ ਕਰੋੜਪਤੀ ਬਣਨ ਵਾਲੇ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਨਹੀਂ ਬਚ ਸਕਣਗੇ। ਸਾਡੇ ਸੂਤਰਾਂ ਅਨੁਸਾਰ ਪੁਲਿਸ ਦੇ ਖੁਫੀਆ ਵਿਭਾਗ ਦੇ ਮੁਲਾਜ਼ਮ ਵੀ ਪਲ ਪਲ ਦੀ ਨਜ਼ਰ ਰੱਖ ਰਹੇ ਹਨ ਅਤੇ ਜਿਲੇ ਦਾ ਪੁਲਿਸ ਤੇ ਸਿਵਲ ਪ੍ਰਸਾਸ਼ਨ ਬਾਬੇ ਕੋਲ ਚੱਕਰ ਤਾਂ ਲਗਾਉਦਾ ਰਹਿੰਦਾ ਹੈ ਪਰ ਅਜੇ ਤੱਕ ਕੋਈ ਕਾਰਵਾਈ ਨਾ ਕਰਨਾ ਪ੍ਰਸ਼ਾਸ਼ਨ ਦੀ ਕਾਰਗੁਜ਼ਾਰੀ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦਾ ਹੈ। ਸ਼ਾਇਦ ਅਜੇ ਹੋਰ ਵੱਡੀ ਠੱਗੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ,ਜਿਸ ਤੋ ਬਾਅਦ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਹਰਕਤ ਵਿੱਚ ਆਵੇਗਾ। ਮੀਡੀਏ ਵੱਲੋਂ ਉਕਤ ਮਾਮਲੇ ਨੂੰ ਪਰਮੁੱਖਤਾ ਨਾਲ ਸੁਰਖੀਆਂ ਵਿੱਚ ਲੈ ਕੇ ਆਉਣ ਤੋਂ ਬਾਅਦ ਲੋਕ ਕੁਝ ਸੁਚੇਤ ਹੁੰਦੇ ਦਿਖਾਈ ਦੇ ਰਹੇ ਹਨ ,ਕਿਉਂਕਿ ਖਬਰਾਂ ਪ੍ਰਕਾਸ਼ਤ ਹੋਣ ਤੋਂ ਬਾਅਦ ਪੈਸਾ ਜਮਾਂ ਕਰਵਾਉਣ ਵਾਲਿਆਂ ਦੀ ਗਿਣਤੀ ਵਿੱਚ ਕਮੀ ਦਰਜ ਕੀਤੀ ਜਾ ਰਹੀ ਹੈ। ਪਿਛਲੇ ਇੱਕ ਦੋ ਦਿਨ ਤੋਂ ਸਕੀਮੀ ਗ੍ਰੰਥੀ ਬਾਬੇ ਦੀ ਗੈਰ ਹਾਜ਼ਰੀ ਵੀ ਕਈ ਸਵਾਲ ਖੜੇ ਕਰ ਰਹੀ ਹੈ, ਭਰੋਸੇਯੋਗ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਬਾਬਾ ਪਰਿਵਾਰ ਸਮੇਤ ਗਾਇਬ ਹੋਣ ਦੀ ਸਕੀਮ ਲਗਾ ਰਿਹਾ ਹੈ, ਕਿਉਂਕਿ ਦਵਾਈ ਦੇ ਬਹਾਨੇ ਬਾਬੇ ਵੱਲੋਂ ਪਰਿਵਾਰ ਸਮੇਤ ਲਗਾਤਾਰ ਚੰਡੀਗੜ੍ਹ ਦੇ ਚੱਕਰ ਲਾਉਣੇ ਦਾਲ ਵਿੱਚ ਕੁਝ ਕਾਲਾ ਹੋਣ ਵੱਲ ਇਸ਼ਾਰਾ ਕਰਦੇ ਹਨ। ਪਹਿਲਾਂ ਹੀ ਤਿਆਰ ਕੀਤੇ ਸਵੈ ਘੋਸ਼ਣਾ ਪੱਤਰ ਤੇ ਗੁਰਦੁਆਰਾ ਕਮੇਟੀ ਵੱਲੋਂ ਪੈਸੇ ਨਿਵੇਸ ਕਰਨ ਵਾਲਿਆਂ ਤੋ ਦਸਤਖਤ ਕਰਵਾਏ ਜਾਂਦੇ ਹਨ,ਜਿਸ ਉਪਰ ਪਹਿਲਾਂ ਹੀ ਇਹ ਲਿਖਿਆ ਹੋਇਆ ਹੈ ਕਿ “ਇਹ ਰਾਸ਼ੀ ਮੈ ਗੁਰਦੁਆਰਾ ਸਾਹਿਬ ਵਿਖੇ ਜਮਾ ਕਰਵਾ ਰਿਹਾ ਹਾਂ,ਇਹ ਰਾਸ਼ੀ ਸ੍ਰੀ ਅਖੰਡਪਾਠ ਦੀ ਭੇਟਾ ਅਤੇ ਲੰਗਰ ਦੀ ਸੇਵਾ ਲਈ ਦਾਨ ਕਰ ਰਿਹਾ ਹਾਂ। ਇਹ ਮੈ ਅਪਣੀ ਇੱਛਾ ਅਨੁਸਾਰ ਦੇ ਰਿਹਾ, ਮੇਰੇ ਨਾਲ ਕੋਈ ਜੋਰ ਜਬਰਦਸਤੀ ਨਹੀ ਹੈ” । ਸੋ ਇੱਥੇ ਇਹ ਗੱਲ ਵੀ ਧਿਆਨ ਦੀ ਮੰਗ ਕਰਦੀ ਹੈ ਕਿ ਦਾਨ ਦੇਣ ਵਾਲੇ ਤੋ ਕਦੇ ਵੀ ਦਾਨ ਵਾਪਸ ਨਾ ਲੈਣ ਸਬੰਧੀ ਘੋਸ਼ਨਾ ਪੱਤਰ ਨਹੀ ਲਿਆ ਜਾਂਦਾ,ਕਿਉਕਿ ਕਿਧਰੇ ਵੀ ਦਿੱਤਾ ਦਾਨ ਵਾਪਸ ਮੰਗਣ ਦੀ ਪ੍ਰੰਪਰਾ ਨਹੀ ਹੈ।ਹੁਣ ਨਵੀ ਸ਼ੁਰੂ ਕੀਤੀ ਸਕੀਮ ਤਹਿਤ 10,000 ਵਿਅਕਤੀਆਂ ਨੂੰ ਨੌਕਰੀ ਦੇਣ ਦਾ ਲਾਰਾ ਲਾਕੇ 30,000 ਰੁਪਏ ਸਿਕਿਉਰਿਟੀ ਲਈ ਜਾਵੇਗੀ ਅਤੇ ਉਸ ਤੋ ਵੀਹ ਦਿਨ ਤੱਕ ਮੁਫਤ ਵਿੱਚ ਕੰਮ ਲਿਆ ਜਾਵੇਗਾ,ਫਿਰ ਤਨਖਾਹ ਸੁਰੂ ਹੋਵੇਗੀ,ਭਾਵ ਬਾਬਾ ਨੌਕਰੀ ਦੇਣ ਦੇ ਬਹਾਨੇ ਵੀ ਕਰੋੜਾਂ ਰੁਪਏ ਹੋਰ ਇਕੱਠੇ ਕਰ ਲਵੇਗਾ।ਸੋ ਅਜਿਹਾ ਕਰਕੇ ਬਾਬੇ ਵੱਲੋਂ ਜਿੱਥੇ ਸਿੱਖੀ ਮਰਯਾਦਾ ਦਾ ਘਾਣ ਕਰਕੇ ਅਖੰਡਪਾਠ ਸਾਹਿਬ ਅਤੇ ਲੰਗਰ ਦੀ ਮਹਾਨ ਪ੍ਰੰਪਰਾ ਨੂੰ ਢਾਹ ਲਾਈ ਜਾ ਰਹੀ ਹੈ, ਸਿੱਖੀ ਦੀਆਂ ਜੜਾਂ ਵਿਚ ਤੇਲ ਦੇਣ ਦੀ ਕੋਝੀ ਚਾਲ ਚੱਲੀ ਜਾ ਰਹੀ ਹੈ , ਉਥੇ ਅਪਣੇ ਨਿੱਜੀ ਲਾਲਚ ਵਾਸਤੇ ਜਾਤ ਪਾਤ ਨੂੰ ਉਤਸ਼ਾਹਤ ਕਰਕੇ ਭਾਈਚਾਰਕ ਸਾਂਝਾਂ ਨੂੰ ਤਾਰ ਤਾਰ ਵੀ ਕੀਤਾ ਜਾ ਰਿਹਾ ਹੈ ।