ਸਿੰਗਾਪੁਰ ਗਦਰ ਦੇ ਅਣਗੌਲੇ ਫ਼ੌਜੀ ਸੂਰਬੀਰ

ਸਿੰਗਾਪੁਰ ਗਦਰ ਦੇ ਅਣਗੌਲੇ ਫ਼ੌਜੀ ਸੂਰਬੀਰ

ਕੰਵਲਬੀਰ ਸਿੰਘ

ਭਾਰਤ ਨੂੰ ਅੰਗਰੇਜ਼ੀ ਸ਼ਾਸਨ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਚੱਲੇ ਸੰਘਰਸ਼ ਵਿਚ ਗ਼ਦਰ ਲਹਿਰ ਦੌਰਾਨ ਭਾਰਤੀ ਫ਼ੌਜੀਆਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਰਹੀ ਹੈ। ਫ਼ੌਜੀ ਦੇਸ਼ ਭਗਤਾਂ ਨੇ ਜਦੋ-ਜਹਿਦ ਕਰਦਿਆਂ ਅਣਗਿਣਤ ਤਸੀਹੇ ਤੇ ਕਸ਼ਟ ਝੱਲੇ ਅਤੇ ਆਪਣੀਆਂ ਜਾਨਾਂ ਵੀ ਕੁਰਬਾਨ ਕੀਤੀਆਂ। ਸੈਂਕੜੇ ਫ਼ੌਜੀਆਂ ਨੂੰ ਕੋਰਟ ਮਾਰਸ਼ਲ ਕਰ ਕੇ ਗੋਲੀਆਂ ਨਾਲ ਉਡਾਇਆ ਗਿਆ, 70 ਤੋਂ ਵੱਧ ਨੂੰ ਫਾਂਸੀ ਦਿੱਤੀ ਗਈ ਤੇ 190 ਤੋਂ ਉਪਰ ਨੂੰ ਉਮਰ ਕੈਦ ਤੇ ਜਲਾਵਤਨੀ, ਜਾਇਦਾਦ ਜਬਤੀ ਦੀ ਸਜ਼ਾ ਦਿੱਤੀ ਗਈ। ਇਸ ਲੇਖ ਵਿਚ ਅਸੀਂ ਸਿੰਗਾਪੁਰ ਦੀ ਛਾਉਣੀ ਵਿਚਲੀ 5ਵੀਂ ਲਾਈਟ ਇਨਫੈਂਟਰੀ (ਪਲਟਨ) ਦੇ ਬਹਾਦਰ ਫ਼ੌਜੀ ਯੋਧੇ ਜਿਨ੍ਹਾਂ ਨੇ ਵਿਦੇਸ਼ੀ ਧਰਤੀ 'ਤੇ ਹੋਣ ਦੇ ਬਾਵਜੂਦ ਵੀ 15 ਫਰਵਰੀ, 1915 ਦੇ ਦਿਨ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਬਗ਼ਾਵਤ ਕਰ ਕੇ ਅੰਗਰੇਜ਼ੀ ਸ਼ਾਸਨ ਨੂੰ ਭਾਜੜਾਂ ਪਾ ਦਿੱਤੀਆਂ ਸਨ, ਦੀ ਵੀਰ ਗਾਥਾ ਬਿਆਨ ਕਰਨ ਜਾ ਰਹੇ ਹਾਂ।

