ਹੜ੍ਹਾਂ ਦੇ ਮਾਰੇ ਪੰਜਾਬ ਸਿੰਘਾ ਤੇਰਾ ਕੌਣ ਵੇਲੀ?

ਹੜ੍ਹਾਂ ਦੇ ਮਾਰੇ ਪੰਜਾਬ ਸਿੰਘਾ ਤੇਰਾ ਕੌਣ ਵੇਲੀ?

ਚੰਡੀਗੜ੍ਹ (ਸੁਖਵਿੰਦਰ ਸਿੰਘ): ਪੰਜਾਬ ਵਿੱਚ ਆਏ ਹੜ੍ਹਾਂ ਲਈ ਜ਼ਿੰਮੇਵਾਰ ਕੌਣ ਹੈ, ਇਹ ਸਵਾਲ ਅੱਜ ਵੀ ਜਿਉਂ ਦਾ ਤਿਉਂ ਕਾਇਮ ਹੈ। ਪਰ ਜੋ ਇਸ ਸਵਾਲ ਦੇ ਹੱਲ ਤੋਂ ਪਹਿਲਾਂ ਅੱਜ ਦੀ ਚਰਚਾ ਹੈ ਕਿ ਹੜ੍ਹਾਂ ਦੇ ਝੰਬੇ ਪੰਜਾਬ ਦਾ ਵੇਲੀ ਕੌਣ ਹੈ? ਹੜ੍ਹਾਂ ਦੇ ਪੀੜਤ ਪੰਜਾਬ ਨੂੰ ਮਿਲੇ ਸਾਥ 'ਤੇ ਇੱਕ ਝਾਤ ਮਾਰਦੇ ਹਾਂ।

ਕੇਂਦਰ ਸਰਕਾਰ ਦਾ ਰੋਲ
ਭਾਰਤ ਦੀ ਕੇਂਦਰ ਸਰਕਾਰ ਜੋ ਕਿ ਲਗਾਤਾਰ ਪੰਜਾਬ ਨਾਲ ਧੱਕਿਆਂ ਦੀ ਦੋਸ਼ੀ ਹੈ ਉਸ ਨੇ ਆਪਣਾ ਪੰਜਾਬ ਵਿਰੋਧੀ ਰੰਗ ਇਸ ਵਾਰ ਵੀ ਪ੍ਰਗਟ ਕੀਤਾ। ਜਦੋਂ ਪੰਜਾਬ ਦੇ ਇੱਕ ਵੱਡੀ ਅਬਾਦੀ ਹੜ੍ਹਾਂ ਦੀ ਮਾਰ ਹੇਠ ਆਈ ਤਾਂ ਹਰ ਵਾਰ ਵਾਂਗ ਕੇਂਦਰ ਸਰਕਾਰ ਨੇ ਪੰਜਾਬ ਦੀ ਮਦਦ ਕਰਨੋਂ ਮੂੰਹ ਫੇਰ ਲਿਆ। ਹੁਣ ਤੱਕ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਇੱਕ ਵੀ ਬਿਆਨ ਪੰਜਾਬ ਦਾ ਦਰਦ ਵੰਡਾਉਣ ਲਈ ਨਹੀਂ ਆਇਆ, ਕਿਸੇ ਤਰ੍ਹਾਂ ਦੀ ਮਦਦ ਬਾਰੇ ਸੋਚਣਾ ਤਾਂ ਦੂਰ ਦੀ ਗੱਲ। ਹਿੰਦੀ ਖੇਤਰ ਵਿੱਚ ਆਏ ਹੜ੍ਹਾਂ ਮੌਕੇ ਹਵਾਈ ਉਡਾਣਾਂ ਭਰਨ ਵਾਲੇ ਭਾਰਤੀ ਮੰਤਰੀ ਸ਼ਾਇਦ ਇਹ ਜਾਣਦੇ ਹਨ ਕਿ ਪੰਜਾਬ ਉਹਨਾਂ ਦਾ ਨਹੀਂ। 

