ਰਾਮ ਦੇ ਨਾਂ 'ਤੇ ਹੋ ਰਹੀ ਹੈ ਘਪਲਿਆਂ ਦੀ ਸਿਆਸਤ: ਸ਼ਿਵ ਸੈਨਾ

ਰਾਮ ਦੇ ਨਾਂ 'ਤੇ ਹੋ ਰਹੀ ਹੈ ਘਪਲਿਆਂ ਦੀ ਸਿਆਸਤ: ਸ਼ਿਵ ਸੈਨਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼ਿਵ ਸੈਨਾ ਨੇ ਗੰਭੀਰ ਦੋਸ਼ ਲਾਉਂਦਿਆਂ ਦਾਅਵਾ ਕੀਤਾ ਹੈ ਕਿ ਰਾਮ ਮੰਦਿਰ ਦੇ ਨਿਰਮਾਣ ਲਈ ਇਕੱਠਾ ਕੀਤਾ ਜਾ ਰਿਹਾ ਪੈਸਾ 2024 ਦੀਆਂ ਚੋਣਾਂ ਵਿਚ ਵਰਤਿਆ ਜਾਵੇਗਾ। ਸ਼ਿਵ ਸੈਨਾ ਦੇ ਅਖਬਾਰ ਸਾਮਨਾ ਵਿਚ ਛਪੀ ਸੰਪਾਦਕੀ 'ਚ ਕਿਹਾ ਗਿਆ ਹੈ ਕਿ ਇਹ ਕਦੇ ਵੀ ਤੈਅ ਨਹੀਂ ਹੋਇਆ ਸੀ ਕਿ ਰਾਮ ਮੰਦਿਰ ਦਾ ਨਿਰਮਾਣ ਲੋਕਾਂ ਤੋਂ ਫੰਡ ਇਕੱਠਾ ਕਰਕੇ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕ ਵੱਲੋਂ ਦਿੱਤੇ ਜਾ ਰਹੇ ਫੰਡ ਦਾ ਮਸਲਾ ਸਿੱਧਾ ਨਹੀਂ ਹੈ ਬਲਕਿ ਇਹ ਸਿਆਸੀ ਮਾਮਲਾ ਹੈ। 

ਦੱਸ ਦਈਏ ਕਿ ਰਾਮ ਮੰਦਿਰ ਦੇ ਨਿਰਮਾਣ ਲਈ ਬਣਾਈ ਗਈ ਸ਼੍ਰੀ ਰਾਮ ਜਨਮਭੂਮੀ ਤੀਰਥ ਸ਼ੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਸੀ ਕਿ ਮੰਦਿਰ ਨਿਰਮਾਣ ਲਈ ਵੱਡੇ ਪੱਧਰ 'ਤੇ ਲੋਕ ਸੰਪਰਕ ਮੁਹਿੰਮ ਚਲਾਈ ਜਾਵੇਗੀ ਤੇ ਲੋਕਾਂ ਤੋਂ ਫੰਡ ਇਕੱਠਾ ਕੀਤਾ ਜਾਵੇਗਾ। 

ਸ਼ਿਵ ਸੈਨਾ ਨੇ ਸੰਪਾਦਕੀ ਵਿਚ ਕਿਹਾ ਹੈ ਕਿ ਰਾਮ ਮੰਦਿਰ ਦਾ ਨਿਰਮਾਣ ਕਿਸੇ ਇਕ ਸਿਆਸੀ ਜਮਾਤ ਦੇ ਸਿਆਸੀ ਲਾਹੇ ਵਾਸਤੇ ਨਹੀਂ ਹੋਣਾ ਚਾਹੀਦਾ ਜਦਕਿ ਇਹ ਭਾਰਤ ਦੇ ਹਿੰਦੂ ਮਾਣ ਦੇ ਚਿੰਨ੍ਹ ਵਜੋਂ ਸਥਾਪਤ ਹੋਣਾ ਚਾਹੀਦਾ ਹੈ।

ਰਾਮ ਮੰਦਿਰ ਟ੍ਰਸਟ ਵੱਲੋਂ ਸ਼ੁਰੂ ਕੀਤੀ ਜਾ ਰਹੀ ਲੋਕ ਸੰਪਰਕ ਮੁਹਿੰਮ ਨੂੰ ਸ਼ਿਵ ਸੈਨਾ ਨੇ ਭਾਜਪਾ ਦੀ 2024 ਲਈ ਚੋਣ ਮੁਹਿੰਮ ਦਾ ਹਿੱਸਾ ਦੱਸਿਆ ਹੈ। ਉਹਨਾਂ ਕਿਹਾ ਕਿ ਰਾਮ ਦੇ ਨਾਂ 'ਤੇ ਸਿਆਸਤ ਬੰਦ ਹੋਣੀ ਚਾਹੀਦੀ ਹੈ।