ਅਮਰੀਕਾ ਵਿੱਚ ਸਿੱਖ ਪੁਲਿਸ ਅਫਸਰ ਦੀ ਡਿਊਟੀ ਦੌਰਾਨ ਗੋਲੀ ਵੱਜਣ ਨਾਲ ਮੌਤ

ਅਮਰੀਕਾ ਵਿੱਚ ਸਿੱਖ ਪੁਲਿਸ ਅਫਸਰ ਦੀ ਡਿਊਟੀ ਦੌਰਾਨ ਗੋਲੀ ਵੱਜਣ ਨਾਲ ਮੌਤ
ਸੰਦੀਪ ਸਿੰਘ ਧਾਲੀਵਾਲ ਦੀ ਇੱਕ ਪੁਰਾਣੀ ਤਸਵੀਰ

ਹਿਊਸਟਨ: ਅਮਰੀਕਾ ਤੋਂ ਸਿੱਖ ਭਾਈਚਾਰੇ ਲਈ ਇੱਕ ਦੁੱਖ ਦੀ ਖਬਰ ਆਈ ਹੈ। ਅਮਰੀਕਾ ਦੇ ਸੂਬੇ ਟੈਕਸਸ ਦੇ ਹਿਊਸਟਨ ਸ਼ਹਿਰ ਵਿੱਚ ਤੈਨਾਤ ਦਸਤਾਰਧਾਰੀ ਪੁਲਿਸ ਅਫਸਰ ਸੰਦੀਪ ਸਿੰਘ ਧਾਲੀਵਾਲ ਨੂੰ ਅੱਜ ਡਿਊਟੀ ਸਮੇਂ ਇੱਕ ਬੰਦੂਕਧਾਰੀ ਵੱਲੋਂ ਗੋਲੀ ਮਾਰ ਦਿੱਤੀ ਗਈ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੰਦੀਪ ਸਿੰਘ ਧਾਲੀਵਾਲ ਟ੍ਰੈਫਿਕ ਸਟੋਪ 'ਤੇ ਡਿਊਟੀ ਕਰ ਰਹੇ ਸਨ। 

ਇਸ ਘਟਨਾ ਸਬੰਧੀ ਦਸਦਿਆਂ ਹੈਰਿਸ ਕਾਉਂਟੀ ਦੇ ਸ਼ੈਰਿਫ ਐਡ ਗੋਨਜ਼ਾਲੇਜ਼ ਨੇ ਕਿਹਾ, "ਮੈਨੂੰ ਇਹ ਦਸਦਿਆਂ ਬਹੁਤ ਦੁੱਖ ਹੋ ਰਿਹਾ ਹੈ ਕਿ ਅਸੀਂ ਆਪਣੇ ਇੱਕ ਸਾਥੀ ਨੂੰ ਗੁਆ ਲਿਆ ਹੈ। ਸਾਡੇ ਕੋਲ ਆਪਣਾ ਦੁੱਖ ਪ੍ਰਗਟ ਕਰਨ ਲਈ ਸ਼ਬਦ ਨਹੀਂ ਹਨ।"

ਸੰਦੀਪ ਸਿੰਘ ਧਾਲੀਵਾਲ ਹੈਰਿਸ ਕਾਊਂਟੀ ਦੇ ਪੁਲਿਸ ਵਿਭਾਗ ਦੇ ਅਫਸਰ ਬਣਨ ਵਾਲੇ ਪਹਿਲੇ ਸਿੱਖ ਸਨ। ਸੰਦੀਪ ਸਿੰਘ ਧਾਲੀਵਾਲ ਦੀ ਮੌਤ ਤੋਂ ਬਾਅਦ ਸਿੱਖ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। 