ਜੇਕਰ ਬਾਬੇ ਦੇ ਪਿਛੋਕੜ ’ਤੇ  ਝਾਤ ਮਾਰੀ ਜਾਵੇ ਤਾਂ ਜਿਲ੍ਹਾ ਬਰਨਾਲਾ ਦੇ ਪਿੰਡ ਝਲੂਰ ਵਿਚ ਪੈਦਾ ਹੋਇਆ ਉਕਤ ਗ੍ਰੰਥੀ ਮੁੱਢੋਂ ਹੀ ਜੁਗਾੜੀ ਕਿਸਮ ਦਾ ਇਨਸਾਨ ਹੈ। ਕਰਾਊਨ ਵਰਗੀਆਂ ਵੱਡੀਆਂ ਠੱਗ ਕੰਪਨੀਆਂ ਵਿੱਚ ਕੰਮ ਕਰਦੇ ਸਮੇਂ ਪਿੰਡ ਦੇ ਹੀ ਕੁੱਝ ਵਿਅਕਤੀਆਂ ਨੂੰ ਰਗੜੇ ਲਾਉਣ ਤੋਂ ਬਾਅਦ ਇਸ ਵਿਅਕਤੀ ਨੇ ਸੇਖਾ ਰੇਲਵੇ ਸਟੇਸ਼ਨ ’ਤੇ  ਸੰਤ ਬਾਬਾ ਨਰਾਇਣ ਸਿੰਘ ਮੋਨੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਨਰੈਣਸਰ ਸਾਹਿਬ ਵਿਖੇ ਕੁੱਝ ਸਮਾਂ ਸੇਵਾ ਵੀ ਕੀਤੀ। ਇਹਦੀ ਆਰਥਿਕ ਪ੍ਰੇਸ਼ਾਨੀ ’ਤੇ  ਤਰਸ ਖਾ ਕੇ ਗੁਰਦੁਆਰਾ ਨਰਾਇਣਸਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਭਰਪੂਰ ਸਿੰਘ ਵੱਲੋਂ ਇਸ ਨੂੰ 35000 ਰੁਪਏ ਵਿੱਚ ਇੱਕ ਮਕਾਨ ਵੀ ਖਰੀਦ ਕੇ ਦਿੱਤਾ ਗਿਆ,ਪ੍ਰੰਤੂ ਮਕਾਨ ਦੀ ਰਜੀਸਟਰੀ ਹੁੰਦਿਆਂ ਹੀ ਇਹ ਜੁਗਾੜੀ ਇਨਸਾਨ ਚੁੱਪ ਚਪੀਤੇ ਮਕਾਨ ਵੇਚ ਕੇ ਪਿੰਡੋਂ ਗਾਇਬ ਹੋ ਗਿਆ ਅਤੇ ਗੁਆਂਢੀ ਪਿੰਡ ਰੰਗੀਆਂ ਵਿਖੇ ਰਹਾਇਸ਼ ਰੱਖ ਕੇ ਪੰਜ ਹਜਾਰ ਰੁਪਏ ਮਹੀਨਾ ਤੇ ਗੁਰਦੁਆਰਾ ਸਾਹਿਬ ਸੇਵਾ ਨਿਭਾਉਣ ਲੱਗਾ। ਪ੍ਰੰਤੂ ਉਥੇ ਆਚਰਣਹੀਣ ਹਰਕਤਾਂ ਕਾਰਨ ਲੋਕਾਂ ਨੇ ਪਿੰਡੋਂ ਕੱਢ ਦਿੱਤਾ ਅਤੇ ਇੱਥੋਂ ਇਹ ਬਾਬਾ ਨਜ਼ਦੀਕੀ ਪਿੰਡ ਧੰਦੀਵਾਲ ਵਿਖੇ ਗੁਰਦੁਆਰੇ ਵਿੱਚ ਗ੍ਰੰਥੀ ਵਜੋਂ ਨੌਕਰੀ ਕਰ ਲਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਉੱਥੇ ਵੀ ਗੁਰਦੁਆਰੇ ਦੇ ਪ੍ਰਬੰਧਕਾਂ ਨੇ ਇਸ ਗਰੰਥੀ ਬਾਬੇ ਨੂੰ ਚੋਰੀ ਕਰਦੇ ਰੰਗੇ ਹੱਥੀ ਫੜ ਲਿਆ ਅਤੇ ਇਸ ਤੋਂ ਲਿਖਤੀ ਮੁਆਫੀ ਨਾਮਾ ਲੈ ਕੇ ਗੁਰਦੁਆਰੇ ਵਿਚੋਂ ਕੱਢ ਦਿੱਤਾ। ਸੋ ਹੁਣ ਇਹ ਬਾਬਾ ਪਿੰਡ ਕੁਠਾਲਾ ਵਿਖੇ ਆਪਣੀ ਸਕੀਮ ਲਾਉਣ ਵਿੱਚ ਸਫਲ ਹੋ ਗਿਆ ਹੈ। ਧਰਮ ਦੀ ਆੜ ਹੇਠ ਚੱਲ ਰਿਹਾ ਇਹ ਵਿਓਪਾਰ ਕਿੰਨੇ ਕੁ ਦਿਨ ਚੱਲੇਗਾ ਤੇ ਕਿੰਨੇ ਕੁ ਲੋਕ ਇਸ ਦੀ ਲਪੇਟ ਵਿਚ ਆਉਣਗੇ,ਇਸ ਉੱਪਰ ਸੂਝਵਾਨ ਲੋਕਾਂ ਦੀਆਂ ਨਜ਼ਰਾਂ ਬਣੀਆਂ ਹੋਈਆਂ ਹਨ। ਜਦੋਂ ਇਸ ਗੈਰ ਕਨੂੰਨੀ,ਗੈਰ ਧਰਮੀ ਧੰਦੇ ਸਬੰਧੀ ਐਸ ਡੀ ਐਮ ਮਲੇਰਕੋਟਲਾ ਵਿਕਰਮਜੀਤ ਸਿੰਘ ਪੈਂਥੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਜੇਕਰ ਕੋਈ ਲਿਖਤੀ ਸ਼ਿਕਾਇਤ ਕਰਦਾ ਹੈ ਤਾਂ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇਗੀ,ਜਦੋ ਉਹਨਾਂ ਦਾ ਧਿਆਨ ਸ਼ੋਸ਼ਲ ਮੀਡੀਏ ਤੇ ਪਾਈਆਂ ਪੋਸਟਾਂ ਵੱਲ ਦਿਵਾਇਆ,ਤਾਂ ਉਹਨਾਂ ਕਿਹਾ ਕਿ ਜੇਕਰ ਸ਼ੋਸ਼ਲ ਮੀਡੀਏ ਤੇ ਇਸ ਸਬੰਧੀ ਲਿਖਿਆ ਗਿਆ ਹੈ,ਤਾਂ ਵੀ ਕਾਰਵਾਈ ਹੋ ਸਕਦੀ ਹੈ,ਇਸ ਦੀ ਪੜਤਾਲ ਕੀਤੀ ਜਾਵੇਗੀ। ਡੀ ਸੀ ਸੰਗਰੂਰ ਨੇ ਇਸ ਮਾਮਲੇ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਰਕਾਰ ਇਸ ਤਰਾਂ ਦੇ ਫਰਾਡ ਤੋ ਬਚਣ ਲਈ ਇਸ਼ਤਿਹਾਰ ਦਿੰਦੀ ਹੈ,ਪਰ ਲੋਕ ਫਿਰ ਵੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਕਿਹਾ ਕਿ ਜੇਕਰ ਕੋਈ ਇਸ ਸਬੰਧੀ ਲਿਖਤੀ ਸ਼ਿਕਾਇਤ ਕਰਦਾ ਹੈ,ਤਾਂ ਜਰੂਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਪਟਿਆਲਾ ਜੋਨ ਦੇ ਕਮਿਸ਼ਨਰ ਦੀਪਇੰਦਰ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਸ਼ਿਕਾਇਤ ਹੋਣ ਤੋਂ ਬਾਅਦ ਹੀ ਕੋਈ ਕਾਰਵਾਈ ਹੋ ਸਕਦੀ ਹੈ। ਐੱਸ.ਐੱਸ.ਪੀ ਸੰਗਰੂਰ ਨੇ ਵੀ ਉਕਤ ਹੀ ਜਵਾਬ ਦਿੰਦਿਆਂ ਕਿਹਾ ਕਿ ਸ਼ਿਕਾਇਤ ਆਉਣ ’ਤੇ  ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ। ਜਦੋਂ ਉਕਤ ਮਾਮਲੇ ਸਬੰਧੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਵਾਰ ਵਾਰ ਫੋਨ ਕਰਨ ਤੇ ਵੀ ਉਹਨਾਂ ਗੱਲ ਕਰਨ ਦੀ ਲੋੜ ਨਹੀਂ ਸਮਝੀ, ਅਖੀਰ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਜਥੇਦਾਰ ਸਾਹਿਬ ਦਿੱਲੀ ਗਏ ਹੋਏ ਹਨ,ਜਦੋਂ ਵਾਪਸ ਆਉਣਗੇ ਤਾਂ ਤੁਹਾਡੀ ਗੱਲ ਕਰਵਾ ਦਿੱਤੀ ਜਾਵੇਗੀ, ਪ੍ਰੰਤੂ ਵਾਪਸ ਆਉਣ ਤੇ ਵੀ ਉਹਨਾਂ ਨੇ ਇਸ ਗੰਭੀਰ ਮਸਲੇ ਵੱਲ ਕੋਈ ਧਿਆਨ ਨਹੀ ਦਿੱਤਾ, ਜਦੋਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਪੜਤਾਲ ਕਰਵਾਉਣ ਲਈ ਧਰਮ ਪ੍ਰਚਾਰ ਦੇ ਮੈਂਬਰਾਂ ਦੀ ਡਿਊਟੀ ਲਗਾਉਣਗੇ ਤਾਂ ਕਿ ਸਹੀ ਜਾਣਕਾਰੀ ਮਿਲ ਸਕੇ। 

ਜਦੋਂ ਇਸ ਮਾਮਲੇ ਸਬੰਧੀ ਗੁਰਦੁਆਰਾ ਸਾਹਿਬ ਦੇ ਉਕਤ ਗ੍ਰੰਥੀ ਸਿੰਘ ਭਾਈ ਗੁਰਮੇਲ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਚਿਟਫੰਡ ਕੰਪਨੀ ਨਹੀਂ ਚਲਾ ਰਹੇ, ਅਖੰਡ ਪਾਠ ਸਾਹਿਬ ਦੀ ਭੇਟਾ ਦੇ ਰੂਪ ਵਿਚ ਮਾਇਆ ਦਾਨ ਕੀਤਾ ਜਾ ਰਹੀ ਹੈ, ਜੋ ਅੱਗੇ ਲੋਕਾਂ ਵਿਚ ਵੰਡੀ ਜਾਵੇਗੀ, ਜਿਸ ਤਰ੍ਹਾਂ ਇਹ ਪੈਸਾ ਆਈ ਜਾਵੇਗਾ ਉਸੇ ਤਰ੍ਹਾਂ ਅੱਗੇ ਵੰਡਿਆ ਜਾਵੇਗਾ। ਜਦੋਂ ਆਉਣਾ ਬੰਦ ਹੋ ਗਿਆ ਤਾਂ ਕੰਮ ਰੁਕ ਜਾਵੇਗਾ। ਪਰ ਗੁਰੂ ਦੀ ਕਿਰਪਾ ਨਾਲ ਇਹ ਕੰਮ ਰੁਕੇਗਾ ਨਹੀਂ। ਵੱਡੇ ਪੱਧਰ ਤੇ ਚੱਲਦਾ ਰਹੇਗਾ। ਸੋ ਜੇਕਰ ਪ੍ਰਸ਼ਾਸ਼ਨ ਵੱਲੋਂ ਇਸ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾਂਦੀ ਹੈ ਤਾਂ ਇਸ ਕਾਰੋਬਾਰ ਦੇ ਪਿੱਛੇ ਅਸਲ ਮਾਸਟਰਮਾਈਂਡ ਵਿਅਕਤੀ ਕੌਣ ਹੈ ਅਤੇ ਇਸ ਕਾਰੋਬਾਰ ਨੂੰ ਚਲਾਉਣ ਲਈ ਕਿਹੜੇ ਸਿਆਸੀ ਆਗੂ ਦਾ ਥਾਪੜਾ ਹੈ,ਸਾਰਾ ਕੁੱਝ ਸਾਹਮਣੇ ਆ ਜਾਵੇਗਾ ਅਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਤੋ ਇਨਕਾਰ ਨਹੀ ਕੀਤਾ ਜਾ ਸਕਦਾ।