ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਭਗਵਾਂਕਰਨ ਦੀ ਨੀਤੀ ਦਾ ਅਕਾਲ ਤਖ਼ਤ ਸਾਹਿਬ ਵੱਲੋਂ ਵਿਰੋਧ

ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਭਗਵਾਂਕਰਨ ਦੀ ਨੀਤੀ ਦਾ ਅਕਾਲ ਤਖ਼ਤ ਸਾਹਿਬ ਵੱਲੋਂ ਵਿਰੋਧ

ਭਾਜਪਾ ਨੇ ਦੱਸਿਆ ਬੇਲੋੜਾ ਵਿਵਾਦ
ਮਾਹਿਰਾਂ ਅਨੁਸਾਰ ਸਹੀ ਦਿੱਖ ਨਹੀਂ ਪੇਸ਼ ਕਰਦਾ ਨਵੀਂ ਇਮਾਰਤ ਦਾ ਡਿਜ਼ਾਈਨ 

ਅੰਮ੍ਰਿਤਸਰ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਅੰਮ੍ਰਿਤਸਰ ਦੇ ਰੇਲ ਅੱਡੇ ਨੂੰ ਨਵੇਂ ਸਿਰੇ ਤੋਂ ਬਣਾਉਣ ਲਈ ਪਾਸ ਕੀਤੇ ਗਏ ਡਿਜ਼ਾਈਨ ਦਾ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਰੋਧ ਕੀਤਾ ਹੈ। ਸਾਹਮਣੇ ਆਈਆਂ ਰਿਪੋਰਟਾਂ ਮੁਤਾਬਕ ਇਸ ਸਟੇਸ਼ਨ ਨੂੰ ਜਨਤਕ ਤੇ ਨਿੱਜੀ ਖੇਤਰ ਦੇ ਸਹਿਯੋਗ (ਪੀਪੀਪੀ ਮੋਡ) ਰਾਹੀਂ ਨਵੇਂ ਰੂਪ 'ਚ ਬਣਾਇਆ ਜਾਵੇਗਾ ਤੇ ਇਸ ਦੇ ਨਕਸ਼ੇ ਤੇ ਡਿਜ਼ਾਈਨ ਨੂੰ ਸਰਕਾਰੀ-ਪ੍ਰਾਈਵੇਟ ਭਾਈਵਾਲੀ ਅਪਰੇਜ਼ਲ ਕਮੇਟੀ ਨੇ ਲੰਘੇ ਵਰ੍ਹੇ 20 ਦਸੰਬਰ ਨੂੰ ਪ੍ਰਵਾਨਗੀ ਦਿੱਤੀ ਹੈ। 

ਸਾਹਮਣੇ ਆਏ ਇਸ ਡਿਜ਼ਾਈਨ ਮੁਤਾਬਕ ਅੱਡੇ ਵਿੱਚ ਦਾਖਲ ਹੁੰਦਿਆਂ ਹੀ ਇਕ ਕਮਲ ਦੇ ਫੁੱਲ ਦੇ ਆਕਾਰ ਵਾਲਾ ਸਰੋਵਰ ਬਣਾਇਆ ਜਾ ਰਿਹਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਸਿੱਖ ਜਥੇਬੰਦੀਆਂ ਨੇ ਸਿੱਖਾਂ ਦੇ ਇਸ ਧਾਰਮਿਕ ਸ਼ਹਿਰ ਵਿੱਚ ਕੀਤੀ ਜਾ ਰਹੀ ਇਸ ਭਗਵੇਂਕਰਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਜ਼ਿਕਰਯੋਗ ਹੈ ਕਿ ਕਮਲ ਦਾ ਫੁੱਲ ਦੇ ਅਕਾਰ ਵਾਲੇ ਇਸ ਸਰੋਵਰ ਦਾ ਚਿੰਨ੍ਹ ਹਿੰਦੂ ਦੇਵਤਿਆਂ ਨਾਲ ਮਿਲਦਾ ਹੈ ਤੇ ਇਹ ਹਿੰਦੁਤਵੀ ਪਾਰਟੀ ਭਾਜਪਾ ਦਾ ਚੋਣ ਨਿਸ਼ਾਨ ਵੀ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਡਿਜ਼ਾਈਨ ਦਾ ਵਿਰੋਧ ਕਰਦਿਆਂ ਕਿਹਾ ਕਿ ਉਹ ਇਸ ਨਾਲ ਸਹਿਮਤ ਨਹੀਂ ਹਨ ਅਤੇ ਉਹਨਾਂ ਇਸ ਨੂੰ ਸਿੱਖਾਂ ਦੇ ਧਾਰਮਿਕ ਸ਼ਹਿਰ ਦੀ ਵਿਰਾਸਤ ਨੂੰ ਢਾਹ ਲਾਉਣ ਦਾ ਯਤਨ ਦੱਸਿਆ ਤੇ ਕਿਹਾ ਕਿ ਇਹ ਡਿਜ਼ਾਈਨ ਇੱਕ ਪਾਰਟੀ ਦੇ ਚਿੰਨ੍ਹ ਨੂੰ ਰੋਸ਼ਨ ਕਰ ਰਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ, "ਡਿਜ਼ਾਈਨ ਬਣਾਉਣ ਵਾਲੇ ਇਸ ਗੱਲ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ ਕਿ ਅੰਮ੍ਰਿਤਸਰ ਸ਼ਹਿਰ ਜਿੱਥੇ ਦਰਬਾਰ ਸਾਹਿਬ ਸਥਾਪਤ ਹੈ ਉਸ ਨੂੰ ਗੁਰੂ ਰਾਮ ਦਾਸ ਪਾਤਸ਼ਾਹ ਨੇ ਵਸਾਇਆ ਸੀ। ਇਸ ਡਿਜ਼ਾਈਨ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ।"

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਡਿਜ਼ਾਈਨ ਬਣਾਉਣ ਵਾਲੀ ਕਮੇਟੀ ਨੂੰ ਸ਼ਹਿਰ ਦੀ ਸਿੱਖ ਵਿਰਾਸਤ ਮੁਤਾਬਕ ਡਿਜ਼ਾਈਨ ਬਣਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੁਮਾਂਇੰਦੇ ਇਸ ਮਸਲੇ ਸਬੰਧੀ ਸਬੰਧਿਤ ਮਹਿਕਮੇ ਨਾਲ ਜਲਦ ਮੁਲਾਕਾਤ ਕਰਨਗੇ।

ਭਾਜਪਾ ਵੱਲੋਂ ਸਿੱਖ ਵਿਰੋਧ ਨੂੰ ਗੈਰ-ਜ਼ਰੂਰੀ ਕਰਾਰ ਦਿੱਤਾ ਗਿਆ
ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਨੇ ਕਿਹਾ ਕਿ ਇਸ ਡਿਜ਼ਾਈਨ 'ਤੇ ਬੇਲੋੜਾ ਵਿਵਾਦ ਛੇੜਿਆ ਜਾ ਰਿਹਾ ਹੈ। ਟ੍ਰਿਬਿਊਨ ਅਖਬਾਰ ਵਿਚ ਛਪੇ ਉਹਨਾਂ ਦੇ ਬਿਆਨ ਵਿਚ ਕਿਹਾ ਗਿਆ ਕਿ, "ਕਮਲ ਦਾ ਫੁੱਲ ਸਿਰਫ ਭਾਜਪਾ ਨਾਲ ਸਬੰਧਿਤ ਕਿਵੇਂ ਹੋ ਸਕਦਾ ਹੈ? ਰੇਲਵੇ ਸਟੇਸ਼ਨ ਦੀ ਇਮਾਰਤ ਦੀ ਗੁੰਬਦਾਂ ਨੂੰ ਦਰਬਾਰ ਸਾਹਿਬ ਦੇ ਗੁੰਬਦਾਂ ਵਰਗੀ ਦਿੱਖ ਦਿੱਤੀ ਜਾ ਰਹੀ ਹੈ। ਇਹਨਾਂ ਗੁੰਬਦਾਂ ਨੂੰ ਵਿਰਾਸਤੀ ਦਿੱਖ ਦੇਣ ਲਈ ਇਹਨਾਂ 'ਤੇ ਲਾਲ ਰੰਗ ਫੇਰਿਆ ਜਾਵੇਗਾ। ਦਰਬਾਰ ਸਾਹਿਬ ਦਾ ਮਾਡਲ ਵੀ ਇਸ ਡਿਜ਼ਾਈਨ ਦਾ ਹਿੱਸਾ ਹੈ ਜੋ ਹੁਣ ਅੱਡੇ 'ਤੇ ਰੱਖਿਆ ਹੈ, ਪਰ ਇਸ ਨੂੰ ਸਥਾਪਤ ਕਿੱਥੇ ਕੀਤਾ ਜਾਵੇਗਾ ਇਸ ਬਾਰੇ ਮੈਨੂੰ ਨਹੀਂ ਪਤਾ।"

