ਦੁਪਹਿਰਾ ਚੋਪਹਿਰਾ ਸਮਾਗਮ ਦੀ ਨਵੀਂ ਪਿਰਤ ਗੁਰਮਤਿ ਵਿਰੋਧੀ,ਅੰਧ-ਵਿਸ਼ਵਾਸ ਦਾ ਮੱਕੜਜਾਲ਼
ਸਤਿਗੁਰੂ ਜੀ ਦੀ ਬਾਣੀ ਦਾ ਪਾਵਨ ਉਪਦੇਸ਼ ਹੈ “ਗੁਰ ਸਾਖੀ ਕਾ ਉਜੀਆਰਾ।। ਤਾ ਮਿਟਿਆ ਸਗਲ ਅੰਧਾ੍ਰਾ।।’’
“ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ।।’’ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅਗਿਆਨਤਾ ਦੀ ਕਾਲੀ-ਬੋਲ਼ੀ ਰਾਤ ਦਾ ਖ਼ਾਤਮਾ “ਗੁਰਬਾਣੀ ਗਿਆਨ ਸੂਰਜ” ਨਾਲ ਕੀਤਾ ਹੈ। ਇਹ ਉਹ ਗਿਆਨ ਦਾ ਸੂਰਜ ਹੈ ਜਿਸ ਨੇ ਸਦਾ ਚੜ੍ਹੇ ਰਹਿਣਾ ਹੈ ਭਾਵ ਪ੍ਰਕਾਸ਼ਮਾਨ ਰਹਿਣਾ ਹੈ। ਕਿਸੇ ਵੀ ਅੰਧ ਵਿਸ਼ਵਾਸ, ਕਰਮ-ਕਾਂਡ, ਭਰਮ-ਭੇਖ ਤੇ ਗੁਰੂ-ਦੰਭ ਆਦਿ ਨੇ ਇਸ ਗਿਆਨ ਸੂਰਜ ਨੂੰ ਲੁਕਾ-ਛੁਪਾ ਨਹੀਂ ਸਕਣਾ। ਗੁਰੂ ਸਿੱਖਿਆ ਮਨੁੱਖ ਨੂੰ ਕੇਵਲ ਤੇ ਕੇਵਲ ਇੱਕੋ-ਇੱਕ ਰੱਬ ਨਾਲ ਜੋੜਦੀ ਏ।
ਐਸੇ ਸਰਬ ਕਲਾ ਸਮਰੱਥ ਰੱਬ ’ਤੇ ਪੂਰਨ ਵਿਸ਼ਵਾਸ ਰੱਖਣ, ਪਿਆਰ ਕਰਨ, ਸਮਰਪਣ ਦਾ ਲਾਸਾਨੀ ਉਪਦੇਸ਼ ਨਿਰੰਤਰ ਦ੍ਰਿੜ੍ਹ ਕਰਵਾਉਂਦੀ ਹੈ। ਮਨੁੱਖੀ ਮਨਾਂ ਵਿਚ ਅਡੰਬਰਵਾਦੀਆਂ, ਭੇਖਧਾਰੀਆਂ ਵੱਲੋਂ ਸਦੀਆਂ ਤੋਂ ਪ੍ਰਚਾਰੇ-ਫੈਲਾਏ ਹੋਏ ਹਰ ਪ੍ਰਕਾਰ ਦੇ ਅੰਧ ਵਿਸ਼ਵਾਸ, ਕਰਮ-ਕਾਂਡਾਂ ਨੂੰ ਹਮੇਸ਼ਾ-ਹਮੇਸ਼ਾ ਲਈ ਗੁਰਬਾਣੀ ਗੁਰ ਉਪਦੇਸ਼ ਨਾਲ ਦੂਰ ਕਰਨ ਦਾ ਪਰਉਪਕਾਰ ਕਰਦੀ ਰਹੀ ਹੈ।
ਅਸੀਂ ਦੇਖਦੇ ਹਾਂ ਕਿ ਅੰਧ-ਵਿਸ਼ਵਾਸ ਕਰਮ-ਕਾਂਡਾਂ ਦੇ ਧਾਰਨੀ ਅਡੰਬਰ ਵਾਦੀਆਂ ਨੇ ਸਮੇਂ-ਸਮੇਂ ਗੁਰੂ ਨੂੰ ਪਿਆਰ ਕਰਨ ਵਾਲੀ ਸਿੱਖ ਸੰਗਤ ਦੇ ਮਨਾਂ ਵਿਚ ਭਰਮ-ਭੁਲੇਖੇ ਪਾਉਣ ਲਈ ਕਈ ਪ੍ਰਕਾਰ ਦੇ ਯਤਨ ਕੀਤੇ ਹਨ ਤੇ ਲਗਾਤਾਰ ਕਰ ਵੀ ਰਹੇ ਹਨ।
