ਸਿੱਖ ਫੁੱਟਬਾਲ ਕੱਪ: ਗੁਰਦਾਸਪੁਰ ਖਾਲਸਾ ਅਤੇ ਜਲੰਧਰ ਖਾਲਸਾ ਵਿਚਕਾਰ 8 ਨੂੰ ਖਿਤਾਬੀ ਮੁਕਾਬਲਾ

ਸਿੱਖ ਫੁੱਟਬਾਲ ਕੱਪ: ਗੁਰਦਾਸਪੁਰ ਖਾਲਸਾ ਅਤੇ ਜਲੰਧਰ ਖਾਲਸਾ ਵਿਚਕਾਰ 8 ਨੂੰ ਖਿਤਾਬੀ ਮੁਕਾਬਲਾ

ਚੰਡੀਗੜ੍ਹ: ਖਾਲਸਾ ਫੁੱਟਬਾਲ ਕਲੱਬ (ਖਾਲਸਾ ਐੱਫਸੀ) ਵੱਲੋਂ ਗਲੋਬਲ ਸਿੱਖ ਸਪੋਰਟਸ ਫੈਡਰੇਸ਼ਨ ਦੇ ਸਹਿਯੋਗ ਨਾਲ ਪੰਜਾਬ ਭਰ ਵਿੱਚ ਸਾਬਤ-ਸੂਰਤ ਟੀਮਾਂ ਦੇ ਕਰਵਾਏ ਜਾ ਰਹੇ ਸਿੱਖ ਫੁੱਟਬਾਲ ਕੱਪ ਦੇ ਸੈਮੀ ਫਾਈਨਲ ਮੈਚ ਅੱਜ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿੱਚ ਹੋਏ। ਖਾਲਸਾ ਐੱਫ.ਸੀ. ਗੁਰਦਾਸਪੁਰ ਤੇ ਖਾਲਸਾ ਐੱਫ.ਸੀ. ਜਲੰਧਰ ਦੀਆਂ ਟੀਮਾਂ ਆਪੋ-ਆਪਣੇ ਮੈਚ ਜਿੱਤ ਕੇ ਫਾਈਨਲ ਵਿੱਚ ਪਹੁੰਚ ਗਈਆਂ ਹਨ। ਖਿਤਾਬੀ ਮੁਕਾਬਲਾ ਸੈਕਟਰ 42, ਚੰਡੀਗੜ੍ਹ ਦੇ ਸਟੇਡੀਅਮ ਵਿੱਚ 8 ਫਰਵਰੀ ਨੂੰ ਸਵੇਰੇ 11 ਵਜੇ ਖੇਡਿਆ ਜਾਵੇਗਾ।

ਪਹਿਲੇ ਸੈਮੀ ਫਾਈਨਲ ਮੈਚ ਵਿੱਚ ਖਾਲਸਾ ਐੱਫ.ਸੀ. ਗੁਰਦਾਸਪੁਰ ਦੀ ਟੀਮ ਨੇ ਖਾਲਸਾ ਐੱਫ.ਸੀ. ਬਰਨਾਲਾ ਦੀ ਟੀਮ ਨੂੰ 2-0 ਅੰਕ ਨਾਲ ਹਰਾ ਦਿੱਤਾ। ਦੂਜੇ ਫਸਵੇਂ ਮੈਚ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਅਤੇ ਖਾਲਸਾ ਐੱਫ.ਸੀ. ਰੂਪਨਗਰ ਦੀਆਂ ਟੀਮਾਂ ਦੋ ਵਾਰ ਦਿੱਤੇ ਵਾਧੂ ਸਮੇਂ ਵਿੱਚ ਵੀ ਗੋਲ ਰਹਿਤ ਰਹੀਆਂ। ਪਿੱਛੋਂ ਪੈਨਲਟੀ ਸ਼ੂਟ ਦੌਰਾਨ ਖਾਲਸਾ ਐੱਫ.ਸੀ. ਜਲੰਧਰ ਨੇ ਰੂਪਨਗਰ ਨੂੰ 4-3 ਅੰਕਾਂ ਨਾਲ ਪਛਾੜ ਦਿੱਤਾ।

