ਸਰਕਾਰ ਵੱਲੋਂ ਮਿਲਣ ਲਈ ਭੇਜੇ ਸੱਦੇ 'ਤੇ ਅੱਜ ਫੈਂਸਲਾ ਕਰਨਗੇ ਕਿਸਾਨ

ਸਰਕਾਰ ਵੱਲੋਂ ਮਿਲਣ ਲਈ ਭੇਜੇ ਸੱਦੇ 'ਤੇ ਅੱਜ ਫੈਂਸਲਾ ਕਰਨਗੇ ਕਿਸਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਸਰਕਾਰ ਵੱਲੋਂ ਗੱਲਬਾਤ ਲਈ ਭੇਜੇ ਸੱਦੇ 'ਤੇ ਵਿਚਾਰ ਕਰਨ ਲਈ ਅੱਜ ਕਿਸਾਨ ਜਥੇਬੰਦੀਆਂ ਨੇ ਬੈਠਕ ਰੱਖ ਲਈ ਹੈ। ਕਿਸਾਨ ਆਗੂਆਂ ਨੇ ਸਰਕਾਰ ਵੱਲੋਂ ਸੱਦੇ ਨਾਲ ਭੇਜੀ ਚਿੱਠੀ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਸਰਕਾਰ ਦੇ ਇਸ ਸੱਜਰੇ ਪੱਤਰ ਵਿੱਚ ਕੁਝ ਵੀ ਨਵਾਂ ਨਹੀਂ ਹੈ ਤੇ ਪੁਰਾਣੀਆਂ ਗੱਲਾਂ ਨੂੰ ਹੀ ਦੁਹਰਾਇਆ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹਨ ਬਸ਼ਰਤੇ ਸਰਕਾਰ ਕਿਸੇ ‘ਠੋਸ ਹੱਲ’ ਦੀ ਪੇਸ਼ਕਸ਼ ਕਰੇ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਨੇ ਪੱਤਰ ਵਿੱਚ ਨਵੇਂ ਖੇਤੀ ਕਾਨੂੰਨਾਂ ’ਚ ਸੋਧ ਦੀ ਆਪਣੀ ਪਹਿਲੀ ਤਜਵੀਜ਼ ਬਾਰੇ ਗੱਲਬਾਤ ਕਰਨ ਦੀ ਹੀ ਗੱਲ ਆਖੀ ਹੈ। ਟਿਕੈਤ ਨੇ ਕਿਹਾ, ‘ਅਸੀਂ ਇਸ ਮੁੱਦੇ (ਸਰਕਾਰੀ ਤਜਵੀਜ਼) ’ਤੇ ਉਨ੍ਹਾਂ ਨਾਲ ਪਹਿਲਾਂ ਵੀ ਗੱਲਬਾਤ ਨਹੀਂ ਕੀਤੀ ਸੀ। ਅਸੀਂ ਹਾਲ ਦੀ ਘੜੀ ਇਸ ਗੱਲ ’ਤੇ ਵਿਚਾਰ ਕਰ ਰਹੇ ਹਾਂ ਕਿ ਸਰਕਾਰ ਨੂੰ ਕੀ ਜਵਾਬ ਦੇਣਾ ਹੈ।’

ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨਪਾਲ ਨੇ ਕਿਹਾ ਕਿ ਸਰਕਾਰ ਨੂੰ ਜਥੇਬੰਦੀਆਂ ਪਹਿਲਾਂ ਵੀ ਕਹਿ ਚੁੱਕੀਆਂ ਹਨ ਕਿ ਕਾਨੂੰਨਾਂ ਵਿਚ ਕਿਸੇ ਤਰ੍ਹਾਂ ਦੀਆਂ ਸੋਧਾਂ ਮਨਜ਼ੂਰ ਨਹੀਂ ਕੀਤੀਆਂ ਜਾਣਗੀਆਂ ਅਤੇ ਕਾਨੂੰਨ ਰੱਦ ਹੀ ਕਰਨੇ ਪੈਣਗੇ। ਪਰ ਸਰਕਾਰ ਨੇ ਇਸ ਵਾਰ ਵੀ ਸੋਧਾਂ ਦੀ ਹੀ ਗੱਲ ਕੀਤੀ ਹੈ। 

