ਸਿੱਖ ਵਿਰਾਸਤ ਨੂੰ ਮਿਟਾਉਣ ਦੀ 'ਕਾਰਸੇਵਾ'

ਸਿੱਖ ਵਿਰਾਸਤ ਨੂੰ ਮਿਟਾਉਣ ਦੀ 'ਕਾਰਸੇਵਾ'

ਮਨਜੀਤ ਸਿੰਘ ਟਿਵਾਣਾ
ਪੰਜਾਬ ਦੇ ਤਰਨਤਾਰਨ ਸਾਹਿਬ ਵਿਚ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਦੀ 200 ਸਾਲ ਤੋਂ ਵੱਧ ਪੁਰਾਣੀ ਦਰਸ਼ਨੀ ਡਿਉਢੀ ਨੂੰ ਮੁਰੰਮਤ ਕਰਨ ਲਈ ਕਥਿਤ ਕਾਰਸੇਵਾ ਦੇ ਨਾਮ 'ਤੇ ਢਾਹੇ ਜਾਣ ਦੀ ਖਬਰ ਨੇ ਸਿੱਖਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਤਿਹਾਸਕ ਹਵਾਲਿਆਂ ਮੁਤਾਬਕ ਇਸ ਡਿਉਢੀ ਦੀ ਉਸਾਰੀ ਇਕ ਮੁਸਲਮਾਨ ਨਾਇਬ ਤਹਿਸੀਲਦਾਰ ਵਲੋਂ ਗੁਰੂ ਜੀ ਪ੍ਰਤੀ ਅਥਾਹ ਸ਼ਰਧਾ ਅਤੇ ਸਤਿਕਾਰ ਰੱਖਦਿਆਂ ਕਰਵਾਈ ਗਈ ਸੀ। ਇਸ ਤਰ੍ਹਾਂ ਇਹ ਸਿੱਖ ਧਰਮ ਦੀ ਸਾਂਝੀਵਾਲਤਾ ਤੇ ਸਰਬੱਤ ਦੇ ਭਲੇ ਵਾਲੀ ਸਿਧਾਂਤਕ ਵਿਚਾਰਧਾਰਾ ਨੂੰ ਦੂਜੇ ਧਰਮਾਂ ਦੇ ਸ਼ਰਧਾਵਾਨ ਲੋਕਾਂ ਵੱਲੋਂ ਪੇਸ਼ ਅਕੀਦਤ ਦੀ ਇਕ ਵਿਰਾਸਤ ਹੈ।
ਸਿੱਖ ਜਗਤ ਦੇ ਬਹੁਤ ਵੱਡੇ ਹਿੱਸੇ ਨੇ ਤਾਜ਼ਾ ਘਟਨਾ ਖਿਲਾਫ ਜਿਸ ਤਰ੍ਹਾਂ ਵਿਰੋਧ ਜ਼ਾਹਰ ਕੀਤਾ ਤੇ ਇਸ ਗੁਨਾਹ ਵਰਗੀ ਕਾਰਵਾਈ ਨੂੰ ਅੰਜ਼ਾਮ ਦੇਣ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਕਥਿਤ ਕਾਰ-ਸੇਵਾ ਵਾਲੇ 'ਬਾਬੇ' ਜਗਤਾਰ ਸਿੰਘ ਨੂੰ ਨਾ-ਸਿਰਫ ਮੁਆਫੀਆਂ ਮੰਗਣੀਆਂ ਪਈਆਂ, ਸਗੋਂ ਫਿਲਹਾਲ ਇਸ ਸਿੱਖ ਵਿਰਾਸਤੀ ਇਮਾਰਤ ਨੂੰ ਅੱਗੇ ਹੋਰ ਢਾਹੁਣ ਤੋਂ ਵੀ ਰੋਕਣਾ ਪਿਆ ਹੈ। 
