ਮੁਸਲਿਮ ਵਿਦਿਆਰਥੀ ਸ਼ਰਜੀਲ ਇਮਾਮ ਨਿਸ਼ਾਨੇ 'ਤੇ: ਪੰਜ ਸੂਬਿਆਂ ਦੀ ਪੁਲਸ ਨੇ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ

ਮੁਸਲਿਮ ਵਿਦਿਆਰਥੀ ਸ਼ਰਜੀਲ ਇਮਾਮ ਨਿਸ਼ਾਨੇ 'ਤੇ: ਪੰਜ ਸੂਬਿਆਂ ਦੀ ਪੁਲਸ ਨੇ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕੀਤੇ
ਸ਼ਰਜੀਲ ਇਮਾਮ

ਨਵੀਂ ਦਿੱਲੀ, (ਏ.ਟੀ. ਬਿਊਰੋ): ਜੇਐਨਯੂ ਦੇ ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਪੰਜ ਸੂਬਿਆਂ ਦੀ ਪੁਲਸ ਨੇ ਦੇਸ਼ ਧ੍ਰੋਹ ਦੇ ਮਾਮਲੇ ਦਰਜ ਕਰ ਦਿੱਤੇ ਹਨ। ਇਸ ਤੋਂ ਇਲਾਵਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਵਰਗੇ ਕਾਲੇ ਕਾਨੂੰਨ ਦੀਆਂ ਕਈ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ।

ਪੁਲਿਸ ਸ਼ਰਜੀਲ ਇਮਾਮ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀਆਂ ਕਰ ਰਹੀ ਹੈ ਤੇ ਅੱਜ ਸਵੇਰੇ ਪੁਲਸ ਨੇ ਉਸਦੇ ਭਰਾ ਨੂੰ ਗ੍ਰਿਫਤਾਰ ਕਰ ਲਿਆ ਹੈ। ਭਰਾ ਤੋਂ ਇਲਾਵਾ ਹੋਰ ਰਿਸ਼ਤੇਦਾਰਾਂ ਨੂੰ ਵੀ ਚੁੱਕਣ ਦੀਆਂ ਖਬਰਾਂ ਹਨ। ਪੰਜ ਸੂਬਿਆਂ ਦੀ ਪੁਲਸ ਸ਼ਰਜੀਲ ਨੂੰ ਇਸ ਤਰ੍ਹਾਂ ਭਾਲ ਰਹੀ ਹੈ ਜਿਵੇਂ ਉਸਨੇ ਕੋਈ ਬਹੁਤ ਵੱਡੀ 'ਅੱਤਵਾਦੀ ਕਾਰਵਾਈ' ਨੂੰ ਅੰਜਾਮ ਦਿੱਤਾ ਹੋਵੇ। 

ਇਹ ਕੇਸ ਦਰਜ ਹੋਣ ਦਾ ਮਸਲਾ ਸ਼ਰਜੀਲ ਇਮਾਮ ਦੇ ਇਕ ਭਾਸ਼ਣ ਨਾਲ ਸ਼ੁਰੂ ਹੋਇਆ। 16 ਜਨਵਰੀ ਵਾਲੇ ਦਿਨ ਸ਼ਰਜੀਲ ਨੇ ਉਤਰ ਪ੍ਰਦੇਸ਼ ਦੀ ਅਲੀਗੜ੍ਹ ਮੁਸਲਿਮ ਯੁਨੀਵਰਸਿਟੀ ਵਿਚ ਬੋਲਦਿਆਂ ਕਿਹਾ ਸੀ ਕਿ ਜੇ ਰੈਲੀਆਂ ਵਿਚ ਇਕੱਠੇ ਹੋਣ ਵਾਲੇ ਪੰਜ ਲੱਖ ਲੋਕ ਅਸਾਮ ਨੂੰ ਬਾਕੀ ਭਾਰਤ ਨਾਲ ਜੋੜਦੀ ਥਾਂ 'ਤੇ ਇਕੱਠੇ ਹੋ ਜਾਣ ਤਾਂ ਉੱਤਰ ਪੂਰਬੀ ਖੇਤਰ ਦਾ ਬਾਕੀ ਭਾਰਤ ਨਾਲੋਂ ਸਬੰਧ ਹਮੇਸ਼ਾ ਲਈ ਟੁੱਟ ਜਾਵੇਗਾ ਤੇ ਸਰਕਾਰ ਨੂੰ ਸੀਏਏ ਖਿਲਾਫ ਵਿਰੋਧ ਕਰ ਰਹੇ ਲੋਕਾਂ ਦੀ ਗੱਲ ਸੁਣਨ ਲਈ ਮਜ਼ਬੂਰ ਹੋਣਾ ਪਵੇਗਾ। 