ਗੁਰਮਤਿ ਵਿਚ ਭੇਖ ਭਰਮ ਤੇ ਸਮੇਂ ਆਦਿ ਦਾ ਕੋਈ ਵੀ ਭਰਮ-ਭੁਲੇਖਾ ਨਹੀਂ ਹੈ। ਗੁਰੂ ਬਚਨ ਹਨ “ ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ।।’’ ਸਤਿਗੁਰੂ ਜੀ ਦਾ ਜੀਵਨ ਇਤਿਹਾਸ ਪੜ੍ਹੀਏ, ਵਿਚਾਰੀਏ ਤਾਂ ਗੁਰੂ ਵੱਲੋਂ ਅੰਧ-ਵਿਸ਼ਵਾਸ ਦੇ ਖ਼ਾਤਮੇ ਦਾ ਵਾਰ-ਵਾਰ ਜ਼ਿਕਰ ਮਿਲਦਾ ਹੈ। ਪਹਿਲੀ ਪਾਤਸ਼ਾਹੀ ਤੋਂ ਦਸਵੀਂ ਪਾਤਸ਼ਾਹੀ ਨੇ ਪੂਰੇ ਸੰਸਾਰ ਦੇ ਮਨੁੱਖਾਂ ਨੂੰ ਰੱਬੀ ਵਿਸ਼ਵਾਸ, ਪ੍ਰਭੂ ਪਿਆਰ, ਮਨੁੱਖੀ ਬਰਾਬਰਤਾ ਦਾ ਉਪਦੇਸ਼ ਦਿ੍ੜ੍ਹ ਕਰਵਾ ਕੇ “ਕੁਦਰਤਿ ਕੇ ਸਭ ਬੰਦੇ” ਵਾਲੀ ਅਗੰਮੀ ਸਮਝ ਭਰੀ।
ਸਚਿਆਰ ਹੋਣ ਤੇ ਕੂੜ ਦੀ ਕੰਧ ਤੋੜਨ ਦੀ ਜੁਗਤਿ ਨੂੰ ਸਮਝਾਇਆ। “ਜਬ ਲਗ ਖ਼ਾਲਸਾ ਰਹੇ ਨਿਆਰਾ।। ਤਬ ਲਗ ਤੇਜ ਦੀਓ ਮੈ ਸਾਰਾ।। ਜਬ ਇਹ ਗਹੈ ਬਿਪਰਨ ਕੀ ਰੀਤ।।ਮੈ ਨ ਕਰੋਂ ਇਨ ਕੀ ਪ੍ਰਤੀਤ।। ਦਾ ਉਪਦੇਸ਼ ਵੀ ਰੂਪਮਾਨ ਹੈ।
ਸਿੱਖੀ ਕੇਵਲ ਗੁਰਬਾਣੀ ਸਿਧਾਂਤ ਦੀ ਪਾਲਕ-ਸੰਭਾਲਕ ਹੈ ਤੇ ਇਸ ਦੇ ਅਮਲ ਦੀ ਧਾਰਨੀ ਹੈ। ਇਸ ਵਿਚ ਨਾ ਸ਼ਖ਼ਸੀ (ਵਿਅਕਤੀ ਦਾ) ਪ੍ਰਭਾਵ ਹੈ, ਨਾ ਪੂਜਾ ਹੈ। ਨਾ ਡੇਰਾ, ਨਾ ਡੇਰੇਦਾਰ ਦੀ ਗੁੰਜਾਇਸ਼ ਹੈ। ਨਾ ਸੰਪਰਦਾ ਦੀ ਕੋਈ ਥਾਂ ਹੈ। ਗੁਰੂ ਜੀ ਨੇ ਖ਼ਾਲਸਾ ਪੰਥ ਤਿਆਰ ਕੀਤਾ ਹੈ। ਉਸ ਨੂੰ ਹੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਹੈ। ਸੰਸਾਰ ਦਾ ਸਭ ਤੋਂ ਨਿਰਮਲ ਨਿਆਰਾ ਪੰਥ ਹੈ “ਖ਼ਾਲਸਾ ਪੰਥ”। ਜਾਤੀ ਲੋਭ-ਲਾਲਚ ਕਰਕੇ ਲੰਮੇ ਸਮੇਂ ਤੋਂ ਖਾਲਸਾ ਜੀਵਨ ਜੁਗਤਿ ਦੀ ਨਿਰਮਲਤਾ ਨੂੰ ਖ਼ਤਮ ਕਰਨ ਦੀਆਂ ਪਾਖੰਡਵਾਦੀਆਂ ਤੇ ਕਰਮ-ਕਾਂਡੀਆਂ ਵੱਲੋਂ ਕਰਮ-ਕਿਰਿਆਵਾਂ ਹੁੰਦੀਆਂ ਹਨ।
ਸੁਚੇਤ ਖ਼ਾਲਸਾ ਪੰਥ ਇਨ੍ਹਾਂ ਸਭ ਢਾਹ ਲਾਊ ਕੰਮਾਂ, ਯਤਨਾਂ ਨੂੰ ਤਬਾਹ ਕਰਦਾ ਆਇਆ ਹੈ। ‘ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ।।’ ਦੇ ਵਾਰਸ ਸਿੱਖ ਕਹਾਉਣ ਵਾਲਿਆਂ ਨੂੰ ਸਿੱਖੀ ਭੇਖ ਵਾਲੇ ਹੀ ਸਭ ਤੋਂ ਵੱਧ ਢਾਹ ਲਾਉਣ ਦਾ ਅਪਰਾਧ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਅਡੰਬਰਵਾਦੀਆਂ ਲਈ ਪੰਥ ਪ੍ਰਮਾਣਿਤ ਸਿੱਖ ਰਹਿਤ-ਮਰਿਆਦਾ ਦੀ ਕੋਈ ਅਹਿਮੀਅਤ ਨਹੀਂ। ਇਹ ਅਣਮੱਤੀਆਂ, ਮਨਮੱਤੀਆਂ ਦੀ ਪੈਰਵੀ ਕਰਦੇ ਹਨ। ਜਾਤੀ ਮਾਣ-ਸਨਮਾਨ ਖ਼ਾਤਰ ਅਡੰਬਰਵਾਦੀ ਅੱਖਾਂ ਬੰਦ ਕਰ ਕੇ ਪ੍ਰਚਾਰ-ਪ੍ਰਸਾਰ ਕਰਨ ਲਈ ਸਾਰੇ ਸਾਧਨ ਝੋਕ ਦੇਂਦੇ ਹਨ।
ਪਿਛਲੇ ਕੁਝ ਸਮੇਂ ਤੋਂ ਦੁਪਹਿਰਾ ਚੋਪਹਿਰਾ ਸਮਾਗਮ ਦੀ ਨਵੀਂ ਪਿਰਤ ਸਥਾਪਤ ਕਰ ਕੇ ਪ੍ਰਚਾਰੀ-ਪ੍ਰਸਾਰੀ ਜਾ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਸਿੱਖ ਰਹਿਤ ਮਰਿਆਦਾ ਤਿਆਰ ਕਰਵਾ ਕੇ ਪੰਥਕ ਪ੍ਰਵਾਨਗੀ ਲੈਣ ਵਾਲੀ ਸੰਸਥਾ ਹੈ, ਉਸ ਦੇ ਨੱਕ ਹੇਠ ਤਥਾ ਪ੍ਬੰਧ ਹੇਠਲੇ ਅਸਥਾਨ ’ਤੇ ਐਸਾ ਹੋ ਰਿਹਾ ਹੈ।
ਗੁਰਮਤਿ ਵਿਚ ਕਿਸੇ ਪ੍ਕਾਰ ਦੇ ਵਹਿਮ, ਭਰਮ-ਭਲੇਖੇ, ਭੇਖ, ਪਖੰਡ, ਕਰਮਕਾਂਡ, ਸ਼ਖ਼ਸੀ ਪੂਜਾ ਤੇ ਹੋਰ ਵੀ ਕਿਸੇ ਪ੍ਕਾਰ ਦੇ ਅੰਧ ਵਿਸ਼ਵਾਸੀ ਕਰਮ ਲਈ ਕੋਈ ਥਾਂ ਨਹੀਂ ਹੋ ਸਕਦੀ। ਅੱਜ ਦੇਸ਼-ਵਿਦੇਸ਼ ਵਿਚ ਵਸਦੇ ਸਿੱਖ ਕਹਾਉਣ ਵਾਲਿਆਂ ਨੂੰ ਜੋ ਖ਼ੁਦ ਗੁਰਮਤਿ ਤੋਂ ਵਾਕਫ਼ ਨਹੀਂ, ਉਹ ਭਾਵੇਂ ਪ੍ਬੰਧਕ ਹਨ ਜਾਂ ਸੰਗਤ, ਬਹੁਤ ਵੱਡੇ ਪੱਧਰ ’ਤੇ ਇਨ੍ਹਾਂ ਅਡੰਬਰਵਾਦੀਆਂ ਨੇ ਬੜੇ ਮਿੱਠੇ ਸਹਿਜ ਮੱਤੀਏ ਫ਼ਰੇਬੀ ਢੰਗ ਨਾਲ ਆਪਣੇ ਮੱਕੜਜਾਲ਼ ਵਿਚ ਫਸਾ ਲਿਆ। ਇਨ੍ਹਾਂ ਨੇ ਹਰ ਕਿਰਿਆ ਨੂੰ ਮਨਾਉਂਤਾ ਸ਼ਰਧਾ ਦੀ ਚਾਸ਼ਣੀ ਚੜ੍ਹਾ ਕੇ ਪ੍ਰਚਾਰਿਆ ਹੈ। ਜੇ ਕੋਈ ਪੰਥਕ ਸਿੱਖ ਰਹਿਤ ਮਰਿਆਦਾ ਤੇ ਗੁਰਮਤਿ ਸਿਧਾਂਤਾਂ ਦੀ ਗੱਲ ਰੱਖਣ ਦਾ ਹੀਆ ਕਰਦਾ ਹੈ ਭਾਵੇਂ ਉਹ ਪ੍ਬੰਧਕ ਹੈ ਜਾਂ ਪ੍ਰਚਾਰਕ, ਉਨ੍ਹਾਂ ਦੀ ਲਾਹ-ਪਾਹ ਲਈ ਭੋਲੀ ਤੇ ਗੁਮਰਾਹ ਕਰ ਲਈ ਗਈ ਸਿੱਖ ਸੰਗਤ ਨੂੰ ਰੱਜ ਕੇ ਵਰਤਿਆ ਜਾਂਦਾ ਹੈ। ਐਸੇ ਮਹਾਨ ਪੰਥ ਪ੍ਰਸਤ ਸੇਵਕਾਂ ਨੂੰ ਕੌਮੀ ਗ਼ਦਾਰ/ ਗੁਰੂ ਨਿੰਦਕ ਆਦਿ ਜਾਂ ਪੰਥ ਵਿਰੋਧੀ ਜਥੇਬੰਦੀਆਂ ਜਾਂ ਕਿਸੇ ਹੋਰ ਨਾਲ ਜੋੜਨ ਦੀਆਂ ਕਰਤੂਤਾਂ ਕੀਤੀਆਂ ਜਾਂਦੀਆਂ ਹਨ। ਅੱਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਨੂੰ ਹਕੀਕੀ ਰੂਪ ਵਿਚ ਪ੍ਰਚਾਰਨ ਦੀ ਥਾਂ ਵਿਅਕਤੀਗਤ ਪ੍ਭਾਵ ਵਾਲੀਆਂ ਕਲਪਿਤ ਕਹਾਣੀਆਂ ਨੂੰ ਗੁਰ ਇਤਿਹਾਸ ਨੂੰ ਦਰਕਿਨਾਰ ਕਰ ਕੇ ਪਹਿਲ ਦੇ ਆਧਾਰ ’ਤੇ ਪ੍ਰਚਾਰਿਆ ਜਾਂਦਾ ਹੈ। ਗੁਰਬਾਣੀ ਗਿਆਨ ਚਾਨਣ ਨਾਲ ਸਿੱਖ ਜਗਿਆਸੂ ਦੀ ਸੁਰਤਿ ਨੂੰ ਜੁੜਨ ਹੀ ਨਹੀਂ ਦਿੱਤਾ ਜਾਂਦਾ।
