ਸਿੰਘੂ ਬਾਰਡਰ ਉਪਰ ਖਾਲਸਾ ਜੀ ਦੇ ਰੰਗ

ਸਿੰਘੂ ਬਾਰਡਰ ਉਪਰ ਖਾਲਸਾ ਜੀ ਦੇ ਰੰਗ

ਪਰਮਵੀਰ ਸਿੰਘ ਡਾਕਟਰ                         
ਪੰਜਾਬੀ ਯੂਨੀਵਰਸਿਟੀ ਪਟਿਆਲਾ

ਖੇਤੀ ਬਿਲਾਂ ਦੇ ਵਿਰੋਧ ਵਿਚ ਦਿੱਲੀ ਵਿਖੇ ਚੱਲ ਰਿਹਾ ਕਿਸਾਨ ਮੋਰਚਾ ਨਵੇਂ ਇਤਿਹਾਸ ਦੀ ਸਿਰਜਨਾ ਕਰ ਰਿਹਾ ਹੈ। ਭਾਵੇਂ ਕਿ ਮੋਰਚਾ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ, ਦਿੱਲੀ-ਜੈਪੁਰ ਹਾਈਵੇ 'ਤੇ ਪੂਰਨ ਜੋਸ਼, ਉਤਸ਼ਾਹ, ਭਾਈਚਾਰਕ ਸਾਂਝ ਨਾਲ ਚੱਲ ਰਿਹਾ ਹੈ ਪਰ ਇਸ ਦਾ ਮੁੱਖ ਕੇਂਦਰ ਸਿੰਘੂਪੁਰ ਬਾਰਡਰ ਨੂੰ ਮੰਨਿਆ ਜਾ ਰਿਹਾ ਹੈ। ਇਸ ਬਾਰਡਰ ਦੇ ਇਕ ਪਾਸੇ ਕਿਸਾਨੀ ਮੋਰਚੇ ਦੀ ਸਟੇਜ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਕੁੱਝ ਦੂਰੀ 'ਤੇ ਪੁਲਿਸ ਅਤੇ ਨੀਮ ਫ਼ੌਜੀ ਦਸਤੇ ਆਪੋ ਆਪਣੇ ਮੋਰਚਿਆਂ 'ਤੇ ਕਾਇਮ ਹਨ ਅਤੇ ਇਹਨਾਂ ਦੋਵਾਂ ਦੇ ਵਿਚਕਾਰ ਨਿਹੰਗ ਸਿੰਘ ਆਪਣੇ ਘੋੜਿਆਂ ਸਮੇਤ ਡਟੇ ਹੋਏ ਹਨ ਜਿਨ੍ਹਾਂ ਦਾ ਜਲੌਅ ਦੇਖਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਹੈ। ਅੰਦੋਲਨ ਵਿਚ ਹਿੱਸਾ ਲੈਣ ਵਾਲਾ ਹਰ ਆਮ-ਖਾਸ ਨਿਹੰਗ ਸਿੰਘਾਂ ਦੇ ਜੋਸ਼ ਦੀ ਪ੍ਰਸੰਸਾ ਕਰਦਾ ਨਜ਼ਰ ਆਉਂਦਾ ਹੈ। ਇਥੋਂ ਤੱਕ ਕਿ ਮੋਰਚੇ ਦੇ ਦੂਜੇ ਪਾਸੇ ਖੜੇ ਪੁਲਿਸ ਵਾਲੇ ਵੀ ਇਹਨਾਂ ਦੀ ਸ਼ਸਤਰ ਵਿੱਦਿਆ ਵਿਚ ਰੁਚੀ ਲੈਂਦੇ ਦਿਖਾਈ ਦਿੰਦੇ ਹਨ। 