ਭਾਜਪਾ ਨੇ ਦੋਸ਼ ਲਾਇਆ ਕਿ ਸ਼ਰਜੀਲ ਇਮਾਮ ਦਾ ਇਹ ਭਾਸ਼ਣ ਦੇਸ਼ ਵਿਰੋਧੀ ਤੇ ਹਿੰਸਾ ਭੜਕਾਉਣ ਵਾਲਾ ਹੈ। ਭਾਜਪਾ ਦੀ ਸਰਕਾਰ ਵਾਲੇ ਸੂਬਿਆਂ ਅਸਾਮ, ਉਤਰ ਪ੍ਰਦੇਸ਼, ਮਨੀਪੁਰ, ਅਤੇ ਅਰੁਣਾਚਲ ਪ੍ਰਦੇਸ਼ ਵਿਚ ਤੇ ਭਾਜਪਾ ਸਰਕਾਰ ਦੇ ਪ੍ਰਬੰਧ ਹੇਠਲੀ ਦਿੱਲੀ ਪੁਲਸ ਨੇ ਸ਼ਰਜੀਲ ਇਮਾਮ ਖਿਲਾਫ ਇਹ ਮਾਮਲੇ ਦਰਜ ਕਰ ਦਿੱਤੇ। 

ਸ਼ਰਜੀਲ ਇਮਾਮ ਦੇ ਵਕੀਲਾਂ ਦਾ ਕਹਿਣਾ ਹੈ ਕਿ ਪਹਿਲਾਂ ਤਾਂ ਸ਼ਰਜੀਲ ਦੇ ਬਿਆਨ 'ਤੇ ਦੇਸ਼ ਧ੍ਰੋਹ ਦਾ ਮਾਮਲਾ ਦਰਜ ਹੀ ਨਹੀਂ ਕੀਤਾ ਜਾ ਸਕਦਾ ਤੇ ਜੇ ਮਾਮਲਾ ਦਰਜ ਹੋ ਵੀ ਸਕਦਾ ਹੈ ਤਾਂ ਸਿਰਫ ਉਤਰ ਪ੍ਰਦੇਸ਼ ਵਿਚ ਦਰਜ ਹੋ ਸਕਦਾ ਹੈ। 

ਆਧੁਨਿਕ ਇਤਿਹਾਸ ਵਿਸ਼ੇ 'ਚ ਪੀਐਚਡੀ ਕਰ ਰਹੇ ਸ਼ਰਜੀਲ ਇਮਾਮ ਦੇ ਬਿਹਾਰ ਸਥਿਤ ਘਰ ਵਿਚ ਪੁਲਸ ਵੱਲੋਂ ਛਾਪੇਮਾਰੀ ਕਰਕੇ ਉਸ ਦੇ ਪਰਿਵਾਰ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। 

ਸ਼ਰਜੀਲ ਇਮਾਮ ਸ਼ਾਹੀਨ ਬਾਗ ਵਿਚ ਚੱਲ ਰਹੇ ਮੁਸਲਿਮ ਔਰਤਾਂ ਦੇ ਸੀਏਏ ਖਿਲਾਫ ਮੋਰਚੇ ਨੂੰ ਸੰਗਠਿਤ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਸ਼ਰਜੀਲ ਖਿਲਾਫ ਭਾਜਪਾ ਹੀ ਨਹੀਂ ਬਲਕਿ ਕਾਂਗਰਸ ਵੀ ਖੜ੍ਹ ਗਈ ਹੈ। ਮੁਸਲਿਮ ਵਿਦਿਆਰਥੀ ਖਿਲਾਫ ਭਾਜਪਾ ਅਤੇ ਕਾਂਗਰਸ ਇਕ ਰਾਹ ਚੱਲ ਰਹੀਆਂ ਹਨ। ਕਾਂਗਰਸ ਦੇ ਵਿਦਿਆਰਥੀ ਵਿੰਗ ਐਨਐਸਯੂਆਈ ਨੇ ਵਸੰਤ ਕੁੰਜ ਥਾਣੇ ਵਿਚ ਸ਼ਰਜੀਲ ਇਮਾਮ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ।

ਮੁਸਲਿਮ ਵਿਦਿਆਰਥੀ ਸ਼ਰਜੀਲ ਇਮਾਮ ਖਿਲਾਫ ਜਿੱਥੇ ਭਾਰਤੀ ਸਿਆਸਤ ਇਕਜੁੱਟ ਹੋਈ ਨਜ਼ਰ ਆ ਰਹੀ ਹੈ ਉੱਥੇ ਖੱਬੇਪੱਖੀ ਧਿਰਾਂ ਵੀ ਸਰਕਾਰ ਦੀ ਇਸ ਕਾਰਵਾਈ ਖਿਲਾਫ ਚੁੱਪ ਹਨ। 

 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।