ਜਦੋਂ ਭਾਰਤ ਸਰਕਾਰ ਨੇ ਬੀਤੇ ਦਿਨੀਂ 11 ਸੂਬਿਆਂ ਵਿੱਚ ਹੜ੍ਹਾਂ ਦੇ ਨੁਕਸਾਨ ਦਾ ਅੰਦਾਜ਼ਾ ਲਾਉਣ ਲਈ ਇੰਟਰ ਮਿਨੀਸਟਰੀਅਲ ਕੇਂਦਰੀ ਟੀਮ ਦਾ ਨਿਰਮਾਣ ਕੀਤਾ ਤਾਂ ਹਰ ਪੰਜਾਬੀ ਇਹ ਜਾਣ ਕੇ ਹੈਰਾਨ ਰਹਿ ਗਿਆ ਕਿ ਇਹਨਾਂ 11 ਸੂਬਿਆਂ ਵਿੱਚ ਪੰਜਾਬ ਦਾ ਨਾਂ ਹੀ ਨਹੀਂ ਸੀ। ਫੇਰ ਸ਼ੁਰੂ ਹੋਇਆ ਪੰਜਾਬ ਦੇ "ਮਹਾਰਾਜੇ" ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਭਾਰਤ ਸਰਕਾਰ ਦੀਆਂ ਮਿੰਨਤਾਂ ਤਰਲਿਆਂ ਦਾ ਦੌਰ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਬੇਨਤੀ ਕੀਤੀ ਕਿ ਪੰਜਾਬ ਨੂੰ ਵੀ ਇਸ ਸੂਚੀ ਵਿੱਚ ਸ਼ਾਮਿਲ ਕਰ ਲਿਆ ਜਾਵੇ। ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਦੇ 1700 ਕਰੋੜ ਰੁਪਏ ਦੇ ਨੁਕਸਾਨ ਦਾ ਹਵਾਲਾ ਦਿੰਦਿਆਂ 1000 ਕਰੋੜ ਰੁਪਏ ਦੀ ਮਦਦ ਮੰਗੀ।

ਤਾਂ ਹੁਣ ਇੰਨੀਆਂ ਮਿੰਨਤਾਂ ਤਰਲਿਆਂ ਤੋਂ ਬਾਅਦ ਭਾਰਤ ਸਰਕਾਰ ਨੇ ਪੰਜਾਬ ਨੂੰ ਜ਼ਲੀਲ ਕਰਨ ਮਗਰੋਂ ਐਲਾਨ ਕੀਤਾ ਹੈ ਕਿ ਭਾਰਤ ਦੀ ਇੰਟਰ ਮਿਨੀਸਟਰੀਅਲ ਕੇਂਦਰੀ ਟੀਮ ਛੇਤੀ ਹੀ ਪੰਜਾਬ ਦਾ ਵੀ ਦੌਰਾ ਕਰ ਲਵੇਗੀ। ਉਸ ਟੀਮ ਦੀ ਰਿਪੋਰਟ ਤੋਂ ਬਾਅਦ ਹੀ ਦੇਖਾਂਗੇ ਕਿ ਪੰਜਾਬ ਦੇ ਹੜ੍ਹਾਂ ਨੂੰ ਗੰਭੀਰ ਮੰਨਿਆ ਜਾਣਾ ਚਾਹੀਦਾ ਹੈ ਜਾਂ ਨਹੀਂ। ਸੋ, ਸ਼ਾਇਦ ਇਸ ਤੋਂ ਵੱਡੀ ਜ਼ਲਾਲਤ ਕੋਈ ਹੋਰ ਵੀ ਹੋਵੇ ਜੋ ਅੱਜ ਪੰਜਾਬ ਨੂੰ ਮਹਿਸੂਸ ਕਰਾਉਣ ਦੀ ਭਾਰਤ ਵੱਲੋਂ ਕੋਸ਼ਿਸ਼ ਹੋ ਰਹੀ ਹੈ। 

ਪੰਜਾਬ ਸਰਕਾਰ ਦਾ ਰੋਲ
ਹੜ੍ਹਾਂ ਦੇ ਝੰਬੇ ਪੰਜਾਬ ਦੀ ਆਪਣੀ ਸਰਕਾਰ ਭਾਵੇਂ ਕਿ ਦੁਖੀ ਤਾਂ ਦਿਖੀ ਪਰ ਸਰਕਾਰ ਦੀ ਨਲਾਇਕੀ, ਪ੍ਰਸ਼ਾਸਨਿਕ ਢਿੱਲ, ਪੈਸੇ ਦੀ ਘਾਟ, ਅਗਾਊਂ ਤਿਆਰੀ ਦੀ ਗੈਰ-ਮੋਜੂਦਗੀ ਵਰਗੀਆਂ ਗੱਲਾਂ ਕਰਕੇ ਪੰਜਾਬ ਸਰਕਾਰ ਹੜ੍ਹਾਂ ਮਾਰੇ ਲੋਕਾਂ ਦਾ ਪੱਲਾ ਫੜ੍ਹਨ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਇਸ ਸਥਿਤੀ ਵਿੱਚ ਪੰਜਾਬ ਦੀ ਸਰਕਾਰ ਦੀ ਅਯੌਗਤਾ ਸਾਬਿਤ ਹੋਈ ਹੈ। 