ਸਿੰਘੂਪੁਰ ਬਾਰਡਰ ਤੋਂ ਦਿੱਲੀ ਜਾਣ ਵਾਲਾ ਰਸਤਾ ਤਾਂ ਬਿਲਕੁਲ ਬੰਦ ਹੈ ਪਰ ਸੋਨੀਪਤ ਵਾਲੇ ਪਾਸੇ ਮੁੱਖ ਸਟੇਜ ਤੋਂ ਲਗਪਗ 11 ਕਿਲੋਮੀਟਰ ਦੀ ਦੂਰੀ ਤੱਕ ਟਰਾਲੀਆਂ, ਟਰੱਕ, ਮਿੰਨੀ ਬੱਸਾਂ, ਟੈਂਪੂ, ਕਾਰਾਂ ਆਦਿ ਹੀ ਨਜ਼ਰ ਆ ਰਹੇ ਹਨ।  ਕੇਵਲ ਐਮਰਜੈਂਸੀ ਸੇਵਾਵਾਂ ਹੀ ਮੁੱਖ ਸਟੇਜ ਤੱਕ ਜਾ ਸਕਦੀਆਂ ਹਨ ਨਹੀਂ ਤਾਂ ਹਰ ਇਕ ਕਾਰ ਵਾਲੇ ਨੂੰ ਲਗਪਗ 4-5 ਕਿਲੋਮੀਟਰ ਦਾ ਪੈਂਡਾ ਤੈਅ ਕਰਨਾ ਪੈਂਦਾ ਹੈ। ਇਹ ਪੈਂਡਾ ਤੈਅ ਕਰਨ ਲਈ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਇਹ ਪੂਰਾ ਇਲਾਕਾ ਮਿੰਨੀ ਪੰਜਾਬ ਵਿਚ ਤਬਦੀਲ ਹੋ ਚੁਕਿਆ ਹੈ ਜਿਸ ਵਿਚ ਹਰਿਆਣਾ ਅਤੇ ਹੋਰਨਾਂ ਰਾਜਾਂ ਦੇ ਕਿਸਾਨ ਵੀ ਸ਼ਾਮਲ ਹਨ।

ਧਰਨੇ ਵਿਚ ਸ਼ਾਮਲ ਹੋਣ ਵਾਲੇ ਜਾਂ ਧਰਨਾਕਾਰੀਆਂ ਦਾ ਸਮਰਥਨ ਕਰਨ ਵਾਲਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਂਦੀ ਬਲਕਿ ਆਮ ਲੋਕਾਂ ਦਾ ਜੋਸ਼ ਅਤੇ ਉਤਸ਼ਾਹ ਕਿਲੋਮੀਟਰਾਂ ਦੀ ਦੂਰੀ ਦਾ ਥਕੇਵਾਂ ਨਹੀਂ ਹੋਣ ਦਿੰਦਾ। ਥਾਂ-ਥਾਂ 'ਤੇ ਲੱਗੇ ਹੋਏ ਚਾਹ, ਪਾਣੀ, ਪ੍ਰਸ਼ਾਦਿਆਂ, ਦਸਤਾਰਾਂ, ਗੰਨੇ ਦੇ ਰਸ, ਫਲਾਂ ਦੇ ਰਸ, ਦਵਾਈਆਂ ਆਦਿ ਦੇ ਲੰਗਰ, ਟਰਾਲੀਆਂ ਵਿਚ ਬਣੀਆਂ ਹੋਈਆਂ ਆਰਜ਼ੀ ਰਿਹਾਇਸ਼ਗਾਹਾਂ, ਟੈਂਟ ਸਿਟੀ, ਸਟਾਲ, ਕਿਤਾਬਾਂ ਦੀਆਂ ਪ੍ਰਦਰਸ਼ਨੀਆਂ ਇਕ-ਦੂਜੇ ਪ੍ਰਤੀ ਪ੍ਰੇਮ ਅਤੇ ਭਾਈਚਾਰਕ ਸਾਂਝ ਦੀ ਭਾਵਨਾ ਖਿੱਚ ਦਾ ਕੇਂਦਰ ਹਨ। ਪਰ ਇਸ ਦੇ ਨਾਲ ਹੀ ਹਰ ਇਕ ਵਿਅਕਤੀ ਮੋਦੀ ਸਰਕਾਰ ਦੁਆਰਾ ਬਿਲ ਵਾਪਸ ਨਾ ਲੈਣ 'ਤੇ ਰੋਸ ਪ੍ਰਗਟ ਕਰਦਾ ਨਜ਼ਰ ਆਉਂਦਾ ਹੈ। ਮੌਜੂਦਾ ਕੇਂਦਰ ਸਰਕਾਰ ਅਤੇ ਉਸ ਦੇ ਮੰਤਰੀਆਂ ਅਤੇ ਰਾਜ ਸਰਕਾਰਾਂ ਵਿਚ ਬੈਠੇ ਉਹਨਾਂ ਦੇ ਨੁਮਾਇੰਦਿਆਂ ਪ੍ਰਤੀ ਆਮ ਲੋਕਾਂ ਵਿਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਹਰ ਇਕ ਰਾਜ ਤੋਂ ਆਇਆ ਵਿਅਕਤੀ ਆਪਣੇ ਤਰੀਕੇ ਨਾਲ ਇਹ ਰੋਸ ਪ੍ਰਗਟ ਕਰ ਰਿਹਾ ਹੈ। ਸਰਕਾਰ ਦੇ ਵਿਰੋਧ ਵਿਚ ਥਾਂ-ਥਾਂ ਸਲੋਗਨ ਲਿਖੇ ਦਿਖਾਈ ਦਿੰਦੇ ਹਨ।

ਆਮ ਲੋਕ ਇਹ ਸਮਝਣ ਲੱਗੇ ਹਨ ਕਿ ਬਿਲਾਂ ਵਿਚ ਸੋਧ ਹੁਣ ਵੱਡਾ ਮਸਲਾ ਨਹੀਂ ਹੈ, ਬਿਲ ਵਾਪਸ ਹੋਣੇ ਚਾਹੀਦੇ ਹਨ। ਕੇਂਦਰ ਸਰਕਾਰ ਦੁਆਰਾ ਖੇਤੀ ਬਿਲ ਪਾਸ ਕਰਨੇ ਰਾਜਾਂ ਦੇ ਅਧਿਕਾਰਾਂ ਵਿਚ ਦਖ਼ਲ-ਅੰਦਾਜ਼ੀ ਹੈ ਅਤੇ ਜੇਕਰ ਕਿਸਾਨ ਸਰਕਾਰ ਦੀ ਇਹ ਗੱਲ ਮੰਨ ਲੈਂਦੇ ਹਨ ਤਾਂ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਹੋਰ ਵਧੇਰੇ ਦਖ਼ਲ ਕਰਨ ਦਾ ਮੌਕਾ ਮਿਲ ਜਾਵੇਗਾ। 

ਜਿਉਂ-ਜਿਉਂ ਇਹ ਅੰਦੋਲਨ ਲੰਮਾ ਹੁੰਦਾ ਜਾ ਰਿਹਾ ਹੈ ਇਸ ਮਸਲੇ ਦੀਆਂ ਹੋਰ ਪਰਤਾਂ ਖੁੱਲਦੀਆਂ ਜਾ ਰਹੀਆਂ ਹਨ ਜਿਹੜੀਆਂ ਕਿ ਕੇਂਦਰ ਸਰਕਾਰ ਦੀ ਪਰੇਸ਼ਾਨੀ ਦਾ ਕਾਰਨ ਬਣ ਸਕਦੀਆਂ ਹਨ। ਜਿਹੜੇ ਰਾਜਾਂ ਦੇ ਨਾਗਰਿਕਾਂ ਨੂੰ ਸਰਕਾਰ ਦੀ ਨੀਤੀ ਸਮਝ ਆ ਰਹੀ ਹੈ, ਉਹ ਕਿਸਾਨ ਅੰਦੋਲਨ ਦਾ ਹਿੱਸਾ ਬਣਦੇ ਜਾ ਰਹੇ ਹਨ। ਇਸ ਦ੍ਰਿਸ਼ਟੀ ਤੋਂ ਹੁਣ ਇਹ ਅੰਦੋਲਨ ਕੇਵਲ ਕਿਸਾਨਾਂ ਤੱਕ ਹੀ ਸੀਮਿਤ ਨਾ ਰਹਿ ਕੇ ਆਮ ਲੋਕਾਂ ਦਾ ਅੰਦੋਲਨ ਬਣਦਾ ਜਾ ਰਿਹਾ ਹੈ।