ਕਾਂਗਰਸ ਦੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਜੇ ਜ਼ਿਲ੍ਹਾ ਨਿਗਰਾਨ ਕਮੇਟੀ ਦੀ ਹੋਣ ਵਾਲੀ ਬੈਠਕ ਵਿੱਚ ਇਸ 'ਤੇ ਇਤਰਾਜ਼ ਹੋਇਆ ਤਾਂ ਇਸ ਡਿਜ਼ਾਈਨ ਨੂੰ ਦੁਬਾਰਾ ਨਜ਼ਰਸਾਨੀ ਲਈ ਪ੍ਰਧਾਨ ਮੰਤਰੀ ਦਫਤਰ ਭੇਜਿਆ ਜਾਵੇਗਾ।

ਇਮਾਰਤਸਾਜ਼ ਗੁਰਮੀਤ ਸਾਂਘਾ ਰਾਏ ਦੀ ਸਲਾਹ
ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ਦੀ ਵਿਰਾਸਤੀ ਦਿੱਖ ਬਦਲਣ ਦੇ ਵਿਵਾਦ ਸਬੰਧੀ ਵਿਚਾਰ ਪ੍ਰਗਟ ਕਰਿਦਆਂ ਮਸ਼ਹੂਰ ਇਮਾਰਤਸਾਜ਼ ਗੁਰਮੀਤ ਸਾਂਘਾ ਰਾਏ ਨੇ ਕਿਹਾ ਕਿ ਅੰਗਰੇਜ਼ਾਂ ਨੇ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਉਸ ਥਾਂ ’ਤੇ ਬਣਾਇਆ ਸੀ, ਜਿਸ ਦੇ ਇਕ ਪਾਸੇ ਪੁਰਾਣਾ ਵਿਰਾਸਤੀ ਅੰਮ੍ਰਿਤਸਰ ਸੀ ਅਤੇ ਦੂਜੇ ਪਾਸੇ ਨਵਾਂ ਸਿਵਲ ਲਾਈਨਜ਼ ਵਾਲਾ ਅੰਮ੍ਰਿਤਸਰ, ਜਿੱਥੇ ਅੰਗਰੇਜ਼ ਖ਼ੁਦ ਰਹਿੰਦੇ ਸਨ। ਇਹ ਰੇਲਵੇ ਸਟੇਸ਼ਨ ਇਤਿਹਾਸਕ ਜੀਟੀ ਰੋਡ ਦੇ ਨਾਲ ਹੀ ਸਥਿਤ ਹੈ। ਅੰਗਰੇਜ਼ਾਂ ਨੇ ਇਸ ਦਾ ਮੁੱਖ ਦੁਆਰ ਉਸ ਪਾਸੇ ਬਣਾਇਆ, ਜਿਸ ਪਾਸੇ ਅੰਗਰੇਜ਼ ਖ਼ੁਦ ਰਹਿੰਦੇ ਸਨ ਅਤੇ ਸਟੇਸ਼ਨ ਦਾ ਪਿਛਲਾ ਪਾਸਾ ਗੋਲਬਾਗ਼ ਤੇ ਕਿਲ੍ਹਾ ਗੋਬਿੰਦਗੜ੍ਹ ਵੱਲ ਹੈ, ਜਿਸ ਦੀ ਦਿੱਖ ਸੰਵਾਰਨ ਲਈ ਅੰਗਰੇਜ਼ਾਂ ਨੇ ਕੋਈ ਧਿਆਨ ਨਹੀਂ ਦਿੱਤਾ। ਰਾਇ ਅਨੁਸਾਰ ਇਸ ਸਟੇਸ਼ਨ ਨੂੰ ਦੁਬਾਰਾ ਡਿਜ਼ਾਈਨ ਕਰਦਿਆਂ ਇਸ ਦਾ ਮੱਥਾ ਦੋਵੇਂ ਪਾਸੇ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਡਿਜ਼ਾਈਨ ਬਣਾਉਣ ਲਈ ਮੁਕਾਬਲਾ ਕਰਵਾਉਣ ਦੇ ਨਾਲ ਨਾਲ ਸਥਾਨਕ ਲੋਕਾਂ ਦੀ ਰਾਇ ਵੀ ਲਈ ਜਾਣੀ ਚਾਹੀਦੀ ਹੈ।

ਰਾਇ ਨੇ ਕਿਹਾ ਕਿ ਪੰਜਾਬ ਦੀ ਇਮਾਰਤਸਾਜ਼ੀ ਦੀ ਵਿਰਾਸਤ ਹਜ਼ਾਰਾਂ ਵਰ੍ਹੇ ਪੁਰਾਣੀ ਹੈ, ਜਿਸ ਦੀਆਂ ਤੰਦਾਂ ਸਿੰਧੂ ਘਾਟੀ ਅਤੇ ਹੜੱਪਾ ਦੀ ਸੱਭਿਅਤਾ ਨਾਲ ਮਿਲਦੀਆਂ ਹਨ। ਹਜ਼ਾਰਾਂ ਸਾਲ ਪਹਿਲਾਂ ਬਣਾਏ ਗਏ ਉਨ੍ਹਾਂ ਸ਼ਹਿਰਾਂ ਵਿਚ ਹਵਾਦਾਰ ਘਰ, ਗਲੀਆਂ ਅਤੇ ਚੌੜੀਆਂ ਸੜਕਾਂ, ਪਾਣੀ ਦੇ ਵਿਕਾਸ ਤੇ ਅਨਾਜ ਦੇ ਭੰਡਾਰ ਕਰਨ ਦੇ ਪ੍ਰਬੰਧ ਸਨ ਅਤੇ ਉਨ੍ਹਾਂ ਉਸਾਰੀਆਂ ਵਿਚ ਮੂਲ ਭਾਵਨਾ ਇਹ ਸੀ ਕਿ ਇਮਾਰਤਾਂ ਦਾ ਰੂਪ-ਸਰੂਪ ਲੋਕਾਂ ਦੇ ਜੀਵਨ ਵਿਚ ਹੋਣ ਵਾਲੇ ਰੋਜ਼ ਦੇ ਕਾਰਜਾਂ ਨੂੰ ਸੁਖਾਲਾ ਬਣਾਉਣ ਵਾਲਾ ਹੋਵੇ।

ਉਨ੍ਹਾਂ ਅਨੁਸਾਰ ਪੰਜਾਬ ਦੀ ਇਮਾਰਤਸਾਜ਼ੀ ਸਮੇਂ ਸਮੇਂ ਉੱਠੀਆਂ ਸਥਾਨਕ ਲੋੜਾਂ ਨੂੰ ਪੂਰਾ ਕਰਦੀ ਸੀ ਅਤੇ ਪੰਜਾਬ ਨੇ ਭਾਈ ਰਾਮ ਸਿੰਘ ਵਰਗੇ ਇਮਾਰਤਸਾਜ਼ਾਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਨੇ ਖਾਲਸਾ ਕਾਲਜ ਦੀ ਉਸਾਰੀ ਕਰਵਾਈ। ਭਾਈ ਰਾਮ ਸਿੰਘ ਨੇ ਉਨ੍ਹਾਂ ਸਮਿਆਂ ਵਿਚ ਜੈਪੁਰ ਵਿਚ ਹੋਈ ਇਮਾਰਤਸਾਜ਼ੀ ਵਿਚ ਵੀ ਯੋਗਦਾਨ ਪਾਇਆ ਸੀ।

