ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਲੋੜ

ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੀ ਲੋੜ

ਪੰਜਾਬ ’ਚ ਜਨਮ ਤੋਂ ਲੈ ਕੇ ਮੌਤ ਤੱਕ ਹਰ ਪਾਸੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੈ। ਗੱਲ ਸ਼ੁਰੂ ਕਰਦੇ ਹਾਂ ਬੱਚੇ ਦੇ ਜਨਮ ਸਮੇਂ ਹੁੰਦੇ ਭ੍ਰਿਸ਼ਟਾਚਾਰ ਦੀ।

ਜਦੋਂ ਕਿਸੇ ਹਸਪਤਾਲ ’ਚ ਬੱਚਾ ਜਨਮ ਲੈਂਦਾ ਹੈ ਤਾਂ ਅਕਸਰ ਨਵ ਜੰਮੇ ਬੱਚੇ ਦੇ ‘ਮੁੰਡਾ’ ਹੋਣ ’ਤੇ ਹਸਪਤਾਲ ਦੀਆਂ ਦਾਈਆਂ, ਨਰਸਾਂ ਅਤੇ ਦਰਜਾ ਚਾਰ ਕਰਮਚਾਰਣਾਂ ਵੱਲੋਂ ਸਬੰਧਿਤ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾਂਦੀਆਂ ਹਨ ਅਤੇ ਵਧਾਈਆਂ (ਇਸ ਦਾ ਮਤਲਬ ਸਭ ਸਮਝਦੇ ਹਨ) ਮੰਗੀਆਂ ਵੀ ਜਾਂਦੀਆਂ ਹਨ। ਕੀ ਇਸ ਤਰਾਂ ਵਧਾਈਆਂ ਮੰਗਣਾ ਭ੍ਰਿਸ਼ਟਾਚਾਰ ਨਹੀਂ? ਇਸ ਤੋਂ ਇਲਾਵਾ ਅਕਸਰ ਬੱਚੇ ਦੇ ਜਨਮ ਸਮੇਂ ਕੁਝ ਪ੍ਰਾਈਵੇਟ ਹਸਪਤਾਲਾਂ ’ਚ ‘ਨਾਰਮਲ ਡਲਿਵਰੀ’ ਕਰਨ ਦੀ ਥਾਂ ਜੱਚਾ ਦੇ ਛੋਟੇ ਜਾਂ ਵੱਡੇ ਅਪਰੇਸ਼ਨ ਕਰਕੇ ਬੱਚੇ ਨੂੰ ਜਨਮ ਦਿਵਾਇਆ ਜਾਂਦਾ ਹੈ, ਕੀ ਇਹ ਭ੍ਰਿਸ਼ਟਾਚਾਰ ਨਹੀਂ? ਇਸ ਤੋਂ ਇਲਾਵਾ ਕੁਝ ਹਸਪਤਾਲਾਂ ’ਚ ਇਹ ਵੀ ਵੇਖਣ ’ਚ ਆਇਆ ਹੁੰਦਾ ਹੈ ਕਿ ਜੱਚਾ ਦੇ ਅਪਰੇਸ਼ਨ ਵੇਲੇ ਸਬੰਧਿਤ ਮਹਿਲਾ ਕੱਟੀ ਵੱਢੀ ਹੋਈ ਬੈੱਡ ’ਤੇ ਪਈ ਹੁੰਦੀ ਹੈ ਪਰ ਅਪਰੇਸ਼ਨ ਕਰਨ ਵਾਲੇ ਡਾਕਟਰ ਅਕਸਰ ਆਪਣੀਆਂ ਗੱਲਾਂ ’ਚ ਮਸਤ ਹੁੰਦੇ ਹਨ, ਹੁਣ ਅਜਿਹੀ ਸਥਿਤੀ ਨੂੰ ਕੀ ਕਿਹਾ ਜਾਵੇ?

ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਬੱਚੇ ਦੇ ਜਨਮ ਤੋਂ ਹੀ ਭ੍ਰਿਸ਼ਟਾਚਾਰ ਸ਼ੁਰੂ ਹੋ ਜਾਂਦਾ ਹੈ। ਫਿਰ ਬੱਚੇ ਨੂੰ ਸਕੂਲ ਵਿੱਚ ਦਾਖਲਾ ਕਰਵਾਉਣ, ਫੀਸਾਂ ਭਰਨ, ਯੂਨੀਫ਼ਾਰਮ, ਸਕੂਲ ਬੈਗ ਤੇ ਕਿਤਾਬਾਂ ਲੈਣ ’ਚ ਵੀ ਅਕਸਰ ਭ੍ਰਿਸ਼ਟਾਚਾਰ ਹੋਣ ਦੀਆਂ ਖ਼ਬਰਾਂ ਮੀਡੀਆ ਦੀਆਂ ਸੁਰਖ਼ੀਆਂ ਬਣਦੀਆਂ ਹਨ। ਸਕੂਲ ਤੋਂ ਬਾਅਦ ਕਾਲਜ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਦੌਰਾਨ ਵੀ ਭ੍ਰਿਸ਼ਟਾਚਾਰ ਕਿਸੇ ਨਾ ਕਿਸੇ ਰੂਪ ’ਚ ਸਾਹਮਣੇ ਆਉਂਦਾ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਜਦੋਂ ਨੌਜਵਾਨ ਨੌਕਰੀ ਲਈ ਅਪਲਾਈ ਕਰਦੇ ਹਨ ਤਾਂ ਕਈ ਵਾਰ ਚੰਗੀ ਨੌਕਰੀ ਲੈਣ ਲਈ ਵੀ ਕਿਸੇ ਨਾ ਕਿਸੇ ਤਰਾਂ ਦੀ ਸਿਫ਼ਾਰਸ਼ ਜਾਂ ਪੈਸੇ ਦੇ ਲੈਣ ਦੇਣ ਦੀਆਂ ਖ਼ਬਰਾਂ ਪਿਛਲੇ ਸਮੇਂ ਦੌਰਾਨ ਸੁਰਖ਼ੀਆਂ ’ਚ ਆਉਂਦੀਆਂ ਰਹੀਆਂ ਹਨ। ਇਹ ਵੀ ਤਾਂ ਭ੍ਰਿਸ਼ਟਾਚਾਰ ਦਾ ਇੱਕ ਰੂਪ ਹੈ। 

ਕਿਸੇ ਵੀ ਆਮ ਵਿਅਕਤੀ ਨੇ ਕਿਸੇ ਵੀ ਸਰਕਾਰੀ ਦਫ਼ਤਰ ਵਿੱਚ ਕੋਈ ਜਾਇਜ਼ ਕੰਮ ਕਰਵਾਉਣਾ ਹੋਵੇ ਤਾਂ ਵੀ ਅਕਸਰ ਉਸ ਵਿਅਕਤੀ ਨੂੰ ਕਈ ਵਾਰ ਸਬੰਧਿਤ ਸਰਕਾਰੀ ਮੁਲਾਜ਼ਮ ਨਾਲ ਗੁਪਤ ਲੈਣ ਦੇਣ ਕਰਨ ਲਈ ਮਜਬੂਰ ਹੋਣ ਦੀ ਚਰਚਾ ਅਕਸਰ ਆਮ ਲੋਕ ਹੀ ਕਰਦੇ ਹਨ। ਅਕਸਰ ਆਮ ਲੋਕ ਕਹਿੰਦੇ ਹਨ ਕਿ ਜੇ ਕਿਸੇ ਵਿਅਕਤੀ ਨੇ ਕਿਸੇ ਸਰਕਾਰੀ ਦਫ਼ਤਰ ਵਿੱਚ ਆਪਣੀ ਫਾਈਲ ਅੱਗੇ ਤੋਰਨੀ ਹੁੰਦੀ ਹੈ ਤਾਂ ਅਕਸਰ ਉਸ ਨੂੰ ਆਪਣੀ ਫਾਈਲ ਨੂੰ ‘ਪਹੀਏ’ ਲਗਾਉਣ ਲਈ ਮਜਬੂਰ ਹੋਣਾ ਪੈਂਦਾ ਹੈ, ਫਾਈਲ ਨੂੰ ਇਹ ਪਹੀਏ ਲਗਾਉਣ ਅਰਥ ਸਾਰਿਆਂ ਨੂੰ ਹੀ ਪਤਾ ਹੈ। ਜਦੋਂ ਕੋਈ ਸਰਕਾਰੀ ਮੁਲਾਜ਼ਮ ਆਪਣੀ ਨੌਕਰੀ ਤੋਂ ਸੇਵਾ ਮੁਕਤ ਹੁੰਦਾ ਹੈ ਤਾਂ ਅਕਸਰ ਉਸ ਨੂੰ ਆਪਣੀ ਪੈਨਸ਼ਨ ਲਗਵਾਉਣ ਅਤੇ ਹੋਰ ਬਕਾਏ ਆਦਿ ਲੈਣ ਲਈ ਵੀ ਕਈ ਵਾਰ ਉਹੋ ਕੁਝ ਕਰਨਾ ਪੈਂਦਾ ਹੈ, ਜੋ ਉਸਨੇ ਲੋਕਾਂ ਤੋਂ ਕਰਵਾਇਆ ਹੁੰਦਾ ਹੈ। 

ਇਥੇ ਜ਼ਿਕਰ ਯੋਗ ਹੈ ਕਿ ਸਾਰੇ ਸਰਕਾਰੀ ਮੁਲਾਜ਼ਮ ਭ੍ਰਿਸ਼ਟ ਨਹੀਂ ਹੁੰਦੇ ਸਗੋਂ ਵੱਡੀ ਗਿਣਤੀ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਦੇ ਹਨ ਅਤੇ ਰਿਸ਼ਵਤ ਲੈਣ ਨੂੰ ਪਾਪ ਸਮਝਦੇ ਹਨ ਪਰ ਕੁਝ ਰਿਸ਼ਵਤਖੋਰ ਮੁਲਾਜ਼ਮਾਂ ਕਾਰਨ ਬਦਨਾਮੀ ਸਾਰੇ ਮਹਿਕਮੇ ਦੀ ਹੋ ਜਾਂਦੀ ਹੈ।

 ਹੁਣ ਤਾਂ ਕੁਝ ਪ੍ਰਾਈਵੇਟ ਅਦਾਰਿਆਂ ’ਚ ਵੀ ਭ੍ਰਿਸ਼ਟਾਚਾਰ ਘੁਸਪੈਠ ਕਰ ਚੁੱਕਿਆ ਹੈ। ਹਾਲ ਤਾਂ ਇਹ ਹੋ ਗਿਆ ਹੈ ਕਿ ਜਦੋਂ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਸ਼ਮਸ਼ਾਨ ਘਾਟ ਵਿੱਚ ਕਈ ਵਾਰ ਇਕੋ ਸਮੇਂ ਅਨੇਕਾਂ ‘ਮ੍ਰਿਤਕ ਦੇਹਾਂ’ ਪਹੁੰਚ ਜਾਂਦੀਆਂ ਹਨ, ਜਿਸ ਕਾਰਨ ਕੁਝ ਲੋਕ ਆਪਣੇ ਪਰਿਵਾਰਕ ਮੈਂਬਰ ਦੀ ‘ਮ੍ਰਿਤਕ ਦੇਹ’ ਦਾ ਅੰਤਿਮ ਸਸਕਾਰ ਪਹਿਲਾਂ ਕਰਵਾਉਣ ਲਈ ਅਕਸਰ ਸ਼ਮਸ਼ਾਨ ਘਾਟ ਦੇ ਪ੍ਰਬੰਧਕਾਂ ਜਾਂ ਕਰਮਚਾਰੀਆਂ ਦੀ ਕਥਿਤ ‘ਸੇਵਾ ਪਾਣੀ’ ਕਰਨ ਦਾ ਯਤਨ ਕਰਦੇ ਹਨ। ਇਸ ਤੋਂ ਇਲਾਵਾ ਸ਼ਮਸ਼ਾਨ ਘਾਟ ’ਚ ਅਜਿਹੇ ਲੋਕ ਵੀ ਹੁੰਦੇ ਹਨ, ਜੋ ਸ਼ਮਸ਼ਾਨ ਘਾਟ ਦੇ ਨਕਲੀ ਕਰਮਚਾਰੀ ਬਣ ਕੇ ਕੇ ਜਾਂ ਕੋਈ ਹੋਰ ਬਹਾਨਾ ਲਗਾ ਕੇ ਪੀੜ੍ਹਤ ਪਰਿਵਾਰ ਤੋਂ ਕਿਸੇ ਨਾ ਕਿਸੇ ਬਹਾਨੇ 500 ਜਾਂ 1000 ਰੁਪਏ ਲੈ ਜਾਂਦੇ ਹਨ, ਕੀ ਇਹ ਭ੍ਰਿਸ਼ਟਾਚਾਰ ਨਹੀਂ। ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਮਨੁੱਖ ਦੇ ਜਨਮ ਤੋਂ ਸ਼ੁਰੂ ਹੋਇਆ ਭ੍ਰਿਸ਼ਟਾਚਾਰ ਮਨੁੱਖ ਦੇ ਅੰਤਿਮ ਸਮੇਂ ਤਕ ਕਿਸੇ ਨਾ ਕਿਸੇ ਰੂਪ ’ਚ ਚਲਦਾ ਰਹਿੰਦਾ ਹੈ। ਫਿਰ ਅਜਿਹੇ ਸਮੇਂ ’ਚ ਪੰਜਾਬ ਨੂੰ ਪੂਰੀ ਤਰ੍ਹਾਂ ਕਿਸ ਤਰ੍ਹਾਂ ਭ੍ਰਿ੍ਰਸ਼ਟਾਚਾਰ ਮੁਕਤ ਕੀਤਾ ਜਾ ਸਕਦਾ ਹੈ?

 ਪੰਜਾਬ ਵਿੱਚ ਭ੍ਰਿਸ਼ਟਾਚਾਰ ਇਸ ਸਮੇਂ ਵੱਡੀ ਸਮੱਸਿਆ ਬਣ ਗਿਆ ਹੈ। ਪੰਜਾਬ ਪਹਿਲਾਂ ਹੀ ਨਸ਼ਾ ਅਤੇ ਬੇਰੁਜਗਾਰੀ ਵਰਗੀਆਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਨਸ਼ਾ ਅਤੇ ਬੇਰੁਜ਼ਗਾਰੀ ਨੂੰ ਵੀ ਹੱਲ ਕਰਨ ਵਿੱਚ ਪੰਜਾਬ ਸਰਕਾਰ ਨਾਕਾਮ ਰਹੀ ਹੈ, ਉਸੇ ਤਰ੍ਹਾਂ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਸਮਾਪਤ ਕਰਨ ਵਿੱਚ ਵੀ ਮੌਜੂਦਾ ਪੰਜਾਬ ਸਰਕਾਰ ਨਾਕਾਮ ਹੋ ਗਈ ਹੈ। ਅਕਸਰ ਕਿਹਾ ਜਾਂਦਾ ਹੈ ਕਿ ਪੰਜਾਬ ਵਿੱਚ ਸਰਕਾਰ ਤਾਂ ਬਦਲ ਜਾਂਦੀ ਹੈ ਪਰ ਅਫ਼ਸਰਸ਼ਾਹੀ ਉਹੀ ਰਹਿੰਦੀ ਹੈ, ਜਿਸ ਕਾਰਨ ਵੀ ਅਨੇਕਾਂ ਸਮੱਸਿਆਵਾਂ ਪੂਰੀ ਤਰ੍ਹਾਂ ਹੱਲ ਨਹੀਂ ਹੁੰਦੀਆਂ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦਾ ਅਕਸਰ ਦਾਅਵਾ ਕੀਤਾ ਜਾਂਦਾ ਹੈ, ਪਰ ਮਾਨ ਸਰਕਾਰ ਆਪਣੇ ਹੁਣ ਤਕ ਦੇ ਕਾਰਜਕਾਲ ਦੌਰਾਨ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਸਮਾਪਤ ਨਹੀਂ ਕਰ ਸਕੀ। ਭਾਵੇਂ ਕਿ ਆਮ ਆਦਮੀ ਪਾਰਟੀ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਸਮਾਪਤ ਕੀਤਾ ਜਾਵੇਗਾ। ਸਰਕਾਰ ਬਣਨ ਤੋਂ ਬਾਅਦ ਕੁਝ ਸਮਾਂ ‘ਆਪ’ ਸਰਕਾਰ ਭ੍ਰਿਸ਼ਟਾਚਾਰ ਵਿਰੁੱਧ ਸਰਗਰਮ ਵੀ ਰਹੀ ਅਤੇ ਭਗਵੰਤ ਮਾਨ ਵੱਲੋਂ ਆਪਣੀ ਹੀ ਸਰਕਾਰ ਦਾ ਇੱਕ ਮੰਤਰੀ ਭ੍ਰਿਸ਼ਟਚਾਰ ਦੇ ਦੋਸ਼ ਵਿੱਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਪਰ ਹੁਣ ਭ੍ਰਿਸ਼ਟਾਚਾਰ ਵਿਰੁੱਧ ਪੰਜਾਬ ਸਰਕਾਰ ਦੀ ਕਾਰਵਾਈ ਢਿੱਲੀ ਪੈ ਰਹੀ ਹੈ, ਜਿਸ ਕਾਰਨ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਅਜੇ ਤੱਕ ਸਮਾਪਤ ਨਹੀਂ ਕੀਤਾ ਜਾ ਸਕਿਆ। ਇਹ ਭ੍ਰਿਸ਼ਟਾਚਾਰ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ।

ਚਾਹੀਦਾ ਤਾਂ ਇਹ ਹੈ ਕਿ ਪੰਜਾਬ ਸਰਕਾਰ ਪੰਜਾਬ ਵਿਚੋਂ ਭ੍ਰਿਸ਼ਟਾਚਾਰ ਪੂਰੀ ਤਰ੍ਹਾਂ ਸਮਾਪਤ ਕਰਨ ਲਈ ਯੋਗ ਉਪਰਾਲੇ ਕਰੇ। ਇਸ ਤੋਂ ਇਲਾਵਾ ਰਿਸ਼ਵਤ ਲੈਣ ਵਾਲੇ ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਸਰਕਾਰੀ ਦਫ਼ਤਰਾਂ ਦੀ ਕਾਰਗੁਜਾਰੀ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਪਾਰਦਰਸ਼ੀ ਤਰੀਕੇ ਨਾਲ ਸ਼ਾਸ਼ਨ ਚਲਾਇਆ ਜਾਵੇ। ਪੰਜਾਬ ਸਰਕਾਰ ਨੂੰ ਭ੍ਰਿਸ਼ਟਾਚਾਰ ਵਿਰੁੱਧ ਵੱਡੀ ਮੁਹਿੰਮ ਚਲਾਉਣ ਦੀ ਲੋੜ ਹੈ ਤਾਂ ਕਿ ਪੰਜਾਬ ਵਿਚੋਂ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਨੂੰ ਸਮਾਪਤ ਕੀਤਾ ਜਾ ਸਕੇ।

 

ਸੰਪਾਦਕੀ