ਪਾਕਿਸਤਾਨ ਵਿਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਿਰਜਣ ਵਾਲਾ ਕਲਾਕਾਰ ਸੈਫ਼-ਉਦ-ਦੀਨ
ਵਿਰਾਸਤ
ਇਸ ਸਾਲ ਅਪਰੈਲ ਵਿਚ ਮੇਰਾ ਲਾਹੌਰ ਜਾਣ ਦਾ ਸਬੱਬ ਬਣਿਆ। ਮੈਂ ਮਹਾਰਾਜਾ ਰਣਜੀਤ ਸਿੰਘ ਸਰਕਾਰ ਦੇ ਵਜ਼ੀਰ ਨੂਰ-ਉਦ-ਦੀਨ, ਫ਼ਕੀਰ ਅਜ਼ੀਜ਼-ਉਦ-ਦੀਨ ਤੇ ਫ਼ਕੀਰ ਈਮਾਨ-ਉਦ-ਦੀਨ ਦੇ ਵਾਰਿਸ ਫ਼ਕੀਰ ਸੱਯਦ ਸੈਫ਼-ਉਦ-ਦੀਨ ਨੂੰ ਵੀ ਮਿਲਣਾ ਸੀ। ਇਨ੍ਹਾਂ ਅਆਪਣੀ ਅੰਦਰੂਨ ਲਾਹੌਰ ਵਾਲੀ ਜੱਦੀ-ਪੁਸ਼ਤੀ ਹਵੇਲੀ ਫ਼ਕੀਰਖ਼ਾਨਾ ਨੂੰ ਲਾਹੌਰ ਦਰਬਾਰ ਦੀਆਂ ਦੁਰਲੱਭ ਵਸਤਾਂ ਤੇ ਦਸਤਾਵੇਜ਼ਾਂ ਦੀਆਂ ਨਿਸ਼ਾਨੀਆਂ ਦਾ ਅਜਾਇਬਘਰ ਬਣਾਇਆ ਹੋਇਆ ਹੈ।ਲਾਹੌਰ ਕਿਲ੍ਹੇ ਵਿਚ ਤਖ਼ਤ ’ਤੇ ਬਹਿ ਕੇ ਪੰਜਾਬ ਦੇ ਮਹਾਰਾਜੇ ਨੇ ਚਾਲ਼ੀ ਵਰ੍ਹੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ ਸੀ। 27 ਜੂਨ 2019 ਨੂੰ ਮਹਾਰਾਜੇ ਦੇ 180ਵੀਂ ਬਰਸੀ ’ਤੇ ਲੱਗੇ ਬੁੱਤ ਕਰਕੇ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੜਾ ਚਾਅ ਚੜ੍ਹਿਆ ਸੀ। ਪਹਿਲੀ ਵਾਰ ਪਾਕਿਸਤਾਨ ਸਰਕਾਰ ਨੇ ਮਹਾਰਾਜੇ ਦਾ ਇਸ ਤਰ੍ਹਾਂ ਦਾ ਮਾਣ ਕੀਤਾ ਸੀ। ਇੰਜ ਲੱਗਾ ਸੀ ਜਿਵੇਂ ਲਹਿੰਦੇ ਪੰਜਾਬ ਦੇ ਵਾਸੀਆਂ ਨੇ ਸਭਨਾਂ ਪੰਜਾਬੀਆਂ ਦੇ ਸਾਂਝੇ ਮਹਾਰਾਜੇ ਦੀ ਰਵਾਦਾਰੀ, ਸਿਆਣਪ ਤੇ ਨਿਰਮਾਣਤਾ ਨੂੰ ਤਸਲੀਮ ਕੀਤਾ ਹੈ। ਸੁਣਿਆ ਸੀ ਕਿ ਸੈਫ਼-ਉਦ-ਦੀਨ ਹੁਰਾਂ ਦੇ ਉਦਮ ਨਾਲ ਹੀ ਇਹ ਬੁੱਤ ਕਿਲ੍ਹੇ ਵਿਚ ਲੱਗਾ ਸੀ। ਸੋ ਉਨ੍ਹਾਂ ਨੂੰ ਮਿਲਣ ਦਾ ਮਨ ਸੀ। ਮੈਂ ਫ਼ਕੀਰਖ਼ਾਨੇ ਪੁੱਜੀ ਤਾਂ ਵਿਹੜੇ ਵਿਚ ਘੋੜੇ ਦੀ ਸਵਾਰੀ ਕਰ ਰਹੇ ਮਹਾਰਾਜਾ ਰਣਜੀਤ ਸਿੰਘ ਦਾ ਆਦਮ-ਕੱਦ ਬੁੱਤ ਵੇਖ ਕੇ ਮੈਨੂੰ ਬੜੀ ਹੈਰਾਨੀ ਹੋਈ। ਇਹ ਬਿਲਕੁਲ ਓਸ ਬੁੱਤ ਵਰਗਾ ਸੀ ਜੋ ਤਿੰਨ ਸਾਲ ਪਹਿਲਾਂ ਲਾਹੌਰ ਕਿਲ੍ਹੇ ਵਿਚ ਸਥਾਪਿਤ ਕੀਤਾ ਗਿਆ ਸੀ।ਨਵੇਂ ਸਿਰਿਓਂ ਬਣਾਏ ਤੇ ਤੋੜੇ ਬੁੱਤ ਦੇ ਟੋਟੇ ਹੁਣ ਲਾਹੌਰ ਫ਼ਕੀਰਖ਼ਾਨੇ ਵਿਚ ਹਨ।
ਮੈਂ ਫ਼ਕੀਰ ਸਾਹਿਬ ਨੂੰ ਮਿਲਣਸਾਰ ਵਿਹੜੇ ਵਿਚ ਪਏ ਬੁੱਤ ਬਾਰੇ ਪੁੱਛ ਲਿਆ। ਉਹ ਬੜੀ ਬੇਬਸੀ ਵਿਚ ਕਹਿਣ ਲੱਗੇ: ‘‘ਜਿੱਥੋਂ ਗਿਆ ਸੀ, ਓਥੇ ਈ ਲਿਆ ਕੇ ਰੱਖਣਾ ਪਿਆ। ਇਕ ਨਹੀਂ, ਕਈ ਵਾਰ ਨਫ਼ਰਤ ਦੇ ਡੰਗਿਆਂ ਨੇ ਇਹਨੂੰ ਤੋੜਨ-ਭੰਨਣ ਵਿਚ ਕੋਈ ਕਸਰ ਨਾ ਛੱਡੀ। ਇਹ ਨੇ ਸਾਡੀ ਖ਼ੁਦਫ਼ਰੇਬ ਕੌਮ ਦੀਆਂ ਕਰਤੂਤਾਂ। ਸਾਨੂੰ ਦੋਸਤ ਦੁਸ਼ਮਣ ਦੀ ਪਹਿਚਾਣ ਹੀ ਨਹੀਂ।’’
ਬੁੱਤ ਭੰਨਣ ਦੀਆਂ ਤਿੰਨ ਵਾਰਦਾਤਾਂ ਦੀ ਤਾਂ ਅਖ਼ਬਾਰਾਂ ਵਿਚ ਖ਼ਬਰ ਛਪ ਗਈ ਸੀ। ਤੀਜੀ ਵਾਰੀ ਇਨ੍ਹਾਂ ਨੇ ਧੜ ਨੂੰ ਬੁੱਤ ਤੋਂ ਪੂਰੀ ਤਰ੍ਹਾਂ ਲਾਹ ਕੇ ਟੋਟੇ-ਟੋਟੇ ਕਰ ਦਿੱਤਾ ਸੀ। ਪਰ ਕਿਲ੍ਹੇ ਤੋਂ ਉਖਾੜ ਕੇ ਵਾਪਸ ਫ਼ਕੀਰਖ਼ਾਨੇ ਲਿਆ ਕੇ ਲਾਉਣ ਦੀ ਖ਼ਬਰ ਮੀਡੀਏ ਵਾਸਤੇ ਖ਼ਬਰ ਨਾ ਰਹੀ। ਸਭ ਤੋਂ ਵੱਧ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਨੇ ਬੁੱਤ ਦੀ ਕਈ ਵਾਰ ਕੀਤੀ ਤੋੜ-ਭੰਨ ਦੀ ਬਹੁਤੀ ਪਰਵਾਹ ਨਹੀਂ ਕੀਤੀ। ਨਾ ਹੀ ਦੱਸਿਆ ਕਿ ਫੜੇ ਗਏ ਦੋਸ਼ੀਆਂ ਵਿਰੁੱਧ ਕੋਈ ਕਾਰਵਾਈ ਵੀ ਕੀਤੀ ਗਈ ਹੈ ਜਾਂ ਨਹੀਂ।
ਫ਼ਕੀਰ ਸੈਫ਼-ਉਦ-ਦੀਨ ਹੋਰਾਂ ਨਾਲ ਹੋਈਆਂ ਮੇਰੀਆਂ ਗੱਲਾਂ ਦਾ ਸਾਰ ਇੰਜ ਹੈ:
ਮੈਨੂੰ ਮੁਜੱਸਮੇ (ਬੁੱਤ) ਦੇ ਤੋੜੇ ਜਾਣ ਦਾ ਬਹੁਤ ਅਫ਼ਸੋਸ ਹੈ। ਪਰ ਮੈਂ ਤੁਹਾਨੂੰ ਦਾਦ ਦੇਨੀ ਆਂ ਕਿ ਤੁਸੀਂ ਮਹਾਰਾਜਾ ਰਣਜੀਤ ਸਿੰਘ ਦਾ ਮੁਜੱਸਮਾ ਲਾਹੌਰ ਕਿਲ੍ਹੇ ਵਿਚ ਸਥਾਪਤ ਕੀਤਾ। ਜਦ ਇਹ ਬਣਿਆ ਤੇ ਤੁਸੀਂ ਪਹਿਲੀ ਵੇਰ ਵੇਖਿਆ ਸੀ ਤਾਂ ਤੁਹਾਨੂੰ ਕੀ ਲੱਗਾ ਸੀ?
- ਮੇਰੀ ਨਜ਼ਰੇ ਮਹਾਰਾਜ ਦਾ ਏਨਾ ਸੁਹਣਾ ਮੁਜੱਸਮਾ ਪਹਿਲਾਂ ਕਦੇ ਨਹੀਂ ਤਾਮੀਰ ਹੋਇਆ। ਮੈਂ ਜਿਸਰਾਂ ਦਾ ਸੋਚਿਆ ਸੀ, ਐਨ ਓਸਰਾਂ ਈ ਬਣਿਆ। ਪਹਿਲਾਂ ਬਣਾਏ ਮੁਜੱਸਮੇ ਵਿਚ ਮੈਂ ਕੁਝ ਤਬਦੀਲੀ ਕੀਤੀ ਸੀ। ਸਭ ਤੋਂ ਪਹਿਲੇ ਅਸਾਂ ਮਹਾਰਾਜ ਨੂੰ ਅਸਪ-ਏ-ਲੈਲਾ ’ਤੇ ਸਵਾਰੀ ਕਰਦਿਆਂ ਘੜਿਆ ਸੀ। ਇਹ ਘੋੜਾ ਮਹਾਰਾਜ ਨੂੰ ਬਹੁਤ ਪਿਆਰਾ ਸੀ। ਖ਼ਾਲਸ ਈਰਾਨੀ ਨਸਲ ਦਾ, ਬੜੇ ਮ੍ਹੋਕਲੇ ਜੁੱਸੇ ਵਾਲਾ। ਪਤਾ ਈ ਏ ਮਹਾਰਾਜ ਮੱਧਰੇ ਕੱਦ ਤੇ ਪਤਲੀ ਕਾਠੀ ਵਾਲੇ ਸਨ। ਸੋ ਮੁਜੱਸਮੇ ਵਿਚ ਘੋੜੇ ਤੇ ਮਹਾਰਾਜ ਦੀ ਸਾਵੀਂ ਨਿਸਬਤ ਰੱਖਣ ਦਾ ਮਸਲਾ ਸੀ; ਖ਼ਾਸ ਕਰ ਕੇ ਜਦੋਂ ਜ਼ਮੀਨ ਤੋਂ ਉਤਾਂਹ ਮੂੰਹ ਕਰਕੇ ਵੇਖਣ ਨਾਲ ਨਿਸਬਤ ਸੂਤਰ ਨਹੀਂ ਸੀ ਪੈਂਦੀ। ਸੋ ਅਸੀਂ ਸੋਚਿਆ ਕਿ ਲੈਲਾ ਦੀ ਥਾਵੇਂ ਮਹਾਰਾਜਾ ਦਾ ਇਕ ਹੋਰ ਪਸੰਦੀਦਾ ਅਰਬੀ ਘੋੜਾ ‘ਕਹਿਰ ਬਹਾਰ’ ਠੀਕ ਰਹੇਗਾ। ਉਹ ਸੀ ਬੜਾ ਚੁਸਤ, ਦਰਮਿਆਨੀ ਕਾਠੀ ਵਾਲਾ ਤੇ ਫੁਰਤੀਲਾ ਵੀ ਬਹੁਤ ਸੀ। ਮਹਾਰਾਜ ਦੀ ਦੂਜੀ ਪਸੰਦ ਵਾਲੇ ਘੋੜੇ ਵਾਲਾ ਮੁਜੱਸਮਾ ਬਣਦਿਆਂ ਅੱਠ ਮਹੀਨੇ ਲੱਗ ਗਏ।
ਕਈ ਇਹ ਸੋਚਦੇ ਨੇ ਕਿ ਤੁਸੀਂ ਮਹਾਰਾਜਾ ਦੇ ਹੱਥ ਵਿਚ ਤਲਵਾਰ ਕਿਉਂ ਨਹੀਂ ਫੜਾਈ? ਇਹਦੀ ਜਗ੍ਹਾ ਤੀਰ ਤੇ ਕਮਾਨ ਹੈ ਵੇ।
- ਲੋਕਾਂ ਨੂੰ ਪਤਾ ਹੋਣਾ ਚਾਹੀਦੈ ਹਜ਼ਾਰਾਂ ਸਾਲ ਵਿਚ ਪਹਿਲੀ ਵਾਰ ਲਾਹੌਰ ਦਰਬਾਰ ਵੇਲੇ ਪੰਜਾਬ ਨੂੰ ਹੁਨਰ, ਤਾਲੀਮ, ਸਿਹਤ ਸ਼ਫ਼ਾ ਤੇ ਤਫ਼ਰੀਹ ਨਸੀਬ ਹੋਏ। ਮਹਾਰਾਜ ਨੇ ਪੰਜਾਬ ਦੀਆਂ ਹੱਦਾਂ ਨੂੰ ਮਜ਼ਬੂਤ ਕੀਤਾ ਤੇ ਅਪਣੀ ਹਿਫ਼ਾਜ਼ਤ ਵਾਸਤੇ ਜੰਗਾਂ ਲੜੀਆਂ, ਪਰ ਨਾਲ ਹੀ ਤਬਾਹ ਹੋਏ ਪੰਜਾਬ ਦੀ ਮੁੜ ਤਾਮੀਰ ਕੀਤੀ ਤੇ ਅਵਾਮ ਦੇ ਹੌਸਲੇ ਬੁਲੰਦ ਕੀਤੇ। ਆਪ ਨੂੰ ਘੋੜਸਵਾਰੀ ਦਾ ਇਸ਼ਕ ਸੀ ਤੇ ਤੀਰਅੰਦਾਜ਼ੀ ਵਿਚ ਵੀ ਪਰਵੀਨ ਸਨ। ਲਿਹਾਜ਼ਾ ਮੈਂ ਇਹ ਦੋਵੇਂ ਅਨਾਸਰ ਮੁਜੱਸਮੇ ਵਿਚ ਪੇਸ਼ ਕੀਤੇ।
ਤਾਰੀਖ਼ ਦੱਸਦੀ ਏ ਪਈ ਦਰਸਅਲ ਲਹੌਰੀਆਂ ਨੇ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਰਣਜੀਤ ਸਿੰਘ ਨੂੰ ਆਪ ਬੁਲਾਇਆ ਸੀ ਤੇ ਉਹ ਆਇਆ ਵੀ। ਮਹਾਰਾਜਾ ਦਾ ਲਾਹੌਰ ਨਾਲ ਰਿਸ਼ਤਾ ਬੜਾ ਖ਼ੈਰਸਗਾਲੀ ਵਾਲਾ ਸੀ, ਲਾਹੌਰ ਦਰਬਾਰ ਤੇ ਰਣਜੀਤ ਸਿੰਘ ਇਕ-ਮਿਕ ਸਨ। ਤੁਸੀਂ ਦੱਸੋ ਤੁਸੀਂ ਅਪਣੇ ਬਜ਼ੁਰਗਾਂ ਤੋਂ ਕੀ ਕੁਝ ਸੁਣ ਰੱਖਿਆ ਏ?
- ਹਾਂ ਸਹੀ ਏ। ਲਹੌਰੀਆਂ ਨੇ ਮਹਾਰਾਜ ਨੂੰ ਆਪ ਸੱਦਿਆ ਸੀ। ਲੋਕ ਜੰਗਾਂ, ਧਾੜਵੀਆਂ ਹਮਲਾਵਰਾਂ ਪਾਸੋਂ ਤੰਗ ਪੈ ਚੁੱਕੇ ਸਨ। ਅਫ਼ਗ਼ਾਨਾਂ ਤੇ ਭੰਗੀ ਮਿਸਲ ਦੀ ਲੜਾਈ ਤੇ ਲੁੱਟ ਲੱਗੀ ਰਹਿੰਦੀ ਸੀ। ਲੋਕ ਸ਼ਹਿਰ ਛੱਡਦੇ ਗਏ। ਆਬਾਦੀ ਘਟ ਕੇ 35 ਫ਼ੀਸਦੀ ਰਹਿ ਗਈ ਸੀ। ਲਹੌਰੀਆਂ ਨੂੰ ਜਾਪਿਆ ਕਿ ਸਾਨੂੰ ਐਸੇ ਹੁਕਮਰਾਨ ਦੀ ਲੋੜ ਏ ਜੋ ਹਮਲਾਵਰਾਂ ਨੂੰ ਸ਼ਿਕਸਤ ਦੇਵੇ ਤੇ ਲਹੌਰ ’ਤੇ ਸਾਡਾ ਅਪਣਾ ਰਾਜ ਹੋਵੇ। ਕਈ ਸਿੱਖ ਮਿਸਲਾਂ ਦੀ ਗੱਲ ਹੋਈ; ਪਰ ਨਿਗਾਹ ਟਿਕੀ 18-19 ਵਰ੍ਹਿਆਂ ਦੇ ਰਣਜੀਤ ਸਿੰਘ ’ਤੇ, ਕਿਉਂਕਿ ਉਹਦੀ ਨੇਕਨਾਮੀ ਇਹ ਸੀ ਕਿ ਓਹ ਦਿਆਨਤਦਾਰ ਤੇ ਇਨਸਾਫ਼ਪ੍ਰਸਤ ਹੈ।
ਪਾਕਿਸਤਾਨ ਵਿਚ ਅੰਗਰੇਜ਼ਾਂ ਦਾ ਘੜਿਆ ਇਹ ਝੂਠ ਚੱਲਦਾ ਏ ਕਿ ਮਹਾਰਾਜਾ ਰਣਜੀਤ ਸਿੰਘ ਮੁਸਲਮਾਨਾਂ ’ਤੇ ਜ਼ੁਲਮ ਕਰਦਾ ਸੀ ਤੇ ਮਸਜਿਦਾਂ ਦੀ ਬੇਹੁਰਮਤੀ ਕਰਦਾ ਸੀ। ਮੈਂ ਚੈਲਿੰਜ ਕਰਦਾਂ ਕਿ ਕੋਈ ਮੈਨੂੰ ਸ਼ਾਹੀ ਮਸਜਿਦ ਵਿਚ ਘੋੜੇ ਬੰਨ੍ਹਣ ਦਾ ਸਬੂਤ ਪੇਸ਼ ਕਰੇ।
ਲਹੌਰ ਦੇ ਤੇਰ੍ਹਾਂ ਮੋਹਤਬਰਾਂ (11 ਮੁਸਲਮਾਨ, 1 ਹਿੰਦੂ, ਤੇ 1 ਸਿੱਖ) ਨੇ ਮਿਲ਼ ਕੇ ਰੁੱਕ਼ਾ ਲਿਖ ਕੇ ਮਹਾਰਾਜ ਨੂੰ ਭੇਜਿਆ ਕਿ ਆ ਕੇ ਲਹੌਰ ਦੀ ਹਕੂਮਤ ਸੰਭਾਲ਼ਣ। ਨਾਲ਼ ਚਾਰ ਸ਼ਰਤਾਂ ਰੱਖੀਆਂ: 1. ਤੂੰ ਰਾਜ ਕਰੇਂਗਾ; ਸਾਡੀ ਲੁੱਟਮਾਰ ਨਹੀਂ; 2. ਤੂੰ ਸਾਨੂੰ ਅਫ਼ਗ਼ਾਨਾਂ ਤੇ ਭੰਗੀ ਸਰਦਾਰਾਂ ਤੋਂ ਬਚਾਵੇਂਗਾ; 3. ਸਾਡੀਆਂ ਬੰਦ ਪਈਆਂ ਇਬਾਦਤਗਾਹਾਂ ਖੁੱਲ੍ਹਵਾਏਂਗਾ, ਔਰ 4. ਤੂੰ ਸਾਰੇ ਲੋਕਾਂ ਨਾਲ ਬਰਾਬਰ ਦਾ ਇਨਸਾਫ਼ ਕਰੇਗਾ। ਉਸ ਤੋਂ ਬਾਅਦ ਜੋ ਹੋਇਆ, ਤਾਰੀਖ਼ ਉਹਦੀ ਗਵਾਹੀ ਦਿੰਦੀ ਹੈ। ਰਣਜੀਤ ਸਿੰਘ ਨੇ ਅਪਣਾ ਕੌਲ ਆਖ਼ਿਰੀ ਸਾਹ ਤਕ ਨਿਭਾਇਆ।
ਅਜੋਕਾ ਲਹੌਰ ਮਹਾਰਾਜ ਨੂੰ ਕਿਉਂ ਵਿਸਾਰੀ ਬੈਠਾ ਹੈ? ਇਤਨੀ ਨਫ਼ਰਤ ਦੀ ਭਲਾ ਕੀ ਵਜ੍ਹਾ ਹੈ?
- ਫ਼ਰੰਗੀਆਂ ਨੇ ਜਨੂਬੀ ਏਸ਼ੀਆ ਦੇ ਆਖ਼ਿਰੀ ਆਜ਼ਾਦ ਮੁਲਕ ਪੰਜਾਬ ’ਤੇ ਕਬਜ਼ਾ ਕਰਨ ਦੀ ਸੋਚ ਦੇ ਨਾਲ ਹੀ ਨਫ਼ਰਤ ਭਰਿਆ ਝੂਠਾ ਪ੍ਰਾਪੇਗੰਡਾ ਵੀ ਸ਼ੁਰੂ ਕਰ ਦਿੱਤਾ ਸੀ। ਕਿਉਂਕਿ ਮਹਾਰਾਜ ਉਨ੍ਹਾਂ ਦੇ ਰਾਹ ਦੀ ਵੱਡੀ ਰੁਕਾਵਟ ਸਨ, ਉਹ ਮੁਸਲਮਾਨਾਂ ਨੂੰ ਉਨ੍ਹਾਂ ਦੇ ਖ਼ਿਲਾਫ਼ ਕਰਨ ਲੱਗ ਪਏ ਤੇ ਸਿੱਖਾਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਖ਼ਿਲਾਫ਼। ਜਦ ਮਹਾਰਾਜ ਦੇ ਇੰਤਕਾਲ ਦੇ ਦਸ ਸਾਲ ਬਾਅਦ ਈਸਟ ਇੰਡੀਆ ਕੰਪਨੀ ਨੇ ਪੰਜਾਬ ’ਤੇ ਕਬਜ਼ਾ ਕੀਤਾ, ਤਾਂ ਫ਼ਰੰਗੀਆਂ ਨੇ ਜਾਅਲੀ ਤਸਵੀਰਾਂ ਛਾਪ ਕੇ ਵੰਡੀਆਂ, ਜਿਨ੍ਹਾਂ ਵਿਚ ਇਹ ਦਿਖਾਇਆ ਗਿਆ ਸੀ ਕਿ ਸਿੱਖਾਂ ਦੇ ਰਾਜ ਵਿਚ ਬਾਦਸ਼ਾਹੀ ਮਸਜਿਦ ਦੀ ਕਿਤਨੀ ਮਾੜੀ ਹਾਲਤ ਸੀ। ਫ਼ਰੰਗੀ ਅਪਣੇ ਆਪ ਨੂੰ ਬੜੇ ਮੁਹੱਜ਼ਬ ਸਾਬਿਤ ਕਰਨ ਲਈ ਐਸੇ ਝੂਠ ਦੇ ਪੁਲੰਦੇ ਘੜਦੇ ਰਹੇ। ਮਹਾਰਾਜ ਦੇ ਅਪਣੇ ਰਾਜ ਵਿਚ ਤਾਲੀਮ ਦੇ ਬੜੇ ਆਹਲਾ ਕਿਸਮ ਦੇ ਕਾਇਮ ਕੀਤੇ ਨਿਜ਼ਾਮ ਨੂੰ ਫ਼ਰੰਗੀਆਂ ਨੇ ਜਿਸਰਾਂ ਤਬਾਹ ਕੀਤਾ, ਉਹ ਸਾਨੂੰ ਪਤਾ ਈ ਏ।
ਉੱਨੀ ਸੌ ਸੰਤਾਲ਼ੀ ਤੋਂ ਬਾਅਦ ਅਸੀਂ ਇਸ ਨਫ਼ਰਤ ਨੂੰ ਦੂਰ ਕਰਨ ਲਈ ਕੁਝ ਵੀ ਨਹੀਂ ਕੀਤਾ ਸਗੋਂ ਅੰਗਰੇਜ਼ ਦੀਆਂ ਲਿਖੀਆਂ-ਲਿਖਵਾਈਆਂ ਕਿਤਾਬਾਂ ਸਕੂਲਾਂ ਮਦਰੱਸਿਆਂ ਤੇ ਅਜਾਇਬਘਰਾਂ ਵਿਚ ਪੜ੍ਹਾਈ ਜਾਂਦੇ ਹਾਂ। ਭਾਰਤ ਵਿਚ ਵੀ ਇਹੀਓ ਹਾਲ ਹੈ। ਪਾਕਿਸਤਾਨ ਵਿਚ ਇਹ ਗੱਲ ਧੁਮਾਈ ਗਈ ਏ ਕਿ ਮਹਾਰਾਜ ਮੁਸਲਮਾਨਾਂ ’ਤੇ ਜ਼ੁਲਮ ਕਰਦਾ ਸੀ ਤੇ ਮਸਜਿਦਾਂ ਦੀ ਬੇਹੁਰਮਤੀ ਕਰਦਾ ਸੀ। ਉਨ੍ਹਾਂ ਨਾਲ ਨਫ਼ਰਤ ਦੀ ਇਹੀ ਅਸਲ ਵਜ੍ਹਾ ਏ।
ਜਦ ਮੈਂ ਲਹਿੰਦੇ ਪੰਜਾਬ ਵੱਲ ਦਿਆਂ ਨੂੰ - ਏਥੋਂ ਤਕ ਕਿ ਬਾਖ਼ਬਰ ਤਾਲੀਮਯਾਫ਼ਤਾ ਲੋਕਾਂ ਨੂੰ - ਪੁੱਛਨੀ ਆਂ ਕਿ ਤੁਹਾਨੂੰ ਰਣਜੀਤ ਸਿੰਘ ਨਾਲ ਕੀ ਸ਼ਿਕਾਇਤ ਏ, ਤਾਂ ਉਹ ਦੱਸਦੇ ਨੇ ਕਿ ਰਣਜੀਤ ਸਿੰਘ ਨੇ ਬਾਦਸ਼ਾਹੀ ਮਸਜਿਦ ਵਿਚ ਘੋੜੇ ਬੰਨ੍ਹੇ ਸਨ, ਅਸਲਾ ਤੇ ਬਾਰੂਦ ਰੱਖਿਆ ਸੀ; ਓਥੇ ਨਮਾਜ਼ ਮਨ੍ਹਾ ਕਰ ਛੋੜੀ ਸੀ। ਆਖ਼ਿਰ ਸੱਚ ਕੀ ਹੈ?
- ਇਹ ਸਰਾਸਰ ਝੂਠ ਹੈ। ਜੇ ਇੰਜ ਹੋਇਆ ਹੁੰਦਾ ਤਾਂ ਮੇਰੇ ਬਜ਼ੁਰਗ ਅਪਣੇ ਵੇਲੇ ਦੇ ਸਭ ਤੋਂ ਵੱਡੇ ਬੇਗ਼ੈਰਤ ਮੰਨੇ ਜਾਣੇ ਸਨ। ਉਨ੍ਹਾਂ ਐਸੀ ਗੱਲ ਹੋਣ ਈ ਨਹੀਂ ਸੀ ਦੇਣੀ। ਇਹ ਆਖਣਾ ਕਿ ਮਹਾਰਾਜ ਨੇ ਮੁਸਲਮਾਨਾਂ ਨੂੰ ਦਬਾਅ ਕੇ ਰੱਖਿਆ, ਇਹ ਬੜਾ ਵੱਡਾ ਝੂਠ ਹੈ। ਓਦੋਂ ਲਹੌਰ ਵਿਚ ਮੁਸਲਮਾਨਾਂ ਦੀ ਆਬਾਦੀ 75 ਫ਼ੀਸਦੀ ਸੀ। ਉਨ੍ਹਾਂ ਨੂੰ ਦਬਾਅ ਕੇ ਜ਼ੁਲਮ ਕਰ ਕੇ ਭਲਾ ਉਹ ਕਿਵੇਂ ਹਕੂਮਤ ਕਰ ਸਕਦਾ ਸੀ? ਮਹਾਰਾਜ ਨੇ ਲੋਕਾਂ ਦੇ ਦਿਲਾਂ ’ਤੇ ਰਾਜ ਕੀਤਾ। ਮੁਸਲਮਾਨਾਂ ’ਤੇ ਹੋਏ ਜਬਰ ਦੀ ਇਕ ਵੀ ਮਿਸਾਲ ਕੋਈ ਦੇ ਕੇ ਦੱਸੇ। ਮਹਾਰਾਜ ਸਾਰਿਆਂ ਮਜ਼ਹਬਾਂ ਦੀ ਇੱਜ਼ਤ ਕਰਦੇ ਸਨ। ਉਨ੍ਹਾਂ ਦੇ ਰਾਜ ਵਿਚ ਕੋਈ ਸੈਕੰਡ ਕਲਾਸ ਸਿਟੀਜ਼ਨ ਨਹੀਂ ਸੀ। ਕੋਈ ਫ਼ਿਰਕੂ ਟੈਨਸ਼ਨ ਜਾਂ ਫ਼ਸਾਦਾਤ ਕਦੇ ਨਹੀਂ ਹੋਏ; ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਹੋਈ। ਮੇਰੇ ਕੋਲ ਦਸਤਾਵੇਜ਼ੀ ਸਬੂਤ ਨੇ ਕਿ ਮਹਾਰਾਜ ਨੇ ਅਪਣੇ ਰਾਜ ਦੀਆਂ ਮਸਜਿਦਾਂ, ਮੰਦਰਾਂ ਤੇ ਗੁਰਦੁਆਰਿਆਂ ਨੂੰ ਜਗੀਰਾਂ ਗਰਾਂਟਾਂ ਦਿੱਤੀਆਂ। ਉਨ੍ਹਾਂ ਨੇ ਮਸਜਿਦਾਂ ਦੀ ਪੂਰੀ ਸੰਭਾਲ਼ ਕੀਤੀ ਤੇ ਆਪ ਵੀ ਬਹੁਤ ਸਾਰੀਆਂ ਤਾਮੀਰ ਕਰਵਾਈਆਂ। ਹਰ ਮਸਜਿਦ ਦੇ ਨਾਲ ਮਦਰੱਸਾ ਹੁੰਦਾ ਸੀ।
ਦਰਅਸਲ, ਬਾਦਸ਼ਾਹੀ ਮਸਜਿਦ ਆਮ ਲੋਕਾਂ ਵਾਸਤੇ ਨਹੀਂ ਸੀ ਹੁੰਦੀ, ਕਿਉਂਕਿ ਇਹ ਸ਼ਾਹੀ ਕਿਲ੍ਹੇ ਤੇ ਹਵੇਲੀਆਂ ਦੀ ਜ਼ਦ ਵਿਚ ਸੀ। ਸਿਰਫ਼ ਅਸ਼ਰਾਫ਼ੀਆ ਨੂੰ ਓਥੇ ਨਮਾਜ਼ ਅਦਾ ਕਰਨ ਦੀ ਇਜਾਜ਼ਤ ਸੀ। ਅਸਲੀਅਤ ਇਹ ਹੈ ਕਿ ਮਹਾਰਾਜ ਨੇ ਸੰਨ 1811 ਵਿਚ ਮਸਜਿਦ ਆਮ ਲੋਕਾਂ ਵਾਸਤੇ ਪਹਿਲੀ ਵੇਰ ਖੋਲ੍ਹੀ ਸੀ। ਪਹਿਲੇ ਤੇ ਲੋਕ ਮਸਜਿਦ ਵਿਚ ਵੜਨ ਤੇ ਨਮਾਜ਼ ਪੜ੍ਹਨੋਂ ਝਿਜਕਦੇ ਸਨ। ਮੇਰੇ ਬਜ਼ੁਰਗਾਂ ਤੇ ਵੇਲੇ ਦੇ ਲਾਹੌਰ ਦੇ ਮੁਫ਼ਤੀ ਕ਼ਾਜ਼ੀ ਫ਼ੈਜ਼ਉੱਲਾ ਦੀ ਇਹ ਹਕੀਕਤ ਸਨਦ ਕੀਤੀ ਮੇਰੇ ਕੋਲ਼ ਮੌਜੂਦ ਹੈ।
ਮੈਂ ਚੈਲਿੰਜ ਕਰਦਾਂ ਕਿ ਕੋਈ ਮੈਨੂੰ ਸ਼ਾਹੀ ਮਸਜਿਦ ਵਿਚ ਘੋੜੇ ਬੰਨ੍ਹਣ ਦਾ ਸਬੂਤ ਪੇਸ਼ ਕਰੇ। ਅੰਗਰੇਜ਼ ਦੇ ਲਿਖੇ ਨੂੰ ਮੈਂ ਨਹੀਂ ਮੰਨਦਾ।
ਆਖ਼ਿਰੀ ਸਵਾਲ: ਜੇ ਫ਼ਾਈਬਰ ਗਲਾਸ ਦੀ ਬਜਾਇ ਮੁਜੱਸਮਾ ਠੋਸ ਧਾਤ ਦਾ ਬਣਾਉਂਦੇ ਤਾਂ ਕੀ ਕੋਈ ਭੰਨ ਨਾ ਸਕਦਾ?
- ਜਿਨ੍ਹਾਂ ਦੇ ਜ਼ਿਹਨ ਵਿਚ ਐਨੀ ਨਫ਼ਰਤ ਭਰੀ ਪਈ ਹੋਵੇ, ਉਨ੍ਹਾਂ ਮਜ਼ਬੂਤ ਧਾਤ ਕਾਂਸੀ ਦੇ ਮੁਜੱਸਮੇ ਨੂੰ ਵੀ ਭੰਨਣ ਦਾ ਰਸਤਾ ਕੱਢ ਲੈਣਾ ਸੀ। ਅਫ਼ਸੋਸ ਕਿ ਸਾਨੂੰ ਵੰਡਣ ਲੁੱਟਣ ਵਾਲੇ ਕਿਸੇ ਫ਼ਰੰਗੀ (ਅਲਫ੍ਰੇਡ ਵੂਲਨਰ) ਦਾ ਮੁਜੱਸਮਾ ਤਾਂ ਹਾਲੇ ਵੀ ਲਹੌਰ ਵਿਚ ਲੱਗਾ ਹੋਇਆ ਹੈ। ਪਰ ਪੰਜਾਬ ਵਿਚ ਅਮਨ, ਖ਼ੁਸ਼ਹਾਲੀ ਤੇ ਯਕਜਹਿਤੀ ਲਿਆਣ ਵਾਲੇ ਮਹਾਰਾਜਾ ਦੇ ਮੁਜੱਸਮੇ ਨੂੰ ਭੰਨਣ ਦੀ ਵਾਰਦਾਤ ਕਿੰਨੀ ਵੇਰ ਕੀਤੀ ਗਈ। ਇਹ ਹੈ ਸਾਡੀ ਬਦਕਿਸਮਤੀ; ਸਾਡਾ ਦੀਵਾਲੀਆਪਣ।
ਗੁਰਮੀਤ ਕੌਰ
Comments (0)