ਸ਼ੰਭੂ ਮੋਰਚੇ ਤੋਂ ਪੰਜਾਬ ਦੀ ਨਵੀਂ ਸਿਆਸਤ ਖੜ੍ਹੀ ਕਰਨ ਦਾ ਸੁਨੇਹਾ

ਸ਼ੰਭੂ ਮੋਰਚੇ ਤੋਂ ਪੰਜਾਬ ਦੀ ਨਵੀਂ ਸਿਆਸਤ ਖੜ੍ਹੀ ਕਰਨ ਦਾ ਸੁਨੇਹਾ

ਅੰਮ੍ਰਿਤਸਰ ਟਾਈਮਜ਼ ਬਿਊਰੋ
ਭਾਰਤ ਦੇ ਕਿਸਾਨ ਵਿਰੋਧੀ ਬਿੱਲਾਂ ਖਿਲਾਫ ਸ਼ੰਭੂ ਵਿਖੇ ਦੀਪ ਸਿੱਧੂ ਦੇ ਸੱਦੇ 'ਤੇ ਸ਼ੁਰੂ ਹੋਏ ਮੋਰਚੇ ਨੇ ਬੀਤੇ ਕੱਲ੍ਹ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੀ ਭਵਿੱਖਤ ਨੀਤੀ ਬਾਰੇ ਸਪਸ਼ਟ ਕਰਦਿਆਂ ਕਿਹਾ ਕਿ ਉਹ ਸ਼ੰਭੂ ਮੋਰਚੇ ਤੋਂ ਪੰਜਾਬ ਦੀ ਨਵੀਂ ਪੰਜਾਬ ਪੱਖੀ ਸਿਆਸਤ ਖੜ੍ਹੀ ਕਰਨੀ ਚਾਹੁੰਦੇ ਹਨ। ਇਸ ਲਈ ਉਹਨਾਂ ਪੰਜਾਬ ਦੇ ਹੱਕਾਂ ਲਈ ਅਵਾਜ਼ ਚੁੱਕਣ ਵਾਲੇ ਸੁਹਿਰਦ ਆਗੂਆਂ ਨੂੰ ਵੀ ਇਸ ਮੰਚ ਦਾ ਹਿੱਸਾ ਬਣਨ ਦਾ ਸੱਦਾ ਦਿੱਤਾ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਮੋਰਚੇ ਦੌਰਾਨ ਦੇਸ ਅਤੇ ਵਿਦੇਸ ਦੇ ਲੱਖਾਂ ਪੰਜਾਬੀਆਂ ਦੇ ਆਏ ਸੁਝਾਵਾਂ ਤੋਂ ਬਾਅਦ ਉਹ ਇਸ ਫੈਂਸਲੇ 'ਤੇ ਪਹੁੰਚੇ ਹਨ ਕਿ ਭਾਰਤ ਦੀ ਕੇਂਦਰੀ ਸਰਕਾਰ ਵੱਲੋਂ ਪੰਜਾਬ ਅਤੇ ਹੋਰ ਸੂਬਿਆਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਦਾ ਹੱਲ ਸੂਬਿਆਂ ਨੂੰ ਵੱਧ ਅਧਿਕਾਰ ਮਿਲਣ ਤੋਂ ਬਿਨ੍ਹਾਂ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਹੁਣ ਸਿਆਸਤ ਇਸ ਲਈ ਹੋਣੀ ਚਾਹੀਦੀ ਹੈ ਕਿ ਭਾਰਤੀ ਸੰਘ ਵਿਚ ਸੂਬਿਆਂ ਅਤੇ ਕੇਂਦਰ ਦੀਆਂ ਤਾਕਤਾਂ ਨੂੰ ਮੁੜ ਪ੍ਰਭਾਸ਼ਿਤ ਕੀਤਾ ਜਾਵੇ। 

