ਬਰਤਾਨੀਆ ਵਿਚ ਸੇਵਾਵਾਂ ਕਰਦੇ ਸਿੱਖ ਡਾਕਟਰਾਂ ਲਈ ਧਾਰਮਿਕ ਪਛਾਣ ਕਾਇਮ ਰੱਖਣ ਦੀ ਚੁਣੌਤੀ

ਬਰਤਾਨੀਆ ਵਿਚ ਸੇਵਾਵਾਂ ਕਰਦੇ ਸਿੱਖ ਡਾਕਟਰਾਂ ਲਈ ਧਾਰਮਿਕ ਪਛਾਣ ਕਾਇਮ ਰੱਖਣ ਦੀ ਚੁਣੌਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਲੋਕਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਦੇ ਅਧਾਰ 'ਤੇ ਚੀਜ਼ਾਂ ਦੀ ਘਾੜਤ ਘੜੀ ਜਾਂਦਾ ਹੈ। ਹਰ ਦੇਸ਼ ਕਿਸੇ ਨਾ ਕਿਸੇ ਕੌਮੀ ਵਿਚਾਰ ਦੀ ਨੀਂਹ 'ਤੇ ਖੜ੍ਹਾ ਹੈ। ਹਰ ਦੇਸ਼ ਵਿਚ ਸਭ ਤੋਂ ਵੱਧ ਖਿਆਲ ਆਪਣੀ ਮੂਲ ਕੌਮੀ ਪਛਾਣ ਜਾਂ ਉਸ ਦੇਸ਼ ਵਿਚ ਸਥਾਨਕ ਰਾਜਨੀਤਕ ਪ੍ਰਭਾਵ ਵਾਲੀਆਂ ਕੌਮਾਂ ਪਛਾਣਾਂ ਦਾ ਰੱਖਿਆ ਜਾਂਦਾ ਹੈ। ਹਰ ਦੇਸ਼ ਆਪਣੀ ਮੂਲ ਕੌਮ ਦੀ ਪਛਾਣ ਦੀ ਰੱਖਿਆ ਹੋਰ ਦੇਸ਼ਾਂ ਨਾਲ ਕੂਟਨੀਤਕ ਸਬੰਧਾਂ ਦੌਰਾਨ ਵੀ ਮੋਹਰਲੀ ਕਤਾਰ 'ਚ ਰੱਖਦਾ ਹੈ। ਸਿੱਖਾਂ ਦਾ ਮੂਲ ਪੰਜਾਬ ਵਿਚ ਹੈ, ਜੋ ਭਾਰਤ ਦੇ ਅਧੀਨ ਹੈ। 19ਵੀਂ ਸਦੀ ਤੋਂ ਬਾਅਦ ਬਣੇ ਅਤੇ ਅੱਜ ਤਕ ਸਥਾਪਤ ਵਿਸ਼ਵ ਰਾਜਨੀਤਕ ਪ੍ਰਬੰਧ ਵਿਚ ਆਪਣਾ ਕੋਈ ਕੌਮੀ ਦੇਸ਼ ਨਾ ਹੋਣ ਕਾਰਨ ਸਿੱਖਾਂ ਨੂੰ ਆਪਣੀ ਰਾਜਨੀਤਕ ਪਛਾਣ ਦੇ ਮਾਨ-ਸਨਮਾਨ ਲਈ ਲਗਾਤਾਰ ਸੰਘਰਸ਼ ਕਰਨਾ ਪੈਂਦਾ ਹੈ। ਇਹ ਸਿੱਖਾਂ ਦਾ ਆਪਣੀ ਪਛਾਣ ਵਿਚ ਧਾਰਮਿਕ ਨਿਸ਼ਚਾ ਹੀ ਹੈ ਜੋ ਉਹਨਾਂ ਲੱਖ ਮੁਸੀਬਤਾਂ ਝੱਲ ਕੇ ਅਤੇ ਕੌਮੀ ਦੇਸ਼ ਦੀ ਅਣਹੋਂਦ ਦੇ ਚਲਦਿਆਂ ਵੀ ਆਪਣੀ ਪਛਾਣ ਦੇ ਮਾਣ ਨੂੰ ਦੇਸ਼ਾਂ ਵਿਦੇਸ਼ਾਂ ਵਿਚ ਸਥਾਪਤ ਰੱਖਿਆ। ਪਰ ਇਹ ਸੰਘਰਸ਼ ਉਸੇ ਤਰ੍ਹਾਂ ਹੈ ਜਿਵੇਂ, "ਭੰਡਾ-ਭੰਡਾਰੀਆਂ ਕਿੰਨਾ ਕੁ ਭਾਰ, ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।" 

