ਸੰਤਾਲੀ ਦੀ ਵੰਡ ਸਮੇਂ ਵਿਛੜੇ ਤਿੰਨ ਯਾਰਾਂ ਦੀ ਕਹਾਣੀ 'ਯਾਰਾ ਵੇ..'

ਸੰਤਾਲੀ ਦੀ ਵੰਡ ਸਮੇਂ ਵਿਛੜੇ ਤਿੰਨ ਯਾਰਾਂ ਦੀ ਕਹਾਣੀ 'ਯਾਰਾ ਵੇ..'

ਸੁਰਜੀਤ ਜੱਸਲ
9814607737 

ਵਿਆਹ ਕਲਚਰ ਦੀ ਭੀੜ ਵਿੱਚ ਕੁਝ ਅਜਿਹੀਆਂ ਫ਼ਿਲਮਾਂ ਵੀ ਪੰਜਾਬੀ ਸਿਨਮੇ ਦਾ ਹਿੱਸਾ ਬਣ ਰਹੀਆਂ ਹਨ ਜਿੰਨ੍ਹਾਂ ਵਿੱਚ ਮਨੋਰੰਜਨ ਦੇ ਨਾਲ ਨਾਲ 1947 ਦੀ ਵੰਡ ਦੀ ਭਾਵੁਕਤਾ, ਦਿਲੀਂ ਸਾਂਝਾਂ ਦਾ ਚਿਤਰਣ ਬਾਖੂਬੀ ਕੀਤਾ ਗਿਆ ਹੈ। ਦੇਸ਼ ਦੇ ਹਾਲਾਤ ਭਾਵੇਂ ਕਿਹੋ ਜਿਹੇ ਵੀ ਰਹਿਣ ਪਰ ਸਿਨਮਾ ਆਪਣੀ ਮਾਤ ਭਾਸ਼ਾ ਅਤੇ ਸਾਂਝੀਵਾਲਤਾ ਦਾ ਸੁਨੇਹਾ ਹਮੇਸ਼ਾ ਦਿੰਦਾ ਰਹਿੰਦਾ ਹੈ। ਗੋਲਡਨ ਬਰਿੱਜ ਫ਼ਿਲਮਜ਼ ਅਤੇ ਫਰੈਸ਼ਲੀ ਗਰਾਊਂਡ ਦੇ ਬੈਨਰ ਹੇਠ ਨਿਰਮਾਤਾ ਬੱਲੀ ਸਿੰਘ ਕੱਕੜ ਤੇ ਨਿਰਦੇਸ਼ਕ ਰਾਕੇਸ਼ ਮਹਿਤਾ ਦੀ 5 ਅਪ੍ਰੈਲ ਨੂੰ ਰਿਲੀਜ਼ ਹੋ ਰਹੀ ਫ਼ਿਲਮ 'ਯਾਰਾ ਵੇ' 47 ਦੇ ਵੰਡ ਸਮਿਆਂ ਨਾਲ ਸਬੰਧਤ ਕਹਾਣੀ ਅਧਾਰਤ ਹੈ। ਇਸ ਫ਼ਿਲਮ ਵਿੱਚ ਤਿੰਨ ਯਾਰਾਂ ਦੀ ਸੱਚੀ ਸੁੱਚੀ ਯਾਰੀ ਦੀ ਕਹਾਣੀ ਹੈ ਜੋ ਦੇਸ਼ ਦੀ ਵੰਡ ਸਮੇਂ ਵੱਖ ਵੱਖ ਧਰਮਾਂ, ਜਾਤਾਂ ਵਿੱਚ ਵੰਡੀ ਜਾਂਦੀ ਹੈ ਤੇ ਇੰਨ੍ਹਾ ਦਾ ਦੁਬਾਰਾ ਮਿਲਣਾ ਫ਼ਿਲਮ ਦੀ ਕਹਾਣੀ ਵਿੱਚ ਕਈ ਦਿਲਚਸਪ ਮੋੜ ਪੈਦਾ ਕਰਦਾ ਹੈ। ਨਿੱਕੇ ਹੁੰਦੇ ਬਜੁਰਗ ਦਾਦਾ ਦਾਦੀ ਕੋਲੋਂ ਵੰਡ ਸਮੇਂ ਦੀਆਂ ਅਨੇਕਾਂ ਕਹਾਣੀਆਂ ਸੁਣਦੇ ਰਹੇ ਹਾਂ ਜੋ ਫ਼ਿਲਮ ਵੇਖਦਿਆਂ ਪਰਦੇ 'ਤੇ ਸੱਚ ਹੁੰਦੀਆਂ ਨਜ਼ਰ ਆਉਣਗੀਆ। ਇਸ ਫ਼ਿਲਮ ਵਿੱਚ ਯੁਵਰਾਜ ਹੰਸ, ਗਗਨ ਕੋਕਰੀ ਅਤੇ ਰਘੁਬੀਰ ਬੋਲੀ ਤਿੰਨ ਦੋਸਤਾਂ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ ਤੇ ਮੋਨਿਕਾ ਗਿੱਲ ਫ਼ਿਲਮ ਦੀ ਨਾਇਕਾ ਬਣੀ ਹੈ। ਰਘਬੀਰ ਬੋਲੀ ਲਈ ਇਹ ਫ਼ਿਲਮ ਬਹੁਤ ਅਹਿਮੀਅਤ ਰੱਖਦੀ ਹੈ ਕਿਊਕਿ ਦਰਸ਼ਕ ਪਹਿਲੀ ਵਾਰ ਉਸਨੂੰ ਮੁੱਖ ਭੂਮਿਕਾ ਵਿੱਚ ਵੇਖਣਗੇ ਜਦਕਿ ਪਹਿਲਾਂ ਉਹ ਆਮ ਜਿਹੇ ਕਿਰਦਾਰਾਂ ਵਿੱਚ ਹੀ ਰਿਹਾ ਹੈ। ਫ਼ਿਲਮ ਦੀ ਕਹਾਣੀ ਮੁਤਾਬਕ ਉਸਦਾ ਕਿਰਦਾਰ ਯਕੀਨਣ ਉਸਦੇ ਫ਼ਿਲਮੀਗ੍ਰਾਫ਼ ਨੂੰ ਕਾਫ਼ੀ ਉੱਪਰ ਲਿਜਾ ਸਕਦਾ ਹੈ। ਇਹ ਫ਼ਿਲਮ ਸਾਂਝੇ ਪੰਜਾਬ ਦੇ ਲੋਕਾਂ ਦਾ ਆਪਸੀ ਪਿਆਰ, ਵਿਛੋੜਾ ਦੇ Îਇਲਾਵਾ ਪੁਰਾਤਨ ਮਾਹੌਲ ਦੀ ਕਾਮੇਡੀ, ਭਲਵਾਨਾ ਦੇ ਅਖਾੜੇ, ਦੇਸੀ ਗਵੱਈਆਂ ਦੇ ਰੰਗ ਤਮਾਸ਼ੇ ਵੀ ਪੇਸ਼ ਕਰੇਗੀ। 
ਰਾਕੇਸ਼ ਮਹਿਤਾ ਬਾਲੀਵੁੱਡ ਤੋਂ ਪੰਜਾਬੀ ਸਿਨਮੇ ਵੱਲ ਆਇਆ ਇੱਕ ਸਫ਼ਲ ਨਿਰਦੇਸ਼ਕ ਹੈ ਜਿਸਨੇ ਇਸ ਤੋਂ ਪਹਿਲਾਂ 'ਵਾਪਸੀ' ਅਤੇ ਰੰਗ ਪੰਜਾਬ ' ਜਿਹੀਆਂ ਤਕਨੀਕ ਵੱਖੋਂ ਸਫ਼ਲ ਫ਼ਿਲਮ ਦਿੱਤੀਆ ਹਨ। ਉਨ੍ਹਾਂ ਦੱਸਿਆ ਕਿ ਪੀਰਿਅਡ ਫ਼ਿਲਮ ਹੋਣ ਕਰਕੇ ਫ਼ਿਲਮ ਹਰੇਕ ਦ੍ਰਿਸ਼,ਪਹਿਰਾਵੇ ਵਹੀਕਲਾਂ ਅਤੇ ਬੋਲੀ ਆਦਿ ਪ੍ਰਤੀ ਬੜੇ ਧਿਆਨ ਨਾਲ ਕੰਮ ਕੀਤਾ ਗਿਆ ਹੈ। ਇਸ ਫ਼ਿਲਮ ਦੀ ਕਹਾਣੀ ਵੀ ਉਨ੍ਹਾਂ ਖੁਦ ਲਿਖੀ ਹੈ ਤੇ ਸਕਰੀਨ ਪਲੇਅ, ਡਾਇਲਾਗ ਰੁਪਿੰਦਰ ਇੰਦਰਜੀਤ ਸਿੰਘ ਨੇ ਲਿਖੇ ਹਨ। ਗਗਨ ਕੋਕਰੀ, ਯੁਵਰਾਜ ਹੰਸ, ਰਘਬੀਰ ਬੋਲੀ, ਮੋਨਿਕਾ  ਗਿੱਲ ਯੋਗਰਾਜ ਸਿੰਘ,ਸਰਦਾਰ ਸੋਹੀ, ਨਿਰਮਲ ਰਿਸ਼ੀ, ਮਲਕੀਤ ਰੌਣੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ ਤੇ ਬੀ ਐਨ ਸ਼ਰਮਾ ਨੇ ਫ਼ਿਲਮ ਵਿੱਚ ਅਹਿਮ ਕਿਰਦਾਰ ਨਿਭਾਏ ਹਨ। ਨਿਰਮਾਤਾ ਬੱਲੀ ਸਿੰਘ ਕੱਕੜ ਦੀ ਇਸ ਫ਼ਿਲਮ ਨੂੰ ਓਮ ਜੀ ਗਰੁੱਪ ਵਲੋਂ 5 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ।