ਆਖਰ ਬੇਅਦਬੀ ਦੀਆਂ ਘਟਨਾਵਾਂ ਪਿਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ?

ਆਖਰ ਬੇਅਦਬੀ ਦੀਆਂ ਘਟਨਾਵਾਂ ਪਿਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ ?

     ਭਖਦਾ ਮਾਮਲਾ 

   ਪਰਮੇਸ਼ਰ ਸਿੰਘ ਬੇਰ ਕਲਾਂ

ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀਆਂ ਇੱਕਾ-ਦੁੱਕਾ ਘਟਨਾਵਾਂ ਪਹਿਲਾਂ ਵੀ ਵਾਪਰਦੀਆਂ ਰਹੀਆਂ ਹਨ, ਪਰ 2015 ਤੋਂ ਜਿਹੜਾ ਸਿਲਸਿਲਾ ਸ਼ੁਰੂ ਹੋਇਆ ਹੈ, ਉਸ ਨੇ ਹਰ ਪੰਥ ਦਰਦੀ ਅਤੇ ਸ਼ਰਧਾਵਾਨ ਸਿੱਖ ਦੇ ਮਨ 'ਤੇ ਡੂੰਘੀ ਸੱਟ ਮਾਰੀ ਹੈ। ਪਿੰਡਾਂ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋਇਆ ਇਹ ਸਿਲਸਿਲਾ ਖਾਲਸਾ ਪੰਥ ਦੀ ਜਨਮ ਭੋਇੰ ਤਖਤ ਸ੍ਰੀ ਕੇਸਗੜ੍ਹ ਤੋਂ ਹੁੰਦਾ ਹੋਇਆ ਹੁਣ ਸ੍ਰੀ ਦਰਬਾਰ ਸਾਹਿਬ ਤੱਕ ਪਹੁੰਚ ਗਿਆ ਹੈ।ਦਰਬਾਰ ਸਾਹਿਬ ਵਿਚ  ਵਾਪਰੀ ਘਟਨਾ ਨੂੰ ਅੰਜਾਮ ਦੇਣ ਵਾਲ਼ਾ 22-23 ਸਾਲ ਦਾ ਨੌਜਵਾਨ ਦੱਸਿਆ ਜਾ ਰਿਹਾ ਹੈ ਤੇ ਰੋਹ ਵਿਚ ਆਏ ਸਿੱਖਾਂ  ਨੇ ਘਟਨਾ ਤੋਂ ਕੁੱਝ ਮਿੰਟਾਂ ਬਾਅਦ ਹੀ ਇਸ ਦਾ ਸੋਧਾ ਲਾ ਦਿਤਾ । ਪਿੰਡ ਜ਼ਵਾਹਰ ਸਿੰਘ ਵਾਲ਼ਾ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਨ ਅਤੇ ਇਸ ਪਾਵਨ ਸਰੂਪ ਦੇ ਪੰਨੇ ਪਾੜ ਕੇ ਬਰਗਾੜੀ ਪਿੰਡ ਨੇ ਗੰਦੇ ਨਾਲ਼ੇ ਵਿਚ ਖਿਲਾਰਨ ਦੀ ਘਟਨਾ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਪ੍ਰਤੀ ਮੌਕੇ ਦੀ ਅਕਾਲੀ-ਭਾਜਪਾ ਸਰਕਾਰ ਨੇ ਕੋਈ ਸੰਜੀਦਗੀ ਨਹੀਂ ਸੀ ਵਿਖਾਈ। ਇਸ ਦੇ ਰੋਸ ਵਜੋਂ ਬਰਗਾੜੀ ਵਿਖੇ ਸਿੱਖ ਜਥੇਬੰਦੀਆਂ ਵੱਲੋਂ ਲਾਏ ਸ਼ਾਂਤਮਈ ਮੋਰਚੇ 'ਤੇ ਪੁਲਿਸ ਨੇ ਕਿਵੇਂ ਗੋਲ਼ੀ ਚਲਾਈ, ਦੋ ਬਿਲਕੁਲ ਨਿਰਦੋਸ਼ ਸਿੱਖਾਂ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕੀਤਾ। ਇਸ ਤੋਂ ਬਾਅਦ ਰੋਸ ਪੰਜਾਬ ਭਰ ਵਿਚ ਫੈਲਣ ਉਪਰੰਤ ਲੋਕ ਰੋਹ ਸ਼ਾਂਤ ਕਰਨ ਲਈ ਬਾਦਲਾਂ ਵੱਲੋਂ ਅਣਮੰਨੇ ਮਨ ਨਾਲ਼ ਡੀ ਜੀ ਪੀ ਸੁਮੇਧ ਸੈਣੀ ਦੀ ਬਦਲੀ ਕੀਤੀ ਗਈ। ਬਾਦਲ ਟੱਬਰ ਦੇ ਚਾਪਲੂਸ ਹਾਲੇ ਵੀ ਇਨ੍ਹਾਂ ਘਟਨਾਵਾਂ ਪਿਛੇ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਜਿੰਮੇਵਾਰ ਦੱਸ ਰਹੇ ਹਨ। ਪਰ ਇਨ੍ਹਾਂ ਚਾਪਲੂਸਾਂ ਕੋਲ਼ ਇਸ ਗੱਲ ਦਾ ਕੋਈ ਜਵਾਬ ਨਹੀਂ ਕਿ ਜੇਕਰ ਕਾਂਗਰਸ ਜਾਂ ਆਮ ਆਦਮੀ ਪਾਰਟੀ ਹੀ ਜਿੰਮੇਵਾਰ ਸੀ ਤਾਂ ਅਕਤੂਬਰ 2015 ਤੋਂ ਦਸੰਬਰ 2017 ਵਿਚ ਚੋਣ ਜ਼ਾਬਤਾ ਲੱਗਣ ਤੱਕ ਅਕਾਲੀ ਸਰਕਾਰ ਨੇ ਇਨ੍ਹਾਂ ਸਾਜਿਸ਼ਾਂ ਨੂੰ ਬੇਨਕਾਬ ਕਰਨ ਲਈ ਦਿਨ ਰਾਤ ਇਕ ਕਿਉਂ ਨਾ ਕੀਤਾ ?

ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੇ ਚੋਣ ਪ੍ਰਚਾਰ ਦੌਰਾਨ ਨਸ਼ੇ 4 ਹਫਤੇ ਦੌਰਾਨ ਖਤਮ ਕਰਨ ਤੋਂ ਇਲਾਵਾ ਬੇਅਦਬੀ ਕਾਂਡ ਦੇ ਦੋਸ਼ੀਆਂ ਤੇ ਬਰਗਾੜੀ ਗੋਲ਼ੀ ਕਾਂਡ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੇ ਵਾਅਦੇ ਕੀਤੇ ਪਰ ਸਰਕਾਰ ਬਣਨ ਤੋਂ ਬਾਅਦ ਪੂਰੇ ਸਾਢੇ ਚਾਰ ਸਾਲ ਕੈਪਟਨ ਘੇਸਲ ਵੱਟ ਕੇ ਬੈਠਾ ਰਿਹਾ। ਜਦੋਂ ਸਿੱਖ ਜਥੇਬੰਦੀਆਂ ਨੇ ਮੁੜ ਤੋਂ ਬਰਗਾੜੀ ਵਿਚ ਮੋਰਚਾ ਸ਼ੁਰੂ ਕੀਤਾ ਤਾਂ ਸਿੱਖ ਪੰਥ ਨੂੰ ਗੁੰਮਰਾਹ ਕਰਨ ਲਈ ਬੇਅਦਬੀ ਮਾਮਲੇ ਵਿਚ ਵਿਸ਼ੇਸ਼ ਜਾਂਚ ਟੀਮ ਨੇ ਅੱਧੀ ਦਰਜ਼ਨ ਡੇਰਾ ਪ੍ਰੇਮੀਆ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਪਰ ਕੁੱਝ ਹਫਤੇ ਬਾਅਦ ਹੀ ਉਨ੍ਹਾਂ ਦੀ ਜ਼ਮਾਨਤ ਹੋ ਗਈ। ਕੈਪਟਨ ਸਰਕਾਰ ਨੇ ਇਨ੍ਹਾਂ ਦੀ ਜ਼ਮਾਨਤ ਦਾ ਕੋਈ ਵਿਰੋਧ ਤੱਕ ਨਹੀਂ ਕੀਤਾ।ਆਧੁਨਿਕ ਤਕਨੀਕਾਂ ਦੇ ਯੁਗ ਵਿਚ ਜਦੋਂ ਮੋਬਾਈਲ ਫੋਨ, ਈ ਮੇਲ ਤੇ ਇਥੋਂ ਤੱਕ ਕਿ ਵਟਸਐਪ ਸੁਨੇਹਿਆਂ ਰਾਹੀਂ ਵੀ ਸਰਕਾਰੀ ਏਜੰਸੀਆਂ ਅਪਰਾਧੀਆਂ ਦੀਆਂ ਸਾਜਿਸ਼ਾਂ ਦਾ ਖੁਲਾਸ ਕਰਨ ਤੇ ਉਨ੍ਹਾਂ ਨੂੰ ਫੜਨ ਦਾ ਦਾਅਵਾ ਕਰਦੀਆਂ ਹਨ ਤਾਂ ਬੇਅਦਬੀ ਘਟਨਾਵਾਂ ਵਿਚ ਇਹ ਘੇਸਲ ਕਿਉਂ ਵੱਟ ਰਹੀਆਂ ਹਨ ?

ਇਨ੍ਹਾਂ ਸਾਰੀਆਂ ਗੱਲਾਂ ਦਾ ਇਕੋ ਜੁਆਬ ਹੋ ਸਕਦਾ ਹੈ ਕਿ ਵੱਖ ਵੱਖ ਸਰਕਾਰਾਂ ਤੇ ਜਾਂਚ ਏਜੰਸੀਆਂ ਦੇ ਅਧਿਕਾਰੀ ਸਭ ਕੁਝ ਭਲੀ ਭਾਂਤ ਜਾਣਦੇ ਹਨ ਕਿ ਇਨ੍ਹਾਂ ਘਟਨਾਵਾਂ ਪਿਛੇ ਕਿਹੜੀ ਤਾਕਤ ਕੰਮ ਕਰ ਰਹੀ ਹੈ । ਤੇ ਹੁਣ ਜਦੋਂ ਪੰਥ ਦਰਦੀਆਂ ਨੇ ਇਸ ਤਰਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲ਼ਿਆਂ ਨੂੰ ਮੌਕੇ 'ਤੇ ਹੀ ਸੋਧਾ ਲਾਉਣ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ ਤਾਂ ਪੰਥਕ ਜ਼ਜਬੇ ਵਾਲ਼ੇ ਨੌਜਵਾਨਾਂ ਨੂੰ ਤਾਲਿਬਾਨੀ ਐਲਾਨਣ ਵਾਲ਼ੇ ਕੁਝ ਬੇਗ਼ੈਰਤ ਲੋਕ ਇਸ ਨੂੰ ਮਨੁੱਖਤਾ ਦਾ ਕਤਲ ਦਸ ਕੇ ਇਸ ਦਾ ਵਿਰੋਧ ਕਰ ਰਹੇ ਹਨ। ਅਖੇ ਬੰਦਾ ਮਰ ਗਿਆ ਤਾਂ ਸਾਜਿਸ਼ ਕਰਨ ਵਾਲ਼ਿਆਂ ਦਾ ਕਿਵੇਂ ਪਤਾ ਲੱਗੂ ? ਪੁਲਿਸ ਰਾਹੀਂ ਜਾਂਚ ਪੜਤਾਲ ਕਰਵਾਉਣੀ ਚਾਹੀਦੀ, ਕਾਨੂੰਨ ਹੱਥ ਵਿਚ ਨਾ ਲਓ ਵਗੈਰਾ ਵਗੈਰਾ।ਓ ਭਾਈ ਬਹੁਤੇ ਮਨੁੱਖਤਾ ਦਾ ਹੇਜ਼ ਪਾਲਣ ਵਾਲ਼ਿਓ ਜਿਹੜੇ ਪਹਿਲਾਂ ਫੜੇ ਸੀ ਉਨ੍ਹਾਂ ਪਾਸੋਂ ਪੁਛ ਪੜਤਾਲ਼ ਕਰਕੇ ਜਿਹੜੀ ਸਾਜਿਸ਼ ਦਾ ਖੁਲਾਸ ਕੀਤਾ ਗਿਆ ਹੈ ਉਸ ਬਾਰੇ ਲੋਕਾਂ ਨੂੰ ਦੱਸ ਦਿਓ। ਜਿਹੜਾ ਕੇਸਗੜ੍ਹ ਸਾਹਿਬ ਤੋਂ ਜਿਓਉਦਾ ਫੜਿਆ ਸੀ ਉਸ ਪਾਸੋਂ ਪੁੱਛ ਪੜਤਾਲ਼ ਦਾ ਨਤੀਜਾ ਦੱਸ ਦਿਓ ? ਪੰਜਾਬ ਪੁਲਿਸ ਦਾ ਤਾਂ ਹਰ ਕੇਸ ਵਿਚ ਘੜਿਆ ਘੜਾਇਆ ਜਵਾਬ ਹੁੰਦੈ ਕਿ ਜੀ ਮੁਲਜ਼ਮ ''ਮਾਨਸਿਕ ਤੌਰ 'ਤੇ ਪਰੇਸ਼ਾਨ ਸੀ''ਚਲੋ ਇਹ ਵੀ ਮੰਨ ਲੈਂਦੇ ਹਾਂ। ਪਰ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਨ੍ਹਾਂ ਮਾਨਸਿਕ ਰੋਗੀਆਂ ਨੇ ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਕਰਨ ਤੋਂ ਪਹਿਲਾਂ ਆਪਣੇ ਮਾਨਸਿਕ ਰੋਗ ਕਾਰਨ ਹੋਰ ਕਿਹੜੀ ਕਿਹੜੀ ਮਾੜੀ ਘਟਨਾ ਕੀਤੀ ਇਸ ਬਾਰੇ ਹੀ ਖੁਲਾਸਾ ਕਰ ਦਿਓ।