ਸਮੁੱਚੀ ਮਾਨਵਤਾ ਤੇ ਵਿਸ਼ਵ ਕਲਿਆਣ ਲਈ ਸਿੱਖੀ ਦਾ ਹੋਕਾ ਜ਼ਰੂਰੀ

ਸਮੁੱਚੀ ਮਾਨਵਤਾ ਤੇ ਵਿਸ਼ਵ ਕਲਿਆਣ ਲਈ ਸਿੱਖੀ ਦਾ ਹੋਕਾ ਜ਼ਰੂਰੀ

ਜਸਪਾਲ ਸਿੰਘ ਹੇਰਾਂ
ਜਿਹੜਾ ਪੰਥ ਗਿਆਨ ਦਾ, ਕੁਰਬਾਨੀ ਦਾ, ਬਹਾਦਰੀ ਦਾ, ਦ੍ਰਿੜ੍ਹਤਾ ਦਾ, ਤਿਆਗ ਦਾ, ਚਾਨਣ ਮੁਨਾਰਾ ਸੀ ਅੱਜ ਉਸ ਨੂੰ ਮੰਗਵੀਂ ਰੋਸ਼ਨੀ ਉਹ ਵੀ ਦੁਸ਼ਮਣ ਤਾਕਤਾਂ ਤੋਂ ਲੈਣ ਦੀ ਲੋੜ ਕਿਉਂ ਪੈ ਗਈ ਹੈ? ਅੱਜ ਤੋਂ ਲੱਗਭੱਗ ਛੇ ਸਦੀਆਂ ਪਹਿਲਾਂ ਦੁਨੀਆ ਦੇ ਮਹਾਨ ਇਨਕਲਾਬੀ ਰਹਿਬਰ, ਜਗਤ ਗੁਰੂ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਾਕਮਾਂ ਦੇ ਜਬਰ-ਜ਼ੁਲਮ ਊਚ-ਨੀਚ ਤੇ ਰਿਸ਼ਵਤਖੋਰੀ ਵਿਰੁੱਧ ਅਵਾਜ਼ ਬੁਲੰਦ ਕੀਤੀ ਸੀ, ਜਿਹੜੀ ਪੂਰੇ ਬ੍ਰਹਿਮੰਡ 'ਚ ਗੂੰਜੀ ਸੀ। ਦੱਬੇ ਕੁਚਲੇ ਲੋਕਾਂ ਨੂੰ ਪਹਿਲੀ ਵਾਰ ਆਪਣੇ ਇਨਸਾਨ ਹੋਣ ਦਾ ਅਹਿਸਾਸ ਹੋਇਆ ਸੀ। ਉਨ੍ਹਾਂ ਨੂੰ ਜਾਪਿਆ ਸੀ ਕਿ ਉਹ ਵੀ ਧਾਰਮਿਕ ਰਾਜਸੀ ਆਗੂਆਂ ਵਾਂਗ ਉਨ੍ਹਾਂ ਦੇ ਬਰਾਬਰ ਦੇ ਹੀ ਧਰਤੀ ਦੇ ਜੀਵ ਹਨ। ਉਸ ਸਮੇਂ ਦੇ ਬ੍ਰਾਹਮਣ, ਕਾਜ਼ੀਆਂ ਨੂੰ ਜਿਹੜੇ ਉਦੋਂ ਧਰਤੀ ਦੇ ਰੱਬ ਸਮਝੇ ਜਾਂਦੇ ਸੀ, ਬਾਬਾ ਨਾਨਕ ਨੇ ਰਿਸ਼ਵਤੀ ਤੇ ਵੱਢੀ ਖੋਰ ਆਖ਼ ਕੇ, ਉਨ੍ਹਾਂ ਦੀ ਖ਼ੋਖਲੀ ਸਥਾਪਤੀ ਨੂੰ ਜਿਥੇ ਸਿੱਧੀ ਚੁਣੌਤੀ ਦਿੱਤੀ ਸੀ, ਉੱਥੇ ਆਮ ਲੋਕਾਂ 'ਚ ਇਸ ਜ਼ਾਲਮ ਤੇ ਭ੍ਰਿਸ਼ਟ ਟੋਲੇ ਵਿਰੁੱਧ ਖੜ੍ਹਾ ਹੋਣ ਦੀ ਹਿੰਮਤ ਪੈਦਾ ਕੀਤੀ ਸੀ। ਇਸ ਨਾਲ ਧਰਤੀ ਦੇ ਹਰ ਮਨੁੱਖ 'ਚ ਬਰਾਬਰੀ ਦਾ ਅਹਿਸਾਸ ਜਾਗਿਆ ਸੀ। ਇਸ ਧਰਤੀ ਦੇ ਇਨ੍ਹਾਂ ਮਹਾਨ ਰਹਿਬਰਾਂ ਨੇ ਅੱਜ ਤੋਂ 6 ਸਦੀਆਂ ਪਹਿਲਾਂ, ਸੁੱਤੇ ਲੋਕਾਂ ਨੂੰ ਜਗਾਇਆ ਸੀ, ਮੌਕੇ ਦੇ ਭ੍ਰਿਸ਼ਟ ਸਮਾਜਿਕ ਪ੍ਰਬੰਧ ਨੂੰ ਵੰਗਾਰਦਿਆਂ ਅਖੌਤੀ ਨੀਵੀਆਂ ਜਾਤਾਂ ਨਾਲ ਯਾਰੀ ਲਾਈ ਸੀ ਅਤੇ ਉਨ੍ਹਾਂ ਨੂੰ ਸਿਰਦਾਰੀਆਂ ਬਖ਼ਸ ਕੇ ਮਾਨਸਿਕ ਤੇ ਸਰੀਰਕ ਗੁਲਾਮੀ ਤੋਂ ਮੁਕਤ ਕਰਨ ਦਾ ਯਤਨ ਕੀਤਾ ਸੀ।
ਅੱਜ ਉਸ ਧਰਤੀ ਦੇ ਵਿਹੜੇ 'ਚ ਉਸ ਇਨਕਲਾਬੀ ਗੀਤ ਨੂੰ ਗਾਉਣ ਵਾਲਾ, ਸਿੱਖੀ ਦੀ ਵਾਲਹੁ ਨਿੱਕੀ, ਖੰਡਿਓ ਤਿੱਖੀ ਧਾਰ 'ਤੇ ਤੁਰਨ ਵਾਲਾ ਕੋਈ ਵਿਖਾਈ ਨਹੀਂ ਦੇ ਰਿਹਾ। ਜਿਹੜਾ ਪੰਜਾਬ 'ਗੁਰੂਆਂ ਦੇ ਨਾਮ 'ਤੇ ਜਿਊਂਦਾ ਸੀ, ਅੱਜ ਉੱਥੇ ਸਿੱਖੀ ਦੀ ਬਾਤ ਪਾਉਣੀ ਹੀ ਵਿਸਰ ਗਈ ਹੈ। ਜ਼ੁਲਮ, ਜਬਰ ਤੇ ਭ੍ਰਿਸ਼ਟਾਚਾਰ ਵਿਰੁੱਧ ਅਸੀਂ ਮੋਮਬੱਤੀਆਂ ਫੜ ਕੇ ਤੁਰਨ ਨੂੰ ਤਾਂ ਕਾਹਲੇ ਹਾਂ, ਪ੍ਰੰਤੂ ਆਪਣੇ ਉਸ ਮਹਾਨ ਇਨਕਲਾਬੀ ਵਿਰਸੇ ਦੀ ਗੱਲ, ਜਿਸ ਨੇ ਸਰਬੱਤ ਦੇ ਭਲੇ ਵਾਲਾ ਵਿਸ਼ਵ ਸਿਰਜਣਾ ਹੈ, ਉਸ ਨੂੰ ਭੁੱਲ ਵਿਸਰ ਗਏ ਹਾਂ। ਸਿੱਖੀ ਦਾ ਸੰਦੇਸ਼ ਤੇ ਉਪਦੇਸ਼ ਸਮੁੱਚੀ ਲੋਕਾਈ ਲਈ ਹੈ। ਨਿਤਾਣਿਆਂ ਨੂੰ ਤਾਣ, ਨਿਮਾਣਿਆਂ ਨੂੰ ਮਾਣ, ਨਿਓਟਿਆਂ ਨੂੰ ਓਟ ਅਤੇ ਨਿਥਾਵਿਆਂ ਨੂੰ ਥਾਵ ਦੇਣ ਦਾ ਨਾਅਰਾ, ਵਿਸ਼ਵ 'ਚ ਸਭ ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਨੇ ਹੀ ਲਾਇਆ ਸੀ। ਮਲਕ ਭਾਗੋ ਦੇ ਸਾਹਮਣੇ ਭਾਈ ਲਾਲੋ ਨੂੰ ਉੱਚਾ ਰੁਤਬਾ ਦੇ ਕੇ, ਲੁਟੇਰੀ ਜਮਾਤ ਨੂੰ ਕਿਰਤ ਉਤੇ ਮਾਣ ਕਰਨ ਦਾ ਸਬਕ ਸਿਖਾਇਆ ਸੀ। ਇਸ ਮਾਰਗ ਤੋਂ ਸਾਡੀ ਕੌਮ ਥਿੜਕ ਗਈ ਜਾਪਦੀ ਹੈ, ਜਿਸ ਕਾਰਨ ਸਿੱਖੀ ਦੇ ਵਿਹੜੇ ਵਿਚ ਨਿਰਾਸਤਾ ਤੇ ਉਦਾਸੀ ਦਾ ਪ੍ਰਛਾਵਾ ਵਿਖਾਈ ਦੇਣ ਲੱਗਾ ਹੈ। ਹਾਲ ਦੀ ਘੜੀ ਇਸ ਨੂੰ ਦੂਰ ਕਰਨ ਲਈ ਕਿਸੇ ਲਹਿਰ ਦੀ ਕਿਧਰੋਂ ਵੀ ਕੋਈ ਆਹਟ ਨਹੀਂ ਸੁਣਾਈ ਦੇ ਰਹੀ ਹੈ। ਸਿੱਖੀ ਕਿਰਦਾਰ ਤੇ ਸਿੱਖ ਵਿਰਾਸਤ ਨੂੰ ਅਸੀਂ ਭੁੱਲ ਵਿਸਰ ਕਿਉਂ ਰਹੇ ਹਾਂ? ਗੁਰਬਾਣੀ ਦਾ ਇਨਕਲਾਬੀ ਸੰਕਲਪ ਹੁਣ ਸਾਨੂੰ ਸਮਝ ਆਉਣਂੋ ਕਿਉਂ ਹਟ ਗਿਆ ਹੈ? ਗੁਰਬਾਣੀ, ਅਧਿਆਤਮਕ ਅਧਾਰ ਤੇ ਪਿਛੋਕੜ ਦੇ ਬਾਵਜੂਦ, ਸਮਾਜਿਕ, ਸੱਭਿਆਚਾਰ, ਰਾਜਨੀਤਕ ਤੇ ਜਾਬਰ ਹਕੂਮਤ ਵਿਰੁੱਧ ਇਕ ਜਮਾਤੀ ਸੰਘਰਸ਼ ਹੈ ਅਤੇ ਇਸ ਮਾਰਗ ਤੋਂ ਇਲਾਵਾ ਮਾਨਵਤਾ ਦੀ ਭਲਾਈ ਤੇ ਦੁਖਿਆਰਿਆਂ ਦੇ ਦੁੱਖ ਦੂਰ ਕਰਨ ਦਾ ਹੋਰ ਕੋਈ ਰਾਹ ਨਹੀਂ ਹੈ। ਫਿਰ ਵੀ ਅਸੀਂ ਇਸ ਮਾਰਗ 'ਤੇ ਚੱਲਣ ਲਈ ਜਾਣਬੁੱਝ ਕੇ ਅੰਨ੍ਹੇ ਕਿਉਂ ਬਣ ਰਹੇ ਹਾਂ? ਪਹਿਲੀ ਪਾਤਸ਼ਾਹੀ ਦੇ ਭਾਈ ਲਾਲੋ ਨੇ ਦਸਮੇਸ਼ ਪਿਤਾ ਦੇ ਸਿਰਲੱਥ ਸੂਰਮੇ ਦੇ ਰੂਪ 'ਚ  ਹੱਕ, ਸੱਚ ਤੇ ਇਨਸਾਫ਼ ਲਈ ਸ਼ਹੀਦੀਆਂ ਦਾ ਇਤਿਹਾਸ ਸਿਰਜਿਆ ਹੈ। ਸੰਸਾਰ ਦੇ ਇਤਿਹਾਸ ਵਿਚ ਅਜਿਹਾ ਸੂਰਮਾ, ਯੋਧਾ ਤੇ ਰੱਬੀ ਸ਼ਖ਼ਸੀਅਤ ਦਾ ਸੁਆਮੀ ਨਹੀਂ, ਜਿਸ ਨੇ 'ਸਰਬੰਸਦਾਨੀ' ਵਾਂਗ ਸਰਬੰਸ ਵਾਰ ਕੇ ਫਿਰ ਜਫ਼ਰਨਾਮੇ (ਜਿੱਤ ਦੀ ਚਿੱਠੀ) ਵਰਗੀ ਮਹਾਨ ਰਚਨਾ ਕੀਤੀ ਹੋਵੇ।
