ਭਗਵਾਂ ਫਾਸ਼ੀਵਾਦ ,ਵਿਦਿਆਰਥੀ ਤੇ ਪੁਲੀਸ ਦੀ ਦਹਿਸ਼ਤਗਰਦੀ

ਭਗਵਾਂ ਫਾਸ਼ੀਵਾਦ ,ਵਿਦਿਆਰਥੀ ਤੇ ਪੁਲੀਸ ਦੀ ਦਹਿਸ਼ਤਗਰਦੀ

ਅਮਨਦੀਪ ਸਿੰਘ ਸੇਖੋਂ

ਦਿੱਲੀ ਪੁਲਿਸ ਨੇ ਆਖਿਰ ਆਪਣੇ ਸਿਆਸੀ ਆਕਾਵਾਂ ਪ੍ਰਤੀ ਆਪਣਾ ਫਰਜ਼ ਪੂਰਾ ਕੀਤਾ ਹੈ ਅਤੇ ਜੇ.ਐੱਨ.ਯੂ. ਵਿੱਚ 5 ਜਨਵਰੀ ਨੂੰ ਹੋਈ ਘਟਨਾ ਵਿੱਚ ਹਮਲੇ ਦਾ ਸ਼ਿਕਾਰ ਬਣੀ ਧਿਰ ਦੇ ਹੀ 20 ਵਿਦਿਆਰਥੀਆਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਹੈ। ਇਲਜ਼ਾਮ ਇਹ ਲੱਗਿਆ ਹੈ ਕਿ ਉਨ੍ਹਾਂ ਨੇ 4 ਜਨਵਰੀ ਨੂੰ ਜੇ.ਐੱਨ.ਯੂ. ਅੰਦਰ ਹਿੰਸਾ ਕੀਤੀ ਸੀ। ਇਨ੍ਹਾਂ ਹੀ ਸਿਆਸੀ ਆਕਾਵਾਂ ਪ੍ਰਤੀ ਅਜਿਹਾ ਹੀ ਫਰਜ਼ 21 ਸਤੰਬਰ 2015 ਨੂੰ ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਨਿਭਾਇਆ ਸੀ। ਰੋਹਿਤ ਵੈਮੁੱਲਾ ਅਤੇ ਉਸਦੇ ਚਾਰ ਹੋਰ ਸਾਥੀਆਂ ਨੂੰ ਯੂਨੀਵਰਸਿਟੀ ਤੋਂ ਛੇ ਮਹੀਨੇ ਲਈ ਬਰਖਾਸਤ ਕਰਨ, ਉਨ੍ਹਾਂ ਦਾ ਵਜ਼ੀਫਾ ਬੰਦ ਕਰਨ ਅਤੇ ਉਨ੍ਹਾਂ ਨੂੰ ਹੋਸਟਲ ਵਿੱਚੋਂ ਕੱਢਣ ਦਾ ਫੈਸਲਾ ਲਿਆ ਸੀ।

ਉਸ ਵੇਲੇ ਵੀ ਇੱਕ ਧਿਰ ਨੇ ਚੀਕ ਕੇ ਕਿਹਾ ਸੀ ‘ਆਜ਼ਾਦੀ’ ਅਤੇ ਦੂਸਰੀ ਧਿਰ ਚੀਕੀ ਸੀ ‘ਦੇਸ਼ਧ੍ਰੋਹੀ’। ਪਰ ਵਿਚਕਾਰ ਪਈ ਲਾਸ਼ ਕਿਉਂਕਿ ਇੱਕ ਦਲਿਤ ਵਿਦਿਆਰਥੀ ਦੀ ਸੀ, ਜਿਸਨੇ 17 ਜਨਵਰੀ 2016 ਨੂੰ ਆਤਮ-ਹੱਤਿਆ ਕਰ ਲਈ ਸੀ, ਇਸ ਲਈ ‘ਦੇਸ਼-ਭਗਤਾਂ’ ਨੇ ਆਪਣੇ ਇਲਜ਼ਾਮ ਵਾਪਸ ਲੈ ਲਏ ਸਨ। ਇਸ ਤਰ੍ਹਾਂ ਰੋਹਿਤ ਦੇ ਆਖਰੀ ਪੱਤਰ ਵਿੱਚ ਲਿਖੀ ਗੱਲ ਨੂੰ ਸੱਚ ਸਾਬਿਤ ਕਰ ਦਿੱਤਾ ਸੀ ਕਿ “ਆਦਮੀ ਦੀ ਕੀਮਤ ਤਾਂ ਉਸਦੀ ਫੌਰੀ ਪਹਿਚਾਣ ਵਿੱਚ ਸਿਮਟ ਕੇ ਰਹਿ ਗਈ ਹੈ। ਸਭ ਤੋਂ ਨੇੜੇ ਦੀ ਸੰਭਾਵਨਾ ਹੀ ਸਾਡੀ ਪਹਿਚਾਣ ਤੈਅ ਕਰਦੀ ਹੈ। ਇੱਕ ਵੋਟ, ਇੱਕ ਸੰਖਿਆ ਅਤੇ ਇੱਕ ਚੀਜ਼ ਰਾਹੀਂ। ਆਦਮੀ ਨੂੰ ਦਿਮਾਗ਼ ਵਾਂਗ ਤਾਂ ਦੇਖਿਆ ਹੀ ਨਹੀਂ ਗਿਆ ਹੈ।” ਰੋਹਿਤ ਨੂੰ ਵੀ ਉਸਦੇ ਦਿਮਾਗ਼ ਕਾਰਨ ਨਹੀਂ, ਉਸਦੀ ਜਾਤ ਦੀਆਂ ਵੋਟਾਂ ਕਾਰਨ ਪਹਿਚਾਣਿਆ ਗਿਆ। ਪਹਿਲਾਂ-ਪਹਿਲ ਤਾਂ ਭਾਜਪਾ ਦੇ ਲੀਡਰਾਂ ਨੇ ਇਹ ਕੋਸ਼ਿਸ਼ ਕੀਤੀ ਕਿ ਰੋਹਿਤ ਨੂੰ ਗ਼ੈਰ-ਦਲਿਤ ਸਾਬਿਤ ਕੀਤਾ ਜਾਵੇ। ਪਰ ਜਦੋਂ ਕੋਈ ਗੱਲ ਨਹੀਂ ਬਣੀ ਤਾਂ ਵਿਰੋਧੀ ਧਿਰਾਂ ਉੱਤੇ ਇੱਕ ਦਲਿਤ ਵਿਦਿਆਰਥੀ ਦੀ ਮੌਤ ਉੱਤੇ ਰਾਜਨੀਤੀ ਕਰਨ ਦਾ ਇਲਜ਼ਾਮ ਲਗਾ ਕੇ ਪੱਲਾ ਝਾੜ ਲਿਆ।

ਵਿਵਾਦ ਸ਼ੁਰੂ ਹੋਇਆ ਸੀ ਦਿੱਲੀ ਯੂਨੀਵਰਸਿਟੀ ਵਿੱਚ ਇੱਕ ਫਿਲਮ ਦੀ ਸਕ੍ਰੀਨਿੰਗ ਉੱਤੇ ਲੱਗੀ ਰੋਕ ਤੋਂ। ਫਿਲਮ ਸੀ ਨਕੁਲ ਸਿੰਘ ਸਾਹਨੀ ਦੀ ਮੁਜ਼ੱਫਰਨਗਰ ਦੰਗਿਆਂ ਉੱਤੇ ਬਣੀ ਫਿਲਮ ‘ਮੁਜ਼ੱਫਰਨਗਰ ਬਾਕੀ ਹੈ’, ਜਿਸ ਦੀ ਸਕ੍ਰੀਨਿੰਗ ਉੱਤੇ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਨੇ ਇਤਰਾਜ਼ ਕੀਤਾ ਸੀ ਅਤੇ ਇਹ ਸਕ੍ਰੀਨਿੰਗ ਰੁਕ ਗਈ ਸੀ। ਵਿਰੋਧੀ ਵਿਚਾਰਾਂ ਦੇ ਪ੍ਰਗਟਾਵੇ ਉੱਤੇ ਹੋਏ ਇਸ ਹਮਲੇ ਵਿਰੁੱਧ ਦੇਸ਼ ਭਰ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਪ੍ਰਦਰਸ਼ਨ ਹੋਏ ਸਨ। ਹੈਦਰਾਬਾਦ ਕੇਂਦਰੀ ਯੂਨੀਵਰਸਿਟੀ ਵਿੱਚ ਹੋਏ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਨੇ। ਜਵਾਬੀ ਕਾਰਵਾਈ ਵਿੱਚ ਇਸ ਵਿਦਿਆਰਥੀ ਜਥੇਬੰਦੀ ਦੇ ਤਿੰਨ ਵਿਦਿਆਰਥੀਆਂ ਉੱਤੇ ਏ.ਬੀ.ਵੀ.ਪੀ. ਦੇ ਇੱਕ ਨੇਤਾ ਨੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਕੋਈ ਸਬੂਤ ਨਾ ਹੁੰਦੇ ਹੋਏ ਵੀ ਪੰਜ ਵਿਦਿਆਰਥੀਆਂ ਨੂੰ ਸਜ਼ਾ ਦਿੱਤੀ ਗਈ। ਇਨ੍ਹਾਂ ਵਿਦਿਆਰਥੀਆਂ ਨੇ ਹਾਈ ਕੋਰਟ ਵਿੱਚ ਕੇਸ ਕਰਕੇ ਇਹ ਆਖਿਆ ਕਿ ਉਨ੍ਹਾਂ ਨੂੰ ਦਿੱਤੀ ਗਈ ਸਜ਼ਾ ਰਾਜਸੀ ਰੰਜਿਸ਼ ਦਾ ਸਿੱਟਾ ਸੀ। ਪਰ ਸ਼ਾਇਦ ਰੋਹਿਤ ਵੈਮੁੱਲਾ ਨੂੰ ਸਾਡੇ ਦੇਸ਼ ਦੀ ਨਿਆਂ ਪ੍ਰਣਾਲੀ ਦੀ ਕਾਰਜ ਕੁਸ਼ਲਤਾ ਉੱਤੇ ਕੁਝ ਖਾਸ ਭਰੋਸਾ ਨਹੀਂ ਸੀ। ਇਸ ਲਈ ਅਦਾਲਤੀ ਫੈਸਲੇ ਦਾ ਇੰਤਜ਼ਾਰ ਕੀਤੇ ਬਿਨਾ ਹੀ ਰੋਹਿਤ ਨੇ ਆਪਣੀ ਮੌਤ ਦਾ ਫੈਸਲਾ ਕਰ ਲਿਆ।

ਹੁਣ ਜਿਹੜੇ ਜੇ.ਐੱਨ.ਯੂ. ਦੇ ਵਿਦਿਆਰਥੀਆਂ ਨੂੰ ਦੇਸ਼ ਧ੍ਰੋਹੀ ਆਖ ਕੇ ਉਨ੍ਹਾਂ ਨੂੰ ਪਈ ਮਾਰ ਉੱਤੇ ਖੁਸ਼ ਹੋ ਰਹੇ ਹਨ, ਉਹ ਲੱਗੇ ਹੱਥ ਇੱਕ ਵਾਰ ਫਿਰ ਤੋਂ ਰੋਹਿਤ ਵੈਮੁੱਲਾ ਦੀ ਮੌਤ ਦੀ ਵੀ ਖੁਸ਼ੀ ਮਨਾ ਸਕਦੇ ਹਨ, ਕਿਉਂਕਿ ਉਹ ਵੀ ਦੇਸ਼ਧ੍ਰੋਹੀ ਸੀ। ਭਾਜਪਾ ਦੇ ਇੱਕ ਸਾਂਸਦ ਅਤੇ ਇੱਕ ਕੇਂਦਰੀ ਮੰਤਰੀ ਬੰਡਰੂ ਦੱਤਾਤ੍ਰੇ ਨੇ ਮਾਨਵ ਸੰਸਾਧਨ ਮੰਤਰੀ ਨੂੰ ਲਿਖੇ ਇੱਕ ਪੱਤਰ ਵਿੱਚ ਅੰਬੇਦਕਰ ਸਟੂਡੈਂਟਸ ਐਸੋਸੀਏਸ਼ਨ ਨੂੰ ਅੱਤਵਾਦ ਪੱਖੀ ਅਤੇ ਦੇਸ਼ਧ੍ਰੋਹੀ ਆਖਿਆ ਸੀ। ਜਿਵੇਂ ਕਨ੍ਹਈਆ ਕੁਮਾਰ ਦੇ ਖਿਲਾਫ ਅਫਜ਼ਲ ਗੁਰੂ ਦੇ ਪੱਖ ਵਿੱਚ ਨਾਅਰੇ ਲਾਉਣ ਦਾ ਇਲਜ਼ਾਮ ਲੱਗਿਆ ਸੀ, ਉਵੇਂ ਹੀ ਇਨ੍ਹਾਂ ਵਿਦਿਆਰਥੀਆਂ ਉੱਤੇ ਯਾਕੂਬ ਮੈਨਨ ਦੀ ਫਾਂਸੀ ਦਾ ਵਿਰੋਧ ਕਰਨ ਦਾ ਇਲਜ਼ਾਮ ਲਾਇਆ ਗਿਆ ਸੀ।