ਜਦੋਂ ਕੋਰੋਨਾਵਾਇਰਸ ਨਾਲ ਸਾਰੀ ਦੁਨੀਆ ਨਜਿੱਠ ਰਹੀ ਹੈ ਤਾਂ ਇਸ ਮਹਾਂਮਾਰੀ ਦੇ ਮਾਰੂ ਅਸਰਾਂ ਦਾ ਸਾਹਮਣਾ ਕਰ ਰਹੇ ਮੁਲਕ ਬਰਤਾਨੀਆ ਵਿਚ ਸਿਹਤ ਮਹਿਕਮੇ ਅੰਦਰ ਡਾਕਟਰਾਂ ਦੀ ਟੀਮ ਦਾ ਹਿੱਸਾ 200 ਦੇ ਕਰੀਬ ਸਾਬਤ ਸੂਰਤ ਸਿੱਖ ਡਾਕਟਰ ਵੀ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਰ ਪਿਛਲੇ ਦਿਨਾਂ ਦੌਰਾਨ ਸੇਵਾਵਾਂ ਦਿੰਦਿਆਂ ਇਹਨਾਂ ਸਿੱਖ ਡਾਕਟਰਾਂ ਨੂੰ ਨਵੀਂ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਹਸਪਤਾਲ ਪ੍ਰਬੰਧਕਾਂ ਨੇ ਸਿੱਖ ਡਾਕਟਰਾਂ ਦੀ ਧਾਰਮਿਕ ਪਛਾਣ ਦਾ ਸਤਿਕਾਰ ਕਰਦਿਆਂ ਉਸ ਮੁਤਾਬਕ ਉਹਨਾਂ ਨੂੰ ਸਹੀ ਮਾਸਕ ਕਿੱਟਾਂ ਦੇਣ ਦੀ ਬਜਾਏ ਕਹਿ ਦਿੱਤਾ ਕਿ ਉਹ ਆਪਣੀਆਂ ਦਾਹੜੀਆਂ ਕੱਟ ਕੇ ਆਉਣ। ਸਿੱਖ ਡਾਕਟਰਾਂ ਵੱਲੋਂ ਇਸ ਦਾ ਵਿਰੋਧ ਹੋਣਾ ਸੁਭਾਵਿਕ ਸੀ। ਸਿੱਖ ਡਾਕਟਰਾਂ ਦੀ ਧਾਰਮਿਕ ਪਛਾਣ ਦੇ ਹੱਕ ਨੂੰ ਬਹਾਲ ਰੱਖਣ ਲਈ ਸਿੱਖ ਡਾਕਟਰਸ ਐਸੋਸੀਏਸ਼ਨ, ਬ੍ਰਿਟਿਸ਼ ਸਿੱਖ ਡਾਕਟਰਸ ਅਤੇ ਸਿੱਖ ਕਾਉਂਸਲ ਯੂਕੇ ਨੇ ਅਵਾਜ਼ ਚੁੱਕੀ। 

ਇਹਨਾਂ ਸੰਸਥਾਵਾਂ ਨੇ ਬਰਤਾਨੀਆ ਦੇ ਸਰਕਾਰੀ ਸਿਹਤ ਮਹਿਕਮੇ ਐਨਐਚਐਸ ਨੂੰ ਸਿੱਖ ਡਾਕਟਰਾਂ ਦੀ ਲੋੜ ਮੁਤਾਬਕ ਸਹੀ ਸੁਰੱਖਿਆ ਕਿੱਟਾਂ ਖਰੀਦਣ ਲਈ ਕਿਹਾ। ਬਰਤਾਨੀਆ ਵਿਚ ਵੱਖ ਵੱਖ ਹਸਪਤਾਲਾਂ ਅੰਦਰ ਪੰਜ ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਿੱਥੇ ਸਿੱਖ ਡਾਕਟਰਾਂ ਨੂੰ ਦਾਹੜੀਆਂ ਕੱਟਣ ਲਈ ਕਿਹਾ ਗਿਆ, ਤੇ ਅਜਿਹਾ ਨਾ ਕਰਨ 'ਤੇ ਉਹਨਾਂ ਦੀ ਡਿਊਟੀ ਤਬਦੀਲ ਕਰ ਦਿੱਤੀ ਗਈ। 

ਸਿੱਖ ਡਾਕਟਰਸ ਐਸੋਸੀਏਸ਼ਨ ਦੇ ਚੇਅਰਮੈਨ ਡਾ. ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਤਰ੍ਹਾਂ ਹੋਣ ਨਾਲ ਸਿੱਖ ਡਾਕਟਰਾਂ ਅੰਦਰ ਮਾਨਸਿਕ ਦਬਾਅ ਵਧ ਰਿਹਾ ਹੈ ਕਿਉਂਕਿ ਉਹਨਾਂ ਦੀ ਡਿਊਟੀ ਤੋਂ ਤਬਦੀਲੀ ਨਾਲ ਉਹਨਾਂ ਦੇ ਸਾਥੀ ਡਾਕਟਰਾਂ 'ਤੇ ਕੰਮ ਦਾ ਭਰ ਵਧ ਗਿਆ ਹੈ ਤੇ ਅਜਿਹੀ ਬਿਪਤਾ ਦੇ ਸਮੇਂ ਉਹਨਾਂ ਨੂੰ ਕੰਮ ਨਾ ਕਰਨ ਦੇਣਾ ਉਹਨਾਂ ਦੇ ਸਾਥੀਆਂ ਦਰਮਿਆਨ ਉਹਨਾਂ ਪ੍ਰਤੀ ਨਕਾਰਾਤਮਿਕਤਾ ਪੈਦਾ ਕਰਦਾ ਹੈ। 

