ਗਲਾਸਗੋਅ ਵਿੱਚ ਸਿੱਖਾਂ ਨੇ ਭਾਰਤ ਸਰਕਾਰ ਵੱਲੋਂ ਉਲੀਕੇ ਪ੍ਰਕਾਸ਼ ਪੁਰਬ ਸਮਾਗਮ ਦਾ ਬਾਈਕਾਟ ਕੀਤਾ

ਗਲਾਸਗੋਅ ਵਿੱਚ ਸਿੱਖਾਂ ਨੇ ਭਾਰਤ ਸਰਕਾਰ ਵੱਲੋਂ ਉਲੀਕੇ ਪ੍ਰਕਾਸ਼ ਪੁਰਬ ਸਮਾਗਮ ਦਾ ਬਾਈਕਾਟ ਕੀਤਾ

ਗਲਾਸਗੋਅ: ਭਾਰਤ ਅਤੇ ਸਿੱਖਾਂ ਦਰਮਿਆਨ ਤਲਖੀ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਕੀਤੀ ਜਾਂਦੀ ਦਖਲਅੰਦਾਜ਼ੀ ਤੋਂ ਨਰਾਜ਼ ਗਲਾਸਗੋਅ (ਸਕੋਟਲੈਂਡ) ਦੇ ਸਿੱਖਾਂ ਨੇ ਬਰਤਾਨੀਆ ਵਿੱਚ ਭਾਰਤੀ ਸਰਾਫਤਖਾਨੇ ਵੱਲੋਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਸਬੰਧੀ ਕਰਵਾਏ ਜਾ ਰਹੇ ਸਮਾਗਮ ਦਾ ਬਾਈਕਾਟ ਕਰਨ ਦਾ ਫੈਂਸਲਾ ਕੀਤਾ ਹੈ। 

ਗਲਾਸਗੋਅ ਗੁਰਦੁਆਰਾ ਕਾਉਂਸਲ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਐਸੋਸੀਏਸ਼ਨ ਆਫ ਇੰਡੀਅਨ ਓਰਗੇਨਾਈਜ਼ੇਸ਼ਨ ਅਤੇ ਬਰਤਾਨੀਆ ਵਿੱਚ ਭਾਰਤੀ ਉੱਚ ਕਮਿਸ਼ਨਰ ਵੱਲੋਂ 5 ਅਕਤੂਬਰ ਨੂੰ ਕਰਵਾਏ ਜਾ ਰਹੇ ਸਮਾਗਮ 'ਤੇ ਉਹਨਾਂ ਨੂੰ ਇਤਰਾਜ਼ ਹੈ। ਉਹਨਾਂ ਕਿਹਾ ਕਿ ਗੁਰਮਤਿ ਸਮਾਗਮ ਨੂੰ ਗੁਰਮਤਿ ਸਿਧਾਂਤ ਮੁਤਾਬਕ ਸਹੀ ਢੰਗ ਨਾਲ ਉਲੀਕਣ ਲਈ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਸਮਰੱਥ ਹਨ ਅਤੇ ਇਹ ਸਮਾਗਮ ਭਾਰਤੀ ਉੱਚ ਕਮਿਸ਼ਨਰ ਵੱਲੋਂ ਉਸ ਸਮੇਂ ਕੀਤਾ ਜਾ ਰਿਹਾ ਹੈ ਜਦੋਂ ਭਾਰਤ ਸਰਕਾਰ ਵੱਲੋਂ ਘੱਟਗਿਣਤੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ ਖਿਲਾਫ ਸਿੱਖ ਪੂਰੀ ਦੁਨੀਆ ਵਿੱਚ ਅਵਾਜ਼ ਬੁਲੰਦ ਕਰ ਰਹੇ ਹਨ। 

ਉਹਨਾਂ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜ਼ਾਲਮ ਅਤੇ ਜ਼ਾਬਰ ਹੁਕਮਰਾਨਾਂ ਖਿਲਾਫ ਅਵਾਜ਼ ਚੁੱਕੀ ਸੀ। ਉਹਨਾਂ ਐਲਾਨ ਕੀਤਾ ਸੀ ਕਿ ਉਹ ਹਮੇਸ਼ਾ ਮਜ਼ਲੂਮ ਲੋਕਾਂ ਦੇ ਪੱਖ ਵਿੱਚ ਖੜਨਗੇ। ਪਰ ਭਾਰਤ ਸਰਕਾਰ ਲਗਾਤਾਰ ਘੱਟਗਿਣਤੀਆਂ ਖਿਲਾਫ ਜ਼ੁਲਮ ਕਰ ਰਹੀ ਹੈ ਅਤੇ ਸਿੱਖ ਗੁਰਦੁਆਰਾ ਸਾਹਿਬਾਨ ਦੀਆਂ ਇਮਾਰਤਾਂ ਢਾਹੀਆਂ ਜਾ ਰਹੀਆਂ ਹਨ ਤੇ ਪੰਜਾਬੀ ਬੋਲੀ 'ਤੇ ਹਮਲੇ ਕੀਤੇ ਜਾ ਰਹੇ ਹਨ। ਭਾਰਤ ਦੀ ਮੋਜੂਦਾ ਸਰਕਾਰ ਗੁਰੂ ਨਾਨਕ ਪਾਤਸ਼ਾਹ ਦੇ ਸਿਧਾਂਤ ਦੇ ਉਲਟ ਨੀਤੀਆਂ 'ਤੇ ਕੰਮ ਕਰ ਰਹੀ ਹੈ।

ਗੁਰਦੁਆਰਾ ਕਾਉਂਸਲ ਨੇ ਕਿਹਾ ਕਿ 2015 ਵਿੱਚ ਭਾਰਤ ਸਰਕਾਰ ਨੇ ਗਲਾਸਗੋਅ ਸਿੱਖ ਭਾਈਚਾਰੇ 'ਤੇ ਕੱਟੜਵਾਦ ਨੂੰ ਫੈਲਾਉਣ ਦਾ ਗਲਤ ਦੋਸ਼ ਲਾਇਆ ਸੀ। ਇਸ ਝੂਠੇ ਦੋਸ਼ ਨੇ ਭਾਰਤ ਸਰਕਾਰ ਅਤੇ ਸਕੋਟਿਸ਼ ਸਿੱਖ ਭਾਈਚਾਰੇ ਦਰਮਿਆਨ ਭਰੋਸੇ ਦੇ ਰਿਸ਼ਤੇ ਨੂੰ ਤੋੜ ਦਿੱਤਾ ਸੀ, ਤੇ ਅੱਜ ਤੱਕ ਭਾਰਤ ਸਰਕਾਰ ਨੇ ਇਸ ਲਈ ਸਕੋਟਿਸ਼ ਸਿੱਖਾਂ ਤੋਂ ਮੁਆਫੀ ਨਹੀਂ ਮੰਗੀ ਹੈ।

ਇਹ ਬਿਆਨ ਗਲਾਸਗੋਅ ਗੁਰਦੁਆਰਾ ਕਾਉਂਸਲ ਦੇ ਪ੍ਰਧਾਨ ਦੇ ਨਾਂ ਹੇਠ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੈਂਟਰਲ ਗੁਰਦੁਆਰਾ ਸਿੰਘ ਸਭਾ, ਗੁਰਦੁਆਰਾ ਗੁਰੂ ਗ੍ਰੰਥ ਸਾਹਿਬ, ਗੁਰੂ ਤੇਗ ਬਹਾਦਰ ਗੁਰਦੁਆਰਾ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਸ਼ਾਮਿਲ ਹਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।