ਸਾਡਾ ਸਮਾਜ: ਤਾਰ-ਤਾਰ ਹੁੰਦਾ ਰਿਸ਼ਤਿਆਂ ਦਾ ਤਾਣਾ-ਬਾਣਾ

ਸਾਡਾ ਸਮਾਜ: ਤਾਰ-ਤਾਰ ਹੁੰਦਾ ਰਿਸ਼ਤਿਆਂ ਦਾ ਤਾਣਾ-ਬਾਣਾ

ਸਿਮਰਜੀਤ ਕੌਰ

ਸਮਾਜ ਵਿਚ ਕੁਝ ਕੁ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਦਾ ਅਸਰ ਸਾਡੇ ਦਿਲੋ-ਦਿਮਾਗ 'ਤੇ ਡੂੰਘਾ ਉੱਕਰ ਜਾਂਦਾ ਹੈ। ਇਕ ਅਮੀਰ ਪਰਿਵਾਰ ਦੇ ਬੱਚਿਆਂ ਦੁਆਰਾ ਠੁਕਰਾਈ ਹੋਈ ਬਜ਼ੁਰਗ ਔਰਤ ਦੀ ਸਿਰ 'ਚ ਕੀੜੇ ਪੈ ਕੇ ਦਿਲ ਦਹਿਲਾਉਣ ਵਾਲੀ ਹਾਲਤ 'ਚ ਹੋਈ ਮੌਤ ਦੀ ਘਟਨਾ ਪਿਛਲੇ ਦਿਨੀਂ ਸੁਰਖੀਆਂ ਵਿਚ ਰਹੀ ਹੈ। ਟੀਵੀ ਅਤੇ ਸੋਸ਼ਲ ਮੀਡੀਆ 'ਤੇ ਵਾਰ-ਵਾਰ ਇਹ ਖ਼ਬਰ ਪ੍ਰਸਾਰਿਤ ਹੋਣ ਕਾਰਨ ਇਸ ਨੇ ਮੇਰੇ ਮਨ 'ਤੇ ਵੀ ਬੜਾ ਅਸਰ ਪਾਇਆ। ਉਸ ਬਜ਼ੁਰਗ ਔਰਤ ਦੀ ਹਾਲਤ ਵੇਖ ਕੇ ਮੈਨੂੰ ਆਪਣੀ ਮਰਹੂਮ ਦਾਦੀ ਸੱਸ ਵਾਰ-ਵਾਰ ਚੇਤੇ ਆਉਣ ਲੱਗ ਪਈ ਸੀ। ਜਦ ਮੇਰਾ ਵਿਆਹ ਹੋਇਆ ਤਾਂ ਆਪਣੇ ਸਹੁਰਾ ਪਰਿਵਾਰ ਦੇ ਮੈਂਬਰਾਂ ਦੇ ਸੁਭਾਅ ਬਾਰੇ ਮੇਰੇ 'ਚ ਇਕ ਅਜੀਬ ਕਿਸਮ ਦਾ ਤੌਖ਼ਲਾ ਸੀ। ਮੈਨੂੰ ਇੰਨਾ ਕੁ ਜ਼ਰੂਰ ਪਤਾ ਲੱਗ ਗਿਆ ਸੀ ਕਿ ਮੇਰੀ ਦਾਦੀ ਸੱਸ ਬੜੀ ਹੀ ਅੱਖੜ ਸੁਭਾਅ ਦੀ ਮਾਲਕਣ ਹੈ। ਮੇਰਾ ਡਰ ਵਾਜਬ ਵੀ ਸੀ ਕਿਉਂਕਿ ਮੈਨੂੰ ਸੱਸ ਦੇ ਨਾਲ-ਨਾਲ ਉਸ ਦੀ ਸੱਸ ਦਾ ਵੀ ਸਾਹਮਣਾ ਕਰਨਾ ਪੈਣਾ ਸੀ। ਮਨ 'ਚ ਇਕ ਧੁੜਕੂ ਵੀ ਸੀ ਕਿ ਕੀ ਮੈਂ ਉਨ੍ਹਾਂ ਦੇ ਮਨ ਦੇ ਮੇਚ ਦੀ ਸਾਬਤ ਹੋ ਸਕਾਂਗੀ ਕਿ ਨਹੀਂ? ਮੇਰੀ ਦਾਦੀ ਸੱਸ ਦੀ ਉਮਰ ਉਦੋਂ ਬਿਆਸੀ ਸਾਲ ਦੀ ਸੀ ਪਰ ਉਹ ਸਰੀਰਕ ਹੀ ਨਹੀਂ, ਮਾਨਸਿਕ ਰੂਪ ਵਿਚ ਵੀ ਨੌ ਬਰ ਨੌ ਸੀ। ਉਸ ਨੇ ਘਰ 'ਚ ਆਪਣਾ ਪੂਰਾ ਦਬਦਬਾ ਕਾਇਮ ਰੱਖਿਆ ਹੋਇਆ ਸੀ। ਗਲੀ-ਮੁਹੱਲੇ ਦੇ ਲੋਕ ਵੀ ਉਸ ਦੀ ਸਲਾਹ ਲੈ ਕੇ ਕੰਮ ਕਰਦੇ ਸਨ। ਕੁਝ ਦਿਨਾਂ 'ਚ ਹੀ ਮੈਨੂੰ ਪਤਾ ਲੱਗਾ ਕਿ ਉਹ ਥੋੜ੍ਹਾ-ਬਹੁਤ ਪੜ੍ਹਨਾ-ਲਿਖਣਾ ਜਾਣਦੀ ਹੈ। ਰੋਜ਼ ਅਖ਼ਬਾਰ ਪੜ੍ਹਦੀ ਹੋਣ ਕਾਰਨ ਉਹ ਲਗਪਗ ਸਾਰੇ ਮਸਲਿਆਂ ਬਾਰੇ ਜਾਣਕਾਰੀ ਰੱਖਦੀ ਸੀ। ਕਈ ਵਾਰ ਤਾਂ ਕੋਈ ਇਹੋ ਜਿਹੀ ਭਵਿੱਖਬਾਣੀ ਕਰ ਦਿੰਦੀ ਜੋ ਛੇਤੀ ਹੀ ਸੱਚੀ ਸਾਬਤ ਹੋ ਜਾਂਦੀ ਸੀ। ਥੋੜ੍ਹੇ ਦਿਨਾਂ 'ਚ ਹੀ ਉਹ ਮੇਰੇ ਨਾਲ ਪੂਰੀ ਤਰ੍ਹਾਂ ਘੁਲ-ਮਿਲ ਗਈ ਸੀ। ਮੈਨੂੰ ਉਸ ਦਾ ਸਾਥ ਆਪਣੀ ਸਕੀ ਦਾਦੀ ਵਰਗਾ ਮਹਿਸੂਸ ਹੋਣ ਲੱਗ ਪਿਆ ਸੀ। ਭਾਵੇਂ ਕਿ ਮੈਂ ਆਰਟ ਅਤੇ ਕਰਾਫਟ ਅਧਿਆਪਕਾ ਲੱਗ ਕੇ ਪੂਰੀ ਖ਼ੁਸ਼ ਸਾਂ ਪਰ ਉਸ ਨੇ ਮੈਨੂੰ ਆਖਣਾ ਸ਼ੁਰੂ ਕਰ ਦਿੱਤਾ ਕਿ ਤੈਨੂੰ ਬੀਐੱਡ ਕਰਵਾ ਕੇ ਤਰੱਕੀ ਜ਼ਰੂਰ ਕਰਵਾਉਣੀ ਹੈ। ਮੈਂ ਹੈਰਾਨ ਸਾਂ ਕਿ ਉਸ ਅੱਧ-ਪੜ੍ਹ ਜਿਹੀ ਔਰਤ ਨੂੰ ਸਾਡੇ ਮਹਿਕਮੇ ਬਾਰੇ ਇੰਨਾ ਡੂੰਘਾ ਗਿਆਨ ਕਿਵੇਂ ਹਾਸਲ ਸੀ!

ਮੇਰੀ ਹੈਰਾਨੀ ਨੂੰ ਭਾਂਪ ਕੇ ਮੇਰੇ ਪਤੀ ਨੇ ਮੈਨੂੰ ਦੱਸਿਆ ਕਿ ਉਹ ਆਪਣੀ ਬੀਐੱਸਸੀ ਦੇ ਤੀਜੇ ਸਾਲ ਦੇ ਪੇਪਰ ਦੇ ਕੇ ਕਲਕੱਤੇ ਚਲੇ ਗਏ ਸਨ। ਇਸ ਮਗਰੋਂ ਉਨ੍ਹਾਂ ਦਾ ਨਤੀਜਾ ਆ ਗਿਆ ਸੀ। ਮੇਰੀ ਦਾਦੀ ਸੱਸ ਨੇ ਵਾਰ-ਵਾਰ ਫੋਨ ਕਰ ਕੇ ਉਨ੍ਹਾਂ ਨੂੰ ਘਰ ਵਾਪਸ ਬੁਲਾ ਲਿਆ ਸੀ। ਇਹੀ ਨਹੀਂ, ਉਹ ਖ਼ੁਦ ਉਨ੍ਹਾਂ ਦਾ ਨਤੀਜਾ ਕਾਰਡ ਕਾਲਜ ਤੋਂ ਲੈ ਕੇ ਆਉਣ ਦੇ ਨਾਲ-ਨਾਲ ਬੀਐੱਡ ਦੇ ਫਾਰਮ ਵੀ ਲੈ ਕੇ ਆਈ ਸੀ। ਕਲਕੱਤੇ ਤੋਂ ਵਾਪਸ ਆਉਂਦਿਆਂ ਨੂੰ ਦਾਦੀ ਸੱਸ ਨੇ ਮੇਰੇ ਪਤੀ ਨੂੰ ਬੀਐੱਡ ਦੀ ਤਿਆਰੀ ਦਾ ਹੁਕਮ ਚਾੜ੍ਹ ਦਿੱਤਾ ਸੀ ਜਿਸ ਨੂੰ ਟਾਲਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀ। ਮੇਰੀ ਦਾਦੀ ਸੱਸ ਦੀ ਕਰੜਾਈ ਕਾਰਨ ਹੀ ਮੇਰੇ ਪਤੀ ਬੀਐੱਡ ਕਰ ਕੇ ਗਣਿਤ ਅਧਿਆਪਕ ਵਜੋਂ ਨਿਯੁਕਤ ਹੋਏ। ਮੇਰੇ ਲਈ ਇਹ ਗੱਲਾਂ ਬੜੀਆਂ ਹੈਰਾਨੀ ਭਰੀਆਂ ਸਨ। ਕੁਝ ਦਿਨਾਂ 'ਚ ਹੀ ਮੈਂ ਵੇਖਿਆ ਕਿ ਮੇਰੀ ਦਾਦੀ ਸੱਸ ਆਪਣੇ ਪੜ-ਪੋਤਿਆਂ ਦੀ ਪੜ੍ਹਾਈ-ਲਿਖਾਈ ਪ੍ਰਤੀ ਕਿੰਨੀ ਚਿੰਤਤ ਸੀ? ਉਸ ਨੂੰ ਪਰਿਵਾਰ ਦੇ ਹਰ ਬੱਚੇ ਤਾਂ ਕੀ, ਆਂਢ-ਗੁਆਂਢ ਦੇ ਬੱਚਿਆਂ ਬਾਰੇ ਵੀ ਜਾਣਕਾਰੀ ਸੀ ਕਿ ਉਹ ਪੜ੍ਹਾਈ ਵੱਲ ਧਿਆਨ ਦੇ ਰਿਹਾ ਹੈ ਜਾਂ ਨਹੀਂ! ਉਸ ਨੂੰ ਵੇਖ ਕੇ ਮੈਨੂੰ ਕਿਸੇ ਦੀ ਆਖੀ ਗਈ ਗੱਲ ਚੇਤੇ ਆ ਰਹੀ ਸੀ ਕਿ ਇਕ ਮੁੰਡੇ ਦੇ ਪੜ੍ਹਨ ਨਾਲ ਇਕ ਜਣਾ ਹੀ ਪੜ੍ਹਦਾ ਹੈ ਪਰ ਕੁੜੀ ਦੇ ਪੜ੍ਹਨ ਨਾਲ ਕਈ ਪਰਿਵਾਰ ਪੜ੍ਹ ਜਾਂਦੇ ਹਨ। ਮੇਰੀ ਦਾਦੀ ਸੱਸ ਨੇ ਮੈਨੂੰ ਵੀ ਬੀਐੱਡ ਕਰਨ ਦਾ ਹੁਕਮ ਸੁਣਾ ਦਿੱਤਾ ਸੀ। ਉਸੇ ਸਾਲ ਜਦ ਮੈਨੂੰ ਬੀਐੱਡ 'ਚ ਦਾਂਲਾ ਮਿਲ ਗਿਆ ਤਾਂ ਉਸ ਨੇ ਘਰ ਦਾ ਸਾਰਾ ਕੰਮ ਆਪਣੇ ਮੋਢਿਆਂ ਉੱਤੇ ਚੁੱਕ ਲਿਆ ਸੀ। ਉਸ ਨੇ ਟੱਬਰ ਦੇ ਬਾਕੀ ਜੀਆਂ ਨੂੰ ਹਦਾਇਤ ਕਰ ਦਿੱਤੀ ਸੀ ਕਿ ਇਸ ਸਮੇਂ ਦੌਰਾਨ ਮੈਨੂੰ ਕੋਈ ਵੀ ਵਾਧੂ ਕੰਮ ਨਹੀਂ ਕਹਿਣਾ। ਇਹੀ ਕਾਰਨ ਸੀ ਕਿ ਮੈਂ ਘਰੇਲੂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਕੇ ਆਰਾਮ ਨਾਲ ਪੜ੍ਹਾਈ ਕਰਦੀ ਰਹੀ। ਭਾਵੇਂ ਕਿ ਮੇਰੀ ਦਾਦੀ ਸੱਸ ਅੱਜ ਸਾਡੇ ਵਿਚ ਨਹੀਂ ਹੈ ਪਰ ਉਸ ਦਾ ਪਰਿਵਾਰ ਪ੍ਰਤੀ ਮੋਹ, ਪਿਆਰ, ਤਿਆਗ, ਤਾਂਘ ਅਤੇ ਜਜ਼ਬਾ ਚੇਤੇ ਕਰ ਕੇ ਮੇਰੀਆਂ ਅੱਖਾਂ ਅੱਜ ਵੀ ਭਰ ਆਉਂਦੀਆਂ ਹਨ। ਉਹ ਔਰਤ ਜਿਸ ਤੋਂ ਮੈਂ ਡਰਦੀ ਰਹੀ ਸਾਂ, ਉਹੀ ਮੈਨੂੰ ਅਗਲੇਰੀ ਪੜ੍ਹਾਈ ਲਈ ਪ੍ਰੇਰਿਤ ਕਰ ਕੇ ਮੇਰੀ ਮਹਿਕਮੇ ਵਿਚ ਤਰੱਕੀ ਦਾ ਵੱਡਾ ਕਾਰਕ ਅਤੇ ਕਾਰਨ ਬਣੀ ਸੀ। ਅੱਜ ਮੈਂ ਜੋ ਵੀ ਹਾਂ ਉਹ ਉਸ ਦਾਨਿਸ਼ਮੰਦ ਬਜ਼ੁਰਗ ਔਰਤ ਦੀਆਂ ਅਸੀਸਾਂ ਅਤੇ ਛੱਤਰ-ਛਾਇਆ ਸਦਕਾ ਹਾਂ। ਤਿਰੰਨਵੇਂ ਸਾਲ ਦੀ ਉਮਰ ਭੋਗ ਕੇ ਜਦ ਉਹ ਇਸ ਫ਼ਾਨੀ ਸੰਸਾਰ ਤੋਂ ਰੁਖ਼ਸਤ ਹੋਈ ਤਾਂ ਮੈਨੂੰ ਇੰਜ ਜਾਪਿਆ ਸੀ ਜਿਵੇਂ ਮੇਰੇ ਸਰੀਰ ਦਾ ਕੋਈ ਅੰਗ ਮੇਰੇ ਨਾਲੋਂ ਅਲੱਗ ਹੋ ਗਿਆ ਹੋਵੇ। ਆਪਣਾ-ਆਪ ਸੰਭਾਲਣ 