ਸੰਦੀਪ ਸਿੰਘ ਧਾਲੀਵਾਲ ਦੇ ਡੈਸ਼ ਕੈਮਰੇ ਤੋਂ ਸਾਹਮਣੇ ਆਈ ਘਟਨਾ ਦੀ ਵੀਡੀਓ ਮੁਤਾਬਿਕ ਉਹ ਡਰਾਈਵਰ ਨਾਲ ਗੱਲ ਕਰ ਰਹੇ ਸਨ ਤੇ ਇਹ ਗੱਲਬਾਤ ਆਮ ਗੱਲਬਾਤ ਲੱਗ ਰਹੀ ਸੀ ਜਿਸ ਦੌਰਾਨ ਡਰਾਈਵਰ ਦੀ ਤਾਕੀ ਤੱਕ ਇਕ ਸਮੇਂ ਲਈ ਖੁੱਲ੍ਹੀ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਨੇ ਡਰਾਈਵਰ ਦੀ ਤਾਕੀ ਬੰਦ ਕੀਤੀ। ਜਦੋਂ ਸੰਦੀਪ ਸਿੰਘ ਧਾਲੀਵਾਲ ਤਾਕੀ ਬੰਦ ਕਰਕੇ ਵਾਪਸ ਮੁੜੇ ਤਾਂ ਡਰਾਈਵਰ ਹੱਥ ਵਿੱਚ ਗੱਨ ਫੜ੍ਹ ਕੇ ਭੱਜਦਾ ਨਜ਼ਰ ਆਇਆ। ਡੈਸ਼ ਕੈਮਰੇ ਵਿੱਚ ਰਿਕਾਰਡ ਹੋਇਆ ਕਿ ਉਸਨੇ ਸੰਦੀਪ ਸਿੰਘ ਧਾਲੀਵਾਲ ਦੇ ਪਿੱਠ ਪਿੱਛੋਂ ਗੋਲੀ ਮਾਰੀ ਤੇ ਇਹ ਗੋਲੀ ਧਾਲੀਵਾਲ ਦੇ ਸਿਰ ਦੇ ਪਿਛਲੇ ਪਾਸੇ ਵੱਜੀ। 

ਗੋਲੀ ਮਾਰ ਕੇ ਦੋਸ਼ੀ ਨੇ ਆਪਣੀ ਗੱਡੀ ਮੌਕੇ ਤੋਂ ਭਜਾ ਲਈ। ਇਸ ਦੌਰਾਨ ਨੇੜਲੇ ਘਰ ਦਾ ਇੱਕ ਵਸ਼ਿੰਦਾ ਗੋਲੀਆਂ ਦੀ ਅਵਾਜ਼ ਸੁਣ ਕੇ ਆਇਆ ਤੇ ਉਸਨੇ ਸੰਦੀਪ ਸਿੰਘ ਧਾਲੀਵਾਲ ਨੂੰ ਸਾਂਭਣ ਦੀ ਕੋਸ਼ਿਸ਼ ਕੀਤੀ। 

ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਸ ਹਮਲਾਵਰ ਨੂੰ ਫੜ੍ਹ ਲਿਆ ਗਿਆ ਹੈ। ਇਸ ਹਮਲੇ ਮੌਕੇ ਇਸ ਹਮਲਾਵਰ ਨਾਲ ਇੱਕ ਔਰਤ ਵੀ ਗੱਡੀ ਵਿੱਚ ਮੋਜੂਦ ਸੀ, ਉਸਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਹਨਾਂ ਦੋਵਾਂ ਦੀ ਪਛਾਣ ਫਿਲਹਾਲ ਜਨਤਕ ਨਹੀਂ ਕੀਤੀ ਗਈ ਹੈ।

ਹੈਰਿਸ ਕਾਉਂਟੀ ਦੇ ਕਮਿਸ਼ਨਰ ਐਡਰਿਅਨ ਗਾਰਸੀਆ ਨੇ ਸੰਦੀਪ ਸਿੰਘ ਧਾਲੀਵਾਲ ਦੀ ਮੌਤ 'ਤੇ ਦੁੱਖ ਦੀ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਮੇਰੇ ਲਈ ਭਰਾ ਵਾਂਗ ਸੀ। 

ਸੰਦੀਪ ਸਿੰਘ ਧਾਲੀਵਾਲ ਨੂੰ ਇਸ ਵਿਭਾਗ ਵਿਚ ਡਿਊਟੀ ਕਰਦਿਆਂ 10 ਸਾਲ ਹੋ ਗਏ ਸਨ ਤੇ ਉਹਨਾਂ ਦੀ ਮੌਤ ਪਿੱਛੋਂ ਉਹਨਾਂ ਦੀ ਪਤਨੀ ਅਤੇ ਬੱਚਾ ਰਹਿ ਗਿਆ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।