ਹੁਣ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਹੜ੍ਹ ਪ੍ਰਭਾਵਿਤ ਜ਼ਿਲਿਆਂ ਲਈ 475.56 ਕਰੋੜ ਰੁਪਏ ਦੀ ਰਕਮ ਰੱਖਦਿਆਂ ਸਬੰਧਤ ਅਧਿਕਾਰੀਆਂ ਨੂੰ ਰਾਹਤ ਕਾਰਜਾਂ ਤੋਂ ਬਾਅਦ ਫੌਰੀ ਤੌਰ ’ਤੇ ਕੀਤੇ ਜਾਣ ਵਾਲੇ ਕੰਮਾਂ ਸਮੇਤ ਵਿਆਪਕ ਤੌਰ ’ਤੇ ਮੁੜ ਵਸੇਬਾ ਯੋਜਨਾਵਾਂ ਤਿਆਰ ਕਰਨ ਦੇ ਹੁਕਮ ਦਿੱਤੇ ਹਨ। 

ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ 242.33 ਕਰੋੜ ਰੁਪਏ ਬੁਨਿਆਦੀ ਢਾਂਚੇ ਦੇ ਕੰਮਾਂ ਅਤੇ ਰਾਹਤ ਕਾਰਜਾਂ ਲਈ ਵਰਤੇ ਜਾ ਰਹੇ ਹਨ ਜਦਕਿ 233.32 ਕਰੋੜ ਰੁਪਏ ਨੁਕਸਾਨ ਦਾ ਸਹੀ ਢੰਗ ਨਾਲ ਅਨੁਮਾਨ ਲਾਉਣ ਅਤੇ ਯੋਜਨਾਵਾਂ ਤਿਆਰ ਕਰਨ ਤੋਂ ਬਾਅਦ ਘੱਟ ਅਤੇ ਲੰਮੇ ਸਮੇਂ ਵਿਚ ਮੁਹੱਈਆ ਕਰਵਾਏ ਜਾਣਗੇ। ਇਸ ਰਕਮ ਦੇ ਖਰਚਿਆਂ ਅਤੇ ਨੀਤੀ ਦੇ ਵੇਰਵਿਆਂ 'ਤੇ ਵੱਖਰੀ ਰਿਪੋਰਟ ਵਿੱਚ ਗੱਲ ਕਰਾਂਗੇ। 

ਗੁਰਦੁਆਰੇ, ਪੰਜਾਬੀ ਭਰਾ, ਖਾਲਸਾ ਏਡ, ਵਿਦੇਸ਼ੀ ਪੰਜਾਬੀ ਅਤੇ ਹੋਰ ਪੰਜਾਬ ਦੀਆਂ ਸੰਸਥਾਵਾਂ ਦਾ ਸਹਾਰਾ

