12 ਕਰੋੜ ਰੁ. ਦੀ ਲਾਗਤ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਹਸਪਤਾਲ 'ਚ ਸਾਲਾਂ ਬਾਅਦ ਵੀ ਨਹੀਂ ਪਹੁੰਚੇ ਡਾਕਟਰ

12 ਕਰੋੜ ਰੁ. ਦੀ ਲਾਗਤ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਹਸਪਤਾਲ 'ਚ ਸਾਲਾਂ ਬਾਅਦ ਵੀ ਨਹੀਂ ਪਹੁੰਚੇ ਡਾਕਟਰ

ਤਰਨਤਾਰਨ: ਸ਼੍ਰੋਮਣੀ ਕਮੇਟੀ ਪ੍ਰਬੰਧ ਵਿਚ ਪ੍ਰਬੰਧਕਾਂ ਦੀ ਅਣਗਿਹਲੀ ਅਤੇ ਚੰਗੀ ਨੀਤੀ ਦੀ ਅਣਹੋਂਦ ਕਾਰਨ ਗੁਰੂ ਘਰ ਦੇ ਖਜਾਨੇ ਦੀ ਸੁਚੱਜੀ ਵਰਤੋਂ ਨਾ ਹੋਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਅਜਿਹਾ ਹੀ ਇਕ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਹਿਰ ਅੰਦਰ ਕਰੀਬ 12 ਕਰੋੜ ਰੁਪਏ ਦੀ ਲਾਗਤ ਨਾਲ ਸਾਲਾਂ ਪਹਿਲਾਂ ਦੀ ਤਿਆਰ ਕੀਤੀ ਇਕ ਇਮਾਰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਫਸਰਾਂ ਦੇ ਚੇਤਿਆਂ ਵਿੱਚੋਂ ਇਕ ਤਰ੍ਹਾਂ ਨਾਲ ਪੂਰੇ ਤੌਰ ਤੇ ਵਿਸਰ ਚੁੱਕੀ ਹੈਙ 

12 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਸ ਇਮਾਰਤ ਵਿਚ ਹਸਪਤਾਲ ਸ਼ੁਰੂ ਨਾ ਹੋਣ ਕਰਕੇ ਇਹ ਖੰਡਰ ਬਣਦੀ ਜਾ ਰਹੀ ਹੈ। ‘ਸ੍ਰੀ ਗੁਰੂ ਅਰਜਨ ਦੇਵ ਸਕਿਨ ਅਤੇ ਜਨਰਲ ਹਸਪਤਾਲ’ ਨਾਂ ਦੇ ਪ੍ਰੋਜੈਕਟ ਤਹਿਤ ਬਣਾਏ ਜਾਣ ਲਈ ਇਸ ਤਿਆਰ ਇਮਾਰਤ ਦਾ ਨੀਂਹ ਪੱਥਰ ਸ਼੍ਰੋਮਣੀ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਵਲੋਂ 23 ਅਪਰੈਲ, 2006 ਨੂੰ ਰੱਖਿਆ ਸੀ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਚੌਥੀ ਸ਼ਤਾਬਦੀ (400 ਸਾਲਾ) ਨੂੰ ਸਮਰਪਿਤ ਇਸ ਹਪਸਤਾਲ ਰਾਹੀਂ ਪਿਛੜੇ ਅਤੇ ਸਰਹੱਦੀ ਖੇਤਰ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦਿੱਤੇ ਜਾਣ ਦਾ ਟੀਚਾ ਮਿੱਥਿਆ ਗਿਆ ਸੀ।

ਸ਼੍ਰੋਮਣੀ ਕਮੇਟੀ ਨੇ ਇਸ ਹਸਪਤਾਲ ਲਈ ਸਾਢ਼ੇ ਸੱਤ ਏਕੜ ਵਾਹੀਯੋਗ ਜ਼ਮੀਨ ਹਸਪਤਾਲ ਦੇ ਨਾਂ ਕਰ ਦਿੱਤੀ ਸੀ। ਨੀਂਹ ਪੱਥਰ ਰੱਖੇ ਜਾਣ ਦੇ ਨਾਲ ਹੀ ਇਸ ਜ਼ਮੀਨ ਵਿੱਚ ਖੇਤੀ ਦਾ ਕੰਮ ਛੱਡ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਦੇ ਇਥੋਂ ਦੇ ਇਕ ਅਫਸਰ ਨੇ ਦੱਸਿਆ ਕਿ ਕਰੀਬ ਛੇ ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਇਹ ਇਮਾਰਤ ਸਾਲਾਂ ਪਹਿਲਾਂ ਦੀ ਮੁਕੰਮਲ ਹੋ ਕੇ ਵਰਤੋਂ ਦੀ ਉਡੀਕ ਵਿੱਚ ਹੈ। ਉਹਨਾਂ ਦੱਸਿਆ ਕਿ ਨੀਂਹ ਪੱਥਰ ਰੱਖੇ ਜਾਣ ਦੇ ਕਈ ਸਾਲਾਂ ਤੱਕ ਤਾਂ ਇਸ ਸਾਢੇ ਸੱਤ ਏਕੜ ਜ਼ਮੀਨ ਵਿੱਚ ਹੀ ਵਾਹੀ ਕਰਨ ਦਾ ਕੰਮ ਛੱਡ ਦਿੱਤਾ ਗਿਆ ਸੀ ਭਾਵੇਂ ਕਿ ਹਸਪਤਾਲ ਲਈ ਚਾਰ ਏਕੜ ਜ਼ਮੀਨ ਹੀ ਵਰਤੋਂ ਵਿੱਚ ਲਿਆਂਦੀ ਗਈ ਸੀ। ਕਈ ਸਾਲਾਂ ਤੱਕ ਖਾਲੀ ਚੱਲਦੀ ਆ ਰਹੀ ਇਸ ਜ਼ਮੀਨ ਦੇ ਸਾਢੇ ਤਿੰਨ ਏਕੜ ਹਿੱਸੇ ਨੂੰ ਕੁਝ ਸਾਲ ਪਹਿਲਾਂ ਦਾ ਵਾਹੀ ਕਰਨ ਲਈ ਵਰਤੋਂ ਵਿੱਚ ਲਿਆਂਦਾ ਜਾ ਰਿਹਾ ਹੈ। 

ਉਹਨਾਂ ਦੱਸਿਆ ਕਿ ਜ਼ਮੀਨ ਦੀ ਲਾਗਤ ਕੀਮਤ ਸਮੇਤ ਇਸ ਇਮਾਰਤ ’ਤੇ ਅੱਜ ਤੱਕ ਕੋਈ 12 ਕਰੋੜ ਰੁਪਏ ਦੀ ਲਾਗਤ ਆ ਚੁੱਕੀ ਹੈ ਅਤੇ ਜ਼ਮੀਨ ਨੂੰ ਵਰਤੋਂ ਵਿੱਚ ਨਾ ਲਿਆਂਦੇ ਜਾਣ ਕਰਕੇ ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕ 20 ਕਰੋੜ ਰੁਪਏ ਤੱਕ ਦਾ ਨੁਕਸਾਨ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੀਆਂ ਨੀਤੀਆਂ ਸਪਸ਼ਟ ਨਾ ਹੋਣ ਕਰਕੇ ਇਸ ਇਮਾਰਤ ਦੀ ਵਰਤੋਂ ਅਜੇ ਕਈ ਹੋਰ ਸਾਲਾਂ ਤੱਕ ਵੀ ਕੀਤੇ ਜਾਣ ਦੀ ਕੋਈ ਉਮੀਦ ਨਹੀਂ ਦਿਸਦੀ। 

ਇਲਾਕੇ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਲਵਿੰਦਰਪਾਲ ਸਿੰਘ ਪੱਖੋਕੇ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਇਹ ਪ੍ਰੋਜੈਕਟ ਸ਼ੁਰੂ ਕਰਵਾਉਣ ਲਈ ਬਹੁਤ ਚਾਰਾਜੋਈ ਕਰਨੀ ਪਈ ਅਤੇ ਫਿਰ ਉਨ੍ਹਾਂ ਇਸ ਨੂੰ ਜਾਰੀ ਰੱਖਣ ਲਈ ਪੈਰ ਪੈਰ ’ਤੇ ਪੈਰਵਾਈ ਕੀਤੀ। ਉਨ੍ਹਾਂ ਕਿਹਾ ਕਿ ਹੁਣ ਉਹ ਇਸ ਹਸਪਤਾਲ ਨੂੰ ਚਾਲੂ ਕਰਾਉਣ ਲਈ ਵੀ ਹੰਭਲਾ ਮਾਰ ਰਹੇ ਹਨ ਜਿਸ ਲਈ ਉਹ ਇਲਾਕੇ ਦੇ ਲੋਕਾਂ ਦੇ ਸਹਿਯੋਗ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਹਸਪਤਾਲ ਚਾਲੂ ਕੀਤੇ ਜਾਣ ਨਾਲ ਜਿਥੇ ਲੋਕਾਂ ਨੂੰ ਇਸ ਦਾ ਲਾਹਾ ਮਿਲੇਗਾ ਉਥੇ ਆਮ ਲੋਕਾਂ ਵਿੱਚ ਸ਼੍ਰੋਮਣੀ ਕਮੇਟੀ ਪ੍ਰਤੀ ਹਰਮਨਪਿਆਰਤਾ ਵਧੇਗੀ।