ਕਿਸਾਨੀ ਸੰਘਰਸ਼: ਬੀਤੇ ਤੋਂ ਸਿੱਖ ਅੱਗੇ ਵਧੀਏ  

ਕਿਸਾਨੀ ਸੰਘਰਸ਼: ਬੀਤੇ ਤੋਂ ਸਿੱਖ ਅੱਗੇ ਵਧੀਏ  

ਗਲਤੀਆਂ ਤੋਂ ਸਿੱਖ ਕੇ ਹੀ ਸਾਡੀ ਸਮਝ ਨੇ ਹੋਰ ਨਿੱਖਰਦੇ ਜਾਣਾ ਹੁੰਦੈ

ਮਲਕੀਤ ਸਿੰਘ ਭਵਾਨੀਗੜ੍ਹ

ਬੀਤੇ ਕਈ ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਆਪਣੇ ਵੱਖ ਵੱਖ ਪੜਾਵਾਂ ਵਿੱਚੋਂ ਹੁੰਦਾ ਹੋਇਆ ਇਸ ਨਾਲ ਸਬੰਧਿਤ ਸਾਰੀਆਂ ਹੀ ਧਿਰਾਂ ਨੂੰ ਨਵੇਂ ਤਜ਼ਰਬਿਆਂ ਵਿੱਚੋਂ ਦੀ ਲੰਘਾਂ ਰਿਹਾ ਹੈ। ਪੁਰਾਣੇ ਤਜ਼ਰਬੇ ਕਿਸੇ ਦੇ ਕਿੰਨੇ ਵੀ ਸਾਲਾਂ ਦੇ ਹੋਣ ਜਰੂਰੀ ਨਹੀਂ ਹੁੰਦਾ ਕਿ ਉਹ ਆਉਣ ਵਾਲੇ ਜਾਂ ਚੱਲ ਰਹੇ ਵਕਤ ਦੇ ਮਸਲਿਆਂ ਵਿੱਚ ਹਰ ਕਦਮ ਉਹਨਾਂ ਤਜ਼ਰਬਿਆਂ ਦੇ ਸਿਰ ਉੱਤੇ ਹੀ ਸਹੀ ਲਵੇਗਾ। ਬੰਦੇ ਨੂੰ ਹਰ ਵਾਰ ਕੁਝ ਨਵਾਂ ਸਿੱਖਣ ਨੂੰ ਮਿਲਦਾ ਰਹਿੰਦਾ ਹੈ, ਚਾਹੇ ਉਸ ਕੋਲੋਂ ਕੁਝ ਚੰਗਾ ਹੋ ਗਿਆ ਹੋਵੇ ਤੇ ਚਾਹੇ ਮਾੜਾ। ਮਾੜੇ ਦੀ ਸੂਰਤ ਵਿੱਚ ਵੀ ਪਿਛਲੀਆਂ ਗਲਤੀਆਂ ਨੂੰ ਜੇਕਰ ਭਵਿੱਖ ਵਿੱਚ ਸੁਧਾਰ ਲਿਆ ਜਾਵੇ ਤਾਂ ਇਸ ਤੋਂ ਵੱਡੀ ਸਿੱਖ ਹੋਰ ਕੀ ਹੋਵੇਗੀ। ਘਰੋਂ ਕੋਈ ਵੀ ਨਿੱਠ ਕੇ ਗਲਤੀਆਂ ਕਰਨ ਲਈ ਨਹੀਂ ਤੁਰਦਾ ਹੁੰਦਾ, ਬਸ ਸਾਰਾ ਗੇੜ ਬੰਦੇ ਦੀ ਸਮਝ ਦਾ ਹੀ ਹੁੰਦੈ। ਗਲਤੀਆਂ ਤੋਂ ਸਿੱਖ ਕੇ ਹੀ ਸਾਡੀ ਸਮਝ ਨੇ ਹੋਰ ਨਿੱਖਰਦੇ ਜਾਣਾ ਹੁੰਦੈ, ਬਸ਼ਰਤੇ ਕਿ ਅਸੀਂ ਸਵੈ-ਪੜਚੋਲ ਇਮਾਨਦਾਰੀ ਨਾਲ ਕਰਦੇ ਹੋਈਏ। ਚੱਲਦੇ ਸੰਘਰਸ਼ ਵਿੱਚ ਬਹੁਤ ਵਾਰ ਉਚਾਣ-ਨਿਵਾਣ ਆਉਂਦੇ ਹਨ, ਗਲਤੀਆਂ ਵੀ ਹੋ ਜਾਇਆ ਕਰਦੀਆਂ ਹਨ, ਘਟਨਾਵਾਂ ਦੀ ਵੀ ਕੋਈ ਪੱਕੀ ਰਫਤਾਰ ਨਹੀਂ ਹੁੰਦੀ ਅਤੇ ਇਹ ਬਹੁਤਾ ਕਿਸੇ ਦੇ ਹੱਥ ਵੱਸ ਵੀ ਨਹੀਂ ਹੁੰਦੀਆਂ ਇਸ ਲਈ ਚੱਲ ਰਹੇ ਸੰਘਰਸ਼ ਦੌਰਾਨ ਘਟਨਾਵਾਂ ਜਾਂ ਬੰਦਿਆਂ ਉੱਤੇ ਊਰਜਾ ਲਾਉਣਾ ਸਹੀ ਨਹੀਂ ਹੁੰਦਾ, ਘੱਟੋ ਘੱਟ ਜਨਤਕ ਤੌਰ ਉੱਤੇ ਤਾਂ ਬਿਲਕੁਲ ਵੀ ਨਹੀਂ। ਚੱਲ ਰਹੇ ਸੰਘਰਸ਼ ਦੌਰਾਨ ਤਾਂ ਅਸੀਂ ਪਿਛਲੇ ਅਮਲਾਂ ਨੂੰ ਲੋੜ ਅਨੁਸਾਰ ਸੋਧ ਕੇ ਸੰਤੁਲਨ ਕਾਇਮ ਰੱਖਣਾ ਹੁੰਦਾ ਹੈ ਅਤੇ ਫਤਿਹ ਵੱਲ ਨੂੰ ਵਧਣ ਲਈ ਯਤਨਸ਼ੀਲ ਰਹਿਣਾ ਹੁੰਦਾ ਹੈ, ਇੱਥੇ ਨਾ ਅੱਖਾਂ ਮੀਚ ਕੇ ਚੱਲਿਆ ਜਾ ਸਕਦਾ ਹੈ ਨਾ ਬਹੁਤੇ ਹਿਸਾਬ ਕਿਤਾਬਾਂ ਨਾਲ, ਨਾ ਆਪਣੇ ਤਜ਼ਰਬਿਆਂ ਦੇ ਮਾਣ ਵਿੱਚ, ਨਾ ਹੀ ਆਪਣੇ ਕਿਸੇ ਤਿਆਗ ਦੇ ਮਾਣ ਵਿੱਚ ਅਤੇ ਨਾ ਹੀ ਆਪਣੇ ਸਹਿਯੋਗੀਆਂ ਨੂੰ ਅਣਡਿੱਠ ਕਰ ਕੇ।         

ਮੌਜੂਦਾ ਕਿਸਾਨੀ ਸੰਘਰਸ਼ ਵਿੱਚ ਵੀ ਤਕਰੀਬਨ ਹਰ ਵਰਗ ਨੇ ਆਪਣੀ ਸਮਰੱਥਾ ਅਤੇ ਸਮਝ ਮੁਤਾਬਿਕ ਆਪਣਾ ਯੋਗਦਾਨ ਪਾਇਆ ਹੈ ਅਤੇ ਪਾ ਰਿਹਾ ਹੈ। ਸਮਝ ਦੇ ਗੇੜ ਕਰਕੇ ਹੀ ਸ਼ੁਰੂ ਤੋਂ ਬਹੁਤ ਕੁਝ ਅਜਿਹਾ ਬੋਲਿਆ ਲਿਖਿਆ ਜਾ ਰਿਹਾ ਸੀ ਜਿਹੜਾ ਕਿ ਸੰਕੋਚ ਲੈਣਾ ਚਾਹੀਦਾ ਸੀ। ਕਈ ਵਾਰ ਗੱਲ ਸਹੀ ਵੀ ਹੋਵੇ ਪਰ ਓਹਨੂੰ ਕਰਨ ਦਾ ਸਮਾਂ ਸਹੀ ਨਹੀਂ ਹੁੰਦਾ। ਬਿਜਲ ਸੱਥ ਉੱਤੇ ਇਸ ਤਰ੍ਹਾਂ ਦਾ ਬਹੁਤ ਕੁਝ ਚੱਲਦਾ ਰਿਹਾ ਜੋ ਹਾਲੀ ਵੀ ਕਿਸੇ ਨਾ ਕਿਸੇ ਰੂਪ ਵਿੱਚ ਜਾਰੀ ਹੈ। ਸੰਘਰਸ਼ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਯੋਗਦਾਨ ਪਾ ਰਹੇ ਹਰ ਇਕ ਇਨਸਾਨ ਦੀ ਭਾਵਨਾ ਉੱਤੇ ਕੋਈ ਵੀ ਕਿੰਤੂ ਪ੍ਰੰਤੂ ਨਹੀਂ ਹੈ, ਨਾ ਹੀ ਸ਼ਾਇਦ ਕਰਨਾ ਚਾਹੀਦਾ ਹੈ ਪਰ ਅਸਲ ਖੇਡਾ ਤਾਂ ਅਮਲ ਦਾ ਤਰੀਕਾ ਅਤੇ ਭਾਵਨਾ ਦਾ ਸੰਤੁਲਨ ਬਣਾ ਕੇ ਰੱਖਣਾ ਹੀ ਹੈ। ਇਹ ਸੰਤੁਲਨ ਕਈ ਵਾਰੀ ਕਈ ਪਾਸਿਆਂ ਤੋਂ ਵਿਗੜਿਆ ਹੈ ਜਿਸ ਕਰ ਕੇ ਖੱਪੇ ਵਧਦੇ ਗਏ। ਖੱਪੇ ਵਧਾਉਣ ਵਾਲੇ ਜਿਆਦਾ ਅਮਲ ਬਿਜਲ ਸੱਥ ਉੱਤੇ ਹੀ ਹੋਏ ਜਿਸ ਵਿੱਚ ਦਿੱਲੀ ਦੀਆਂ ਹੱਦਾਂ ਉੱਤੇ ਮੁਢਲੇ ਦਿਨਾਂ ਵਿੱਚ ਕਦੀ ਸੂਬਿਆਂ ਦੇ ਲੋਕਾਂ ਦੀ ਸ਼ਮੂਲੀਅਤ ਜਾਂ ਉਹਨਾਂ ਦੇ ਟਰੈਕਟਰ ਟਰਾਲੀਆਂ ਦੀ ਗਿਣਤੀ ਦੇ ਵੇਰਵੇ ਪਾਏ ਗਏ, ਕਦੀ ਕਾਮਰੇਡ ਬਨਾਮ ਸਿੱਖਾਂ ਦੀ ਗੱਲ ਕੀਤੀ ਗਈ ਜਾਂ ਸਾਰੀਆਂ ਹੀ ਕਿਸਾਨ ਯੂਨੀਅਨਾਂ ਨੂੰ ਕਾਮਰੇਡ ਕਿਹਾ ਗਿਆ ਆਦਿ। ਇਸੇ ਤਰ੍ਹਾਂ ਯੂਨੀਅਨਾਂ ਦੇ ਆਗੂਆਂ ਵੱਲੋਂ ਵੀ ਆਪਣੇ ਸਹਿਯੋਗੀਆਂ ਦੀਆਂ ਭਾਵਨਾਵਾਂ ਦਾ ਖਿਆਲ ਰੱਖੇ ਬਿਨਾਂ ਕਾਫੀ ਬਿਆਨ ਅਜਿਹੇ ਆਏ ਜਿਸ ਨੇ ਖੱਪੇ ਵਧਾਉਣ ਦਾ ਕੰਮ ਕੀਤਾ। ਪਰ ਬਾਵਜੂਦ ਇਸ ਦੇ ਸੰਘਰਸ਼ ਲਗਾਤਾਰ ਉਚਾਣ ਵੱਲ ਨੂੰ ਜਾਂਦਾ ਰਿਹਾ ਜਿਸ ਕਰਕੇ ਦੂਸਰਾ ਪਾਸਾ ਲੋਕਾਂ ਨੂੰ ਸ਼ਾਇਦ ਭੁੱਲ ਹੀ ਗਿਆ ਕਿ ਨਿਵਾਣ ਵੀ ਆ ਸਕਦੀ ਹੈ। ਫਿਰ ਇਕਦਮ ਪਾਸਾ ਪਲਟਦਾ ਹੈ ਅਤੇ ਕਾਫੀ ਨਿਰਾਸ਼ਤਾ ਆਉਂਦੀ ਹੈ, ਜਿਸ ਵਿੱਚ ਸਰਕਾਰ ਦੇ ਦੁਆਲੇ ਹੋਣ ਨਾਲੋਂ ਮਾਨਸਿਕ ਪ੍ਰਭਾਵ ਕਾਰਨ ਆਪਣੇ ਬੰਦੇ ਇਕ ਦੂਸਰੇ ਦੁਆਲੇ ਹੀ ਹੋ ਗਏ। ਇਸ ਤਰ੍ਹਾਂ ਦਾ ਸੰਘਰਸ਼ ਕਿਸੇ ਨਿੱਜ ਉੱਤੇ ਕੇਂਦਰਿਤ ਨਹੀਂ ਹੋਣਾ ਜਾਂ ਕਰਨਾ ਚਾਹੀਦਾ, ਸਗੋਂ ਜੇਕਰ ਸੰਗਤ ਤੋਂ ਨਿੱਜ ਵੱਲ ਆਉਂਦਾ ਵੀ ਹੋਵੇ ਤਾਂ ਯਤਨ ਕਰਨਾ ਚਾਹੀਦਾ ਹੈ ਕਿ ਸੰਗਤ ਦਾ ਹੀ ਰਹੇ। ਲੋੜ ਸੀ ਇਹ ਸਾਰੇ ਖਿਲਾਰੇ ਨੂੰ ਠੀਕ ਕਰਨ ਦੀ ਤਾਂ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਕੁਝ ਸੁਹਿਰਦ ਮਨੁੱਖਾਂ ਦੇ ਹਿੱਸੇ ਇਹ ਕਾਰਜ ਆਇਆ ਜਿੰਨ੍ਹਾਂ ਨੇ ਇਹ ਖਿਲਾਰੇ ਨੂੰ ਇਕੱਠਾ ਕਰਨ ਦੇ ਉੱਦਮ ਸ਼ੁਰੂ ਕੀਤੇ। ਕੋਈ ਇਕ ਧਿਰ ਬਣਨ ਦੀ ਥਾਂ ਚੱਲ ਰਹੀ ਹਵਾ ਦੇ ਉਲਟ ਜਾ ਕੇ ਸਭ ਨੂੰ ਇਕੱਠੇ ਕਰਨ ਦੇ ਉੱਦਮ ਸਦਕਾ ਗੁਰੂ ਪਾਤਸ਼ਾਹ ਦੇ ਸਨਮੁੱਖ ਅਰਦਾਸਾਂ ਹੋਈਆਂ, ਸੰਗਤਾਂ ਦੀ ਸ਼ਮੂਲੀਅਤ ਦੁਬਾਰਾ ਕਰਵਾਉਣ ਦੇ ਉੱਦਮ ਹੋਏ ਅਤੇ ਹੋਈਆਂ ਅਰਦਾਸਾਂ ਸਦਕਾ ਮੁੜ ਪੱਤਝੜ ਤੋਂ ਬਹਾਰ ਵੱਲ ਨੂੰ ਮੋੜਾ ਪੈਣਾ ਸ਼ੁਰੂ ਹੋਇਆ ਹੈ। 

