ਅਕਾਲ ਤਖ਼ਤ ਸਾਹਿਬ ਨੇ ਰਾਮ ਮੰਦਿਰ ਉਦਘਾਟਨ ਸਮਾਗਮ ਦਾ ਸੱਦਾ ਨਜ਼ਰਅੰਦਾਜ਼ ਕੀਤਾ

ਅਕਾਲ ਤਖ਼ਤ ਸਾਹਿਬ ਨੇ ਰਾਮ ਮੰਦਿਰ ਉਦਘਾਟਨ ਸਮਾਗਮ ਦਾ ਸੱਦਾ ਨਜ਼ਰਅੰਦਾਜ਼ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਬਾਬਰੀ ਮਸਜਿਦ ਦੀ ਜਗ੍ਹਾ 'ਤੇ ਰਾਮ ਮੰਦਿਰ ਦੀ ਉਸਾਰੀ ਦੀ ਸ਼ੁਰੂਆਤ ਲਈ ਅੱਜ ਹੋਏ ਸਮਾਗਮ ਵਿਚ ਸ਼ਾਮਲ ਹੋਣ ਲਈ ਦਿੱਤੇ ਸੱਦੇ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਨਜ਼ਰਅੰਦਾਜ਼ ਕਰ ਦਿੱਤਾ ਹੈ। ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ ਇਸ ਸਬੰਧੀ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹਨਾਂ ਅਜਿਹਾ ਕੋਈ ਸੱਦਾ ਪੜ੍ਹਿਆ ਹੀ ਨਹੀਂ।

ਜ਼ਿਕਰਯੋਗ ਹੈ ਕਿ ਇਸ ਸਮਾਗਮ ਦਾ ਸੱਦਾ ਲੈ ਕੇ ਕੁੱਝ ਦਿਨ ਪਹਿਲਾਂ ਆਰ.ਐਸ.ਐਸ ਵੱਲੋਂ ਸਿੱਖ ਚਿਹਰਿਆਂ ਨੂੰ ਅੱਗੇ ਲਾ ਕੇ ਬਣਾਈ ਗਈ ਰਾਸ਼ਟਰੀ ਸਿੱਖ ਸੰਗਤ ਦੇ ਮੋਹਤਬਾਰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਆਏ ਸਨ। 

ਅੱਜ ਅਯੋਧਿਆ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਿਰ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਮੌਕੇ ਆਰ.ਐਸ.ਐਸ ਮੁਖੀ ਮੋਹਨ ਭਾਗਵਤ ਅਤੇ ਯੂਪੀ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵੀ ਮੋਜੂਦ ਸਨ। 

ਸਿੱਖ ਅਦਾਰਿਆਂ ਵੱਲੋਂ ਇਸ ਸਮਾਗਮ ਤੋਂ ਦੂਰੀ ਬਣਾਉਣ ਦੇ ਬਾਵਜੂਦ ਆਰ.ਐਸ.ਐਸ ਦੇ ਕਰੀਬੀ ਅਤੇ ਸਿੱਖ ਸਿਧਾਂਤਾਂ ਦੇ ਵਿਰੁੱਧ ਬਿਆਨਬਾਜ਼ੀਆਂ ਕਰਦੇ ਰਹਿੰਦੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਇਕਬਾਲ ਸਿੰਘ ਇਸ ਸਮਾਗਮ ਵਿਚ ਸ਼ਾਮਲ ਹੋਏ। ਉਹਨਾਂ ਨੇ ਇੱਥੇ ਇਕ ਨਵਾਂ ਵਿਵਾਦਤ ਬਿਆਨ ਦਿੰਦਿਆਂ ਗੁਰੂ ਗੋਬਿੰਦ ਸਿੰਘ ਨੂੰ ਹਿੰਦੂ ਮਿਥਿਹਾਸ ਦਾ ਹਿੱਸਾ ਲਵ-ਕੁੱਛ ਦੀ ਔਲਾਦ ਦੱਸਿਆ। ਸੋਸ਼ਲ ਮੀਡੀਆ 'ਤੇ ਇਕਾਬਲ ਸਿੰਘ ਦੇ ਇਸ ਬਿਆਨ ਦੇ ਸਿੱਖਾਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ।