ਹਰਮਿੰਦਰ ਸਿੰਘ ਦੇਸ਼ ਧਰੋਹ ਦੇ ਮਾਮਲੇ 'ਚੋਂ ਬਰੀ; ਅਸਲਾ ਕਾਨੂੰਨ ਵਿੱਚ 2 ਸਾਲ ਦੀ ਸਜ਼ਾ

ਹਰਮਿੰਦਰ ਸਿੰਘ ਦੇਸ਼ ਧਰੋਹ ਦੇ ਮਾਮਲੇ 'ਚੋਂ ਬਰੀ; ਅਸਲਾ ਕਾਨੂੰਨ ਵਿੱਚ 2 ਸਾਲ ਦੀ ਸਜ਼ਾ

ਰੋਪੜ: ਦੇਸ਼ ਧਰੋਹ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੀ ਦੁਰਵਰਤੋਂ ਭਾਰਤ ਵਿੱਚ ਸਿੱਖਾਂ ਅਤੇ ਹੋਰ ਘੱਟਗਿਣਤੀ ਕੌਮਾਂ ਦੀ ਹੱਕੀ ਅਵਾਜ਼ ਨੂੰ ਦਬਾਉਣ ਅਤੇ ਵਿਚਾਰਾਂ ਦੀ ਅਜ਼ਾਦੀ ਦੇ ਪ੍ਰਗਟਾਵੇ ਖਿਲਾਫ ਥੋਕ ਵਿੱਚ ਹੀ ਪੰਜਾਬ ਪੁਲਿਸ ਅਤੇ ਭਾਰਤੀ ਏਜ਼ੰਸੀਆਂ ਵੱਲੋਂ ਕੀਤੀ ਜਾ ਰਹੀ ਹੈ।

ਕੋਈ ਵੀ ਸਿੱਖ ਜੇਕਰ ਸਿੱਖ ਹਿੱਤਾਂ ਦੀ ਗੱਲ ਕਰਦਾ ਹੈ ਜਾਂ ਭਾਰਤ ਵਿੱਚ ਸਿੱਖਾਂ ਨਾਲ ਹੋ ਰਹੀਆਂ ਵਧੀਕੀਆਂ ਖਿਲਾਫ ਅਵਾਜ਼ ਚੁੱਕਦਾ ਹੈ ਜਾਂ ਆਪਣੇ ਧਰਮ ਦੇ ਅਕੀਦੇ ਵਿੱਚ ਪ੍ਰਪੱਕ ਰਹਿੰਦਿਆਂ ਆਪਣੇ ਸ਼ਹੀਦਾਂ ਦੀ ਸੋਚ ਨੂੰ ਪ੍ਰਚਾਰਦਾ ਹੈ ਤਾਂ ਭਾਰਤੀ ਏਜ਼ੰਸੀਆਂ ਕਾਲੇ ਕਾਨੂੰਨਾਂ ਦੀਆਂ ਸੰਗੀਨ ਧਰਾਵਾਂ ਲਾਕੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਬਣਾ ਜੇਲਾਂ ਦੀਆਂ ਕਾਲ ਕੋਠਰੀਆਂ ਵਿੱਚ ਬੰਦ ਕਰ ਦਿੰਦੀਆਂ ਹਨ। ਪੁਲਿਸ ਦੀ ਅਜਿਹੀਆਂ ਕਾਰਵਾਈਆਂ ਦੇ ਸ਼ਿਕਾਰ ਲੋਕਾਂ ਵਿੱਚ ਇੱਕ ਨਾਂ ਹੈ ਹਰਮਿੰਦਰ ਸਿੰਘ ਬਿੰਦਰ।

ਰੋਪੜ ਪੁਲਿਸ ਨੇ ਭਾਈ ਹਰਮਿੰਦਰ ਸਿੰਘ ਨੂੰ 7-7-2016 ਨੂੰ ਗਿਰਫਤਾਰ ਕੀਤਾ ਅਤੇ ਕਹਾਣੀ ਇਹ ਬਣਾਈ ਕਿ ਉਹ ਬੱਬਰ ਖਾਲਸਾ ਦਾ ਸਰਗਰਮ ਮੈਂਬਰ ਹੈ ਅਤੇ ਲੋਕਾਂ ਨੂੰ ਫੇਸਬੱਕ ‘ਤੇ ਭਾਰਤ ਸਰਕਾਰ ਖਿਲਾਫ ਜੰਗ ਛੇੜਨ ਲਈ ਭੜਕਾ ਰਿਹਾ ਸੀ।

ਪੁਲਿਸ ਨੇ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਵਿੱਚ ਹਰਮਿੰਦਰ ਸਿੰਘ ‘ਤੇ ਇਹ ਦੋਸ਼ ਲਾਇਆ ਕਿ ਉਸ ਕੋਲ ਇੱਕ ਦੇਸੀ ਕੱਟਾ ਅਤ 5 ਗੋਲੀਆਂ, ਨਾਨਕਸ਼ਾਹੀ ਕਲੈਡਰ, ਧਾਰਮਿਕ ਰਸਾਲੇ ਅਤੇ ਕਿਤਾਬਾ ਬਰਾਮਦ ਹੋਈਆਂ ਹਨ।

ਰੋਪੜ ਪੁਲਿਸ ਵੱਲੋਂ ਅਦਾਲਤ ਤੋਂ 4 ਦਿਨਾਂ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਹਰਮਿੰਦਰ ਸਿੰਘ ਨੂੰ ਜੇਲ ਭੇਜ ਦਿੱਤਾ ਅਤੇ ਬਾਅਦ ਵਿੱਚ ਅਦਾਲਤ ਨੇ ਫੈਸਲਾ ਸੁਣਉਦਿਆਂ ਉਨ੍ਹਾਂ ਨੂੰ ਦੇਸ਼ ਧਰੋਹ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਅਤੇ ਅਸਲਾ ਕਾਨੂੰਨ ਦੀਆਂ ਧਰਾਵਾਂ ਅਧੀਨ 2 ਸਾਲ ਦੀ ਸਜ਼ਾ ਸੁਣਾ ਦਿੱਤੀ।

ਬੰਦੀ ਸਿੰਘਾਂ ਦੇ ਮਾਮਲਿਆਂ ਦੀ ਪੈਰਵੀ ਕਰ ਰਹੀ ਸੰਸਥਾ “ਸਿੱਖ ਰਿਲੀਫ਼ ਯੂਕੇ” ਦੇ ਨਾਮਵਰ ਵਕੀਲਾਂ ਵਿੱਚੋਂ ਐਡਵੋਕੇਟ ਸਰਬਜੀਤ ਸਿੰਘ ਬੈਂਸ ਅਤੇ ਸ਼੍ਰੀ ਪੰਕਜ਼ ਸ਼ਰਮਾਂ ਨੇ ਅਦਾਲਤ ਵਿੱਚ ਇਸ ਮਾਮਲੇ ਦੀ ਪੈਰਵੀ ਕੀਤੀ।

ਸਿੱਖ ਰਿਲੀਫ਼ ਦੇ ਭਾਈ ਪਰਮਿੰਦਰ ਸਿੰਘ ਅਮਲੋਹ ਨੇ ਦੱਸਿਆ ਕਿ ਸਿੱਖ ਰਿਲੀਫ਼ ਵੱਲੋਂ ਛੇਤੀ ਹੀ ਇਸ ਫੈਸਲੇ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਅਪੀਲ ਦਾਇਰ ਕਰਵਾਈ ਜਾਵੇਗੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