ਹੋਰ ਵਿਦਵਾਨਾਂ ਦਾ ਕੀ ਕਹਿਣਾ ਹੈ?
ਪ੍ਰੋਫ਼ੈਸਰ ਬਲਵਿੰਦਰ ਸਿੰਘ, ਜਿਹੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਗੁਰੂ ਰਾਮ ਦਾਸ ਸਕੂਲ ਆਫ਼ ਪਲੈਨਿੰਗ ਦੇ ਮੁਖੀ ਰਹੇ ਹਨ ਅਤੇ ਪੁਰਾਣੀਆਂ ਇਮਾਰਤਾਂ ਦੀ ਦੇਖ-ਰੇਖ ਦੇ ਮਾਹਿਰ ਹਨ, ਨੇ ਕਿਹਾ ਕਿ ਭਾਵੇਂ ਵਟਸਐਪ ਉੱਤੇ ਉਪਲਬਧ ਡਿਜ਼ਾਈਨ ’ਤੇ ਵੱਡੀ ਟਿੱਪਣੀ ਕਰਨਾ ਮੁਮਕਿਨ ਨਹੀਂ ਪਰ ਫਿਰ ਵੀ ਇਹ ਗੱਲ ਬੁਨਿਆਦੀ ਹੈ ਕਿ ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਡਿਜ਼ਾਈਨ ਵਿਚ ਸਥਾਨਕ ਇਮਾਰਤਸਾਜ਼ੀ ਦੇ ਰੰਗ ਦਿਖਾਈ ਦੇਣੇ ਚਾਹੀਦੇ ਹਨ। ਉਨ੍ਹਾਂ ਅਨੁਸਾਰ ਅੰਮ੍ਰਿਤਸਰ ਵਿਚ ਸਿੱਖ ਤੇ ਪੰਜਾਬੀ ਵਿਰਸੇ ਦੀ ਅਮੀਰ ਵਿਰਾਸਤ ਮੌਜੂਦ ਹੈ ਅਤੇ ਉਹ ਡਿਜ਼ਾਈਨ ਦੇ ਬਾਹਰੀ ਪੱਖ ਤੋਂ ਹੀ ਝਲਕਣੀ ਚਾਹੀਦੀ ਹੈ। ਇੰਟਰਨੈਸ਼ਨਲ ਕੌਂਸਿਲ ਆਫ਼ ਮਾਨੂੰਮੈਂਟਸ ਐਂਡ ਸਾਈਟਸ, ਜਿਹੜੀ ਕਿ ਦੁਨੀਆਂ ਦੀਆਂ ਵਿਰਾਸਤੀ ਇਮਾਰਤਾਂ ਦੀ ਸਾਂਭ-ਸੰਭਾਲ ਤੇ ਸੁਰੱਖਿਆ ਦੇ ਖੇਤਰ ਵਿਚ ਕੰਮ ਕਰਨ ਵਾਲੀ ਅੰਤਰਰਾਸ਼ਟਰੀ ਸੰਸਥਾ ਹੈ, ਦੇ ਇੰਡੀਆ ਚੈਪਟਰ ਦੀ ਮੁਖੀ ਪ੍ਰੋਫ਼ੈਸਰ ਕਿਰਨ ਜੋਸ਼ੀ ਨੇ ਕਿਹਾ ਹੈ ਕਿ ਸਿੱਖ ਇਮਾਰਤਸਾਜ਼ੀ ਵਿਚ ਕਮਲ ਦੇ ਫੁੱਲ ਨੂੰ ਪ੍ਰਮੁੱਖ ਸਥਾਨ ਪ੍ਰਾਪਤ ਨਹੀਂ ਹੈ।