ਉਕਤ ਅਨਰਥ ਹੋਣ ਅਤੇ ਪੰਥਕ ਵਿਰਸਤ ਨੂੰ ਬਚਾਉਣ ਲਈ ਸੁਚੇਤ ਤੌਰ 'ਤੇ ਵਿਰੋਧ ਕਰਨ ਵਾਲੀਆਂ ਸਿੱਖ ਸੰਗਤਾਂ ਵਧਾਈ ਦੀਆਂ ਪਾਤਰ ਹਨ। ਇਸ ਦਾ ਸਿਹਰਾ ਸੋਸ਼ਲ ਮੀਡੀਆ ਜਾਂ ਸਿੱਖਾਂ ਦੀ ਨਵੀਂ ਪੀੜ੍ਹੀ ਵਿਚ ਥੋੜ੍ਹੀ-ਬਹੁਤੀ ਆਪਣੇ ਧਰਮ ਤੇ ਗੌਰਵਸ਼ਾਲੀ ਵਿਰਸੇ ਪ੍ਰਤੀ ਪੈਦਾ ਹੋ ਰਹੀ ਜਾਗਰੂਕਤਾ ਦੇ ਸਿਰ ਬੰਨੀਏ ਪਰ ਬੀਤੇ ਵਿਚ ਕਥਿਤ 'ਕਾਰ-ਸੇਵਾ' ਦੇ ਨਾਮ ਉਤੇ ਜਿਸ ਤਰ੍ਹਾਂ ਸਿੱਖ ਵਿਰਾਸਤੀ ਇਮਾਰਤਾਂ ਅਤੇ ਹੋਰ ਨਿਸ਼ਾਨੀਆਂ ਨੂੰ ਗਿਣ-ਮਿੱਥ ਕੇ ਮਲੀਆਮੇਟ ਕੀਤਾ ਗਿਆ ਹੈ, ਉਸ ਲਈ ਸਾਨੂੰ ਸਾਡੀਆਂ ਆਉਣ ਵਾਲੀਆਂ ਨਸਲਾਂ ਕਦੇ ਵੀ ਮੁਆਫ ਨਹੀਂ ਕਰਨਗੀਆਂ।
ਪਿਛਲੇ ਕਈ ਦਹਾਕਿਆਂ ਤੋਂ ਇਹ 'ਕੁਕਰਮ' ਕਥਿਤ 'ਕਾਰਸੇਵਾ' ਦੇ ਨਾਮ ਹੇਠ ਜਾਰੀ ਹੈ ਪਰ ਸਿੱਖਾਂ ਨੇ ਕਦੇ ਅਵੇਸਲੇਪਣ ਵਿਚ ਅਤੇ ਕਦੇ ਲਾਲਚ ਤੇ ਕਦੇ ਡਰ ਤਹਿਤ ਇਕ ਤਰ੍ਹਾਂ ਨਾਲ ਇਸ ਗੁਨਾਹ ਨੂੰ ਆਪਣੀ ਮੂਕ ਸਹਿਮਤੀ ਦੇ ਰੱਖੀ ਹੈ। ਖਾੜਕੂ ਲਹਿਰ ਸਮੇਂ ਵੀ ਸਿੱਖ ਸਮਾਜ ਵਿਚਲੀਆਂ ਕਈ ਅਲਾਮਤਾਂ ਖਿਲਾਫ ਜੁਝਾਰੂ ਸਿੰਘਾਂ ਨੇ ਮੋਰਚਾ ਲਾਇਆ ਪਰ ਸਿੱਖਾਂ ਦੀਆਂ ਜੜ੍ਹਾਂ ਵਿਚ ਦਾਤਰੀ ਫੇਰਨ ਦਾ ਇਹ ਕੰਮ ਉਦੋਂ ਵੀ ਬਿਨਾ ਕਿਸੇ ਰੋਕ-ਟੋਕ ਦੇ ਜਾਰੀ ਰਿਹਾ। ਹੁਣ ਤਕ ਅਸੀਂ ਮੋਟੇ ਤੌਰ ਉਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨਾਲ ਸਬੰਧਿਤ ਠੰਢਾ ਬੁਰਜ, ਚਮਕੌਰ ਸਾਹਿਬ ਦੀ ਕੱਚੀ ਗੜ੍ਹੀ, ਅਨੰਦਪੁਰ ਸਾਹਿਬ ਦੇ ਕਿਲ੍ਹੇ ਦਾ ਵੱਡਾ ਹਿੱਸਾ ਜਾਂ ਤਾਂ ਸੰਗਮਰਮਰਾਂ ਹਠ ਦੱਬ ਚੁੱਕੇ ਹਾਂ ਜਾਂ ਨੇਸਤਾਨਾਬੂਦ ਕਰ ਚੁੱਕੇ ਹਾਂ। ਇਤਿਹਾਸਕ ਗੁਰਦਵਾਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਦੀ ਇਮਾਰਤ ਵੀ ਢਾਹੀ ਜਾ ਚੁੱਕੀ ਹੈ। ਅੰਮ੍ਰਿਤਸਰ ਵਿਖੇ ਮੌਜੂਦ ਗੁਰੂ ਅਰਜਨ ਦੇਵ ਜੀ ਦਾ ਨਿਵਾਸ ਅਸਥਾਨ, ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਨਮ ਲਿਆ, ਉਹ ਛੋਟੀਆਂ ਇੱਟਾਂ ਵਾਲੀਆਂ ਕੋਠੜੀਆਂ ਹੁਣ ਕਿਤੇ ਨਹੀਂ ਲੱਭ ਰਹੀਆਂ। ਗੁਰਦਾਸਪੁਰ ਜ਼ਿਲ੍ਹੇ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਥੇਹ ਵੀ ਖਤਮ ਕਰ ਦਿੱਤਾ ਗਿਆ। ਨਾਨਕਸ਼ਾਹੀ ਇੱਟਾਂ ਦੀ ਬਣੀ ਬਾਬਾ ਗੁਰਦਿੱਤਾ ਜੀ ਦੀ ਯਾਦਗਾਰ ਉਪਰ ਸੀਮਿੰਟ ਨਾਲ ਪਲੱਸਤਰ ਕਰ ਕੇ ਪੁਰਾਤਨੀ ਦਿੱਖ ਦੱਬ ਦਿੱਤੀ ਗਈ। ਸੁਲਤਾਨਪੁਰ ਵਿਖੇ ਬੇਬੇ ਨਾਨਕੀ ਜੀ ਦਾ ਜੱਦੀ ਘਰ ਵੀ ਢਾਹ ਦਿੱਤਾ ਗਿਆ। ਮੋਦੀਖ਼ਾਨੇ ਵਾਲੀ ਅਸਲ ਥਾਂ ਵੀ ਢਹਿ-ਢੇਰੀ ਕਰ ਦਿੱਤੀ ਗਈ। ਦੇਸ਼ ਵੰਡ ਕਾਰਨ ਪਾਕਿਸਤਾਨ ਵਿਚ ਰਹਿ ਗਈਆਂ ਬਹੁਤ ਸਾਰੀਆਂ ਸਿੱਖ ਵਿਰਾਸਤ ਨਾਲ ਜੁੜੀਆਂ ਇਮਾਰਤਾਂ ਵੀ ਸਾਡੇ ਇਨ੍ਹਾਂ ਕਥਿਤ 'ਕਾਰ-ਸੇਵਾ' ਵਾਲਿਆਂ ਦੀਆਂ ਨਜ਼ਰਾਂ ਤੋਂ ਨਹੀ ਬਚ ਸਕੀਆਂ। 'ਸੰਗਮਰਮਰੀ ਚੋਲਾ' ਪਹਿਨ ਚੁੱਕੀਆਂ ਇਨ੍ਹਾਂ ਇਮਾਰਤਾਂ ਵਿਚ ਗੁਰੂ ਰਾਮਦਾਸ ਜੀ ਦਾ ਜਨਮ ਅਸਥਾਨ ਗੁਰਦੁਆਰਾ ਚੂਨਾ ਮੰਡੀ ਲਾਹੌਰ ਵੀ ਹੈ। ਨਨਕਾਣਾ ਸਾਹਿਬ ਵਿਚ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਵਾਲੇ ਗੁਰਦੁਆਰਾ ਸਾਹਿਬ ਦੀ ਪੁਰਾਤਨ ਦਿੱਖ ਨਾਲ ਵੀ ਛੇੜਛਾੜ ਕੀਤੀ ਗਈ ਹੈ। 
ਵੱਡਾ ਸਵਾਲ ਹੈ ਕਿ ਕਾਰਸੇਵਾ ਦੇ ਨਾਮ 'ਤੇ ਨਿੱਤ ਦਿਨ ਸਿੱਖ ਵਿਰਾਸਤੀ ਧਰੋਹਰਾਂ ਨੂੰ ਖਤਮ ਕਰ ਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਖਿਰ ਕਿਹੜਾ ਰੋਲ ਨਿਭਾ ਰਹੀ ਹੈ? ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਸ੍ਰੋਮਣੀ ਕਮੇਟੀ ਉਕਤ ਪੁਰਾਤਨ ਵਿਰਾਸਤੀ ਦਰਸ਼ਨੀ ਡਿਉਢੀ ਦੀ ਮਹਾਨਤਾ ਤੋਂ ਅਣਜਾਣ ਸੀ? ਕੀ ਸ੍ਰੋਮਣੀ ਕਮੇਟੀ ਨੇ ਉਕਤ ਡਿਉਢੀ ਦੀ ਹਾਲਤ ਬਾਰੇ ਮਾਹਿਰਾਂ ਤੋਂ ਕੋਈ ਨਿਰੀਖਣ ਕਰਾਇਆ? ਕੀ ਉਸ ਨੂੰ ਢਾਹ ਕੇ ਨਵ-ਉਸਾਰੀ ਦੀ ਲੋੜ ਸੀ? ਇਹ ਸਵਾਲ ਤਾਂ ਵੀ ਅਹਿਮ ਹਨ ਕਿਉਂਕਿ ਸ਼੍ਰੋਮਣੀ ਕਮੇਟੀ ਕੋਲੋਂ ਕਥਿਤ 'ਕਾਰਸੇਵਾ' ਦੇ ਸਰਕਾਰੀ ਏਜੰਸੀਆਂ ਵਾਂਗ 'ਠੇਕੇ' ਲੈਣ ਲਈ ਮਾਰਾਮਾਰੀ ਹੋਣ ਦੀਆਂ ਖਬਰਾਂ ਵੀ ਹਨ। ਇਸ ਕਰ ਕੇ ਕਿਤੇ ਨਿੱਜੀ ਲਾਭ ਲਈ ਬਿਨਾ ਲੋੜ ਦੇ ਹੀ ਪੁਰਾਣੀਆਂ ਵਿਰਾਸਤੀ ਇਮਾਰਤਾਂ ਢਾਹ ਕੇ ਨਵੀਆਂ ਬਣਾਉਣ ਦਾ ਗੋਰਖਧੰਦਾ  ਤਾਂ ਨਹੀਂ ਚੱਲ ਰਿਹਾ? ਕਈ ਵਿਦਵਾਨਾਂ ਦਾ ਤਾਂ ਇਹ ਵੀ ਮੱਤ ਹੈ ਕਿ ਇਹ ਕਿਸੇ ਗਹਿਰੀ ਸਾਜ਼ਿਸ਼ ਤਹਿਤ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਇਹ ਵਰਤਾਰਾ ਸਿੱਖਾਂ ਦੇ ਇਤਿਹਾਸ ਨੂੰ ਮਿਥਿਹਾਸ 'ਚ ਬਦਲਣ ਲਈ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਸਿੱਖਾਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਸਿੱਖ ਇਤਿਹਾਸ ਨੂੰ ਸਮਝਣ ਤੇ ਮਹਿਸੂਸ ਕਰਨ ਤੋਂ ਬੇਲਾਗ ਰਹਿ ਜਾਣ।
ਬੇਸ਼ੱਕ ਸ੍ਰੋਮਣੀ ਕਮੇਟੀ ਵਿਦਿਅਕ ਤੇ ਮੈਡੀਕਲ ਸੰਸਥਾਵਾਂ ਖੋਲ੍ਹਣ ਸਮੇਤ ਬਹੁਤ ਸਾਰੇ ਸਮਾਜ ਸੇਵਾ ਦੇ ਕਾਰਜ ਕਰਦੀ ਹੈ। ਸਿੱਖ ਪੰਥ ਦੀ ਪ੍ਰਤੀਨਿਧ ਸੰਸਥਾ ਹੋਣ ਕਾਰਨ ਦੇਸ਼-ਵਿਦੇਸ਼ 'ਚ ਵਿਚਰ ਰਹੇ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਲਾਂ ਵਿਚ ਵੀ ਇਹ ਅਹਿਮ ਰੋਲ ਨਿਭਾਉਂਦੀ ਹੈ ਪਰ ਇਸ ਦੀ ਬੁਨਿਆਦੀ ਜ਼ਿੰਮੇਵਾਰੀ ਸਿੱਖ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨੀ ਹੀ ਹੈ। ਅੰਗਰੇਜ਼ ਰਾਜ ਸਮੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਤੋਂ ਬਾਅਦ ਸ੍ਰੋਮਣੀ ਕਮੇਟੀ ਦੀ ਸਥਾਪਨਾ ਪ੍ਰਮੁੱਖ ਰੂਪ ਵਿਚ ਗੁਰਦੁਆਰਾ ਪ੍ਰਬੰਧ ਨੂੰ ਸੰਭਾਲਣ ਵੱਜੋਂ ਹੀ ਹੋਈ ਸੀ। ਆਪਣੇ ਮੂਲ ਕਾਰਜ ਪ੍ਰਤੀ ਇਸ ਦਾ ਇਹ ਅਵੇਸਲਾਪਨ ਸਿੱਖਾਂ ਨੂੰ ਬਹੁਤ ਮਹਿੰਗਾ ਪੈ ਚੁੱਕਾ ਹੈ।
ਸਿੱਖ ਧਰਮ ਵਿਚ ਕਾਰਸੇਵਾ ਆਪਣੇ ਆਪ ਵਿਚ ਇਕ ਬਹੁਤ ਵੱਡਾ ਮਹਾਨ ਕਾਰਜ ਹੈ ਪਰ ਜਾਣੇ ਅਨਜਾਣੇ 'ਚ ਕਾਰਸੇਵਾ ਦੇ ਨਾਮ 'ਤੇ ਅਸੀ ਉਹ ਕੁਝ ਨਸ਼ਟ ਕਰ ਚੁੱਕੇ ਹਾਂ, ਜਿਸ ਦੀ ਭਰਪਾਈ ਨਹੀਂ ਹੋ ਸਕਦੀ। ਵਿਸ਼ਵ ਦੇ ਸਾਰੇ ਹੀ ਧਰਮਾਂ ਨੇ ਆਪਣੇ ਪੁਰਾਤਨ ਸਥਾਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਲਈ ਸੰਭਾਲ ਕੇ ਰੱਖਿਆ ਹੋਇਆ ਹੈ। ਸਾਨੂੰ ਸਮਝਣਾ ਚਾਹੀਦਾ ਹੈ ਕਿ ਪੁਰਾਤਨ ਇਮਾਰਤਾਂ ਮਹਿਜ਼ ਇੱਟਾਂ-ਸੀਮਿੰਟ ਜਾਂ ਮਿੱਟੀ ਦਾ ਸੁਮੇਲ ਹੀ ਨਹੀਂ ਹੁੰਦੀਆਂ ਹਨ, ਸਗੋਂ ਇਹਨਾਂ ਦਾ ਕਿਸੇ ਵੀ ਕੌਮ ਦੇ ਇਤਿਹਾਸ, ਵਿਚਾਰਧਾਰਾ ਤੇ ਸੱਭਿਅਤਾ ਨੂੰ ਮੂਰਤੀਮਾਨ ਕਰਨ ਨਾਲ ਵੀ ਅਟੁੱਟ ਰਿਸ਼ਤਾ ਹੁੰਦਾ ਹੈ।