ਗੁਰਸਿੱਖ ਨੇ ਕਿਵੇਂ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਪ੍ਰਤੀ ਸਮਰਪਿਤ ਹੋ ਕੇ ਜਿਊਣਾ ਹੈ, ਇਹ ਗੱਲ ਉਸ ਦੇ ਜ਼ਿਹਨ ਵਿਚ ਵਸਾਉਣ ਤੋਂ ਭੱਜਿਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ, ਕਸਬਿਆਂ, ਪਿੰਡਾਂ, ਸੂਬਿਆਂ ਤੇ ਦੇਸ਼-ਵਿਦੇਸ਼ ਵਿਚ ਨਵੇਂ ਢੰਗ ਦਾ ਕਰਮ-ਕਾਂਡ ਦੁਪਹਿਰੇ-ਚੁਪਹਿਰੇ ਦੇ ਰੂਪ ’ਚ ਜੰਗਲ ਦੀ ਅੱਗ ਵਾਂਗ ਅੱਗੇ ਤੋਂ ਅੱਗੇ ਫੈਲਾਇਆ ਜਾ ਰਿਹਾ ਹੈ। ਬੀਬੀਆਂ ਵੱਡੀ ਤਾਦਾਦ ਵਿਚ ਇਨ੍ਹਾਂ ਅਡੰਬਰਵਾਦੀਆਂ ਦੀਆਂ ਸ਼ਿਕਾਰ ਹੋਈਆਂ ਹਨ।
ਇਤਿਹਾਸਕ ਗੁਰਦੁਆਰੇ ਸਾਹਿਬਾਨ ਤੇ ਗੁਰਦੁਆਰਾ ਸਿੰਘ ਸਭਾ ਅਸਥਾਨਾਂ ਦੇ ਪ੍ਬੰਧਕ ਤੇ ਸੰਗਤਾਂ ਬਹੁਤੇ ਥਾਈਂ ਅੱਖਾਂ ਬੰਦ ਕਰ ਕੇ ਇਨ੍ਹਾਂ ਅੱਗੇ ਸਿਰ ਸੁੱਟ ਕੇ ਖ਼ਾਮੋਸ਼ ਹੋ ਚੁੱਕੇ ਹਨ। ਕਈ ਥਾਵਾਂ ਤੋਂ ਜਾਗਰੂਕ ਸਿੱਖ ਇਸ ਭਾਰੂ ਤੇ ਸਿਧਾਂਤ ਮਾਰੂ ਕਰਮ ਦਾ ਵਿਰੋਧ ਕਰਦੇ ਹਨ ਤਾਂ ਉਨ੍ਹਾਂ ਦੀ ਸੁਣਵਾਈ ਲਈ ਸਭ ਦਰਵਾਜ਼ੇ ਹੀ ਬੰਦ ਮਿਲਣ ਲੱਗੇ ਹਨ।
ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤਖ਼ਤਾਂ ਦੇ ਜੱਥੇਦਾਰ, ਇਤਿਹਾਸਕ ਗੁਰਦੁਆਰਾ ਸਾਹਿਬ, ਸਿੰਘ ਸਭਾਵਾਂ ਦੇ ਪ੍ਬੰਧਕ, ਸਿੱਖ ਇਸਤਰੀ ਸਭਾਵਾਂ ਦੇ ਆਗੂ, ਰਾਗੀ, ਗ੍ੰਥੀ, ਪ੍ਰਚਾਰਕ, ਢਾਡੀ, ਕਵੀ-ਕਵੀਸ਼ਰ ਆਦਿ ਨਿੱਜੀ ਰੋਜ਼ੀ-ਰੋਟੀ ਖ਼ਾਤਰ ਚੁੱਪ ਰਹਿਣਗੇ ਤਾਂ ਸਾਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੇਣਦਾਰ ਹੋਣਗੇ। ਗੁਰੂ ਗ੍ਰੰਥ ਸਾਹਿਬ ਤੇ ਗੁਰੂ ਪੰਥ ਦੀ ਮਾਣ-ਮਰਿਆਦਾ ਦਾ ਨਿਰਾਦਰ ਕਰਨ ਦੇ ਦੋਸ਼ੀ ਮੰਨੇ ਜਾਣਗੇ।
ਗਿਆਨੀ ਕੇਵਲ ਸਿੰਘ
-(ਸਾਬਕਾ ਜਥੇਦਾਰ, ਤਖ਼ਤ ਸ੍ਰੀ ਦਮਦਮਾ ਸਾਹਿਬ।)
-ਮੋਬਾਈਲ : 95920-93472
Comments (0)