ਜਾਸੂਸੀ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸਿੱਖ

ਜਾਸੂਸੀ ਦੇ ਦੋਸ਼ ਲਾ ਕੇ ਗ੍ਰਿਫਤਾਰ ਕੀਤਾ ਸਿੱਖ

ਚੰਡੀਗੜ੍ਹ: ਜਲੰਧਰ ਪੁਲਿਸ ਨੇ ਭਤੀਜਾ ਪਿੰਡ ਨਾਲ ਸਬੰਧਿਤ 36 ਸਾਲਾ ਹਰਪਾਲ ਸਿੰਘ ਨੂੰ ਪਾਕਿਸਤਾਨ ਦੇ ਸਿੱਖ ਆਗੂ ਗੋਪਾਲ ਸਿੰਘ ਚਾਵਲਾ ਲਈ ਭਾਰਤੀ ਹਵਾਈ ਫੌਜ ਅਤੇ ਹੋਰ ਫੌਜੀ ਅੱਡਿਆਂ ਦੀ ਜਾਸੂਸੀ ਕਰਨ ਦੇ ਦੋਸ਼ ਅਧੀਨ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਹਰਪਾਲ ਸਿੰਘ ਨੂੰ ਕਰਤਾਰਪੁਰ ਤੋਂ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਗੋਪਾਲ ਸਿੰਘ ਚਾਵਲਾ ਪਾਕਿਸਤਾਨ ਦੇ ਸਿੱਖ ਆਗੂ ਹਨ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸਕੱਤਰ ਰਹੇ ਹਨ। ਗੋਪਾਲ ਸਿੰਘ ਚਾਵਲਾ ਖਾਲਿਸਤਾਨ ਦੀ ਖੁੱਲ੍ਹ ਕੇ ਵਕਾਲਤ ਕਰਨ ਵਾਲੇ ਆਗੂਆਂ ਵਿੱਚ ਸ਼ਾਮਿਲ ਹਨ। 

ਪੁਲਿਸ ਨੇ ਦੋਸ਼ ਲਾਇਆ ਹੈ ਕਿ ਹਰਪਾਲ ਸਿੰਘ ਜਲੰਧਰ ਵਿਚਲੇ ਭਾਰਤੀ ਹਵਾਈ ਫੌਜ ਦੇ ਅੱਡਿਆਂ ਅਤੇ ਹੋਰ ਫੌਜੀ ਥਾਵਾਂ ਬਾਰੇ ਗੁਪਤ ਜਾਣਕਾਰੀ ਦੇਣ ਦਾ ਕੰਮ ਕਰਦਾ ਸੀ। ਪੁਲਿਸ ਨੇ ਦਾਅਵਾ ਕੀਤਾ ਕਿ ਇਹ ਜਾਣਕਾਰੀ ਵਟਸਐਪ ਅਤੇ ਮੈਸੇਂਜਰ ਐਪਲੀਕੇਸ਼ਨਾਂ ਰਾਹੀਂ ਦਿੱਤੀ ਗਈ। ਪੁਲਿਸ ਨੇ ਹਰਪਾਲ ਸਿੰਘ ਕੋਲੋਂ ਸੱਤ ਮੋਬਾਈਲ ਫੋਨ ਫੜ੍ਹਨ ਦਾ ਵੀ ਦਾਅਵਾ ਕੀਤਾ ਹੈ।

ਹਰਪਾਲ ਸਿੰਘ ਖਿਲਾਫ ਪੁਲਿਸ ਨੇ ਧਾਰਾ 121 (ਦੇਸ਼ ਖਿਲਾਫ ਜੰਗ ਛੇੜਨਾ ਜਾਂ ਛੇੜਨ ਦੀ ਕੋਸ਼ਿਸ਼ ਕਰਨਾ ਜਾਂ ਭਾਰਤ ਸਰਕਾਰ ਖਿਲਾਫ ਜੰਗ ਛੇੜਨ ਵਿੱਚ ਮਦਦ ਕਰਨਾ) ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।