ਤਾਲਿਬਾਨ ਅਤੇ ਅਮਰੀਕਾ ਵਿਚਾਲੇ ਸੰਧੀ ਨੂੰ ਪਹਿਲਾ ਝਟਕਾ; ਅਫਗਾਨ ਰਾਸ਼ਟਰਪਤੀ ਗਨੀ ਨੇ ਸ਼ਰਤਾਂ ਮੰਨਣ ਤੋਂ ਕੀਤੀ ਨਾਹ

ਤਾਲਿਬਾਨ ਅਤੇ ਅਮਰੀਕਾ ਵਿਚਾਲੇ ਸੰਧੀ ਨੂੰ ਪਹਿਲਾ ਝਟਕਾ; ਅਫਗਾਨ ਰਾਸ਼ਟਰਪਤੀ ਗਨੀ ਨੇ ਸ਼ਰਤਾਂ ਮੰਨਣ ਤੋਂ ਕੀਤੀ ਨਾਹ

ਕਾਬੁਲ: ਲੰਘੀ 29 ਫਰਵਰੀ ਨੂੰ ਕਤਰ ਦੀ ਰਾਜਧਾਨੀ ਦੋਹਾ ਵਿਚ ਅਮਰੀਕਾ ਅਤੇ ਤਾਲਿਬਾਨ ਦਰਮਿਆਨ ਅਫਗਾਨਿਸਤਾਨ ਦੀ 18 ਸਾਲਾਂ ਤੋਂ ਚੱਲ ਰਹੀ ਜੰਗ ਨੂੰ ਖਤਮ ਕਰਨ ਲਈ ਕੀਤੇ ਗਏ 'ਸ਼ਾਂਤੀ ਸਮਝੌਤੇ' ਨੂੰ ਅਮਰੀਕੀ ਮਦਦ ਵਾਲੀ ਅਫਗਾਨਿਸਤਾਨ ਸਰਕਾਰ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਪਹਿਲਾ ਝਟਕਾ ਦਿੱਤਾ ਹੈ। ਅਸ਼ਰਫ ਗਨੀ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਹੋਏ 'ਸ਼ਾਂਤੀ ਸਮਝੌਤੇ' ਨੂੰ ਨਹੀਂ ਮੰਨੇਗੀ ਤੇ ਉਹਨਾਂ ਅਫਗਾਨਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ 5000 ਤਾਲਿਬਾਨੀ ਜੁਝਾਰੂਆਂ ਨੂੰ ਰਿਹਾਅ ਕਰਨ ਤੋਂ ਨਾਹ ਕਰ ਦਿੱਤੀ ਹੈ। 

ਦੱਸ ਦਈਏ ਕਿ ਸਮਝੌਤੇ ਵਿਚ ਮੰਨਿਆ ਗਿਆ ਸੀ ਕਿ ਅਫਗਾਨਸਤਾਨ ਸਰਕਾਰ ਅਤੇ ਤਾਲਿਬਾਨ ਦਰਮਿਆਨ ਆਉਂਦੇ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਗੱਲਬਾਤ ਤੋਂ ਪਹਿਲਾਂ ਅਫਗਾਨਿਸਤਾਨ ਸਰਕਾਰ ਦੀਆਂ ਜੇਲ੍ਹਾਂ ਵਿਚ ਬੰਦ 5000 ਤਾਲਿਬਾਨੀ ਜੁਝਾਰੂਆਂ ਨੂੰ ਰਿਹਾਅ ਕੀਤਾ ਜਾਵੇਗਾ ਅਤੇ ਤਾਲਿਬਾਨ ਆਪਣੀਆਂ ਜੇਲ੍ਹਾਂ ਵਿਚ ਬੰਦ 1000 ਕੈਦੀਆਂ ਨੂੰ ਰਿਹਾਅ ਕਰੇਗਾ।

ਰਾਸ਼ਟਰਪਤੀ ਗਨੀ ਨੇ ਬੀਤੇ ਕੱਲ੍ਹ ਕਾਬੁਲ ਵਿਚ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਅਫਗਾਨਿਸਤਾਨ ਸਰਕਾਰ ਨੇ 5000 ਤਾਲਿਬਾਨੀ ਕੈਦੀਆਂ ਨੂੰ ਰਿਹਾਅ ਕਰਨ ਦਾ ਕੋਈ ਵਾਅਦਾ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਇਸ ਬਾਰੇ ਫੈਂਸਲਾ ਕਰਨ ਦਾ ਅਮਰੀਕਾ ਕੋਲ ਕੋਈ ਹੱਕ ਨਹੀਂ, ਅਮਰੀਕਾ ਸਿਰਫ ਗੱਲਬਾਤ ਕਰਾਉਣ ਵਿਚ ਵਿਚੋਲਗੀ ਨਿਭਾ ਸਕਦਾ ਹੈ।