ਆਜ਼ਾਦੀ ਸੰਘਰਸ਼ ਦੌਰਾਨ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਵਿਚ ਵੱਖ-ਵੱਖ ਸਮੇਂ ਕਈ ਆਜ਼ਾਦੀ ਲਹਿਰਾਂ ਚੱਲੀਆਂ। ਉਨ੍ਹਾਂ ਵਿਚੋਂ ਇਕ ਆਜ਼ਾਦੀ ਲਹਿਰ ਸੀ, ਗ਼ਦਰ ਪਾਰਟੀ ਲਹਿਰ ਜਿਸ ਦਾ ਆਰੰਭ ਵੀਹਵੀਂ ਸਦੀ ਦੇ ਮੁਢਲੇ ਦਹਾਕਿਆਂ ਦੌਰਾਨ ਭਾਰਤ ਤੋਂ ਬਾਹਰ ਦੂਰ ਕੈਨੇਡਾ ਤੇ ਅਮਰੀਕਾ ਦੀ ਧਰਤੀ 'ਤੇ ਰੋਜ਼ੀ-ਰੋਟੀ ਤੇ ਚੰਗੇ ਭਵਿੱਖ ਲਈ ਗਏ ਭਾਰਤੀਆਂ ਦੁਆਰਾ ਕੀਤਾ ਗਿਆ। ਜਿਨ੍ਹਾਂ ਵਿਚ ਬਹੁਗਿਣਤੀ ਪੰਜਾਬੀਆਂ ਦੀ ਸੀ। ਪਾਰਟੀ ਦਾ ਮੁੱਖ ਉਦੇਸ਼ ਭਾਰਤ ਦੀ ਮੁਕੰਮਲ ਆਜ਼ਾਦੀ ਅਤੇ ਗ਼ੈਰ-ਫਿਰਕੂ ਰਾਜ ਦੀ ਸਥਾਪਨਾ ਕਰਨਾ ਸੀ। ਜਿਸ ਦੀ ਪ੍ਰਾਪਤੀ ਲਈ ਭਾਰਤ ਦੇ ਆਮ ਲੋਕਾਂ ਅਤੇ ਫ਼ੌਜੀਆਂ ਦੀ ਮਦਦ ਨਾਲ ਹਥਿਆਰਬੰਦ ਸੰਘਰਸ਼ ਕਰਨ ਦੀ ਲੋੜ ਸੀ। ਇਸ ਕਾਰਜ ਲਈ ਲੋਕ ਜਾਗ੍ਰਿਤੀ ਜ਼ਰੂਰੀ ਸੀ। ਗ਼ਦਰ ਪਾਰਟੀ ਵਲੋਂ ਭਾਰਤ ਦੀ ਆਜ਼ਾਦੀ ਲਈ ਅੰਗਰੇਜ਼ਾਂ ਵਿਰੁੱਧ ਹਥਿਆਰਬੰਦ ਯੁੱਧ ਦੀਆਂ ਤਿਆਰੀਆਂ ਅਜੇ ਪੂਰੀਆਂ ਵੀ ਨਹੀਂ ਹੋਈਆਂ ਸਨ ਕਿ ਜੁਲਾਈ 1914 ਵਿਚ ਪਹਿਲਾ ਵਿਸ਼ਵ ਯੁੱਧ ਛਿੜ ਗਿਆ। ਇਸ ਵਿਚ ਅੰਗਰੇਜ਼ ਬੁਰੀ ਤਰ੍ਹਾਂ ਫਸ ਗਏ। ਗ਼ਦਰੀ ਆਗੂਆਂ ਨੇ ਅੰਗਰੇਜ਼ਾਂ ਨੂੰ ਭਾਰਤ ਚੋਂ ਕੱਢਣ ਲਈ ਇਹ ਮੌਕਾ ਢੁਕਵਾਂ ਜਾਣਿਆ। ਪਾਰਟੀ ਨੇ 5 ਅਗਸਤ, 1914 ਨੂੰ ਐਲਾਨ-ਏ-ਜੰਗ ਕਰ ਦਿੱਤਾ। ਸੈਂਕੜੇ ਗ਼ਦਰੀ ਵੱਖ-ਵੱਖ ਜਹਾਜ਼ਾਂ ਰਾਹੀਂ ਭਾਰਤ ਵੱਲ ਚੱਲ ਪਏ। ਅਜੋਕੇ ਸੰਚਾਰ ਸਾਧਨਾਂ ਦੀ ਅਣਹੋਂਦ ਦੇ ਬਾਵਜੂਦ ਵੀ ਇਨ੍ਹਾਂ ਆਜ਼ਾਦੀ ਪਰਵਾਨਿਆਂ ਨੇ ਪੂਰਾ ਨੈਟਵਰਕ ਕਾਇਮ ਕਰ ਲਿਆ। ਬਹੁਤ ਸਾਰੇ ਗ਼ਦਰੀ ਪਲਟਣਾਂ ਵਿਚ ਭਰਤੀ ਹੋ ਗਏ। ਉਨ੍ਹਾਂ ਵਲੋਂ ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿਚ ਜਾ ਕੇ ਭਾਰਤੀ ਫ਼ੌਜੀਆਂ ਨੂੰ ਗ਼ਦਰ ਵਿਚ ਸਾਥ ਦੇਣ ਲਈ ਸਹਿਮਤ ਕਰ ਲਿਆ। ਦੇਸ਼ ਤੋਂ ਬਾਹਰ ਹਾਂਗਕਾਂਗ ਸਿੰਗਾਪੁਰ, ਰੰਗੂਨ ,ਪੀਨਾਂਗ ਆਦਿ ਵਿਚਲੀਆਂ ਭਰਤੀ ਫ਼ੌਜਾਂ ਵਿਚ ਵੀ ਗ਼ਦਰੀਆ ਦਾ ਚੰਗਾ ਪ੍ਰਭਾਵ ਬਣ ਚੁੱਕਾ ਸੀ। ਬਹੁਤ ਸਾਰੀਆਂ ਫ਼ੌਜੀ ਛਾਉਣੀਆਂ ਵਿਚ ਹੋਈਆਂ ਬਗ਼ਾਵਤਾਂ ਚੋਂ ਇਕ ਸੀ ਸਿੰਗਾਪੁਰ ਵਿਚਲੀ5ਵੀਂ ਨੇਟਿਵ ਲਾਈਟ ਇਨਫੈਂਟਰੀ (ਪਲਟਨ)ਦੀ ਬਗ਼ਾਵਤ।

ਸਰਕਾਰੀ ਰਿਕਾਰਡ ਅਨੁਸਾਰ ਸਤੰਬਰ-ਅਕਤੂਬਰ 1914 ਦੌਰਾਨ ਬਾਹਰਲੇ ਦੇਸ਼ਾਂ ਤੋਂ ਆਏਗ਼ਦਰੀਆਂ ਹੀਰਾ ਸਿੰਘ ਚਰੜ, ਮੁਜਤਬਾ ਹੁਸੈਨ , ਜੀਵਨ ਸਿੰਘ ਫੇਲੋਕੇ ਤੇ ਗਿਆਨ ਚੰਦ ਮੋਰੀ ਮਰਲ ਆਦਿ ਨੇ ਸਿੰਗਾਪੁਰ ਦੀਆਂਪਲਟਨਾਂ ਵਿਚ ਗ਼ਦਰ ਦਾ ਪ੍ਰਚਾਰ ਕੀਤਾ। ਜਿਸ ਦੇ ਸਿੱਟੇ ਵਜੋਂ ਇਥੇ ਰਹਿੰਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ (ਪਲਟਨ)ਦੀ ਬਗ਼ਾਵਤ ਹੋਈ। ਇਸ ਪਲਟਨ ਦੇ ਬਹੁਤੇ ਜਵਾਨ ਪੰਜਾਬੀ ਮੁਸਲਮਾਨ ਸਨ। ਬਗ਼ਾਵਤ ਦੇ ਸਮੇਂ ਸਿੰਗਾਪੁਰ ਵਿਚ ਸਿਰਫ ਇਹ ਹੀ ਇਕ ਸਿਖਲਾਈ ਪ੍ਰਾਪਤ ਪਲਟਨ ਸੀ।

ਅਸਲ ਵਿਚ ਬਹਾਦਰ ਫ਼ੌਜੀਆਂ ਨੇ15 ਫਰਵਰੀ 1915 ਸ਼ਾਮ ਨੂੰ 8 ਵਜੇ, ਜਦੋਂ ਅਫ਼ਸਰਾਂ ਨੇ ਖਾਣੇ 'ਤੇ ਬੈਠ ਜਾਣਾ ਸੀ ਉਸ ਸਮੇਂ ਗ਼ਦਰ ਦੀ ਯੋਜਨਾ ਬਣਾਈ ਸੀ। ਇਸ ਬਾਰੇ ਅਫ਼ਸਰਾਂ ਨੂੰ ਕੁਝ ਸ਼ੱਕ ਹੋ ਗਿਆ ਤੇ 15 ਫਰਵਰੀ ਦੀ ਸਵੇਰ ਨੂੰ ਹੀ ਪਲਟਨ ਨੂੰ ਹੁਕਮ ਸੁਣਾ ਦਿੱਤਾ ਕਿ ਉਨ੍ਹਾਂ ਨੂੰ ਕੱਲ੍ਹ ਹੀ ਹਾਂਗਕਾਂਗ ਰਵਾਨਾ ਕਰਨਾ ਹੈ ਇਸ ਲਈ ਅੱਜ ਹੀ ਸ਼ਾਮ ਨੂੰ ਹਥਿਆਰ ਜਮ੍ਹਾਂ ਕਰਾ ਦੇਣ। ਇਸ ਹਾਲਤ ਨੂੰ ਦੇਖ ਕੇ ਫ਼ੌਜੀਆਂ ਨੇ ਨਿਯਤ ਸਮੇਂ ਤੋਂ ਪਹਿਲਾਂ ਹੀ ਗ਼ਦਰ ਸ਼ੁਰੂ ਕਰਨ ਦਾ ਦਾ ਫੈਸਲਾ ਕੀਤਾ। 15 ਫਰਵਰੀ 1915 ਸੋਮਵਾਰ ਦਾ ਦਿਨ ਸੀ ਤੇ ਚੀਨੀ ਨਵੇਂ ਸਾਲ ਦਾ ਪਹਿਲਾਂ ਦਿਨ ਹੋਣ ਕਾਰਨ ਸਿੰਗਾਪੁਰ 'ਚ ਜਨਤਕ ਛੁੱਟੀ ਸੀ। ਸ਼ਹਿਰ ਦੇ ਲੋਕ ਨਵੇਂ ਸਾਲ ਦੀ ਪਟਾਕਿਆਂ ਦੀਆਂ ਲੜੀਆਂ 'ਚ ਆਪਣੇ ਘਰਾਂ ਦੀਆਂ ਉਪਰਲੀਆਂ ਮੰਜ਼ਿਲਾਂ ਦੀਆਂ ਬਾਰੀਆ ਚੋਂ ਹੇਠਾਂ ਗਲੀਆਂ ਵਿਚ ਛੋਟੇ ਪਟਾਕਿਆਂ ਦੀਆਂ ਲ਼ੜੀਆਂ ਚਲਾ ਰਹੇ ਸਨ। ਯੂਰਪੀਨ ਲੋਕ ਜਿਨ੍ਹਾਂ ਵਿਚ ਅੰਗਰੇਜ਼, ਜਰਮਨ, ਫ਼ਰੈਂਚ ਆਦਿ ਤੈਰਾਕੀ, ਟੈਨਿਸ ਜਾਂ ਪੋਲੋ ਆਦਿ ਦੇ ਮੰਨੋਰੰਜਨ 'ਚ ਲੱਗੇ ਹੋਏ ਸਨ ਸ਼ਹਿਰ ਤੋਂ 5 ਕਿਲੋਮੀਟਰ ਦੂਰ ਐਲਗਜੈਂਡਰਾ ਬਾਰਕਾਂ ਵਿਚ 5ਵੀਂ ਲਾਈਟ ਇੰਨਫੈਂਟਰੀ ਦੇ ਜਵਾਨਾਂ ਦੀ ਵਿਦਾਇਗੀ ਦੀ ਯਾਦਗਰੀ ਪਰੇਡ ਸ਼ੁਰੂ ਹੋ ਚੁੱਕੀ ਸੀ, ਕਿਉਂਕਿ ਉਸ ਨੂੰ ਹੁਣ ਹਾਂਗਕਾਂਗ ਭੇਜਿਆ ਜਾ ਰਿਹਾ ਸੀ। ਇਹ ਸਮਾਗਮ ਕਰਨਲ ਮਾਰਟਿਨ ਦੀ ਅਗਵਾਈ ਹੇਠ ਹੋ ਰਿਹਾ ਸੀ। ਬ੍ਰਿਗੇਡੀਅਰ ਜਨਰਲ ਰਿਡਾਊਟ ਸਲਾਮੀ ਲਈ ਪਹੰਚ ਚੁੱਕਾ ਸੀ। ਰਿਡਾਊਟ ਨੂੰ ਰੈਜਮੈਂ 'ਤੇ ਕੁਝ ਸ਼ੱਕ ਸੀ, ਪਰੇਡ ਦੇ ਸਮੇਂ ਉਸ ਨੇ ਨੋਟ ਕੀਤਾ ਕਿ ਸੱਜੇ ਵਿੰਗ ਨੇ ਵਧੀਆ ਤਰੀਕੇ ਨਾਲ ਮਾਰਚ ਨਹੀਂ ਕੀਤਾ ਸੀ, ਜਵਾਨ ਆਪਸ 'ਚ ਗੱਲਬਾਤ ਕਰ ਰਹੇ ਸਨ। ਇਹ ਇੰਸਪੈਕਸ਼ਨ ਇਕ ਘੰਟਾ ਚੱਲੀ ਸੀ ਉਪਰੰਤ ਜਨਰਲ ਰਿਡਾਊਟ ਆਪਣੀ ਸਰਕਾਰੀ ਰਿਹਾਇਸ਼ ਟੈਂਗਲਿਨ ਚਲਾ ਗਿਆ ਤੇ ਇੰਨਫੈਂਟਰੀ ਜਵਾਨ ਆਪਣੀ ਰਵਾਨਗੀ ਦੀ ਦੀ ਤਿਆਰੀ ਕਰਨ ਚਲੇ ਗਏ।

ਹੁੰਮਸ ਭਰੀ ਸ਼ਾਮ ਨੂੰ 3 ਵਜੇ ਜਦੋਂ ਅਧਿਕਾਰੀ ਫ਼ੌਜੀਆਂ ਤੋਂ ਹਥਿਆਰ ਜਮ੍ਹਾਂ ਕਰਵਾਉਣ ਲੱਗੇ ਤਾਂ ਅਚਾਨਕ ਬਿਨਾਂ ਕਿਸੇ ਚਿਤਾਵਨੀ ਦੇ ਪੂਰੀ ਪਲਟਨ ਨੇ ਵਿਦਰੋਹ ਕਰ ਦਿੱਤਾ। ਸਭ ਤੋਂ ਪਹਿਲਾਂ ਨੌਜਵਾਨ ਸਿਪਾਹੀ ਇਸਮਾਇਲ ਖਾਂ ਨੇ ਸੰਤਰੀ ਦੀ ਪੋਸਟ ਛੱਡ ਦਿੱਤੀ ਤੇ ਇਕ ਗੋਲੀ ਚਲਾ ਕੇ ਬਗ਼ਾਵਤ ਦਾ ਸਿਗਨਲ ਦੇ ਦਿੱਤਾ।

ਅਸਲ੍ਹਾ ਜਮ੍ਹਾ ਕਰਵਾਉਣ ਵਾਲੇ ਅੰਗਰੇਜ਼ ਨੂੰ ਗੋਲੀ ਮਾਰ ਦਿੱਤੀ। ਹੋਰ ਵੀ ਜਿਸ ਕਿਸੇ ਅੰਗਰੇਜ਼ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਉਸ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਬੈਰਕਾਂ 'ਤੇ ਕਬਜ਼ਾ ਕਰਕੇ ਫ਼ੌਜੀਆਂ ਨੇ ਆਪਣੇ ਆਪ ਨੂੰ ਤਿੰਨ ਹਿੱਸਿਆ ਵਿਚ ਵੰਡ ਲਿਆ। ਇਕ ਹਿੱਸਾ ਜਰਮਨ ਕੈਦੀਆਂ ਨੂੰ ਜੇਲ੍ਹ ਤੋਂ ਛੁਡਵਾਉਣਗਿਆ ਤਾਂ ਕਿ ਉਨ੍ਹਾਂ ਨੂੰ ਵੀ ਨਾਲ ਰਲਾ ਲਿਆ ਜਾਵੇ। ਇਥੇ ਬਾਗ਼ੀਆਂ ਨੇ ਦੋ ਯੂਰਪੀਨ ਅਫ਼ਸਰ ਕੈਪਟਨ ਬਾਈਸ ਤੇ ਲੈਫ਼ਟੀਨੈਂਟ ਇਲੀਅਟ ਮਾਰ ਦਿੱਤੇ। ਜਰਮਨ ਕੈਦੀ ਜੇਲ੍ਹ ਤੋਂ ਬਾਹਰ ਕੱਢ ਲਏ, ਪਰ ਉਨ੍ਹਾਂ ਨੇ ਗ਼ਦਰੀ ਫ਼ੌਜੀਆਂ ਦਾ ਸਾਥ ਨਾ ਦਿੱਤਾ। ਦੂਸਰਾ ਹਿੱਸਾ ਪਲਟਨ ਦੇ ਹੈੱਡਕੁਆਰਟਰ ਉੱਤੇ ਕਬਜ਼ਾਕਰਨ ਤੁਰਿਆ, ਜਿਸ ਵਿਚ ਉਹ ਕਾਮਯਾਬ ਨਾ ਹੋ ਸਕਿਆ। ਤੀਸਰਾ ਹਿੱਸਾ ਵਲੰਟੀਅਰ ਕੋਰ ਨੂੰ ਰੋਕਣ ਲਈ ਸ਼ਹਿਰ ਵੱਲ ਗਿਆ। ਜਿਹੜਾ ਵੀ ਅੰਗਰੇਜ਼ ਫ਼ੌਜੀਆਂ ਦੇ ਸਾਹਮਣੇ ਆਇਆ , ਮਾਰ ਦਿੱਤਾ ਗਿਆ। ਫਿਰ ਉਨ੍ਹਾਂ ਨੇ ਸ਼ਹਿਰ ਦੇ ਥਾਣੇ ਤੇ ਕਬਜ਼ਾ ਕਰ ਲਿਆ। ਇਨ੍ਹਾਂ ਝੜਪਾਂ ਵਿਚ 8 ਅੰਗਰੇਜ਼ ਅਫ਼ਸਰ, 19 ਸਿਪਾਹੀ ਅਤੇ 17 ਸ਼ਹਿਰੀ ਮਾਰੇ ਗਏ।

ਅੰਗਰੇਜ਼ਾਂ ਨੇ ਵਾਇਰਲੈਸਾਂ ਰਾਹੀਂ ਨਾਲ ਲੱਗਦੇ ਸਮੰਦਰੀ ਘਾਟਾਂ ਤੋਂ ਜੰਗੀ ਜਹਾਜ਼ਾਂ ਨੂੰ ਆਪਣੇ ਬਚਾਅ ਲਈ ਸੱਦ ਲਿਆ। 16 ਤੇ 17 ਫਰਵਰੀ ਨੂੰ ਦੋ ਜੰਗੀ ਬੇੜੇ ਵੱਡੀ ਗਿਣਤੀ ਵਿਚ ਗੋਰੇ ਫ਼ੌਜੀਆਂ ਨੂੰ ਲੈ ਕੇ ਸਿੰਘਾਪੁਰ ਪੁੱਜ ਗਏ। ਗ਼ਦਰੀ ਫ਼ੌਜੀ ਭੁੱਖੇ ਪਿਆਸੇ ਕਿੰਨਾਂ ਕੁ ਚਿਰ ਟਾਕਰਾ ਕਰ ਸਕਦੇ ਸਨ, ਕਿਸੇ ਵੀ ਪਾਸਿਉਂ ਮਦਦ ਦੀ ਆਸ ਨਹੀਂ ਸੀ। ਉਨ੍ਹਾਂ ਨੇ 16 ਫਰਵਰੀ ਰਾਤ ਨੂੰ ਡੱਟ ਕੇ ਮੁਕਾਬਲਾ ਕੀਤਾ। ਅੰਗਰੇਜ਼ਾਂ ਨੇ ਬਾਗ਼ੀ ਫ਼ੌਜੀਆਂ ਨੂੰ ਮਾਰਨ ਜਾਂ ਫੜਾਉਣ ਲਈ 200 ਡਾਲਰ ਦਾ ਇਨਾਮ ਘੋਸ਼ਿਤ ਕਰ ਦਿੱਤਾ। 19 ਫਰਵਰੀ ਤੱਕ ਕਾਫੀ ਬਾਗ਼ੀਆਂ ਨੇ ਆਤਮ ਸਮਰਪਣ ਕਰ ਦਿੱਤਾ ਜਾਂ ਫੜ ਲਏ ਗਏ। ਫੜੇ ਗਏ ਬਹਾਦਰ ਬਾਗ਼ੀ ਫ਼ੌਜੀਆ ਦਾ ਕੋਰਟ ਮਾਰਸ਼ਲ ਕਰ ਕੇ ਇਨ੍ਹਾਂ ਵਿਚੋਂ 44 ਜਣਿਆਂ ਨੂੰ ਪਬਲਿਕ ਦੇ ਸਾਹਮਣੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਤੇ 3 ਨੂੰ ਫਾਂਸੀਦੇ ਦਿੱਤੀ ਗਈ। ਸ਼ਹੀਦ ਹੋਣ ਵਾਲਿਆਂ 'ਚ 2 ਅਫ਼ਸਰ 6 ਹਵਾਲਦਾਰ ਤੇ 39 ਸਿਪਾਹੀ ਰੈਂਕ ਦੇ ਸੂਰਬੀਰ ਸਨ। 162 ਨੂੰ ਉਮਰ ਕੈਦ ਤੇ ਹੋਰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ।