ਬੰਦਿਆਂ ਦੇ ਬਿਆਨ ਬਦਲੇ ਹਨ, ਇਕ ਦੂਜੇ ਪ੍ਰਤੀ ਵਰਤੀ ਜਾਂਦੀ ਸ਼ਬਦਾਬਲੀ ਬਦਲੀ ਹੈ ਅਤੇ ਇਕੱਠੇ ਚੱਲਣ ਦੀਆਂ ਗੱਲਾਂ ਤੁਰੀਆਂ ਹਨ। ਭਾਵੇਂ ਇਹ 100 ਫ਼ੀਸਦੀ ਸੰਭਵ ਨਹੀਂ ਹੋਇਆ ਪਰ 100 ਫ਼ੀਸਦੀ ਹੀ ਹੋਵੇ, ਇਹ ਵੀ ਜਰੂਰੀ ਨਹੀਂ ਹੁੰਦਾ। ਵੱਡੀ ਗੱਲ ਹੈ ਕਿ ਅੱਜ ਮੁੜ ਇਕ ਹੋ ਕੇ ਚੱਲਣ ਦੀ ਗੱਲ ਹੋ ਰਹੀ ਹੈ ਜੋ ਕਿ ਇਕ ਚੰਗਾ ਸੁਨੇਹਾ ਹੈ। ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਹੁਣ ਸਹਿਯੋਗੀ ਧਿਰਾਂ ਨਾਲ ਰਾਬਤਾ ਬਣਾ ਕੇ ਉਹਨਾਂ ਦੇ ਵਿਚਾਰ ਲੈਣ ਦਾ ਅਮਲ ਵੀ ਕੀਤਾ ਜਾਵੇਗਾ, ਜਿਹੜੀ ਕਿ ਇਕ ਵੱਡੀ ਕਮੀ ਸੀ, ਇਹ ਕਮੀ ਅਸੀਂ 23 ਦਸੰਬਰ ਦੀ ਸੰਪਾਦਕੀ ਵਿੱਚ ਵੀ ਉਭਾਰੀ ਸੀ। ਚਲੋ ਦੇਰ ਆਏ ਦਰੁੱਸਤ ਆਏ। ਜੇਕਰ ਸਹਿਯੋਗੀ ਧਿਰਾਂ ਦੇ ਵਿਚਾਰ ਲੈ ਕੇ ਅਗਲੇ ਅਮਲ ਹੋਣ ਤਾਂ ਜੋ ਖੱਪੇ ਗਾਹੇ ਬਗਾਹੇ ਪਏ ਹਨ ਉਹ ਯਕੀਨਨ ਘਟ ਸਕਦੇ ਹਨ। 

ਜੋ ਵੀ ਇਮਾਨਦਾਰੀ ਨਾਲ ਆਪਣੀਆਂ ਪਿਛਲੀਆਂ ਗਲਤੀਆਂ ਤੋਂ ਸਿੱਖ ਕੇ ਅਗਲੇ ਅਮਲਾਂ ਵਿੱਚ ਸੋਧਾਂ ਕਰੇਗਾ, ਵਕਤ ਨੇ ਤਾਂ ਉਸਨੂੰ ਆਪਣੀ ਬੁੱਕਲ ਵਿੱਚ ਲੈਣਾ ਹੀ ਹੈ ਸਗੋਂ ਤਵਾਰੀਖ ਨੇ ਵੀ ਹਮੇਸ਼ਾਂ ਲਈ ਉੱਚੀ ਥਾਂ ਦੇ ਦੇਣੀ ਹੈ। ਜੋ ਆਪਣੀ ਹਉਮੈ ਛੱਡ ਅੱਗੇ ਨਹੀਂ ਤੁਰੇਗਾ, ਉਸਨੂੰ ਵੀ ਇਤਿਹਾਸ ਨੇ ਹਮੇਸ਼ਾਂ ਲਈ ਯਾਦ ਰੱਖਣਾ ਹੈ, ਬਸ ਯਾਦ ਕਿਵੇਂ ਰੱਖਣਾ ਹੈ ਫਰਕ ਇਹੀ ਹੋਵੇਗਾ।