ਗੱਡੀ ਵਿੱਚ ਨਸ਼ਾ ਰੱਖ ਕੇ ਲੋਕਾਂ ਗਲ ਪਾਉਂਦੀ ਫਿਰਦੀ ਪੰਜਾਬ ਪੁਲਿਸ ਫੜ੍ਹੀ ਗਈ

ਗੱਡੀ ਵਿੱਚ ਨਸ਼ਾ ਰੱਖ ਕੇ ਲੋਕਾਂ ਗਲ ਪਾਉਂਦੀ ਫਿਰਦੀ ਪੰਜਾਬ ਪੁਲਿਸ ਫੜ੍ਹੀ ਗਈ

ਗੜ੍ਹਸ਼ੰਕਰ: ਪੰਜਾਬ ਪੁਲਿਸ ਵੱਲੋਂ ਲੋਕਾਂ 'ਤੇ ਝੂਠੇ ਨਸ਼ੇ ਅਤੇ ਹਥਿਆਰਾਂ ਦੇ ਮਾਮਲੇ ਬਣਾਉਣ ਬਾਰੇ ਜੱਗ ਜਾਣਦਾ ਹੈ ਪਰ ਇੱਥੋਂ ਨੇੜਲੇ ਪਿੰਡ ਪੈਂਸਰਾ ਵਿੱਚ ਪੰਜਾਬ ਪੁਲਿਸ ਦੀ ਅਜਿਹੀ ਘਟੀਆ ਹਰਕਤ ਦੀ ਸ਼ਰੇਆਮ ਪੋਲ ਖੁੱਲ੍ਹ ਗਈ। ਪਿੰਡ ਪਹੁੰਚੀ ਹੁਸ਼ਿਆਰਪੁਰ ਦੇ ਨਾਰਕੋਟਿਕ ਸੈੱਲ ਦੀ ਟੀਮ ਨੇ ਪਿੰਡ ਦੇ ਇਕ ਦੁਕਾਨਦਾਰ ਦੇ ਘਰ ਨਸ਼ੀਲੇ ਪਦਾਰਥ ਰੱਖੇ ਹੋਣ ਦੀ ਗੱਲ ਕਹਿ ਕੇ ਤਲਾਸ਼ੀ ਕਰਨੀ ਸ਼ੁਰੂ ਕਰ ਦਿੱਤੀ ਪਰ ਜਦੋਂ ਕੁੱਝ ਵੀ ਬਰਾਮਦ ਨਾ ਹੋਇਆ ਤਾਂ ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਦੁਕਾਨ ਅੰਦਰ ਖੁਦ ਨਸ਼ਾ ਰੱਖ ਕੇ ਦੁਕਾਨਦਾਰ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ। 

ਪੁਲਿਸ ਦੀ ਇਸ ਕਰਤੂਤ 'ਤੇ ਪਿੰਡ ਵਾਸੀਆਂ ਨੇ ਇਹਨਾਂ ਪੁਲਿਸ ਮੁਲਾਜ਼ਮਾਂ ਨੂੰ ਕਾਬੂ ਕਰਕੇ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਅਤੇ ਪੁਲਿਸ 'ਤੇ ਦੁਕਾਨਦਾਰ ਨੂੰ ਨਜਾਇਜ਼ ਨਸ਼ੇ ਦੇ ਮਾਮਲੇ 'ਚ ਫਸਾਉਣ ਦਾ ਦੋਸ਼ ਲਾਇਆ। 

ਇਸ ਘਟਨਾ ਦੀ ਜਾਣਕਾਰੀ ਮਿਲਣ 'ਤੇ ਡੀਐੱਸਪੀ ਗੜ੍ਹਸ਼ੰਕਰ ਸਤੀਸ਼ ਕੁਮਾਰ ਅਤੇ ਐੱਸਐੱਚਓ ਬਲਵਿੰਦਰ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਛਾਪਾ ਮਾਰਨ ਆਏ ਪੁਲਿਸ ਮੁਲਾਜ਼ਮਾਂ ਨੂੰ ਪਿੰਡ ਵਾਸੀਆਂ ਤੋਂ ਛਡਵਾਇਆ। ਜਦੋਂ ਪੁਲਿਸ ਮੁਲਾਜ਼ਮ ਅਗਲੀ ਸਵੇਰ ਛਾਪਾ ਮਾਰਨ ਆਈ ਟੀਮ ਦੀ ਗੱਡੀ ਲੈਣ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਤਲਾਸ਼ੀ ਤੋਂ ਬਗੈਰ ਗੱਡੀ ਨਾ ਜਾਣ ਦਿੱਤੀ। ਪੁਲਿਸ ਦੇ ਉੱਚ ਅਫਸਰਾਂ ਦੀ ਮੋਜੂਦਗੀ ਵਿੱਚ ਹੋਈ ਤਲਾਸ਼ੀ ਦੌਰਾਨ ਪੁਲਿਸ ਦੀ ਗੱਡੀ ਵਿੱਚੋਂ ਤਿੰਨ ਪੈਕੇਟ ਚੂਰਾ ਪੋਸਤ, 10 ਪੈਕੇਟ ਚਿੱਟਾ ਅਤੇ 6 ਬੋਤਲਾਂ ਸ਼ਰਾਬ ਬਰਾਮਦ ਹੋਈ। ਇਸ ਮੌਕੇ ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਪੁਲਿਸ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਲੋਕਾਂ ਨੂੰ ਸ਼ਾਂਤ ਕਰਵਾਉਂਦਿਆਂ ਐੱਸਪੀ (ਡੀ) ਧਰਮਪਾਲ ਨੇ ਇਕ ਪੁਲਿਸ ਮੁਲਾਜ਼ਮ ਅਵਤਾਰ ਸਿੰਘ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।