ਜਿਵੇਂ ਉੱਤੇ ਅਸੀਂ ਗੱਲ ਕਰ ਆਏ ਹਾਂ ਕਿ ਭਾਰਤ ਸਰਕਾਰ ਨੇ ਪੰਜਾਬ ਨੂੰ ਜ਼ਲੀਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਤੇ ਪੰਜਾਬ ਸਰਕਾਰ ਪੂਰੀ ਤਰ੍ਹਾਂ ਅਯੋਗ ਸਾਬਿਤ ਹੋਈ ਤਾਂ ਅਜਿਹੇ ਔਖੇ ਸਮੇਂ ਜੇ ਹੜ੍ਹਾਂ ਮਾਰੇ ਪੰਜਾਬ ਦੇ ਲਈ ਕੋਈ ਖੜ੍ਹਿਆ ਤਾਂ ਉਹ ਗੁਰਦੁਆਰਾ ਸਾਹਿਬ, ਸਿੱਖ ਸੰਗਤਾਂ, ਖਾਲਸਾ ਏਡ ਤੇ ਹੋਰ ਸੰਸਥਾਵਾਂ, ਵਿਦੇਸ਼ਾਂ ਵਿੱਚ ਵਸਦੇ ਸਿੱਖ ਤੇ ਪੰਜਾਬੀ ਹੀ ਹਨ। ਜਦੋਂ ਸਰਕਾਰੀ ਢਾਂਚਾ ਪੂਰੀ ਤਰ੍ਹਾਂ ਹੱਥ ਖੜ੍ਹੇ ਕਰ ਗਿਆ ਤਾਂ ਪੰਜਾਬ ਦੇ ਲੋਕਾਂ ਨੇ ਖੁਦ ਰਾਹਤ ਕਾਰਜਾਂ ਦੀ ਹਨੇਰੀ ਝੁਲਾ ਦਿੱਤੀ ਤੇ ਜਿਸ ਦਾ ਕਾਰਨ ਹੈ ਕਿ ਇਸ ਬਿਪਤਾ ਨੂੰ ਇੱਕ ਵੱਡੀ ਤਰਾਸਦੀ ਬਣਨੋਂ ਰੋਕ ਲਿਆ ਗਿਆ। ਪੰਜਾਬ ਦੇ ਲੋਕਾਂ ਨੇ ਦੁਨੀਆ ਨੂੰ ਸਾਬਿਤ ਕਰ ਦਿੱਤਾ ਕਿ ਪੰਜਾਬ ਦੀ ਟੇਕ ਕਿਸੇ ਸਰਕਾਰ 'ਤੇ ਨਹੀਂ ਅਤੇ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਨੇ ਇੱਕ ਮਿਸਾਲ ਦੁਨੀਆ ਅੱਗੇ ਪੇਸ਼ ਕੀਤੀ। ਹੜ੍ਹ ਪੀੜਤ ਲੋਕਾਂ ਕੋਲ ਇਸ ਔਖੀ ਘੜੀ ਜ਼ਰੂਰੀ ਸਮਾਨ ਘਟਣ ਦੀ ਬਜਾਏ ਵਧਾ ਦਿੱਤਾ ਗਿਆ ਤੇ ਕਈ ਮਹੀਨਿਆਂ ਦਾ ਰਾਸ਼ਣ ਹੜ੍ਹ ਪੀੜਤ ਪਿੰਡਾਂ ਦੇ ਗੁਰੂ ਘਰਾਂ ਵਿੱਚ ਜ਼ਮ੍ਹਾ ਹੋ ਗਿਆ ਹੈ। ਸਿਰਫ ਲੋਕਾਂ ਲਈ ਹੀ ਨਹੀਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਨੂੰ ਵੀ ਚਾਰਾ ਨਹੀਂ ਘਟਣ ਦਿੱਤਾ ਗਿਆ। ਸ਼ਾਇਦ ਇਹ ਪੰਜਾਬ ਵਿੱਚ ਹੀ ਦੇਖਣ ਨੂੰ ਮਿਲ ਸਕਦਾ ਸੀ ਤੇ ਇਹੀ ਉਹ ਬੀਜ ਹੈ ਜੋ ਗੁਰੂ ਨਾਨਕ ਪਾਤਸ਼ਾਹ ਨੇ ਇਸ ਪੰਜਾਬ ਦੀ ਧਰਤੀ 'ਤੇ ਬੀਜਿਆ ਜੋ ਕਿਸੇ ਦਿਨ ਫਲ ਕੇ ਸਾਰੀ ਦੁਨੀਆ ਵਿੱਚ ਇਲਾਹੀ ਸ਼ਾਂਤੀ ਅਤੇ ਸਹਿਜ ਦਾ ਪਸਾਰਾ ਕਰੇਗਾ।  

ਸਿੱਖਾਂ ਦੀ ਵਿਸ਼ਵ ਪੱਧਰ ਦੀ ਸੰਸਥਾ ਖਾਲਸਾ ਏਡ ਨੇ ਸਰਕਾਰ ਵੱਲੋਂ ਜ਼ਲੀਲ ਕੀਤੇ ਪੰਜਾਬ ਦੀ ਬਾਂਹ ਫੜ੍ਹਨ ਦਾ ਉਪਰਾਲਾ ਕੀਤਾ ਜਿਸ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਖਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਇਕੱਤਰ ਕੀਤੇ ਜਾ ਰਹੇ ਫੰਡ ਵਿੱਚ ਹੁਣ ਤੱਕ ਲੋਕ 3 ਲੱਖ 50 ਹਜ਼ਾਰ ਪੌਂਡ ਦੇ ਕਰੀਬ ਰਕਮ ਪਾ ਚੁੱਕੇ ਹਨ। ਇਹ ਰਕਮ ਤਕਰੀਬਨ 3 ਕਰੋੜ ਰੁਪਏ ਬਣਦੀ ਹੈ।