ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਮੁੱਖ ਗਵਾਹ ਸੇਵਕ ਸਿੰਘ ਦੀ ਗਵਾਹੀ ਪੂਰੀ ਹੋਈ

ਡੇਰਾ ਪ੍ਰੇਮੀਆਂ ਵੱਲੋਂ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਮੁੱਖ ਗਵਾਹ ਸੇਵਕ ਸਿੰਘ ਦੀ ਗਵਾਹੀ ਪੂਰੀ ਹੋਈ
ਮੁੱਖ ਗਵਾਹ ਸੇਵਕ ਸਿੰਘ

ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਮੱਲ ਕੇ ਵਿੱਚ ਚਾਰ ਸਾਲ ਪਹਿਲਾਂ ਹੋਈ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ 'ਚ ਮੁੱਖ ਗਵਾਹ ਸੇਵਕ ਸਿੰਘ ਫੌਜੀ ਦੀ ਗਵਾਹੀ ਅਦਾਲਤ ਵਿੱਚ ਮੁਕੰਮਲ ਹੋ ਗਈ ਹੈ। ਬੀਤੇ ਕੱਲ੍ਹ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਗਵਾਹ ਸੇਵਕ ਸਿੰਘ ਅਦਾਲਤ ਵਿੱਚ ਪੇਸ਼ ਹੋਇਆ। 

ਦੱਸ ਦਈਏ ਕਿ ਇਸ ਮਾਮਲੇ ਵਿੱਚ ਪੁਲਿਸ ਨੇ ਡੇਰਾ ਸਿਰਸਾ ਦੇ 5 ਪ੍ਰੇਮੀਆਂ ਨੂੰ ਗ੍ਰਿਫਤਾਰ ਕੀਤਾ ਸੀ। ਡੇਰਾ ਸਿਰਸਾ ਪ੍ਰੇਮੀਆਂ ਪ੍ਰਿਥੀ ਬਾਘਾਪੁਰਾਣਾ, ਮਿੱਠੂ ਮਾਨ ਅਤੇ ਅਮਰਦੀਪ ਪਿੰਡ ਮੱਲ ਕੇ, ਸਤਪਾਲ ਅਤੇ ਦਵਿੰਦਰ ਸਿੰਘ ਨੂੰ ਬੇਅਦਬੀ ਦੇ ਦੋਸ਼ੀ ਵਜੋਂ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਗਿਆ ਸੀ ਜੋ ਹੁਣ ਜ਼ਮਾਨਤ 'ਤੇ ਬਾਹਰ ਹਨ। 

ਡੇਰਾ ਪ੍ਰੇਮੀਆਂ ਦੀ ਪੇਸ਼ੀ ਅਤੇ ਮੁੱਖ ਗਵਾਹ ਦੀ ਗਵਾਹੀ ਦੇ ਮੱਦੇਨਜ਼ਰ ਪੁਲਿਸ ਨੇ ਅਦਾਲਤ ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਦੋਵਾਂ ਧਿਰਾਂ ਦੇ ਵਕੀਲਾਂ ਨੇ ਉਸ ਤੋਂ ਘਟਨਾ ਸਬੰਧੀ ਸਵਾਲ-ਜਵਾਬ ਕੀਤੇ। ਇਸ ਮੌਕੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਇੰਸਪੈਕਟਰ ਇਕਬਾਲ ਹੁਸੈਨ ਨੇ ਵੀ ਗਵਾਹੀ ਦਿੱਤੀ। ਘਟਨਾ ਨਾਲ ਸਬੰਧਿਤ ਦੋ ਗਵਾਹ ਗੁਰਦੀਪ ਸਿੰਘ ਤੇ ਗੁਰਮੀਤ ਸਿੰਘ ਵੀ ਹਾਜ਼ਰ ਸਨ ਅਤੇ ਅਦਾਲਤ ਨੇ ਉਨ੍ਹਾਂ ਨੂੰ ਇਸ ਪੇਸ਼ੀ ਲਈ ਬਤੌਰ ਗਵਾਹ ਪਾਬੰਦ ਕੀਤਾ ਹੋਇਆ ਸੀ। ਸਰਕਾਰੀ ਪੱਖ ਨੇ ਉਨ੍ਹਾਂ ਦੀ ਗਵਾਹੀ ਨਹੀਂ ਕਰਵਾਈ, ਹੁਣ ਲੋੜ ਪੈਣ ਉੱਤੇ ਹੀ ਉਨ੍ਹਾਂ ਦੀ ਗਵਾਹੀ ਹੋਵੇਗੀ। 

ਡੇਰਾ ਪ੍ਰੇਮੀਆਂ ਨੇ ਗਵਾਹਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ
ਮਾਮਲੇ ਵਿੱਚ ਦੋਸ਼ੀ ਡੇਰਾ ਪ੍ਰੇਮੀਆਂ ਵੱਲੋਂ ਇਸ ਮਾਮਲੇ ਦੇ ਮੁੱਖ ਗਵਾਹ ਨੂੰ ਡਰਾੳੇਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੇਵਕ ਸਿੰਘ ਨੇ ਦੋਸ਼ ਲਾਇਆ ਸੀ ਕਿ ਦੋਸ਼ੀਆਂ ਦੇ ਪਰਿਵਾਰ ਵੱਲੋਂ ਉਸਨੂੰ 2 ਲੱਖ ਰੁਪਏ ਦਾ ਚੈੱਕ ਦਿੱਤਾ ਗਿਆ ਸੀ ਤੇ ਹੋਰ 2 ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਗਿਆ ਸੀ। ਇਸ ਸ਼ਿਕਾਇਤ ਦੇ ਅਧਾਰ 'ਤੇ ਡੇਰਾ ਪ੍ਰਮੀ ਅਮਰਦੀਪ, ਉਸਦੇ ਪਿਤਾ ਸੁਖਮਦਾਰ, ਦੋਸ਼ੀ ਮਿੱਠੂ ਉਸਦੇ ਭਰਾ ਗੁਰਮੇਲ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।