ਧਰਨਿਆਂ ਵਿਚ ਆਮ ਤੌਰ 'ਤੇ ਆਮ ਲੋਕਾਂ ਨੂੰ ਸ਼ਾਮਲ ਕਰਨਾ ਬਹੁਤ ਮੁਸ਼ਕਲ ਕਾਰਜ ਹੁੰਦਾ ਹੈ। ਰਾਜਨੀਤਿਕ ਪਾਰਟੀਆਂ ਆਪਣੇ ਇਕੱਠ ਦਿਖਾਉਣ ਲਈ ਪੈਸੇ ਅਤੇ ਨਸ਼ਿਆਂ ਦੀ ਖੁਲ੍ਹੀ ਵਰਤੋਂ ਕਰਦੇ ਹਨ ਅਤੇ ਥੋੜੇ ਜਿਹੇ ਇਕੱਠੇ ਹੋਏ ਲੋਕਾਂ ਦੀ ਗਿਣਤੀ ਨੂੰ ਬਹੁਤ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਉਲਟ ਇਸ ਅੰਦੋਲਨ ਵਿਚ ਸਮਾਜ ਦਾ ਹਰ ਇਕ ਵਰਗ ਹਿੱਸਾ ਲੈਣਾ ਚਾਹੁੰਦਾ ਹੈ ਅਤੇ ਉਸ ਦੇ ਮਨ ਵਿਚ ਇਸ ਸੰਘਰਸ਼ ਵਿਚ ਹਾਜ਼ਰੀ ਲਵਾਉਣ ਦਾ ਚਾਅ ਪੈਦਾ ਹੋਇਆ ਹੈ। ਬਹੁਤ ਸਾਰੇ ਲੋਕ ਆਪਣੇ ਸਾਧਨ ਅਤੇ ਪੈਸੇ ਖਰਚ ਕੇ ਇਸ ਅੰਦੋਲਨ ਵਿਚ ਸ਼ਾਮਲ ਹੋਣ ਨੂੰ ਵਡਭਾਗਾ ਮੰਨ ਰਹੇ ਹਨ।

 ਇਸ ਅੰਦੋਲਨ ਵਿਚ ਸ਼ਾਮਲ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾ ਆਵੇ ਇਸ ਲਈ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਜਾ ਰਹੇ ਹਨ। ਪਹਿਲਾਂ-ਪਹਿਲ ਤਾਂ ਕਿਸਾਨੀ ਸੰਘਰਸ਼ ਨਾਲ ਹਮਦਰਦੀ ਰੱਖਣ ਵਾਲੇ ਹੀ ਸਾਹਮਣੇ ਆਏ ਸਨ ਪਰ ਜਦੋਂ ਇਹ ਅੰਦੋਲਨ ਵੱਡਾ ਰੂਪ ਧਾਰਨ ਕਰ ਗਿਆ ਤਾਂ ਬਹੁਤ ਸਾਰੀਆਂ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਇਸ ਕਾਰਜ ਲਈ ਅੱਗੇ ਆਈਆਂ ਹਨ। ਬਹੁਤ ਸਾਰੇ ਦਾਨੀ ਸੱਜਣਾਂ ਨੇ ਅੰਦੋਲਨਕਾਰੀਆਂ ਦੀ ਸਹਾਇਤਾ ਲਈ ਆਪਣੇ ਖ਼ਜ਼ਾਨੇ ਖੋਲ੍ਹ ਦਿੱਤੇ ਹਨ। ਲੋਕਾਂ ਦੀ ਲੋੜ ਨੂੰ ਮਹਿਸੂਸ ਕਰਦੇ ਹੋਏ ਇਹਨਾਂ ਨੇ ਬਿਜਲੀ ਨਾਲ ਚੱਲਣ ਵਾਲੇ ਅਤੇ ਬਿਜਲੀ ਤੋਂ ਬਗ਼ੈਰ ਲੱਕੜੀ ਆਦਿ ਨਾਲ ਚੱਲਣ ਵਾਲੇ ਪਾਣੀ ਗਰਮ ਕਰਨ, ਕੱਪੜੇ ਧੋਣ ਆਦਿ ਦੇ ਸਾਧਨ ਮੁਹਈਆ ਕਰਵਾਏ ਜਾ ਰਹੇ ਹਨ।

ਇਸ ਕਿਸਾਨ ਅੰਦੋਲਨ ਵਿਚ ਹਰਿਆਣਾ ਵਾਸੀਆਂ ਦਾ ਵੀ ਵੱਡਾ ਯੋਗਦਾਨ ਦੇਖਣ ਨੂੰ ਮਿਲ ਰਿਹਾ ਹੈ। ਧਰਨੇ ਵਿਚ ਸ਼ਾਮਲ ਹੋਣ ਦੇ ਨਾਲ-ਨਾਲ ਇਹਨਾਂ ਵੱਲੋਂ ਦੁੱਧ, ਸਬਜ਼ੀਆਂ, ਫਲ ਆਦਿ ਦੀ ਸੇਵਾ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਵਸਨੀਕ ਅਤੇ ਵਪਾਰੀ ਜਾਂ ਦੁਕਾਨਦਾਰ ਅੰਦੋਲਨਕਾਰੀਆਂ ਨੂੰ ਬਿਜਲੀ ਦਾ ਕੁਨੈਕਸ਼ਨ, ਬਾਥਰੂਮ ਦੀ ਸਹੂਲਤ, ਅਰਾਮ ਕਰਨ ਵਾਲੀਆਂ ਸਹੂਲਤਾਂ ਆਦਿ ਪ੍ਰਦਾਨ ਕਰਕੇ ਆਪਣਾ ਯੋਗਦਾਨ ਪਾ ਰਹੇ ਹਨ। ਉਹ ਇਹ ਸਮਝਣ ਲੱਗੇ ਹਨ ਕਿ ਕਿਸਾਨਾਂ ਦੀ ਮੰਗ ਜਾਇਜ਼ ਹੈ ਅਤੇ ਜੇਕਰ ਇਹ ਪੂਰੀ ਨਾ ਹੋਈ ਤਾਂ ਇਸ ਦਾ ਅਸਰ ਉਹਨਾਂ ਦੇ ਜੀਵਨ 'ਤੇ ਪੈਣਾ ਵੀ ਲਾਜ਼ਮੀ ਹੈ।

ਪੰਜਾਬ ਤੋਂ ਦਿੱਲੀ ਨੂੰ ਰੋਜ਼ਾਨਾਂ ਹੀ ਸੈਂਕੜੇ ਕਾਰਾਂ, ਮਿੰਨੀ ਬੱਸਾਂ, ਟਰਾਲੀਆਂ ਆਦਿ ਜਾਂਦੀਆਂ ਅਤੇ ਆਉਂਦੀਆਂ ਹਨ, ਜਿਹੜੇ ਵਹੀਕਲ 'ਤੇ ਕਿਸਾਨੀ ਝੰਡਾ ਲੱਗਿਆ ਹੁੰਦਾ ਹੈ, ਉਹਨਾਂ ਤੋਂ ਕੋਈ ਵੀ ਟੋਲ ਟੈਕਸ ਨਹੀਂ ਲਿਆ ਜਾਂਦਾ। 

ਇਸ ਅੰਦੋਲਨ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਧਰਮ, ਜਾਤ, ਅਮੀਰ, ਗਰੀਬ, ਪਾਣੀ, ਭੂਗੋਲਿਕ ਖਿੱਤੇ ਆਦਿ ਦੇ ਆਧਾਰ 'ਤੇ ਜਿਹੜੀਆਂ ਵੰਡਾਂ ਪੈਦਾ ਹੋ ਗਈਆਂ ਸਨ, ਉਹ ਲਕੀਰਾਂ ਬਿਲਕੁਲ ਵੀ ਦਿਖਾਈ ਨਹੀਂ ਦਿੰਦੀਆਂ ਅਤੇ ਜੇ ਕੋਈ ਅਜਿਹੀ ਗੱਲ ਕਰਨ ਦਾ ਯਤਨ ਕਰਦਾ ਹੈ ਤਾਂ ਉਸ ਦਾ ਭਾਰੀ ਵਿਰੋਧ ਹੁੰਦਾ ਹੈ। ਕਿਸਾਨ ਅੰਦੋਲਨ ਆਪਣੇ ਸਿਖ਼ਰ 'ਤੇ ਚੱਲ ਰਿਹਾ ਹੈ ਅਤੇ ਇਸ ਦੀ ਸਫ਼ਲਤਾ ਲਈ ਕਾਮਨਾ ਕਰਦਾ ਹਾਂ।