ਖੇਤੀ ਮੰਤਰਾਲੇ ’ਚ ਜੁਆਇੰਟ ਸਕੱਤਰ ਵਿਵੇਕ ਅਗਰਵਾਲ ਨੇ 40 ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਲਿਖੇ ਪੱਤਰ ਵਿੱਚ ਖੇਤੀ ਕਾਨੂੰਨਾਂ ਵਿੱਚ ਸੋਧ ਦੀ ਸਰਕਾਰ ਦੀ ਤਜਵੀਜ਼ ਬਾਰੇ ਆਪਣੇ ਤੌਖਲੇ ਦੱਸਣ ਅਤੇ ਅਗਲੇ ਗੇੜ ਦੀ ਗੱਲਬਾਤ ਲਈ ਕੋਈ ਤਰੀਕ ਨਿਰਧਾਰਿਤ ਕਰਨ ਲਈ ਕਿਹਾ ਸੀ ਤਾਂ ਜੋ ਅੰਦੋਲਨ ਛੇਤੀ ਖ਼ਤਮ ਹੋ ਸਕੇ। ਦੋਆਬਾ ਕਿਸਾਨ ਕਮੇਟੀ ਦੇ ਜਨਰਲ ਸਕੱਤਰ ਅਮਰਜੀਤ ਸਿੰਘ ਰਾੜਾ ਨੇ ਕਿਹਾ ਕਿ ਕਿਸਾਨ ਗੱਲਬਾਤ ਲਈ ਹਮੇਸ਼ਾਂ ਤੋਂ ਤਿਆਰ ਹਨ, ਪਰ ਸਰਕਾਰ ਕੋਈ ਠੋਸ ਹੱਲ ਲੈ ਕੇ ਆਏ।’

ਕਿਸਾਨਾਂ ਵੱਲੋਂ ਲੜੀਵਾਰ ਭੁੱਖ ਹੜਤਾਲ ਸ਼ੁਰੂ
ਕਿਸਾਨਾਂ ਨੇ ਕੜਾਕੇ ਦੀ ਠੰਢ ਦੇ ਬਾਵਜੂਦ ਦਿੱਲੀ ਦੇ ਹਰਿਆਣਾ ਤੇ ਉੱਤਰ ਪ੍ਰਦੇਸ਼ ਨਾਲ ਲਗਦੀਆਂ ਸਰਹੱਦਾਂ ’ਤੇ ਲੜੀਵਾਰ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਪਹਿਲੇ ਦਿਨ 11-11 ਕਿਸਾਨ ਵੱਖ ਵੱਖ ਮੋਰਚਿਆਂ ਵਿੱਚ ਭੁੱਖ ਹੜਤਾਲ ’ਤੇ ਬੈਠੇ ਤੇ ਭਲਕੇ 11 ਹੋਰ ਕਿਸਾਨ ਇਨ੍ਹਾਂ ਦੀ ਥਾਂ ਲੈਣਗੇ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅੰਦੋਲਨਕਾਰੀ ਕਿਸਾਨ ਆਗੂ ਖੇਤੀ ਕਾਨੂੰਨਾਂ ਦੇ ਸੋਹਲੇ ਗਾਉਣ ਵਾਲੇ ਕਿਸਾਨਾਂ ਨੂੰ ਮਿਲ ਕੇ ਇਹ ਪਤਾ ਲਾਉਣਗੇ ਕਿ ਕਿਵੇਂ ਇਹ ਕਾਨੂੰਨ ਲਾਹੇਵੰਦ ਹਨ। ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਆਪਣੀ ਮੰਗ ’ਤੇ ਕਾਇਮ ਹਜ਼ਾਰਾਂ ਕਿਸਾਨ ਪਿਛਲੇ ਚਾਰ ਹਫ਼ਤਿਆਂ ਤੋਂ ਦਿੱਲੀ ਦੀਆਂ ਬਰੂਹਾਂ ’ਤੇ ਡਟੇ ਹੋਏ ਹਨ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਲੰਘੇ ਦਿਨ ਭੁੱਖ ਹੜਤਾਲ ਦੇ ਪ੍ਰੋਗਰਾਮ ਦਾ ਐਲਾਨ ਕਰਦਿਆਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਖੇਤੀ ਕਾਨੂੰਨਾਂ ਖ਼ਿਲਾਫ਼ ਧਰਨੇ ’ਤੇ ਬੈਠੇ ਕਿਸਾਨਾਂ ਨੂੰ ਵੀ ਭੁੱਖ ਹੜਤਾਲ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਸੀ।