ਸਿੱਖਾਂ ਬਾਰੇ ਭੁਲੇਖੇ ਦੂਰ ਕਰਨ ਲਈ ਮਨਾਇਆ ਜਾ ਰਿਹਾ ਹੈ ਜਾਗਰੂਕਤਾ ਮਹੀਨਾ

ਸਿੱਖਾਂ ਬਾਰੇ ਭੁਲੇਖੇ ਦੂਰ ਕਰਨ ਲਈ ਮਨਾਇਆ ਜਾ ਰਿਹਾ ਹੈ ਜਾਗਰੂਕਤਾ ਮਹੀਨਾ

ਰਾਸ਼ਟਰੀ ਮਾਰਗਾਂ ਉਪਰ ਸਿੱਖਾਂ ਦੀ ਪਛਾਣ ਬਾਰੇ ਬੋਰਡ ਲਾਏ

ਸੈਕਰਾਮੈਂਟੋ, ਕੈਲੀਫੋਰਨੀਆ 4 ਨਵੰਬਰ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਰਾਜ ਨੇ ਨਵੰਬਰ  ਨੂੰ ਸਿੱਖ ਜਾਗਰੂਕਤਾ ਤੇ ਸ਼ਲਾਘਾ ਮਹੀਨੇ ਵਜੋਂ ਮਾਨਤਾ ਦਿੱਤੀ ਹੋਈ ਹੈ। ਹਰ ਸਾਲ ਇਸ ਮਹੀਨੇ ਦੌਰਾਨ ਸਿੱਖ ਸੰਸਥਾਵਾਂ ਵੱਲੋਂ ਸਿੱਖਾਂ ਦੀ ਪਛਾਣ ਬਾਰੇ ਭੁਲੇਖੇ ਦੂਰ ਕਰਨ ਤੇ ਸਿੱਖਾਂ ਦੇ ਸੱਭਿਆਚਾਰ ਬਾਰੇ ਅਮਰੀਕਨ ਲੋਕਾਂ ਨੂੰ ਜਾਣੂ ਕਰਵਾਉਣ ਲਈ ਮੁਹਿੰਮ ਚਲਾਈ ਜਾਂਦੀ ਹੈ। ਇਸ ਵਾਰ ਵੀ ਟਰੇਸੀ, ਮਾਊਨਟੇਨ ਹਾਊਸ , ਮਨਟਿਕਾ ਤੇ ਹੋਰ ਖੇਤਰਾਂ ਦੇ ਸਿੱਖ ਭਾਈਚਾਰੇ ਵੱਲੋਂ ਇਸ ਮੁਹਿੰਮ ਵਿਚ ਹਿੱਸਾ ਲਿਆ ਜਾ ਰਿਹਾ ਹੈ।

ਗੁਰੂ ਘਰਾਂ, ਸੈਂਟਰਲ ਵੈਲੀ ਆਰਗੇਨਾਈਜੇਸ਼ਨ ਜੈਕਾਰਾ ਮੂਵਮੈਂਟ ਤੇ ਸਥਾਨਕ ਸਮਾਜ ਸੇਵਿਕਾਂ ਦੇ ਸਹਿਯੋਗ ਨਾਲ ਸੈਨ ਜੈਕੁਇਨ ਕਾਊਂਟੀ ਦੇ ਸਿੱਖ ਭਾਈਚਾਰੇ ਵੱਲੋਂ ਵੱਖ ਵੱਖ ਰਾਸ਼ਟਰੀ ਮਾਰਗਾਂ ਉਪਰ ਸਿੱਖਾਂ ਦੀ ਪਛਾਣ ਸਬੰਧੀ ਬੋਰਡ ਲਾਏ ਗਏ ਹਨ। ਸਿੱਖਸ ਆਫ ਟਰੇਸੀ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੁਹਿੰਮ ਦਾ ਸਿੱਧਾ ਸਾਧਾ ਸੰਦੇਸ਼ ਇਹ ਹੈ ਕਿ ਅਮਰੀਕਨ ਲੋਕ ਸਿੱਖਾਂ ਦੇ ਸਭਿਆਚਾਰ ਤੇ ਸਿੱਖ ਧਰਮ ਬਾਰੇ ਜਾਣ ਸਕਣ। ਸਿੱਖ ਧਰਮ ਨੂੰ ਗਲਤ ਪਛਾਣ ਕਾਰਨ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਸਿੱਖਾਂ ਨੂੰ ਨਫ਼ਰਤ ਨਾਲ ਵੇਖਿਆ ਜਾਂਦਾ ਹੈ। ਗਲਤ ਪਛਾਣ ਕਾਰਨ ਸਿੱਖਾਂ ਉਪਰ ਹਮਲੇ ਹੁੰਦੇ ਹਨ। ਅਗਸਤ 2019 ਵਿਚ ਟਰੇਸੀ ਵਾਸੀ 64 ਸਾਲਾ ਪਰਮਜੀਤ ਸਿੰਘ ਇਸੇ ਨਫ਼ਰਤ ਦਾ ਸ਼ਿਕਾਰ ਹੋਇਆ ਸੀ ਤੇ ਉਸ ਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ।

ਬਿਆਨ ਵਿਚ ਹੋਰ ਕਿਹਾ ਗਿਆ ਹੈ ਕਿ ਇਹੋ ਜਿਹੀਆਂ ਵਾਪਰੀਆਂ ਅਫਸੋਸਨਾਕ ਘਟਨਾਵਾਂ ਨੇ ਜਾਗਰੂਕਤਾ ਮੁਹਿੰਮ ਚਲਾਉਣ ਲਈ ਪ੍ਰਰਿਆ ਹੈ ਤਾਂ ਜੋ ਭਵਿੱਖ ਵਿਚ ਹੋਰ ਕੋਈ ਸਿੱਖ ਗਲਤ ਪਛਾਣ ਕਾਰਨ ਨਿਸ਼ਾਨਾ ਨਾ ਬਣੇ। ਇਥੇ ਵਰਨਣਯੋਗ ਹੈ ਕਿ ਟਰੇਸੀ ਦੇ ਸਿੱਖਾਂ ਤੇ ਉਨਾਂ ਦੀਆਂ ਸਹਿਯੋਗੀ ਸੰਸਥਾਵਾਂ ਵੱਲੋਂ ਅਪਣਾਏ ਗਏ ਰਾਸ਼ਟਰੀ ਮਾਰਗਾਂ ਦੇ ਹਿੱਸੇ ਉਪਰ ਨਿਰੰਤਰ ਸਫ਼ਾਈ ਕੀਤੀ ਜਾਂਦੀ ਹੈ।