ਖਾਲਸਾ ਐੱਫਸੀ ਦੇ ਸਕੱਤਰ ਜਨਰਲ ਡਾ. ਪ੍ਰੀਤਮ ਸਿੰਘ ਡਾਇਰੈਕਟਰ ਖੇਡਾਂ ਨੇ ਦੱਸਿਆ ਕਿ ਮੈਚਾਂ ਦਾ ਉਦਘਾਟਨ ਬਾਬਾ ਸਤਪਾਲ ਸਿੰਘ ਕਾਹਰੀ ਸਾਹਰੀ ਵਾਲਿ਼ਆਂ ਤੇ ਬਾਬਾ ਦਿਲਾਵਰ ਸਿੰਘ (ਬ੍ਰਹਮਜੀ) ਨੇ ਕੀਤਾ। ਇਸ ਮੌਕੇ ਵਾਈਸ-ਚਾਂਸਲਰ ਡਾ.ਜਤਿੰਦਰ ਸਿੰਘ ਬੱਲ, ਖਾਲਸਾ ਐੱਫ.ਸੀ. ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ਼ ਅਤੇ ਅਮਰੀਕਨ ਸਿੱਖ ਕੌਂਸਲ ਦੇ ਪ੍ਰਧਾਨ ਕਿਰਪਾਲ ਸਿੰਘ ਨਿੱਜਰ ਵੀ ਮੌਜੂਦ ਸਨ। ਟੂਰਨਾਮੈਂਟ ਦੀ ਅਰੰਭਤਾ ਤੋਂ ਪਹਿਲਾਂ ਪੰਜ ਮੂਲ-ਮੰਤਰ ਦੇ ਪਾਠਾਂ ਦਾ ਜਾਪ ਹੋਇਆ ਤੇ ਚੜਦੀਕਲਾ ਲਈ ਅਰਦਾਸ ਕੀਤੀ ਗਈ। 
ਗੱਤਕਈ ਸਿੰਘਾਂ ਨੇ ਸਿੱਖ ਜੰਗਜੂ ਕਲਾ ਦੇ ਜੌਹਰ ਦਿਖਾਏ। ਸ੍ਰੀ ਗਰੇਵਾਲ਼ ਨੇ ਦੱਸਿਆ ਕਿ ਫੁੱਟਬਾਲ ਕੱਪ ਦੌਰਾਨ ਪੰਜਾਬ ਦੇ 22 ਜ਼ਿਲ੍ਹਿਆਂ ਸਮੇਤ ਚੰਡੀਗੜ੍ਹ ਦੀ ਟੀਮ ਫੀਫਾ ਦੇ ਨਿਯਮਾਂ ਅਨੁਸਾਰ ਨਾਕਆਊਟ ਆਧਾਰ ਉੱਤੇ ਮੈਚ ਖੇਡੀ ਰਹੀਆਂ ਹਨ। 

ਇਸ ਟੂਰਨਾਮੈਂਟ ਮੌਕੇ ਹਰਦਮਨ ਸਿੰਘ ਸੈਕਟਰੀ, ਸਾਧੂ ਸਿੰਘ ਨਿੱਝਰ, ਮਾਨਪ੍ਰੀਤ ਸਿੰਘ ਘੜਿਆਲ, ਪ੍ਰੋ. ਪਰਮਪ੍ਰੀਤ ਸਿੰਘ ਸਕੱਤਰ ਖਾਲਸਾ ਫੁਟਬਾਲ ਕਲੱਬ, ਪ੍ਰਿੰਸੀਪਲ ਰਣਜੀਤ ਸਿੰਘ, ਜੀਤ ਸਿੰਘ ਇਟਲੀ, ਸੇਵਾ ਮੁਕਤ ਪ੍ਰਿੰਸੀਪਲ ਜਗਮੋਹਨ ਸਿੰਘ, ਪ੍ਰੋ. ਅਮਰਜੀਤ ਸਿੰਘ, ਸਰਬਜੀਤ ਸਿੰਘ, ਡਾ. ਆਰ.ਐੱਸ. ਪਠਾਨੀਆ, ਡਾ. ਮਾਹੀ, ਤਮੰਨਾ ਕਿਰਨ, ਮਨਜੀਤ ਕੌਰ, ਪਰਨਾਮ ਸਿੰਘ, ਪ੍ਰਭਜੋਤ ਸਿੰਘ, ਵਿਜੇ ਕੁਮਾਰ, ਗੱਤਕਾ ਕੋਚ ਸੱਚਨਾਮ ਸਿੰਘ ਤੇ ਵਿਜੇ ਪਰਤਾਪ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।