ਚੋਣਾਂ ਤੋਂ ਪਹਿਲਾਂ ਬਜਟ ਬਾਰੇ ਵਿਰੋਧੀ ਧਿਰਾਂ ਨੇ ਇਤਰਾਜ਼ ਪ੍ਰਗਟਾਇਆ

ਚੋਣਾਂ ਤੋਂ ਪਹਿਲਾਂ ਬਜਟ ਬਾਰੇ ਵਿਰੋਧੀ ਧਿਰਾਂ ਨੇ ਇਤਰਾਜ਼ ਪ੍ਰਗਟਾਇਆ

ਵਿਰੋਧੀ ਧਿਰ ਦੇ ਆਗੂ ਦਿੱਲੀ ਵਿਚ ਚੋਣ ਕਮਿਸ਼ਨ ਨਾਲ ਬੈਠਕ ਤੋਂ ਬਾਅਦ ਬਾਹਰ ਆਉਂਦੇ ਹੋਏ। 

ਨਵੀਂ ਦਿੱਲੀ/ਬਿਊਰੋ ਨਿਊਜ਼ :
ਪੰਜ ਸੂਬਿਆਂ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਕੇਂਦਰੀ ਬਜਟ ਪੇਸ਼ ਕਰਨ ‘ਤੇ ਇਤਰਾਜ਼ ਪ੍ਰਗਟਾਉਂਦਿਆਂ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਨੇ ਚੋਣ ਕਮਿਸ਼ਨ ਕੋਲ ਇਹ ਮਾਮਲਾ ਉਠਾਇਆ। ਇਨ੍ਹਾਂ ਪਾਰਟੀਆਂ ਨੇ ਮੰਗ ਕੀਤੀ ਹੈ ਕਿ ਸਰਕਾਰ ਨੂੰ ਵੋਟਿੰਗ ਦੇ ਆਖਰੀ ਦਿਨ 8 ਮਾਰਚ ਤਕ ਬਜਟ ਪੇਸ਼ ਕਰਨ ਤੋਂ ਰੋਕਿਆ ਜਾਵੇ। ਮੁੱਖ ਚੋਣ ਕਮਿਸ਼ਨਰ ਨਸੀਮ ਜ਼ੈਦੀ ਨੂੰ ਮਿਲੇ ਵਫ਼ਦ ਵਿਚ ਜਨਤਾ ਦਲ (ਯੂ), ਬਸਪਾ, ਸਮਾਜਵਾਦੀ ਪਾਰਟੀ, ਡੀਐਮਕੇ, ਆਰਜੇਡੀ, ਤ੍ਰਿਣਮੂਲ ਕਾਂਗਰਸ ਅਤੇ ਹੋਰ ਪਾਰਟੀਆਂ ਦੇ ਆਗੂ ਸ਼ਾਮਲ ਸਨ। ਕਾਂਗਰਸ ਆਗੂ ਗ਼ੁਲਾਮ ਨਬੀ ਆਜ਼ਾਦ ਨੇ ਕਿਹਾ ਕਿ 2012 ਵਿਚ ਇਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ਵੇਲੇ ਭਾਜਪਾ ਸਮੇਤ ਵਿਰੋਧੀ ਧਿਰ ਨੇ ਅਜਿਹੇ ਇਤਰਾਜ਼ ਪ੍ਰਗਟ ਕੀਤੇ ਸਨ ਜਿਸ ਪਿੱਛੋਂ ਕਾਂਗਰਸ ਨੇ ਬਜਟ 28 ਫਰਵਰੀ ਦੀ ਥਾਂ ‘ਤੇ 16 ਮਾਰਚ ਨੂੰ ਪੇਸ਼ ਕੀਤਾ ਸੀ। ਆਨੰਦ ਸ਼ਰਮਾ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਕਦੇ ਵੀ ਵੋਟਰਾਂ ਨੂੰ ਪ੍ਰਭਾਵਤ ਕਰਨ ਲਈ ਬਜਟ ਦੀ ਵਰਤੋਂ ਨਹੀਂ ਕੀਤੀ।

ਬਜਟ ਇਜਲਾਸ ਦਾ ਦੂਜਾ ਹਿੱਸਾ ਹੋ ਸਕਦਾ ਹੈ 9 ਮਾਰਚ ਤੋਂ :
ਉਧਰ ਸੰਸਦ ਦੇ ਬਜਟ ਇਜਲਾਸ ਦਾ ਦੂਜਾ ਹਿੱਸਾ 9 ਮਾਰਚ, ਵਿਧਾਨ ਸਭਾ ਚੋਣਾਂ ਦੇ ਆਖਰੀ ਪੜਾਅ ਤੋਂ ਇਕ ਦਿਨ ਬਾਅਦ, ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ ਜੋ 13 ਅਪਰੈਲ ਤਕ ਚਲੇਗਾ। ਉਂਜ ਬਜਟ ਇਜਲਾਸ 31 ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ ਅਤੇ ਪਹਿਲੀ ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਣਾ ਹੈ। ਪਹਿਲਾ ਦੌਰ 9 ਫਰਵਰੀ ਤੱਕ ਚੱਲੇਗਾ।