ਪ੍ਰੋ. ਜੋਸ਼ੀ, ਜੋ ਇਮਾਰਤਸਾਜ਼ੀ ਦਾ ਇਤਿਹਾਸ ਪੜ੍ਹਾਉਂਦੇ ਰਹੇ ਹਨ, ਅਨੁਸਾਰ ਉਨ੍ਹਾਂ ਨੇ ਪੰਜਾਬ ਅਤੇ ਸਿੱਖ ਵਿਰਾਸਤ ਨਾਲ ਸਬੰਧਤ ਕਈ ਅਧਿਐਨ ਕੀਤੇ ਅਤੇ ਕਰਵਾਏ ਹਨ ਅਤੇ ਉਨ੍ਹਾਂ ਅਨੁਸਾਰ ਉਨ੍ਹਾਂ ਨੂੰ ਕਿਤੇ ਵੀ ਕਮਲ ਦੇ ਫੁੱਲ ਦੇ ਬਿੰਬ ਦੀ ਪ੍ਰਮੁੱਖ ਪਰੰਪਰਾ ਵੇਖਣ ਨੂੰ ਨਹੀਂ ਮਿਲੀ। ਉਨ੍ਹਾਂ ਅਨੁਸਾਰ ਸਾਰੀ ਦੁਨੀਆਂ ਦੇ ਲੋਕ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ ਅਤੇ ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ’ਤੇ ਜੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਮਾਰਤਸਾਜ਼ੀ ਦੇਖਣ ਨੂੰ ਮਿਲਣੀ ਚਾਹੀਦੀ ਹੈ ਤਾਂ ਉਹ ਸ੍ਰੀ ਹਰਿਮੰਦਰ ਸਾਹਿਬ ਦੇ ਡਿਜ਼ਾਈਨ ਨਾਲ ਹੀ ਸਬੰਧਤ ਹੋਣੀ ਚਾਹੀਦੀ ਹੈ। ਉਨ੍ਹਾਂ ਅਨੁਸਾਰ ਕਮਲ ਦੇ ਫੁੱਲ ਨੂੰ ਕੇਂਦਰੀ ਬਿੰਬ ਵਜੋਂ ਉਭਾਰਨਾ ਸਿੱਖ ਵਿਰਾਸਤ ਸਬੰਧੀ ਅਗਿਆਨਤਾ ਦੀ ਨਿਸ਼ਾਨੀ ਹੈ।

ਪ੍ਰੋਫ਼ੈਸਰ ਬਲਵਿੰਦਰ ਸਿੰਘ ਨੇ ਇਸ ਗੱਲ ਵੱਲ ਧਿਆਨ ਦਿਵਾਇਆ ਹੈ ਕਿ ਲਾਹੌਰ ਰੇਲਵੇ ਸਟੇਸ਼ਨ ਨੂੰ ਦੁਬਾਰਾ ਡਿਜ਼ਾਈਨ ਕਰਦਿਆਂ ਉੱਥੋਂ ਦੇ ਇਮਾਰਤਸਾਜ਼ਾਂ ਨੇ ਉਸ ਦੀ ਪੁਰਾਣੀ ਦਿੱਖ ਨੂੰ ਕਾਇਮ ਰੱਖਿਆ ਕਿਉਂਕਿ ਇਮਾਰਤਾਂ ਨੂੰ ਆਪਣੇ ਸਮਿਆਂ ਦਾ ਪ੍ਰਤੀਕ ਵੀ ਹੋਣਾ ਚਾਹੀਦਾ ਹੈ।

ਪ੍ਰੋਫ਼ੈਸਰ ਸਰਬਜੋਤ ਸਿੰਘ ਬਹਿਲ, ਡਿਪਾਰਟਮੈਂਟ ਆਫ਼ ਆਰਕੀਟੈਕਚਰ ਐਂਡ ਡੀਨ ਅਕੈਡਮਿਕ ਅਫ਼ੇਅਰਜ਼, ਗੁਰੂ ਨਾਨਕ ਦੇਵ ਯੂਨੀਵਰਸਿਟੀ ਅਨੁਸਾਰ ਮੀਡੀਆ ਰਿਪੋਰਟਾਂ ਵਿਚ ਵਿਖਾਇਆ ਜਾ ਰਿਹਾ ਰੇਲਵੇ ਸਟੇਸ਼ਨ ਦਾ ਮੁੱਖ ਬਿੰਬ ਸਿੱਖ ਫ਼ਲਸਫ਼ੇ ਲਈ ਕੋਈ ਵਿਸ਼ੇਸ਼ ਮਹੱਤਵ ਨਹੀਂ ਰੱਖਦਾ। ਉਨ੍ਹਾਂ ਅਨੁਸਾਰ ਰੇਲਵੇ ਸਟੇਸ਼ਨ ਨੂੰ ਨਵੇਂ ਸਿਰਿਓਂ ਬਣਾਉਣ ਵੇਲੇ ਅੰਮ੍ਰਿਤਸਰ ਦੇ ਵਿਰਸੇ ਬਾਰੇ ਬੜੇ ਸੁੰਦਰ ਤੇ ਸੁੱਘੜ ਤਰੀਕੇ ਨਾਲ ਦਿਖਾਇਆ ਜਾ ਸਕਦਾ ਸੀ ਪਰ ਤਜਵੀਜ਼ਤ ਡਿਜ਼ਾਈਨ ਅਜਿਹੇ ਸੁਨਹਿਰੀ ਮੌਕੇ ਨੂੰ ਗੁਆਉਣ ਵਾਲਾ ਸਾਬਿਤ ਹੋਵੇਗਾ।

ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ, ਨਵੀਂ ਦਿੱਲੀ ਦੇ ਕੰਜਰਵੇਸ਼ਨ ਵਿਭਾਗ ਦੀ ਸਾਬਕਾ ਮੁਖੀ ਪ੍ਰੋਫ਼ੈਸਰ ਪ੍ਰਿਯਾਲੀਨ ਸਿੰਘ ਨੇ ਕਿਹਾ ਕਿ ਬਾਹਰੀ ਦਿੱਖ ਤੋਂ ਇਹ ਡਿਜ਼ਾਈਨ ਅੰਮ੍ਰਿਤਸਰ ਦੀ ਸਿੱਖ ਵਿਰਾਸਤ ਦੀ ਨੱਕਾਸ਼ੀ ਨਹੀਂ ਕਰਦਾ ਜਾਪਦਾ। ਅੰਮ੍ਰਿਤਸਰ ਦਾ ਮੁੱਢ ਗੁਰੂ ਰਾਮ ਦਾਸ ਜੀ ਨੇ ਬੰਨ੍ਹਿਆ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਚ ਵਿਕਸਿਤ ਹੋਈ ਇਮਾਰਤਸਾਜ਼ੀ, ਨੱਕਾਸ਼ੀ ਅਤੇ ਹੋਰ ਪਹਿਲੂ ਅੰਮ੍ਰਿਤਸਰ ਲਈ ਵਿਸ਼ੇਸ਼ ਹਨ। ਅੰਮ੍ਰਿਤਸਰ ਵਿਚ ਕਈ ਹੋਰ ਇਤਿਹਾਸਕ ਗੁਰਦੁਆਰੇ, ਮੰਦਰ ਅਤੇ ਹੋਰ ਧਾਰਮਿਕ ਸਥਾਨ ਵੀ ਹਨ ਅਤੇ ਉਨ੍ਹਾਂ ਦੇ ਨਾਲ ਨਾਲ ਖ਼ਾਲਸਾ ਕਾਲਜ ਅੰਮ੍ਰਿਤਸਰ ਦੀ ਇਮਾਰਤ, ਇਮਾਰਤਸਾਜ਼ੀ ਦੇ ਇਤਿਹਾਸ ਵਿਚ ਇਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਤਿਹਾਸਿਕ ਪੱਖ ਤੋਂ ਜੱਲ੍ਹਿਆਂਵਾਲਾ ਬਾਗ ਅਤਿਅੰਤ ਮਹੱਤਵਪੂਰਨ ਹੈ। ਪ੍ਰੋਫ਼ੈਸਰ ਪ੍ਰਿਯਾਲੀਨ ਸਿੰਘ ਅਨੁਸਾਰ ਇਸ ਡਿਜ਼ਾਈਨ ਨੂੰ ਜਨਤਕ ਕਰਕੇ ਇਸ ’ਤੇ ਮਾਹਿਰਾਂ ਦੀ ਰਾਏ ਲਈ ਜਾਣੀ ਚਾਹੀਦੀ ਹੈ। ਵਿਦੇਸ਼ਾਂ ਵਿਚ ਹਮੇਸ਼ਾ ਸਥਾਨਕ ਲੋਕਾਂ ਤੋਂ ਰਾਏ ਲਈ ਜਾਂਦੀ ਹੈ। ਡਿਜ਼ਾਈਨ ਵਿਚ ਅੰਮ੍ਰਿਤਸਰ ਦੇ ਇਤਿਹਾਸ ਤੇ ਵਿਰਾਸਤ ਦੀ ਝਲਕ ਹੋਣ ਦੇ ਨਾਲ ਨਾਲ ਇਨ੍ਹਾਂ ਸਭ ਤੱਥਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।