ਦੀਪ ਸਿੱਧੂ ਨੇ ਕਿਹਾ ਕਿ ਭਾਰਤ ਸਰਕਾਰ ਦੇ ਕਿਸਾਨ ਵਿਰੋਧੀ ਕਾਨੂੰਨਾਂ ਜਿਹੇ ਹਮਲੇ ਮਜ਼ਬੂਤ ਸਿਆਸੀ ਧਿਰ ਹੀ ਰੋਕ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਨੂੰ ਅਜਿਹੀ ਪੰਜਾਬ ਪੱਖੀ ਸਿਆਸੀ ਧਿਰ ਦੀ ਲੋੜ ਹੈ ਜਿਸ ਉੱਤੇ ਨੈਤਿਕ ਪੱਖੋਂ ਮਜ਼ਬੂਤ ਸਮਾਜਿਕ ਧਿਰ ਦਾ ਕੁੰਡਾ ਹੋਵੇ, ਜੋ ਸਿਆਸੀ ਧਿਰ ਨੂੰ ਸਿਧਾਂਤ ਤੋਂ ਥਿੜਕਣ ਨਾ ਦਵੇ। ਉਹਨਾਂ ਕਿਹਾ ਕਿ ਇਸ ਲਈ ਪੰਜਾਬ ਨੂੰ ਵੱਡੇ ਸਮਾਜਿਕ ਅਤੇ ਸਿਆਸੀ ਇਨਕਲਾਬ ਦੀ ਲੋੜ ਹੈ। 

ਦੀਪ ਸਿੱਧੂ ਨੇ ਨਾਂ ਲੈ ਕੇ ਸੁਖਪਾਲ ਸਿੰਘ ਖਹਿਰਾ, ਧਰਮਵੀਰ ਗਾਂਧੀ, ਬੈਂਸ ਭਰਾਵਾਂ ਅਤੇ ਹੋਰ ਸਰਗਰਮ ਸਿਆਸੀ ਆਗੂਆਂ ਨੂੰ ਸੱਦਾ ਦਿੱਤਾ ਕਿ ਜੇ ਉਹ ਪੰਜਾਬ ਦੇ ਹਿੱਤਾਂ ਲਈ ਫਿਕਰਮੰਦ ਹਨ ਤਾਂ ਇਕਜੁੱਟ ਹੋ ਕੇ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ। 

ਸ਼ੰਭੂ ਮੋਰਚਾ ਵੱਲੋਂ ਇਸ ਸਮੇਂ ਜਾਰੀ ਪ੍ਰੈਸ ਕਾਨਫਰੰਸ ਵਿਚ ਕਿਹਾ ਗਿਆ, "ਅਸੀਂ ਸ਼ੁਰੂ ਤੋਂ ਹੀ ਇਹ ਗੱਲ ਸਪਸ਼ਟਤਾ ਨਾਲ ਕਹਿੰਦੇ ਆਏ ਹਾਂ ਕਿ ਇਹ ਸਿਰਫ ਘੱਟੋ-ਘੱਟ ਸਮਰਥਨ ਮੁੱਲ (MSP) ਜਾਂ ਕੁਝ ਰਿਆਇਤਾਂ ਦਾ ਮਸਲਾ ਨਹੀਂ ਹੈ ਬਲਕਿ ਇਹ ਮਾਰੂ ਕਾਨੂੰਨ ਪੰਜਾਬ ਦੇ ਸਮਾਜਿਕ ਤਾਣੇ-ਬਾਣੇ ਅਤੇ ਪੰਜਾਬ ਦੀ ਹੋਂਦ ਲਈ ਹੀ ਖਤਰਾ ਹਨ ਜਿਨ੍ਹਾਂ ਦਾ ਸਮਾਜਿਕ ਅਤੇ ਰਾਜਨੀਤਕ ਦੋਵਾਂ ਪੱਧਰਾਂ ਉੱਤੇ ਟਾਕਰਾ ਕਰਨ ਦੀ ਲੋੜ ਹੈ।"

“ਸ਼ੰਭੂ ਮੋਰਚਾ ਇਨ੍ਹਾਂ ਭਾਵਨਾਵਾਂ ਦੇ ਪ੍ਰਗਟਾਵੇ ਨੂੰ ਹੀ ਰੂਪਮਾਨ ਕਰਦਾ ਹੈ ਅਤੇ ਇਹ ਗੱਲ ਵੀ ਦਰਸਾਉਂਦਾ ਹੈ ਪੰਜਾਬ ਦਿੱਲੀ ਦੀ ਈਨ ਨਹੀਂ ਮੰਨੇਗਾ। 

"ਸ਼ੰਭੂ ਮੋਰਚੇ ਦਾ ਇੱਕ ਮੁੱਢਲਾ ਟੀਚਾ ਇਹ ਸੀ ਕਿ ਪੰਜਾਬ ਦੇ ਲੋਕਾਂ ਵਿੱਚ ਇਸ ਗੱਲ ਦੀ ਜਾਗਰੂਕਤਾ ਲਿਆਂਦੀ ਜਾਵੇ ਕਿ ਇਹ ਸਿਰਫ ਕੁਝ ਵਿੱਤੀ ਰਿਆਇਤਾਂ ਲੈਣ ਦਾ ਮਸਲਾ ਨਹੀਂ ਹੈ ਬਲਕਿ ਪੰਜਾਬ ਦੀ ਹੋਂਦ-ਹਸਤੀ ਦਾ ਮਸਲਾ ਹੈ। ਗੁਰੂ ਸਾਹਿਬਾਨ ਦੀ ਧਰਤ ਪੰਜਾਬ ਉੱਤੇ ਖੇਤੀ ਨੂੰ ਸਭ ਕਿੱਤਿਆਂ ਤੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ ਅਤੇ ਇੱਥੇ ਦਾ ਸੱਭਿਆਚਾਰ, ਆਰਥਿਕਤਾ, ਸਿਆਸਤ, ਪਛਾਣ- ਭਾਵ ਕਿ ਪੂਰੀ ਤਰਜ਼-ਏ-ਜਿੰਦਗੀ ਹੀ ਖੇਤੀ ਦੁਆਲੇ ਘੁੰਮਦੀ ਹੈ। ਦਿੱਲੀ ਦੇ ਨਵੇਂ ਕਾਨੂੰਨਾਂ ਨੇ ਇਸ ਸਭ ਦੀ ਹੋਂਦ ਲਈ ਖਤਰੇ ਖੜ੍ਹੇ ਕੀਤੇ ਹਨ।"

"ਇਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੱਖਾਂ ਕਿਸਾਨਾਂ ਅਤੇ ਲੋਕਤੰਤਰੀ ਤਰੀਕੇ ਨਾਲ ਚੁਣੇ ਨੁਮਾਇੰਦਿਆਂ ਵੱਲੋਂ ਪ੍ਰਗਟਾਈਆਂ ਭਾਵਨਾਵਾਂ ਨੂੰ ਸੱਤਾ ਦੇ ਹੰਕਾਰ ਵਿੱਚ ਬਿਲਕੁਲ ਨਜ਼ਰਅੰਦਾਜ਼ ਕਰਕੇ ਮੋਦੀ ਸਰਕਾਰ ਨੇ ਸਾਫ ਕੀਤਾ ਹੈ ਕਿ ਉਹ ਇਹਨਾਂ ਮਾਰੂ ਕਾਨੂੰਨਾਂ ਨੂੰ ਲਾਗੂ ਕਰਨ ਤੋਂ ਪੋਟਾ ਭਰ ਵੀ ਪਿੱਛੇ ਨਹੀਂ ਹਟੇਗੀ ਅਤੇ ਨਾ ਹੀ ਇਨ੍ਹਾਂ ਵਿੱਚ ਕੋਈ ਮਾਮੂਲੀ ਰਿਆਇਤ ਹੀ ਕਰੇਗੀ।"