ਬਾਗ਼ੀਆਂ ਤੋਂ ਗ਼ਲਤੀ ਇਹ ਹੋ ਗਈ ਕਿ ਕੋਤਵਾਲੀ ਦੇ ਕਬਜ਼ੇ ਨੂੰ ਸਿੰਗਾਪੁਰ 'ਤੇ ਕਬਜ਼ਾ ਸਮਝ ਲਿਆ ਅਤੇ ਸਮੁੰਦਰੀ ਘਾਟ 'ਤੇ ਵੀ ਬਾਗ਼ੀ ਸਮੇਂ ਸਿਰ ਨਾ ਪੁੱਜ ਸਕੇ। ਜਰਮਨ ਸਿਪਾਹੀਆਂ ਨੇ ਵੀ ਸਾਥ ਨਾ ਦਿੱਤਾ। ਇਸ ਕਾਰਨ ਉਨ੍ਹਾਂ ਸੂਰਬੀਰਾਂ ਦੀ ਯੋਜਨਾ ਸਫਲ ਨਾ ਹੋ ਸਕੀ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗ਼ਦਰੀ ਸੂਰਬੀਰਾਂ ਵਲੋਂ 1912-13 ਵੇਲੇ ਭਾਰਤ ਦੀ ਪੂਰਨ ਆਜ਼ਾਦੀ ਦੇ ਮਿਸ਼ਨ ਦੀ ਪ੍ਰਾਪਤੀ ਲਈ ਸ਼ੁਰੂ ਕੀਤੇ ਸ਼ੰਘਰਸ਼ ਵਿਚ ਸਿੰਘਾਪੁਰ ਵਿਚ ਰਹਿ ਰਹੀ ਭਾਰਤੀ ਫ਼ੌਜ ਦੀ 5ਵੀਂ ਨੇਟਿਵ ਲਾਈਟ ਇਨਫੈਂਟਰੀ ਦੇ ਸੂਰਬੀਰਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ। ਪਰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਇਤਿਹਾਸਕਾਰਾਂ ਤੇ ਰਾਜਨੀਤਕ ਲੋਕਾਂ ਨੇ ਅਣਗੌਲੇ ਕਰ ਰੱਖਿਆ ਹੈ। ਜਿਸ ਕਾਰਨ ਸਿਰਫ ਸੌ ਸਾਲ 'ਚ ਹੀ ਆਮ ਲੋਕਾਂ ਨੂੰ ਉਨ੍ਹਾਂ ਦੀਆਂ ਕੀਤੀਆਂ ਕੁਰਬਾਨੀਆਂ ਭੁੱਲ ਗਈਆਂ ਹਨ। ਇਸ ਲਈ ਲੋੜ ਹੈ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨੂੰ ਦੁਨੀਆ ਸਾਹਮਣੇ ਲਿਆ ਕੇ ਢੁਕਵੀਆਂ ਯਾਦਗਾਰਾਂ ਸਥਾਪਿਤ ਕੀਤੀਆਂ ਜਾਣ।