'ਚ ਮੈਨੂੰ ਕਈ ਮਹੀਨੇ ਲੱਗ ਗਏ ਸਨ। ਇਹ ਅਟੱਲ ਸੱਚਾਈ ਹੈ ਕਿ ਸਾਰੇ ਬਜ਼ੁਰਗ ਆਪਣੇ ਪਰਿਵਾਰ ਦੀ ਤਰੱਕੀ ਅਤੇ ਖ਼ੁਸ਼ਹਾਲੀ ਵੇਖਣਾ ਚਾਹੁੰਦੇ ਹੁੰਦੇ ਹਨ। ਮੈਂ ਉਸ ਬਜ਼ੁਰਗ ਔਰਤ ਦੀ ਮਾਨਸਿਕ ਹਾਲਤ ਵੀ ਵਾਰ-ਵਾਰ ਚਿਤਵ ਰਹੀ ਹਾਂ ਜਿਸ ਦੀ ਮੌਤ ਬੜੇ ਹੀ ਦਰਦਨਾਕ ਹਾਲਾਤ ਵਿਚ ਹੋਣ ਕਾਰਨ ਉਹ ਸੁਰਖ਼ੀਆਂ 'ਚ ਆਈ ਸੀ। ਜਦ ਉਸ ਦੇ ਆਪਣੇ ਬੱਚੇ ਤਰੱਕੀ ਦੀਆਂ ਨਵੀਆਂ ਪੈੜਾਂ ਪਾ ਰਹੇ ਹੋਣਗੇ ਉਹ ਕਿੰਨੀ ਖ਼ੁਸ਼ ਹੁੰਦੀ ਹੋਵੇਗੀ? ਉਸ ਨੇ ਵੀ ਆਪਣੇ ਪਰਿਵਾਰ ਦੀ ਤਰੱਕੀ ਲਈ ਕਿੰਨੇ ਸੁਪਨੇ ਵੇਖੇ ਹੋਣਗੇ ਅਤੇ ਉਹ ਸੱਚ ਵੀ ਹੋ ਨਿੱਬੜੇ ਸਨ।

ਪਰ ਅਫ਼ਸੋਸ ਕਿ ਅਜੋਕੀ ਪੀੜ੍ਹੀ ਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁਲਾ ਦਿੱਤਾ ਹੈ। ਉਸ ਲਈ ਪੈਸਾ ਅਤੇ ਜਾਇਦਾਦ ਹੀ ਇਕ ਟੀਚਾ ਬਣ ਕੇ ਰਹਿ ਗਿਆ ਹੈ। ਉਹ ਨਹੀਂ ਜਾਣਦੇ ਕਿ ਜੜ੍ਹ ਨਾਲੋਂ ਟੁੱਟ ਚੁੱਕੇ ਰੁੱਖ ਸਦਾ ਹਰੇ-ਭਰੇ ਨਹੀਂ ਰਹਿ ਸਕਦੇ। ਇਹ ਘਟਨਾ ਸਾਨੂੰ ਇਕ ਵੱਡੀ ਸਿੱਖਿਆ ਵੀ ਦਿੰਦੀ ਹੈ ਕਿ ਸਾਨੂੰ ਆਪਣੇ ਬੱਚਿਆਂ ਨੂੰ ਕਿਤਾਬੀ ਪੜ੍ਹਾਈ ਦੇ ਨਾਲ-ਨਾਲ ਨੈਤਿਕ ਸਿੱਖਿਆ 'ਤੇ ਵੀ ਜ਼ੋਰ ਦੇਣਾ ਚਾਹੀਦਾ ਹੈ। ਸਰਕਾਰ ਅਤੇ ਸਮਾਜ ਵਿਗਿਆਨੀਆਂ ਨੂੰ ਇਸ ਮਸਲੇ ਵੱਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਕੱਲ੍ਹ ਨੂੰ ਅਜਿਹੀ ਮਨਹੂਸ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ। ਭਾਵੇਂ ਬਜ਼ੁਰਗਾਂ ਦੇ ਹੱਕ 'ਚ ਕਈ ਕਾਨੂੰਨ ਬਣੇ ਹੋਏ ਹਨ ਪਰ ਜਾਣਕਾਰੀ ਦੀ ਅਣਹੋਂਦ ਕਾਰਨ ਉਹ ਅਜੇ ਵੀ ਨਰਕ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਇਨ੍ਹਾਂ ਕਾਨੂੰਨਾਂ ਦੀ ਜਾਣਕਾਰੀ ਦੇਣ ਹਿੱਤ ਸਰਕਾਰ ਨੂੰ ਇਕ ਵਿਸ਼ੇਸ਼ ਜਾਗਰੂਕਤਾ ਮੁਹਿੰਮ ਵਿੱਢਣੀ ਚਾਹੀਦੀ ਹੈ। ਮੈਂ ਉਮੀਦ ਕਰਦੀ ਹੋਈ ਦੁਆ ਵੀ ਕਰਦੀ ਹਾਂ ਕਿ ਕਿਸੇ ਵੀ ਵਿਅਕਤੀ ਨੂੰ ਆਪਣੀ ਜ਼ਿੰਦਗੀ ਦਾ ਸੂਰਜ ਅਸਤ ਹੋਣ ਵੇਲੇ ਪਸ਼ੂਆਂ ਤੋਂ ਵੀ ਬਦਤਰ ਅਜਿਹੀ ਜ਼ਿੰਦਗੀ ਬਤੀਤ ਨਾ ਕਰਨੀ ਪਵੇ। ਇਨ੍ਹਾਂ ਮਾੜੇ ਕੀਤੇ ਕੰਮਾਂ ਦਾ ਫ਼ਲ ਹਰ ਹਾਲਤ ਵਿਚ ਸਾਡੇ ਕੋਲ ਪਹੁੰਚਦਾ ਹੈ। ਪਤਾ ਨਹੀਂ, ਅਜਿਹੇ ਲੋਕ ਕਿਵੇਂ ਭੁੱਲ ਜਾਂਦੇ ਹਨ ਕਿ ਜੇ ਉਨ੍ਹਾਂ ਦੇ ਮਾਪੇ ਬੁੱਢੇ ਹੋਏ ਹਨ ਤਾਂ ਕੱਲ੍ਹ ਨੂੰ ਉਨ੍ਹਾਂ ਨੇ ਵੀ ਅਜਿਹੀ ਅਵਸਥਾ ਹੰਢਾਉਣੀ ਹੈ।

ਇਹ ਇਤਿਹਾਸ ਸਾਡੇ 'ਤੇ ਪ੍ਰਮਾਤਮਾ ਵੱਲੋਂ ਦੁਹਰਾਇਆ ਗਿਆ ਤਾਂ ਸਾਡਾ ਕੀ ਹਸ਼ਰ ਹੋਵੇਗਾ, ਸ਼ਾਇਦ ਇਸ ਤੋਂ ਵੀ ਬੁਰਾ। ਇਕ ਗੱਲ ਹੋਰ, ਜੋ ਇਨਸਾਨ ਆਪਣੇ ਮਾਪਿਆਂ ਦਾ ਨਹੀਂ ਬਣਿਆ ਉਹ ਹੋਰ ਕਿਸੇ ਦਾ ਵੀ ਕਦੇ ਨਹੀਂ ਬਣ ਸਕਦਾ। ਇਨ੍ਹਾਂ ਨੇ 'ਦੁੱਧਾਂ ਨਾਲ ਪੁੱਤ ਪਾਲ ਕੇ ਫੇਰ ਪਾਣੀ ਨੂੰ ਤਰਸਦੀਆਂ ਮਾਵਾਂ' ਨੂੰ ਪੂਰੀ ਤਰ੍ਹਾਂ ਸਾਬਿਤ ਕਰ ਦਿੱਤਾ ਹੈ। ਜੋ ਆਪਣੇ ਖ਼ੂਨ ਅਤੇ ਪਿਆਰ ਦੇ ਰਿਸ਼ਤਿਆਂ ਦੀ ਕਦਰ ਨਹੀਂ ਕਰ ਸਕੇ ਉਨ੍ਹਾਂ ਨੂੰ ਸਮਾਜਿਕ ਤੌਰ 'ਤੇ ਵੀ ਦੁਰਕਾਰਾਂ ਹੀ ਮਿਲਦੀਆਂ ਹਨ। ਸਮਝ ਨਹੀਂ ਆ ਰਹੀ ਕਿ ਮਨੁੱਖ ਇਖ਼ਲਾਕੀ ਤੌਰ 'ਤੇ ਇੰਨਾ ਹੇਠਾਂ ਡਿੱਗ ਚੁੱਕਾ ਹੈ ਕਿ ਉਹ ਮਾਵਾਂ ਵਰਗੇ ਘਣਛਾਵੇਂ ਬੂਟੇ ਨੂੰ ਕਿਵੇਂ ਜੜ੍ਹੋਂ ਪੁੱਟ ਕੇ ਬਾਹਰ ਸੁੱਟ ਦਿੰਦਾ ਹੈ। ਉਹ ਕਿਉਂ ਨਹੀਂ ਸਮਝ ਰਿਹਾ ਕਿ ਬਜ਼ੁਰਗ ਜ਼ਿੰਦਗੀ ਦੇ ਤਜਰਬਿਆਂ ਦਾ ਖ਼ਜ਼ਾਨਾ ਹੁੰਦੇ ਹਨ ਜਿਨ੍ਹਾਂ ਦੀ ਬਦੌਲਤ ਘਰ ਮਹਿਕਦਾ ਤੇ ਟਹਿਕਦਾ ਹੈ। ਉਨ੍ਹਾਂ ਕੋਲ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਸੰਭਾਲਣ ਤੇ ਸੰਵਾਰਨ ਦਾ ਬਹੁਤ ਜ਼ਿਆਦਾ ਸਮਾਂ ਹੁੰਦਾ ਹੈ। ਉਨ੍ਹਾਂ ਤੋਂ ਬਿਨਾਂ ਅਸੀਸਾਂ ਹੀ ਮੁੱਕ ਜਾਂਦੀਆਂ ਹਨ। ਸਾਡੀ ਬੀਬੀ ਭਾਵੇਂ 93 ਸਾਲ ਦੀ ਉਮਰ ਭੋਗ ਕੇ ਗਏ ਪਰ ਸਾਨੂੰ 39 ਸਾਲਾਂ ਦੇ ਜਵਾਨ ਵਿਅਕਤੀ ਦੇ ਜਾਣ ਵਰਗਾ ਘਾਟਾ ਮਹਿਸੂਸ ਹੋਇਆ। ਚੰਗੇ ਕਰਮ ਕਰਨ ਵਾਲੇ ਵਿਅਕਤੀ ਸ਼ਾਂਤੀ ਭਰੀ ਜ਼ਿੰਦਗੀ ਜਿਊਂਦੇ ਹੀ ਨਹੀਂ, ਸਗੋਂ ਉਨ੍ਹਾਂ ਦਾ ਅੰਤਲਾ ਸਮਾਂ ਬਹੁਤ ਸੁਖਾਲਾ ਹੁੰਦਾ ਹੈ। ਅਕਸਰ ਲੋਕ ਕਹਿੰਦੇ ਹਨ ਕਿ ਜਾਣਾ ਤਾਂ ਸਭ ਨੇ ਹੈ ਪਰ ਮੈਨੂੰ ਵੀ ਫਲਾਣੇ ਵਿਅਕਤੀ ਵਰਗੀ ਮੌਤ ਆਵੇ। ਕੋਈ ਫ਼ਰਕ ਨਹੀਂ ਪੈਂਦਾ ਕਿ ਅਸੀਂ ਕਿੰਨੇ ਸਾਲ ਜਿਉਂ ਕੇ ਗਏ ਪਰ ਕਿੱਦਾਂ ਜਿਉਂ ਕੇ ਗਏ, ਬਹੁਤ ਫ਼ਰਕ ਪੈਂਦਾ ਹੈ। ਵਧੀਆ ਜ਼ਿੰਦਗੀ ਜਿਊਣ ਵਾਲੇ ਲੋਕ ਅਕਸਰ ਦੂਜਿਆਂ ਦੇ ਚੇਤਿਆਂ ਵਿਚ ਜਿਊਂਦੇ ਹਨ।