ਡਾ: ਕਰਾਮਾਤ ਚੀਮਾ ਨੇ ਸੰਯੁਕਤ ਰਾਸ਼ਟਰ ਵਿੱਚ ਸਿੱਖ ਕੌਮ ਦੇ ਮਨੁੱਖੀ ਹੱਕਾਂ ਦਾ ਮਸਲਾ ਚੁੱਕਿਆ

ਡਾ: ਕਰਾਮਾਤ ਚੀਮਾ ਨੇ ਸੰਯੁਕਤ ਰਾਸ਼ਟਰ ਵਿੱਚ ਸਿੱਖ ਕੌਮ ਦੇ ਮਨੁੱਖੀ ਹੱਕਾਂ ਦਾ ਮਸਲਾ ਚੁੱਕਿਆ
ਅਸੈਂਬਲੀ ਵਿੱਚ ਸ਼ਾਮਿਲ ਡਾ. ਕਰਾਮਾਤ ਚੀਮਾ

ਨਿਊਯਾਰਕ (ਬਲਵਿੰਦਰਪਾਲ ਸਿੰਘ ਖਾਲਸਾ): ਸੰਯੁਕਤ ਰਾਸ਼ਟਰ ਸੰਘ ਦੀ ਜਨਰਲ ਅਸੈਂਬਲੀ ਨੇ 1948 ਵਿਚ 10 ਦਸੰਬਰ ਵਾਲੇ ਦਿਨ ਮਨੁੱਖੀ ਹੱਕਾਂ ਬਾਰੇ ਆਲਮੀ ਐਲਾਨਨਾਮੇ ਨੂੰ ਅਪਣਾਇਆ ਸੀ। ਇਸ ਦਿਨ ਨੂੰ ਹਰ ਸਾਲ ਕੌਮਾਂਤਰੀ ਮਨੁੱਖੀ ਦਿਹਾੜੇ ਵਜੋਂ ਯਾਦ ਕੀਤਾ ਜਾਂਦਾ ਹੈ। 

ਇਸ ਵਾਰ ਵੀ ਇਸਦੀ 71ਵੀਂ ਵਰੇਗੰਢ ਨੂੰ ਇਸਦੇ ਮੁੱਖ ਦਫਤਰ ਨਿਊਯਾਰਕ ਵਿਚ ਮਨਾਇਆ ਗਿਆ। ਜਿਸ ਵਿਚ ਇਸਦੇ ਮੈਂਬਰ ਦੇਸ਼ਾਂ ਨੇ ਹਿੱਸਾ ਲਿਆ।  ਇਸਦੇ 193 ਦੇਸ਼ ਮੈਂਬਰ ਹਨ।  ਵਿਲਾਇਤ ਤੋਂ ਡਾਕਟਰ ਕਰਾਮਾਤ ਚੀਮਾ ਜੋ ਸੰਯੁਕਤ ਰਾਸ਼ਟਰ ਸੰਘ ਦੀ ਗਲੋਬਲ ਸਟੀਅਰਿੰਗ ਕਮੇਟੀ ਦੇ ਮੈਂਬਰ ਤੇ ਸੰਯੁਕਤ ਰਾਸ਼ਟਰ ਸੰਘ ਦੇ ਐਡਵਾਇਜਰ ਹਨ, ਨੇ ਮਨੁੱਖੀ ਅਧਿਕਾਰਾਂ ਬਾਰੇ ਰਿਪੋਰਟ ਪੜ੍ਹੀ। ਜਿਸ ਵਿਚ ਉਨ੍ਹਾਂ ਏਸ਼ੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਬਾਰੇ ਗੱਲਬਾਤ ਕੀਤੀ। ਜਿਸ ਵਿਚ ਬਰਮਾ-ਮਾਇਨਮਾਰ, ਭਾਰਤ ਪ੍ਰਮੁੱਖ ਹਨ। 

ਉਹਨਾਂ ਕਿਹਾ ਕਿ ਇਨ੍ਹਾਂ ਦੇਸ਼ਾਂ ਵਿਚ ਘੱਟ ਗਿਣਤੀਆਂ ਨੂੰ ਦਬਾਇਆ ਜਾਂਦਾ ਹੈ ਤੇ ਦੂਜੇ ਦਰਜੇ ਦੇ ਸ਼ਹਿਰੀ ਸਮਝਿਆ ਜਾਂਦਾ ਹੈ। ਭਾਰਤ ਦੇ ਸੰਧਰਭ ਵਿਚ ਡਾ: ਕਰਾਮਾਤ ਨੇ ਸਿੱਖ ਕੌਮ ਤੇ ਮੁਸਲਮਾਨਾ, ਦਲਿਤਾਂ ਤੇ ਇਸਾਇਆਂ ਦੀ ਗੱਲ ਕਰਦਿਆਂ ਕਿਹਾ ਕਿ ਇਨਾਂ ਦੇ ਅਧਿਕਾਰ ਬਚਾਏ ਜਾਣ ਦੀ ਲੋੜ ਹੈ। ਇਨ੍ਹਾਂ ਦੇਸ਼ਾਂ ਵਿਚ ਸਿੱਖਾਂ, ਮੁਸਲਮਾਨਾ ਤੇ ਇਸਾਇਆਂ ਉਤੇ ਨਸਲਕੁਸ਼ੀ ਦੇ ਵਰਤਾਰੇ ਵਾਪਰੇ ਹਨ, ਜਿਨਾਂ ਦੇ ਦੋਬਾਰਾ ਫਿਰ ਵਾਪਰਨ ਦਾ ਖਤਰਾ ਬਰਕਰਾਰ ਹੈ, ਜਿਸਦੀ ਰੋਕਥਾਮ ਵਾਸਤੇ ਸਖਤ ਕਦਮ ਚੁੱਕਣ ਦੀ ਲੋੜ ਹੈ। 

ਡਾਕਟਰ ਕਰਾਮਾਤ ਉਹ ਸ਼ਖਸ ਹਨ, ਜਿਨਾ ਦੋ ਸਾਲ ਪਹਿਲਾਂ ਸੰਯੁਕਤ ਰਾਸ਼ਟਰ ਸੰਘ ਦੇ ਚਾਰਟਰ ਵਿਚ ਦੂਜੇ ਧਰਮਾਂ ਦੇ ਬਰਾਬਰ ਸਿੱਖ ਧਰਮ ਵੱਲੋਂ ਗੁਰਬਾਣੀ ਦੀਆਂ ਤਿੰਨ ਤੁੱਕਾਂ ਸ਼ਾਮਲ ਕਰਵਾ ਕੇ ਸਿੱਖ ਕੌਮ ਦੀ ਵਾਹਵਾ ਖੱਟੀ ਸੀ। ਡਾਕਟਰ ਕਰਾਮਾਤ ਨੇ ਅਮਰੀਕੀ ਕਾਂਗਰਸ ਨੂੰ ਵੀ ਮਨੁੱਖੀ ਅਧਿਕਾਰਾਂ ਬਾਰੇ ਪਿਛਲੇ ਸਾਲ ਰਿਪੋਰਟ ਪੇਸ਼ ਕੀਤੀ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।