"ਜਿਵੇਂ ਕਿ ਅਸੀਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਤੇ ਹੁਣ ਤਾਂ ਇਸ ਗੱਲ ਵਿੱਚ ਕੋਈ ਵੀ ਸ਼ੱਕ ਨਹੀਂ ਰਹਿ ਜਾਂਦਾ ਕਿ ਲੜਾਈ ਕੁਝ ਰਿਆਇਤਾਂ ਦੀ ਨਹੀਂ ਹੈ ਬਲਕਿ ਇਹ ਸਾਡੀ ਹੋਂਦ ਦਾ ਸੰਘਰਸ਼ ਹੈ। ਮੋਦੀ ਸਰਕਾਰ ਵੱਲੋਂ ਅਖਤਿਆਰ ਕੀਤੇ ਸਖਤ ਰੁਖ ਦੇ ਮੱਦੇਨਜ਼ਰ ਇਹ ਲੜਾਈ ਇੱਕ ਲੰਮੇ ਸੰਘਰਸ਼ ਦਾ ਰੂਪ ਧਾਰੇਗੀ ਜਿਸ ਨੂੰ ਕਿ ਸਿਆਸੀ ਪੱਧਰ ਉੱਤੇ ਲੜਨ ਦੀ ਜਰੂਰਤ ਹੈ। ਕਿਸਾਨ ਯੂਨੀਅਨਾਂ ਕੋਲ ਆਪਣੀ ਪੂਰੀ ਸੰਜੀਦਗੀ ਦੇ ਬਾਵਜੂਦ ਵੀ ਇਸ ਸਿਆਸੀ ਸੰਘਰਸ਼ ਦੀ ਲਾਮਬੰਦੀ ਕਰਨ ਲਈ ਲੋੜੀਂਦਾ ਜਥੇਬੰਦਕ ਢਾਂਚਾ, ਸਾਧਨ, ਤਜ਼ਰਬਾ ਨਹੀਂ ਹੈ ਤੇ ਅਜਿਹੀ ਲੜਾਈ ਸਿਰਫ ਇੱਕ ਸਿਆਸੀ ਧਿਰ ਹੀ ਲੜ ਸਕਦੀ ਹੈ।"

"ਪਰ ਸਮੱਸਿਆ ਇਹ ਹੈ ਕਿ ਅੱਜ ਕੋਈ ਵੀ ਵਾਹਿਦ ਤੇ ਭਰੋਸੇਯੋਗ ਸਿਆਸੀ ਜਥੇਬੰਦੀ ਜਾਂ ਪਾਰਟੀ ਨਹੀਂ ਹੈ ਜੋ ਇਸ ਜਿਮੇਵਾਰੀ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਸਕੇ। ਪੰਜਾਬ ਦੀਆਂ ਰਿਵਾਇਤੀ ਸਿਆਸੀ ਪਰਟੀਆਂ ਜਾਂ ਤਾਂ ਦਿੱਲੀ ਦੇ ਇਸ਼ਾਰਿਆਂ ਉੱਤੇ ਚੱਲਦੀਆਂ ਹਨ ਜਾਂ ਫਿਰ ਪੰਜਾਬ ਵਿਰੋਧੀ ਸ਼ਕਤੀਆਂ ਦੀਆਂ ਕਠਪੁਤਲੀਆਂ ਹਨ। ਅਸੀਂ ਅਜਿਹੀਆਂ ਧਿਰਾਂ ਤੋਂ ਉਮੀਦ ਨਹੀਂ ਕਰ ਸਕਦੇ ਕਿਉਂਕਿ ਪੰਜਾਬ ਦੇ ਹਿੱਤ ਇਨ੍ਹਾਂ ਦੀ ਪਹਿਲ ਨਹੀਂ ਹਨ।"

"ਸਾਨੂੰ ਲੱਖਾਂ ਹੀ ਪੰਜਾਬ ਹਿਤੈਸ਼ੀਆਂ ਨੇ ਸੋਸ਼ਲ-ਮੀਡੀਆ, ਫੋਨ ਅਤੇ ਈ-ਮੇਲ ਵਗੈਰਾ ਰਾਹੀਂ ਸੰਪਰਕ ਕਰਕੇ ਕਈ ਤਰ੍ਹਾਂ ਦੇ ਸੁਝਾਅ ਅਤੇ ਰਾਵਾਂ ਦਿੱਤੀਆਂ ਹਨ ਅਤੇ ਸ਼ੰਭੂ ਮੋਰਚੇ ਵਿੱਚ ਆਉਣ ਵਾਲੇ ਪੰਜਾਬ ਦੇ ਵਾਰਿਸਾਂ ਨਾਲ ਵੀ ਲੰਮੀਆਂ ਵਿਚਾਰਾਂ ਹੋਈਆਂ ਹਨ ਜਿਨ੍ਹਾਂ ਤੋਂ ਅਸੀਂ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਅੱਜ ਪੰਜਾਬ ਵਿੱਚ ਇੱਕ ਪੰਜਾਬ ਕੇਂਦਰਿਤ ਸਿਆਸੀ ਜਥੇਬੰਦੀ ਦੀ ਬਹੁਤ ਲੋੜ ਹੈ ਜਿਸ ਦਾ ਵਾਹਿਦ ਏਜੰਡਾ ਪੰਜਾਬ ਦੇ ਹਿੱਤਾ ਦੀ ਰਾਖੀ ਕਰਨਾ ਹੋਵੇ। ਅਸੀਂ ਇਹ ਵੀ ਵੇਖਿਆ ਹੈ ਕਿ ਪੰਜਾਬ ਵਿੱਚ ਹਰ ਪੱਧਰ ਉੱਤੇ ਅਜਿਹੇ ਗਹਿਰ-ਗੰਭੀਰ ਆਗੂਆਂ ਦੀ ਕੋਈ ਘਾਟ ਵੀ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਅਜਿਹ ਆਗੂ ਪੰਜਾਬ ਦੀ ਬਿਹਤਰੀ ਦੇ ਲਈ ਇੱਕ ਮੰਚ ਉੱਤੇ ਆਉਣ।"

"ਬੀਤੇ ਸਮੇਂ ਵਿੱਚ ਵੀ ਜਦੋਂ ਅਜਿਹੀਆਂ ਕੋਸ਼ਿਸ਼ਾਂ ਹੋਈਆਂ ਹਨ ਤਾਂ ਪੰਜਾਬ ਦੇ ਲੋਕਾਂ ਨੇ ਬੜੇ ਉਤਸ਼ਾਹ ਨਾਲ ਅਜਿਹੀਆਂ ਕੋਸ਼ਿਸ਼ਾਂ ਦਾ ਸਾਥ ਦਿੱਤਾ ਹੈ ਪਰ ਬਦਕਿਸਮਤੀ ਹੀ ਕਹਿ ਲਵੋ ਕਿ ਇਹ ਯਤਨ ਬੁਰੀ ਤਰ੍ਹਾਂ ਨਾਕਾਮ ਹੋਏ ਅਤੇ ਨਤੀਜੇ ਵਿੱਚ ਨਿਰਾਸ਼ਾ ਦਾ ਆਲਮ ਹੋਰ ਗਹਿਰਾ ਹੁੰਦਾ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਪੱਖੀ ਰਿਵਾਇਤੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜੋ ਕਿ ਬਹੁਤ ਵੱਡੇ ਸੰਘਰਸ਼ਾ ਵਿੱਚੋਂ ਉੱਭਰੀ ਪਾਰਟੀ ਸੀ ਅਤੇ ਜਿਸ ਨੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕੀਤਾ ਸੀ, ਬੀਤੇ ਦਹਾਕਿਆਂ ਦੌਰਾਨ ਪੰਜਾਬ ਦੇ ਲੋਕਾਂ ਵਿਚੋਂ ਆਪਣੀ ਸਾਖ ਗਵਾ ਚੁੱਕੀ ਹੈ ਅਤੇ ਇਸਦੇ ਆਗੂ ਵੀ ਪੰਜਾਬ ਦੀ ਬਿਹਤਰੀ ਦੇ ਮਨੋਰਥਾਂ ਨੂੰ ਪਿੱਠ ਦੇ ਚੁੱਕੇ ਹਨ। ਇਹ ਪਾਰਟੀ ਅੱਜ ਪੰਜਾਬ ਵਿਰੋਧੀ ਸ਼ਕਤੀਆਂ ਦੀ ਕਠਪੁਤਲੀ ਬਣ ਗਈ ਹੈ ਅਤੇ ਇਹ ਉੱਪਰੋਂ ਹੇਠਾਂ ਤੱਕ ਪਰਵਾਰਵਾਦ ਅਤੇ ਵੱਡੀਖੋਰੀ ਵਰਗੀਆਂ ਅਲਾਮਤਾਂ ਨਾਲ ਗ੍ਰਸੀ ਗਈ ਹੈ। ਇਹ ਰੋਗ ਸ਼੍ਰੋਮਣੀ ਅਕਾਲੀ ਦਲ ਨੂੰ ਬੀਤੇ ਤਿੰਨ ਦਹਾਕਿਆਂ ਵਿੱਚ ਹੀ ਮਹਾਂਮਾਰੀ ਵਾਙ ਚਿੰਬੜਿਆ ਹੈ ਕਿਉਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਿਰਖ-ਪਰਖ ਅਤੇ ਆਗੂਆਂ ਤੇ ਕਾਰਕੁੰਨਾਂ ਉੱਤੇ ਸਿਧਾਂਤਕ ਕੁੰਡਾ ਰੱਖਣ ਦਾ ਇੱਕ ਬਕਾਇਦਾ ਮਜਬੂਤ ਪ੍ਰਬੰਧ ਮੌਜੂਦ ਸੀ।"

"ਅਸੀਂ ਮਹਿਸੂਸ ਕੀਤਾ ਹੈ ਕਿ ਮੌਜੂਦਾ ਰਾਜ-ਤੰਤਰ ਸਭ ਤੋਂ ਗਹਿਰ-ਗੰਭੀਰ ਸਿਆਸੀ ਅਗਵਾਈ ਨੂੰ ਵੀ ਬੇਈਮਾਨੀ ਦੇ ਰਾਹ ਪਾ ਲੈਂਦਾ ਹੈ ਅਤੇ ਇਹ ਜਾਣੇ-ਅਣਜਾਣੇ ਵਿੱਚ ਆਪਣੇ ਹੀ ਲੋਕਾਂ ਦੇ ਹਿੱਤਾਂ ਦੇ ਉਲਟ ਚੱਲਣ ਲੱਗ ਪੈਂਦੀ ਹੈ। ਇਸ ਲਈ ਸਾਨੂੰ ਸਿਆਸੀ ਤਬਦੀਲੀ ਤੋਂ ਪਹਿਲਾਂ ਸਮਾਜਿਕ ਇਨਕਲਾਬ ਦੀ ਲੋੜ ਹੈ। ਇਸ ਲਈ ਲੰਮੇ ਵਿਚਾਰ ਵਟਾਂਦਰਿਆਂ ਵਿੱਚੋਂ ਅਸੀਂ ਇਸ ਵੇਲੇ ਇਸ ਸਿੱਟੇ ਉੱਤੇ ਪਹੁੰਚੇ ਹਾਂ ਕਿ ਪੰਜਾਬ ਨੂੰ ਸਿਆਸੀ ਧਿਰ ਦੇ ਨਾਲ-ਨਾਲ ਇੱਕ ਬਹੁ-ਪੱਖੀ ਸਰਗਰਮ ਸਮਾਜਿਕ ਢਾਂਚੇ ਦੀ ਲੋੜ ਹੈ, ਜਿਸ ਵਿੱਚ ਪੰਜਾਬ ਦੇ ਹਿੱਤਾਂ ਲਈ ਕੰਮ ਕਰਨ ਵਾਲੀਆਂ ਸੁਹਿਰਦ ਸਖਸ਼ੀਅਤਾਂ ਦੀ ਸਮੂਲੀਅਤ ਹੋਵੇ ਅਤੇ ਇਹ ਸਮਾਜਿਕ ਲੀਡਰਸ਼ਿਪ ਸਿਆਸੀ ਅਗਵਾਈ ਉੱਤੇ ਵੀ ਸਿਧਾਂਤ ਦਾ ਕੁੰਡਾ ਕਾਇਮ ਰੱਖੇ। ਜਦੋਂ ਕਿਤੇ ਵੀ ਸਿਆਸੀ ਲੀਡਰਸ਼ਿਪ ਪੰਜਾਬ ਦੀ ਬਿਹਤਰੀ ਲਈ ਸਿਧਾਂਤਕ ਲੀਹ ਤੋਂ ਲਹਿਣ ਲੱਗੇ ਤਾਂ ਇਹ ਸਮਾਜਿਕ ਲੀਡਰਸ਼ਿਪ ਉਨ੍ਹਾਂ ਨੂੰ ਮੋੜਾ ਪਾ ਕੇ ਰਾਹੇ-ਰਾਸ ਉੱਤੇ ਲੈ ਕੇ ਆਵੇ।"

"ਅਸੀਂ “ਸ਼ੰਭੂ ਮੋਰਚੇ” ਦੇ ਮੰਚ ਨੂੰ ਪੰਜਾਬ, ਭਾਰਤ ਅਤੇ ਪੂਰੇ ਸੰਸਾਰ ਦੇ ਪੰਜਾਬ ਹਿਤੈਸ਼ੀਆਂ ਨੂੰ ਸਮਰਪਿਤ ਕਰਦੇ ਹਾਂ ਆਓ ਕਿ ਆਪਣੇ ਵਖਰੇਵਿਆਂ ਅਤੇ ਨਿੱਜੀ ਗਰਜਾਂ ਨੂੰ ਛੱਡ ਕੇ ਪੰਜਾਬ ਦੀ ਹੋਂਦ ਦੇ ਸੰਕਟ ਤੋਂ ਨਿਜਾਤ ਪਾਉਣ ਲਈ ਰਲ ਕੇ ਸੰਘਰਸ਼ ਕਰੀਏ। ਇਤਿਹਾਸਕ ਤੌਰ ਉੱਤੇ ਮਿਸਲਾਂ ਨੇ ਅਫਗਾਨਾਂ ਅਤੇ ਮੁਗਲਾਂ ਦੇ ਟਾਕਰੇ ਲਈ ਆਪਣੇ ਵਖਰੇਵਿਆਂ ਨੂੰ ਛੱਡ ਦਿੱਤਾ ਸੀ, ਆਓ ਆਪਾਂ ਆਪਣੇ ਪੁਰਖਿਆਂ ਤੋਂ ਸੇਧ ਲੱਈਏ। ਅੱਜ ਉਹੀ ਚੁਣੌਤੀਆਂ ਸਾਨੂੰ ਮੁੜ ਵੰਗਾਰ ਰਹੀਆਂ ਹਨ, ਆਓ ਆਪਣੀਆਂ ਗਰਜਾਂ ਨੂੰ ਛੱਡਦਿਆਂ ਇਕੱਠੇ ਹੋ ਕੇ ਇਨ੍ਹਾਂ ਚਣੌਤੀਆਂ ਨੂੰ ਸਵੀਕਾਰ ਕਰੀਏ।ਅਸੀਂ ਇਸ ਨਿਜ ਅਤੇ ਗਰਜਾਂ ਨੂੰ ਪਿੱਛੇ ਛੱਡ ਸਬ ਨੂੰ ਇਹ ਸਦਾ ਦਿੰਦੇ ਹਾਂ । ਇਹ ਸਾਡੀ ਪਛਾਣ ਅਤੇ ਹੋਂਦ ਦਾ ਮਸਲਾ ਹੈ। ਇਹ ਪੰਜਾਬ ਦਾ ਮਸਲਾ ਹੈ। ਇਹ ਸਾਡੇ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਸਾਡੀ ਤਰਜੇ-ਜਿੰਦਗੀ ਦਾ ਮਸਲਾ ਹੈ। ਅਸੀਂ ਤੁਹਾਨੂੰ ਇਸ ਮੰਚ ਉੱਤੇ ਇਕੱਠੇ ਹੋ ਕੇ ਸਾਂਝੇ ਨਿਸ਼ਾਨੇ ਲਈ ਰਲ ਕੇ ਕੰਮ ਕਰਨ ਦਾ ਸੱਦਾ ਦਿੰਦੇ ਹਾਂ। ਯਾਦ ਰਹੇ ਕਿ ਸਾਡੇ ਫੈਸਲਿਆਂ ਅਤੇ ਕਰਮਾਂ ਦਾ ਨਿਆਂ ਇਤਿਹਾਸ ਖੁਦ ਕਰੇਗਾ।"

ਉਪਰੋਕਤ ਪ੍ਰੈਸ ਬਿਆਨ ਸ਼ੰਭੂ ਮੋਰਚਾ ਪੰਚਾਇਤ ਦੇ ਸਿਰਨਾਵੇਂ ਹੇਠ ਦੀਪ ਸਿੱਧੂ, ਜੋਗਾ ਸਿੰਘ ਚਪੜ, ਹਰਪ੍ਰੀਤ ਦੇਵਗਨ, ਹਾਕਮ ਸਿੰਘ, ਅਜੈਪਾਲ ਸਿੰਘ ਬਰਾੜ ਵੱਲੋਂ ਜਾਰੀ ਕੀਤਾ ਗਿਆ।