ਗੱਲ-ਗੱਲ ਉੱਤੇ ਦੂਸ਼ਣਬਾਜ਼ੀ ਕਰਨ ਵਾਲੇ ਸਾਡੇ ਲੀਡਰਾਂ ਨਾਲੋਂ ਕਿੰਨਾ ਮਹਾਨ ਸੀ ਰੋਹਿਤ ਜਿਸਨੇ ਆਪਣੇ ਆਖਰੀ ਖ਼ਤ ਵਿੱਚ ਸਭ ਨੂੰ ਦੋਸ਼-ਮੁਕਤ ਕਰ ਦਿੱਤਾ। ਉਸਨੇ ਲਿਖਿਆ ਕਿ, “ਅਜਿਹਾ ਕਰਨ ਲਈ ਮੈਂਨੂੰ ਕਿਸੇ ਨੇ ਨਹੀਂ ਉਕਸਾਇਆ ਨਾ ਆਪਣੇ ਸ਼ਬਦਾਂ ਨਾਲ ਅਤੇ ਨਾ ਕੰਮਾਂ ਨਾਲ। ਇਹ ਮੇਰਾ ਫੈਸਲਾ ਹੈ ਅਤੇ ਮੈਂ ਇਕੱਲਾ ਹੀ ਇਸਦੇ ਲਈ ਜ਼ਿੰਮੇਦਾਰ ਹਾਂ। ਮੇਰੇ ਦੋਸਤਾਂ ਅਤੇ ਦੁਸ਼ਮਣਾਂ ਨੂੰ ਇਸਦੇ ਲਈ ਪ੍ਰੇਸ਼ਾਨ ਨਾ ਕੀਤਾ ਜਾਵੇ।” ਰਾਹਤ ਇੰਦੌਰੀ ਦੇ ਉਸ ਸ਼ੇਅਰ ਵਾਂਗ ਕਿ “ਅਬ ਕਹਾਂ ਢੂੰਡਨੇ ਜਾਓਗੇ ਹਮਾਰੇ ਕਾਤਿਲ, ਆਪ ਤੋ ਕਤਲ ਕਾ ਇਲਜ਼ਾਮ ਹਮੀਂ ਪਰ ਰੱਖ ਦੋ” ਰੋਹਿਤ ਵੈਮੁੱਲਾ ਨੇ ਆਪਣੀ ਮੌਤ ਦਾ ਇਲਜ਼ਾਮ ਵੀ ਆਪਣੇ ਜੰਮਣ ਨੂੰ ਹੀ ਦੇ ਲਿਆ ਅਤੇ ਲਿਖਿਆ ਕਿ, “ਮੇਰਾ ਪੈਦਾ ਹੋਣਾ ਹੀ ਇੱਕ ਜਾਨਲੇਵਾ ਦੁਰਘਟਨਾ ਹੈ।” ਪਰ ਜਦੋਂ ਇਸ ਕਥਨ ਨੂੰ ਉਸਦੇ ਖ਼ਤ ਵਿਚਲੀ ਇੱਕ ਹੋਰ ਸਤਰ ਨਾਲ ਜੋੜ ਕੇ ਪੜ੍ਹਦੇ ਹਾਂ ਕਿ, “ਕੁਝ ਲੋਕਾਂ ਲਈ ਤਾਂ ਜੀਵਨ ਹੀ ਇੱਕ ਅਭਿਸ਼ਾਪ ਹੈ।” ਤਾਂ ਸਮਾਜ ਦੇ ਇੱਕ ਵੱਡੇ ਹਿੱਸੇ ਦੇ ਦਰਦ ਦੀ ਝਲਕ ਪੈਂਦੀ ਹੈ ਜਿਨ੍ਹਾਂ ਵਿੱਚੋਂ ਰੋਹਿਤ ਵੈਮੁੱਲਾ ਵੀ ਇੱਕ ਸੀ।

ਗੱਲ-ਗੱਲ ਉੱਤੇ ਪੂਰਬ ਦੇ ਅਧਿਆਤਮਵਾਦ ਨੂੰ ਸਲਾਹੁਣ ਵਾਲੇ ਅਤੇ ਪੱਛਮ ਦੇ ਪਦਾਰਥਵਾਦ ਨੂੰ ਨਿੰਦਣ ਵਾਲਿਆਂ ਨੂੰ ਸ਼ਹੀਦ ਭਗਤ ਸਿੰਘ ਦੀ 1928 ਵਿੱਚ ਲਿਖੀ ਇਸ ਗੱਲ ਉੱਤੇ ਗੌਰ ਕਰਨਾ ਚਾਹੀਦਾ ਹੈ ਕਿ, “ਸਾਡਾ ਮੁਲਕ ਬੜਾ ਰੂਹਾਨੀਅਤ ਪਸੰਦ ਹੈ। ਅਸੀਂ ਮਨੁੱਖ ਨੂੰ ਮਨੁੱਖ ਦਾ ਦਰਜਾ ਦੇਣੋ ਵੀ ਝਕਦੇ ਹਾਂ ਅਤੇ ਉਹ ਬਿਲਕੁਲ ਹੀ ਮਾਇਆਵਾਦੀ (ਪਦਾਰਥਵਾਦੀ) ਕਹਾਉਣ ਵਾਲਾ ਯੂਰਪ ਕਈ ਸਦੀਆਂ ਤੋਂ ਬਰਾਬਰੀ ਦਾ ਸ਼ੋਰ ਮਚਾ ਰਿਹਾ ਹੈ। … ਕੁੱਤਾ ਸਾਡੀ ਗੋਦ ਵਿੱਚ ਬੈਠ ਸਕਦਾ ਹੈ, ਸਾਡੇ ਚੌਕੇ ਵਿੱਚ ਨਿਸ਼ੰਗ ਫਿਰਦਾ ਹੈ ਪਰ ਇੱਕ ਆਦਮੀ ਸਾਡੇ ਨਾਲ ਛੂਹ ਜਾਵੇ ਤਾਂ ਬੱਸ ਧਰਮ ਖਰਾਬ ਹੋ ਜਾਂਦਾ ਹੈ।” ਇਹ ਗੱਲ 1928 ਦੀ ਹੈ ਅਤੇ ਅੱਜ 2019 ਹੈ। ਅੱਜ ਵੀ ਘੋੜੀ ਉੱਤੇ ਚੜ੍ਹਨ, ਕੁੰਢੀਆਂ ਮੱਛਾਂ ਰੱਖਣ ਜਾਂ ਅੰਤਰ-ਜਾਤੀ ਵਿਆਹ ਕਰਵਾਉਣ ਉੱਤੇ ਦਲਿਤਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਅੱਜ ਵੀ ਰਾਜਨੀਤੀ ਕੰਮ ਉੱਤੇ ਵੋਟ ਮੰਗਣ ਦੀ ਥਾਂ ਧਰਮ ਅਤੇ ਜਾਤ-ਬਿਰਾਦਰੀ ਦੇ ਸਮੀਕਰਣਾਂ ਰਾਹੀਂ ਵੋਟਾਂ ਲੈਣ ਨੂੰ ਪਹਿਲ ਦਿੰਦੀ ਹੈ। ਅੱਜ ਵੀ ਕੋਈ ਮਨੂੰਵਾਦੀ ਵਾਈਸ ਚਾਂਸਲਰ ਰੋਹਿਤ ਵੈਮੁੱਲਾ ਵਰਗੇ ਹੋਣਹਾਰ ਵਿਦਿਆਰਥੀ ਨੂੰ ਪੜ੍ਹਨ ਦੇ ਹੱਕ ਤੋਂ ਵਿਰਵਾ ਕਰ ਦਿੰਦਾ ਹੈ।