ਜ਼ਿਕਰਯੋਗ ਹੈ ਕਿ ਦਾਹੜੀਆਂ ਨਾਲ ਕੰਮ ਕਰਨ ਲਈ ਡਾਕਟਰਾਂ ਨੂੰ ਖਾਸ ਤਰ੍ਹਾਂ ਦੇ ਹੁੱਡਾਂ (ਪੀਏਪੀਆਰ-ਪਾਵਰਡ ਏਅਰ ਪਿਊਰੀਫਾਇੰਗ ਰੈਸਪੀਰੇਟਰ) ਦੀ ਲੋੜ ਹੈ ਜਿਹਨਾਂ ਦੀ ਕੀਮਤ 1000 ਬਰਤਾਨਵੀ ਪਾਉਂਡ ਬਣਦੀ ਹੈ ਪਰ ਸਿਹਤ ਮਹਿਕਮਾ ਡਾਕਟਰਾਂ ਨੂੰ ਕੱਪੜੇ ਵਾਲੇ ਐਫਐਫਪੀ3 ਮਾਸਕ ਦੇ ਰਿਹਾ ਹੈ ਜਿਸਦਾ ਖਰਚ ਬਹੁਤ ਘੱਟ ਹੈ। ਪਰ ਮਹਿੰਗੀ ਸੁਰੱਖਿਆ ਕਿੱਟ ਜਿੱਥੇ ਵੱਧ ਸੁਰੱਖਿਅਤ ਹੈ ਉੱਥੇ ਇਹ ਵਾਰ-ਵਾਰ ਵਰਤਣਯੋਗ ਹੈ। 

ਬਰਤਾਨੀਆ ਵਿਚ ਹਸਪਤਾਲਾਂ ਅੰਦਰ ਕੰਮ ਕਰਦੇ ਡਾਕਟਰ ਅਤੇ ਹੋਰ ਮੁਲਾਜ਼ਮ ਵੀ ਸਹੀ ਸੁਰੱਖਿਆ ਕਿੱਟਾਂ ਨਾ ਹੋਣ ਕਾਰਨ ਵੱਡੀ ਗਿਣਤੀ 'ਚ ਕੋਰੋਨਾਵਾਇਰਸ ਨਾਲ ਪੀੜਤ ਹੋਏ ਹਨ। ਇਸ ਲਈ ਸਰਕਾਰ ਦੀ ਨਿੰਦਾ ਵੀ ਹੋ ਰਹੀ ਹੈ। ਹੁਣ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ ਕਿ ਸਿਹਤ ਮਹਿਕਮੇ ਨੇ ਇਹ ਖਾਸ ਤਰ੍ਹਾਂ ਦੇ ਹੁੱਡ ਬਣਾਉਣ ਦੇ ਆਡਰ ਜਾਰੀ ਕਰ ਦਿੱਤੇ ਹਨ। 

ਬਰਤਾਨੀਆ ਦੇ ਸਿੱਖ ਐਮਪੀ ਤਨਮਨਜੀਤ ਸਿੰਘ ਢੇਸੀ ਨੇ ਸਿੱਖ ਡਾਕਟਰਾਂ ਨਾਲ ਕੀਤੇ ਜਾ ਰਹੇ ਇਸ ਵਿਹਾਰ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਸਿੱਖ ਡਾਕਟਰ ਲੰਬੇ ਸਮੇਂ ਤੋਂ ਬਿਨ੍ਹਾਂ ਦਾਹੜੀ ਕੱਟਿਆਂ ਲੋਕਾਂ ਦੀ ਸੇਵਾ ਕਰਦੇ ਰਹੇ ਹਨ ਅਤੇ ਜਦੋਂ ਯੋਗ ਸੁਰੱਖਿਆ ਕਿੱਟ ਮੋਜੂਦ ਹੈ ਤਾਂ ਉਹ ਮੁਹੱਈਆ ਕਿਉਂ ਨਹੀਂ ਕਰਵਾਈ ਜਾ ਰਹੀ। 

Sikh doctors/nurses have proud history of serving humanity without need to shave their beard.
Suitable PPE is available, so why wasn’t it provided?

No one should be made to feel guilty & distressed, having to choose between their faith or their professionhttps://t.co/MRV8DTEBq6

— Tanmanjeet Singh Dhesi MP (@TanDhesi) May 1, 2020

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।