ਅਜੋਕੀ ਸਿੱਖ ਲੀਡਰਸ਼ਿਪ ਤਾਂ ਸੁਆਰਥੀ, ਲੋਭੀ, ਲਾਲਚੀ, ਪਾਖੰਡੀ, ਭ੍ਰਿਸ਼ਟ ਤੇ ਸਿੱਖੀ ਦੀ ਮਹਾਨ ਵਿਰਾਸਤ ਤੋਂ ਭੱਜੀ ਹੋਈ ਹੈ ਪਰ ਅੱਜ ਕੋਈ ਗੁਰੂ ਦਾ ਸਿੱਖ ਵੀ ਗੁਰੂ ਦੇ ਗਿਆਨ ਵਾਲੀ ਰੋਸ਼ਨੀ ਨਾਲ ਜਗਮਗਾਉਂਦਾ ਨਹੀਂ ਦਿਸਦਾ। ਇਸੇ ਕਾਰਨ ਅਸੀਂ ਮੰਗਵੀਂ ਰੋਸ਼ਨੀ ਲੈਣ ਲਈ ਤਰਲੋ-ਮੱਛੀ ਹੋ ਰਹੇ ਹਾਂ। ਮੰਨਿਆ ਕਿ ਸਿੱਖੀ ਦਾ ਮਾਰਗ ਔਖਾ ਹੈ, ਇਸ ਉਤੇ ਚੱਲਣ ਲਈ ਲਾਲਚ, ਹਊਮੈ ਤੇ ਤ੍ਰਿਸ਼ਨਾ ਦਾ ਤਿਆਗ ਕਰਨਾ ਪੈਂਦਾ ਹੈ, ਆਪਣਾ ਹੰਕਾਰ ਛੱਡਣਾ ਪੈਣਾ ਹੈ ਤੇ ਤਲਵਾਰ ਦੀ ਧਾਰ ਤੋਂ ਤੇਜ਼ ਧਾਰ ਉਤੇ ਤੁਰਨਾ ਪੈਂਦਾ ਹੈ, ਪ੍ਰੰਤੂ ਆਪਣੇ ਵਿਰਸੇ ਦੀ ਮਹਾਨਤਾ ਤੋਂ ਟੁੱਟ ਕੇ, ਅਸੀਂ ਕਿਹੜੀ ਪ੍ਰਾਪਤੀ ਕਰਾਂਗੇ? ਉਨ੍ਹਾਂ ਸਿੱਖਾਂ ਨੂੰ ਜਿਨ੍ਹਾਂ ਦੇ ਮਨ 'ਚ ਅੱਜ ਵੀ ਸਿੱਖੀ ਪ੍ਰਤੀ ਮਾੜਾ ਮੋਟਾ ਦਰਦ ਅਤੇ ਸਾਡੇ ਮਹਾਨ ਗੁਰੂਆਂ ਤੇ ਸ਼ਹੀਦਾਂ ਦੀਆਂ ਕੁਰਬਾਨੀਆਂ ਦੇ ਕਰਜ਼ੇ ਦਾ ਅਹਿਸਾਸ ਹੈ, ਉਨ੍ਹਾਂ ਨੂੰ ਕੁਝ ਸੋਚਣਾ ਪਵੇਗਾ ਕਿ ਗੁਰੂਆਂ ਦੀ ਵਰੋਸਾਈ ਇਸ ਧਰਤ ਉਤੇ ਸਿੱਖੀ ਸਿਧਾਤਾਂ ਅਤੇ ਵਿਰਸੇ ਨੂੰ 'ਮਨਫ਼ੀ' ਕਰਕੇ ਕੀ ਅਸੀਂ ਕੋਈ ਪ੍ਰਾਪਤੀ ਕਰ ਸਕਾਂਗੇ? ਜੇ ਜਵਾਬ ਨਹੀਂ 'ਚ ਹੈ ਤਾਂ ਪੰਜਾਬ 'ਚੋਂ ਗੁਰੂ ਸਾਹਿਬਾਨ ਦੀ ਇਨਕਲਾਬੀ ਸੋਚ ਦਾ ਹੋਕਾ ਮੁੜ ਤੋਂ ਗੂੰਜਣਾ ਚਾਹੀਦਾ ਹੈ, ਜਿਹੜਾ ਇਸ ਦੇਸ਼ ਦੇ ਹੱਦਾਂ-ਬੰਨੇ ਨੂੰ ਟੱਪ ਕੇ ਪੂਰੇ ਵਿਸ਼ਵ 'ਚ ਗੂੰਜੇ। ਜਗਤ ਬਾਬਾ ਗੁਰੂ ਨਾਨਕ ਸਾਹਿਬ ਵੱਲੋਂ ਬਖਸ਼ੇ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਨੂੰ ਸਮੁੱਚੀ ਮਾਨਵਤਾ ਤੇ ਵਿਸ਼ਵ ਸਮਾਜ ਦੇ ਕਲਿਆਣ ਲਈ ਅਪਨਾਉਣ ਦੀ ਤਤਪਰਤਾ ਹੀ ਸਿੱਖ ਸਮਾਜ ਦੀ ਮੌਜੂਦਾ ਅਧੋਗਤੀ ਵਾਲੀ ਹਾਲਤ ਵਿਚੋਂ ਨਿਕਲਣ ਦਾ ਵਸੀਲਾ ਬਣ ਸਕਦੀ ਹੈ।