ਰੋਹਿਤ ਨੇ ਆਪਣੇ ਆਖਰੀ ਖ਼ਤ ਵਿੱਚ ਆਪਣੇ ਸੁਪਨਿਆਂ ਦੀ ਗੱਲ ਕੀਤੀ ਹੈ ਕਿ ਉਹ ਇੱਕ ਲੇਖਕ ਬਣਨਾ ਚਾਹੁੰਦਾ ਸੀ, ਵਿਗਿਆਨ ਦਾ ਲੇਖਕ। ਪਰ ਲਿਖਣ ਦੇ ਨਾਂ ਉੱਤੇ ਉਹ ਸਿਰਫ ਆਤਮ-ਹੱਤਿਆ ਦਾ ਪੱਤਰ ਹੀ ਲਿਖ ਸਕਿਆ। ਉਹ ਆਪਣੇ ਸੰਵਿਧਾਨਿਕ ਅਧਿਕਾਰਾਂ ਨੂੰ ਮਾਨਣਾ ਚਾਹੁੰਦਾ ਸੀ ਅਤੇ ਆਪਣੇ ਵਰਗੇ ਹੋਰ ਭਾਰਤੀਆਂ ਦੇ ਸੰਵਿਧਨਿਕ ਹੱਕਾਂ ਲਈ ਲੜ ਕੇ ਆਪਣਾ ਫਰਜ਼ ਨਿਭਾਉਣਾ ਚਾਹੁੰਦਾ ਸੀ। ਜਿਵੇਂ ਕਿ ਅੱਜ ਦੇਸ਼ ਦੇ ਲੱਖਾਂ ਹੀ ਲੋਕ ਸੜਕਾਂ ਉੱਤੇ ਉਨ੍ਹਾਂ ਅਧਿਕਾਰਾਂ ਦੀ ਰਾਖੀ ਲਈ ਉੱਤਰੇ ਹਨ। ਉਹ ਵੀ ‘ਮੁਜ਼ੱਫਰਨਗਰ ਬਾਕੀ ਹੈ’ ਫਿਲਮ ਉੱਤੇ ਰੋਕ ਨੂੰ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਹਮਲਾ ਮੰਨਦੇ ਹੋਏ ਸੜਕ ਉੱਤੇ ਨਿੱਕਲਿਆ ਸੀ ਪਰ ਸੱਤਾਵਾਨਾਂ ਦੇ ਹੰਕਾਰ ਨੂੰ ਇਹ ਮੰਨਜ਼ੂਰ ਨਹੀਂ ਸੀ।

ਇਨਸਾਨ ਕਿਸ ਤਰ੍ਹਾਂ ਆਪਣੀ ਆਤਮਾ ਦੀ ਆਵਾਜ਼ ਨੂੰ ਦਬਾ ਕੇ ਝੂਠ ਅਤੇ ਬੇਇਨਸਾਫੀ ਨਾਲ ਖਲੋ ਜਾਂਦਾ ਹੈ, ਇਸਦਾ ਦਰਦ ਉਸਦੇ ਖ਼ਤ ਵਿੱਚ ਸਾਫ ਝਲਕਦਾ ਹੈ। “ਮੈਂ ਕੁਦਰਤ ਨੂੰ ਪਿਆਰ ਕੀਤਾ, ਅਤੇ ਇਨਸਾਨਾਂ ਨੂੰ ਵੀ। ਬਿਨਾਂ ਇਹ ਜਾਣੇ ਕਿ ਇਨਸਾਨ ਤਾਂ ਕਦੋਂ ਦੇ ਕੁਦਰਤ ਤੋਂ ਦੂਰ ਜਾ ਚੁੱਕੇ ਨੇ। ਸਾਡੀਆਂ ਭਾਵਨਾਵਾਂ ਆਪਣੀਆਂ ਨਹੀਂ ਰਹੀਆਂ, ਸਾਡਾ ਪਿਆਰ ਦਿਖਾਵਟੀ ਹੈ ਅਤੇ ਸਾਡੀਆਂ ਮਾਨਤਾਵਾਂ ਉੱਤੇ ਰੰਗ ਚੜ੍ਹ ਗਿਆ ਹੈ।” ਆਪਣੇ ਆਪ ਨੂੰ ਜ਼ਰਾ ਰੋਹਿਤ ਵੈਮੁੱਲਾ ਦੀਆਂ ਇਨ੍ਹਾਂ ਸਤਰਾਂ ਦੇ ਸ਼ੀਸ਼ੇ ਵਿੱਚ ਦੇਖੀਏ। ਕਿਤੇ ਸਾਡੀਆਂ ਵੀ ਮਾਨਤਾਵਾਂ ਉੱਤੇ ਕਿਸੇ ਖਾਸ ਧਿਰ ਦੇ ਏਜੰਡੇ ਦਾ ਰੰਗ ਤਾਂ ਨਹੀਂ ਚੜ੍ਹ ਗਿਆ? ਕਿਤੇ ਅਸੀਂ ਵੀ ਆਪਣੇ ਸਵਾਰਥਾਂ ਲਈ ਸੱਤਾ ਦੀ ਚਾਪਲੂਸੀ ਨਹੀਂ ਕਰ ਰਹੇ, ਜਿਵੇਂ ਰੋਹਿਤ ਦੀ ਯੂਨੀਵਰਸਿਟੀ ਨੇ ਕੀਤੀ ਸੀ, ਉਸਦੇ ਅਧਿਆਪਕਾਂ ਨੇ ਕੀਤੀ ਸੀ, ਜਿਨ੍ਹਾਂ ਦੀ ਕਮੇਟੀ ਨੇ ਉਸਦੇ ਖਿਲਾਫ ਫੈਸਲਾ ਸੁਣਾਇਆ ਅਤੇ ਇੱਕ ਵਿਦਿਆਰਥੀ ਤੋਂ ਉਸਦੀ ਸਿੱਖਿਆ ਦਾ ਹੱਕ ਖੋਹ ਲਿਆ - ਜਿਸ ਨੂੰ ਸੁਪਰੀਮ ਕੋਰਟ ਨੇ 1993 ਦੇ ਆਪਣੇ ਉਨੀ ਕ੍ਰਿਸ਼ਨਨ ਬਨਾਮ ਸਟੇਟ ਆਫ ਆਂਧਰਾ ਪ੍ਰਦੇਸ਼ ਦੇ ਫੈਸਲੇ ਰਾਹੀਂ ਜਿਉਣ ਦੇ ਅਧਿਕਾਰ ਨਾਲ ਜੋੜਿਆ ਸੀ।

ਸਿੱਖਿਆ ਦਾ ਹੱਕ ਖੋਹ ਕੇ ਰੋਹਿਤ ਤੋਂ ਜਿਉਣ ਦਾ ਹੱਕ ਖੋਹ ਲਿਆ ਗਿਆ। ਅੱਗੇ ਵਧਣ ਦੇ ਬਰਾਬਰੀ ਦੇ ਉਹ ਮੌਕੇ ਖੋਹ ਲਏ ਜਿਨ੍ਹਾਂ ਦੀ ਸਾਡਾ ਸੰਵਿਧਾਨ ਗਰੰਟੀ ਕਰਦਾ ਹੈ। ਉਹ ਰੋਹਿਤ ਵੈਮੁੱਲਾ ਜੋ ਜਿਉਣਾ ਚਾਹੁੰਦਾ ਸੀ, “ਜੀਵਨ ਸ਼ੁਰੂ ਕਰਨ ਲਈ ਬੇਤਾਬ ਸੀ”, ਇਹ ਧੱਕਾ ਉਹ ਬਰਦਾਸ਼ਤ ਨਹੀਂ ਕਰ ਸਕਿਆ ਅਤੇ ਉਹੀ ਹੋਇਆ ਜੋ ਅਕਸਰ ਹੁੰਦਾ ਆਇਆ ਹੈ ਅਤੇ ਇਸ ਫਿਲਮੀ ਗਾਣੇ ਵਿੱਚ ਰੂਪਮਾਨ ਹੋਇਆ ਹੈ ਕਿ:

“ਜ਼ਮਾਨੇ ਨੇ ਮਾਰੇ ਜਵਾਂ ਕੈਸੇ ਕੈਸੇ, ਜ਼ਮੀਂ ਖਾ ਗਈ ਆਸਮਾਂ ਕੈਸੇ ਕੈਸੇ।”

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।